ਪ੍ਰੋ. ਮੋਹਣ ਸਿੰਘ
1940ਵਿਆਂ ਤੋਂ ਵੀ ਕੁਝ ਪਹਿਲਾਂ ਕੋਟ ਖਾਨ ਮੁਹੰਮਦ ਸ਼ਾਹ (ਅੰਮ੍ਰਿਤਸਰ) ਸ਼ਹਿਰੋਂ ਬਾਹਰ ਬਣੀ ਪਹਿਲੀ ਯੋਜਨਾਬਧ ਆਬਾਦੀ ਸੀ। 1947 ਤੋਂ ਬਾਅਦ ਇਹ ਨਾਉਂ ਬਦਲ ਕੇ ਪਹਿਲਾਂ ਕਿਲ੍ਹਾ ਬਾਬਾ ਦੀਪ ਸਿੰਘ ਤੇ ਬਾਅਦ ਵਿਚ ਕੋਟ ਬਾਬਾ ਦੀਪ ਸਿੰਘ ਬਣ ਗਿਆ। ਸੱਤ ਸਮਾਨੰਤਰ ਬਾਰਾਂ ਬਾਰਾਂ ਫੁੱਟ ਚੌੜੀਆਂ ਗਲ਼ੀਆਂ ਨੂੰ ਸਾਂਝੇ ਤੌਰ ’ਤੇ ਜੋੜਦਾ 15 ਫੁੱਟ ਚੌੜਾ ਚੌਕ। ਹਰ ਗਲ਼ੀ ਵਿਚ ਚਾਰ ਚਾਰ ਮਰਲਿਆਂ ਦੇ ਸੌ ਸੌ ਮਕਾਨ। ਬਾਜ਼ਾਰ ਨੰਬਰ 4 ਮੁੱਖ ਰਸਤਾ ਸੀ ਤੇ ਬਾਕੀ ਗਲ਼ੀਆਂ ਨਾਲੋਂ ਕੁਝ ਚੌੜਾ ਵੀ। ਸਕੂਟਰ ਮੋਟਰਸਾਈਕਲ ਅਜੇ ਵੀਹ ਪੰਝੀ ਸਾਲ ਬਾਅਦ ਆਉਣੇ ਸਨ। ਗਰਮੀਆਂ ਵਿਚ ਸਾਰੇ ਲੋਕੀਂ ਛੱਤਾਂ ’ਤੇ ਹੀ ਸੌਂਦੇ ਸਨ। ਭਾਈਚਾਰਾ ਸੀ। ਗਲ਼ੀਆਂ ਵਿਚ ਲਾਟੂ, ਗੋਲੀਆਂ (ਬੰਟੇ), ਲੁਕਣ-ਮੀਟੀ, ਗੁੱਲੀ-ਡੰਡਾ ਖੇਡਦੇ ਬੱਚੇ ਅਕਸਰ ਦਿਸਦੇ। ਵਿਆਹ ਸ਼ਾਦੀਆਂ ਘਰਾਂ ਵਿਚ ਹੀ ਹੁੰਦੀਆਂ। ਜੰਞਾਂ ਵਾਜਿਆਂ ਨਾਲ ਚੜ੍ਹਦੀਆਂ ਸਨ, ਆਮ ਬਰਾਤ ਦੀ ਗਿਣਤੀ ਤੀਹ-ਚਾਲੀ ਤੋਂ ਜ਼ਿਆਦਾ ਨਹੀਂ ਸੀ ਹੁੰਦੀ। ਸਮਾਜਿਕ ਪਰਿਵਰਤਨ ਹੌਲੀ ਹੌਲੀ ਆ ਰਿਹਾ ਸੀ।
ਮੈਂ ਗੱਲ ਕਰ ਰਿਹਾ ਹਾਂ 1963 ਦੀ। ਸਾਡੇ ਗਵਾਂਢ ਲੜਕੀ ਦੀ ਸ਼ਾਦੀ ਸੀ। ਪ੍ਰੋਗਰਾਮ ਮੁਤਾਬਕ ਦੁਪਹਿਰ ਦਾ ਖਾਣਾ ਤਿਆਰ ਤਾਂ ਵਿਆਹ ਵਾਲੇ ਘਰ ਦੀ ਛੱਤ ’ਤੇ ਹੋਣਾ ਸੀ ਪਰ ਪਰੋਸਣ ਖਵਾਉਣ ਦਾ ਇੰਤਜ਼ਾਮ ਸਾਡੇ ਘਰ ਸੀ। ਮੇਰਾ ਵਿਆਹ ਅਜੇ ਨਹੀਂ ਸੀ ਹੋਇਆ। ਮੇਜ਼ ਕੁਰਸੀਆਂ ਤੇ ਕ੍ਰੌਕਰੀ ਕਿਰਾਏ ’ਤੇ ਮਿਲਦੇ ਸਨ। ਇਸ ਪ੍ਰਬੰਧ ਦੀ ਜ਼ਿੰਮੇਵਾਰੀ ਮੇਰੀ ਅਤੇ ਮੇਰੇ ਨਾਲ ਦੋ ਤਿੰਨ ਦੋਸਤਾਂ ਦੀ ਸੀ। ਕੱਪ, ਪਲੇਟਾਂ (ਛੋਟੀਆਂ ਤੇ ਵੱਡੀਆਂ) ਗਲਾਸ ਸਭ ਕੁਝ ਗਿਣ ਕੇ, ਟੁਣਕਾਅ ਕੇ ਲਿਆਉਣੇ ਹੁੰਦੇ ਸੀ। ਚਿਮਚੇ ਵੱਖਰੇ। ਟੁੱਟ ਭੱਜ ਦੀ ਜ਼ਿੰਮੇਵਾਰੀ ਗਾਹਕ ਦੀ। ਵੱਡੀ ਪਲੇਟ ਦਾ ਕਿਨਾਰਾ ਜ਼ਰਾ ਵੀ ਭੁਰ ਗਿਆ ਤਾਂ ਨਵੀਂ ਪਲੇਟ ਦਾ ਮੁੱਲ ਤਾਰਨਾ ਪੈਂਦਾ। ਇਹ ਸਭ ਕੁਝ ਦੁਕਾਨ ਤੋਂ ਘਰ ਤੱਕ ਲੈ ਕੇ ਆਉਣਾ ਤੇ ਵਾਪਸ ਪਹੁੰਚਾਉਣਾ ਵੀ ਗਾਹਕ ਦੀ ਸਿਰਦਰਦੀ ਸੀ। ਅਸੀਂ ਲੰਮਾ ਜਿਹਾ ਟੱਬ ਲੈ ਕੇ ਸਭ ਕੁਝ ਪਰਾਲੀ ਵਿਚ ਵਲ੍ਹੇਟ ਕੇ ਦੋ ਜਣੇ ਕੁੰਡਿਆਂ ਤੋਂ ਫੜ ਕੇ ਲੈ ਆਏ। ਬਰਾਤ ਦੇ ਸਵਾਗਤ ਲਈ ਅਸੀਂ ਹੱਥੀਂ ਬਣਾਈਆਂ ਰੰਗ ਬਰੰਗੀਆਂ ਝੰਡੀਆਂ ਲਾਈਆਂ ਹੋਈਆਂ ਸਨ। ਦੋ ਕੇਲਿਆਂ ਦੇ ਰੁੱਖ ਵੀ ਵਿਆਹ ਵਾਲੇ ਘਰ ਦੇ ਗੇਟ ਅੱਗੇ ਸਜਾਵਟ ਵਜੋਂ ਲਾਏ ਸੀ।
ਇਕ ਫ਼ੌਜੀ ਅਫਸਰ ਮੇਜਰ ਓਠੀ ਸਾਨੂੰ ਸਾਰਿਆਂ ਨੂੰ ਚੁਸਤੀ ਫੁਰਤੀ ਨਾਲ ਸੇਵਾ ਵਿਚ ਲੱਗਿਆਂ ਨੂੰ ਦੇਖ ਰਿਹਾ ਸੀ। ਉਹਦੇ ਨਾਲ ਇੱਕ ਹੋਰ ਰੋਹਬਦਾਰ ਸ਼ਖ਼ਸ ਮੈਨੂੰ ਮੁਖਾਤਬਿ ਹੋ ਕੇ ਪ੍ਰਸ਼ਨ ਪੁੱਛ ਰਿਹਾ ਸੀ। ਮੈਂ ਦੱਸਿਆ ਕਿ ਖ਼ਾਲਸਾ ਕਾਲਜ ਸਕੂਲ ਵਿਚ ਸਾਇੰਸ ਪੜ੍ਹਾਉਂਦਾ ਹਾਂ, ਵਾਧੂ ਸਮੱਗਰੀ ਪੜ੍ਹਨ ਦਾ ਕਾਫ਼ੀ ਸ਼ੌਕ ਹੈ। ਮੇਰੀ ਖੁਸ਼ਕਿਸਮਤੀ। ਉਹ ਰੋਹਬਦਾਰ ਸ਼ਖ਼ਸ ਅਮਰੀਕਾ ਦੇ ਦੂਤਘਰ ਦੀ ਲਾਇਬ੍ਰੇਰੀ ਦਾ ਮੁਖੀ ਜੋਗਿੰਦਰ ਸਿੰਘ ਸੀ। ਬੱਸ ਕੁਝ ਦਿਨਾਂ ਬਾਅਦ ਮੈਨੂੰ ਅਮੈਰਿਕਨ ਸੈਂਟਰ ਦੀਆਂ ਪ੍ਰਕਾਸ਼ਨਾਵਾਂ, ਖਾਸਕਰ ਉਨ੍ਹਾਂ ਦਾ ਬਹੁ-ਚਰਚਿਤ ਤੇ ਮਕਬੂਲ ਮਾਸਕ ‘ਸਪੈਨ’ ਅਤੇ ‘ਅਮੈਰਿਕਨ ਰੀਵਿਊ’ ਮੁਫ਼ਤ ਆਉਣੇ ਸ਼ੁਰੂ ਹੋ ਗਏ। ਸਾਹਿਤ, ਸਿੱਖਿਆ, ਭਾਸ਼ਾ, ਸਾਇੰਸ, ਮਨੋਵਿਗਿਆਨ, ਪੁਲਾੜ ਖੋਜ, ਕੰਪਿਊਟਰ ਅਤੇ ਹੋਰ ਕਈ ਵਿਸ਼ਿਆਂ ’ਤੇ ਤਾਜ਼ਾ-ਤਰੀਨ ਜਾਣਕਾਰੀ ਨਾਲ ਭਰਪੂਰ ਲੇਖ ‘ਸਪੈਨ’ ਦੀ ਖਾਸੀਅਤ ਸੀ। ਅਮਰੀਕਾ ਦੇ ਉੱਚ ਸ਼੍ਰੇਣੀ ਦੇ ਰਸਾਲੇ ਨੈਸ਼ਨਲ ਜੁਗਰੈਫਿਕ, ਸਮਥਿਸੋਨੀਅਨ ਆਦਿ ਵਿਚੋਂ ਚੋਣਵੀਂ ਸਮੱਗਰੀ ‘ਅਮੈਰਿਕਨ ਰੀਵਿਊ’ ਵਿਚ ਛਪਦੀ ਸੀ। ਬਸ ਵੱਖ ਵੱਖ ਵਿਸ਼ਿਆਂ ’ਤੇ ਲਿਖਤਾਂ ਪੜ੍ਹਦੇ ਪੜ੍ਹਦੇ ਮੇਰੀ ਅੰਗਰੇਜ਼ੀ ਦੀ ਚੰਗੀ ਤਰ੍ਹਾਂ ਸੁਧਾਈ ਹੋ ਗਈ ਜੋ ਮੈਨੂੰ 1968 ਵਿਚ ਪ੍ਰਾਈਵੇਟ ਤੌਰ ’ਤੇ ਐੱਮਏ (ਅੰਗਰੇਜ਼ੀ) ਕਰਨ ਵਿਚ ਬਹੁਤ ਸਹਾਈ ਹੋਈ। ਜਦੋਂ ਪਾਠਕਾਂ ਦੇ ਛੋਟੇ ਛੋਟੇ ਖ਼ਤ ਵੀ ਸ਼ਾਮਲ ਹੋਣੇ ਸ਼ੁਰੂ ਹੋ ਗਏ, ਪਰਚੇ ਨਾਲ ਸਾਂਝ ਹੋਰ ਡੂੰਘੀ ਹੋ ਗਈ।
ਫਿਰ 2010 ਵਿਚ ਹਾਲਾਤ ਬਦਲ ਗਏ। ਦੂਤਘਰ ਦਾ ਰੁਝਾਨ ਮੈਗਜ਼ੀਨ ਨੂੰ ਆਨਲਾਈਨ ਕਰਨ ਵੱਲ ਹੋ ਗਿਆ। ਫਿਰ ਵੀ ਉਨ੍ਹਾਂ ਪੁਰਾਣੇ ਪਾਠਕਾਂ ਪਾਸੋਂ ਮੰਗ ਕੀਤੀ ਕਿ ਮੈਗਜ਼ੀਨ ਮੁਤੱਲਕ ਉਹ ਆਪੋ-ਆਪਣੇ ਅਨੁਭਵ ਲਿਖਣ। ਮੈਂ ਲੰਮੀ ਚਿੱਠੀ ਲਿਖੀ। ਸੰਪਾਦਕ ਦੀ ਹਦਾਇਤ ਮੁਤਾਬਕ, ਚਿੱਠੀ ਨਾਲ ਆਪਣੀ ਦੋਹਾਂ ਜੀਆਂ ਦੀ ਫੋਟੋ ਵੀ ਭੇਜੀ ਜੋ ਛਪ ਵੀ ਗਈ।
ਖੈਰ… ਪੰਜ ਛੇ ਸਾਲ ਪਹਿਲਾਂ ਅਮਰੀਕਾ ਜਾਣ ਦਾ ਪ੍ਰੋਗਰਾਮ ਬਣਿਆ। ਵੀਜ਼ੇ ਲਈ ਫਿੰਗਰਪ੍ਰਿੰਟ ਅਤੇ ਇੰਟਰਵਿਊ ਲਈ ਤਾਰੀਖ਼ ਆ ਗਈ। ਚਿੰਤਾ ਸੀ। ਸੁਣਦੇ ਸਾਂ, ਅਮਰੀਕਾ ਦਾ ਵੀਜ਼ਾ ਮਿਲਣਾ ਸੁਖਾਲਾ ਨਹੀਂ। ਕਾਊਂਟਰ ’ਤੇ ਪੁੱਛਿਆ ਕਿ ਇੰਟਰਵਿਊ ਕਿਸ ਭਾਸ਼ਾ ਵਿਚ ਦੇਣੀ ਚਾਹੋਗੇ। ਅਸੀਂ ਕਾਊਂਟਰਾਂ ਦੇ ਬਾਹਰ ਲੱਗੀ ਪੀਲੀ ਲਾਈਨ ’ਤੇ ਖੜ੍ਹੇ ਸਾਂ। ਮੈਂ ਛਪੀ ਹੋਈ ਤਸਵੀਰ ਵਾਲਾ ਅੰਕ ਛਾਤੀ ਨਾਲ ਲਾਇਆ ਹੋਇਆ ਸੀ। ਸਵਾਲ ਹੋਇਆ- ‘ਵ੍ਹੱਟ ਇਜ਼ ਦੈਟ?’ (ਇਹ ਕੀ ਏ?)। ਮੈਂ ਰਸਾਲੇ ਦਾ ਟਾਈਟਲ ਦਿਖਾਇਆ।
ਉਨ੍ਹਾਂ ਮੁਸਕਰਾਉਂਦੇ ਹੋਏ ਵੀਜ਼ੇ ਲਈ ‘ਹਾਂ’ ਕਰ ਦਿੱਤੀ। ਮੈਨੂੰ ਜਾਪਿਆ, ਜਿਵੇਂ ਉਹ ਤਸਵੀਰ ਸਾਡਾ ਸ਼ਨਾਖਤੀ ਕਾਰਡ ਹੋਵੇ।
ਸੰਪਰਕ: 80545-97595