ਪਰਮਬੀਰ ਕੌਰ
ਆਪਣੀ ਚਾਰ ਦਹਾਕੇ ਪੁਰਾਣੀ ਸਹੇਲੀ ਝਿੱਕੀ ਨੂੰ ਕਰੋਨਾਵਾਇਰਸ ਕਰ ਕੇ ਲੱਗੇ ਲੌਕਡਾਊਨ ਸਦਕਾ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਸਾਂ ਮਿਲ ਸਕੀ ਪਰ ਉਸ ਨਾਲ ਫ਼ੋਨ ਤੇ ਕਦੇ ਕਦਾਈਂ ਗੱਲਬਾਤ ਹੋ ਜਾਣ ਕਰ ਕੇ ਕਾਫ਼ੀ ਚੰਗਾ ਮਹਿਸੂਸ ਹੁੰਦਾ ਹੈ। ਝਿੱਕੀ ਨਾਲ ਸੰਪਰਕ ਬਣਾਈ ਰੱਖਣ ਦੀ ਖ਼ਾਸ ਅਹਿਮੀਅਤ ਵੀ ਮੇਰੇ ਲਈ ਹੈ। ਉਸ ਨਾਲ ਜਦੋਂ ਵੀ ਕੋਈ ਵਿਚਾਰ-ਚਰਚਾ ਹੋਵੇ ਤਾਂ ਪੂਰੀ ਕਾਇਨਾਤ ਅਤੇ ਇਸ ਗ੍ਰਹਿ ਤੇ ਵਿਚਰਦੇ ਸਾਰੇ ਜੀਵਾਂ ਨਾਲ ਸਬੰਧ ਰੱਖਣ ਵਾਲੇ ਮੁੱਦੇ ਵਿਸ਼ਾ ਬਣ ਜਾਂਦੇ ਨੇ। ਸਮਝੋ, ਝਿੱਕੀ ਦੀਆਂ ਫ਼ਿਕਰਾਂ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲਈ ਬੈਠੀਆਂ ਹਨ। ਗੱਲਾਂ ਗੱਲਾਂ ਵਿਚ ਸੁਭਾਵਕ ਹੀ ਕਿੰਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ। ਕਹਿ ਸਕਦੀ ਹਾਂ ਕਿ ਇਸ ਪ੍ਰਕਿਰਿਆ ਨੇ ਮੇਰੀ ਰੂਹ ਦੀ ਖ਼ੁਰਾਕ ਬਣਨ ਦਾ ਮਾਣ ਹਾਸਲ ਕੀਤਾ ਹੋਇਆ ਹੈ।
ਫਿਰ ਜਿਸ ਸੰਜੀਦਗੀ ਨਾਲ ਝਿੱਕੀ ਆਪਣੇ ਮਨੋਭਾਵ ਸਾਂਝੇ ਕਰਦੀ ਹੈ, ਸੰਵੇਦਨਸ਼ੀਲ ਮਨ ਤਾਂ ਉਸ ਨਾਲੋਂ ਵਧ ਫ਼ਿਕਰਮੰਦ ਹੋ ਜਾਂਦਾ ਹੈ। ਉਸ ਦੀਆਂ ਦਲੀਲਾਂ ਨੇ ਮੇਰੇ ਮਨ ਤੇ ਸਦਾ ਇਹ ਖ਼ਿਆਲ ਹਾਵੀ ਕੀਤਾ ਕਿ ਸਹੇਲੀ ਸ਼ਾਇਦ ਸਮੇਂ ਨਾਲੋਂ ਅੱਗੇ ਸੋਚਣ ਦੀ ਆਦੀ ਹੈ। ਇਕ ਦਿਨ ਝਿੱਕੀ ਨੇ ਫ਼ੋਨ ਤੇ ਕੋਰੋਨਾ ਦਾ ਜ਼ਿਕਰ ਕਰਦਿਆਂ ਆਖਿਆ, “ਦੇਖੋ, ਜਦੋਂ ਵੀ ਅਸੀਂ ਆਪਣੇ ਮੂਲ ਨਾਲੋਂ ਟੁੱਟਣ ਪਿੱਛੋਂ ਕਿਸੇ ਚੰਗੇ ਨਤੀਜੇ ਦੀ ਆਸ ਕਰਦੇ ਹਾਂ ਤਾਂ ਇਹ ਮਹਿਜ਼ ਭੁਲੇਖੇ ਵਿਚ ਵਿਚਰਦੇ ਰਹਿਣ ਤੋਂ ਸਿਵਾਇ ਹੋਰ ਕੁਝ ਨਹੀਂ ਹੁੰਦਾ। ਜ਼ਰਾ ਸੋਚੋ, ਅਸੀਂ ਕਿੰਨੇ ਲੰਮੇ ਅਰਸੇ ਤੋਂ ਕੁਦਰਤ ਨਾਲ ਖਿਲਵਾੜ ਕਰਨ ਲੱਗੇ ਹੋਏ ਹਾਂ।”
ਸਪੱਸ਼ਟ ਸੀ ਕਿ ਝਿੱਕੀ ਦੀ ਟਿਪਣੀ ਵਾਜਬਿ ਹੈ, ਮੈਂ ਤਾਂ ਕੇਵਲ ਸਹਿਮਤੀ ਹੀ ਪਰਗਟ ਕਰ ਸਕਦੀ ਸਾਂ। ਉਸ ਨੂੰ ਜਿਵੇਂ ਮੇਰੇ ਸਾਹਮਣੇ ਆਪਣੇ ਮਨੋਭਾਵ ਸਾਂਝੇ ਕਰ ਕੇ ਸਕੂਨ ਮਿਲਦਾ ਹੈ; ਅੱਗਿਓਂ ਆਖਦੀ, “ਅਸੀਂ ਤਾਂ ਜੀ ਆਪਣੇ ਬੇਸ਼ਕੀਮਤ ਵਿਰਸੇ ਤੇ ਮਾਣ ਕਰਨ ਦੀ ਬਜਾਇ ਉਸ ਨੂੰ ਭੁਲਾ ਕੇ ਹੋਰਨਾਂ ਦੀ ਰੀਸ ਕਰਨ ਨੂੰ ਬਿਹਤਰ ਸਮਝ ਰਹੇ ਹਾਂ। ਜ਼ਰਾ ਸੋਚੋ, ਕੀ ਕੋਈ ਰੁੱਖ ਆਪਣੀਆਂ ਜੜ੍ਹਾਂ ਤੋਂ ਵੱਖ ਹੋ ਕੇ ਇਸ ਧਰਤੀ ਤੇ ਹਰਿਆ-ਭਰਿਆ ਖੜ੍ਹਾ ਰਹਿ ਸਕਦਾ ਹੈ?”
ਮੈਨੂੰ ਨਿਰੁੱਤਰ ਦੇਖ ਕੇ ਸਹੇਲੀ ਕਹਿਣ ਲੱਗੀ, “ਕੁਦਰਤ ਸਾਡੇ ਤੇ ਕਿੰਨੀ ਮਿਹਰਬਾਨ ਹੈ, ਕੀ ਕੀ ਨਹੀਂ ਦਿੱਤਾ ਇਸ ਨੇ ਸਾਨੂੰ ਬਗ਼ੈਰ ਮੰਗਿਆਂ ਤੇ ਬਿਲਕੁਲ ਮੁਫ਼ਤ! ਅਸੀਂ ਸ਼ੁਕਰਗੁਜ਼ਾਰ ਤਾਂ ਕੀ ਹੋਣਾ ਸੀ ਸਗੋਂ ਆਪਣੇ ਅੰਦਰੋਂ ਸਾਰੇ ਉਹ ਗੁਣ ਮਨਫ਼ੀ ਕਰ ਦਿੱਤੇ ਜਿਹੜੇ ਕੁਦਰਤ ਦੇ ਅਨੁਸਾਰ ਸਨ।”
ਇਕ ਪਲ ਰੁਕ ਕੇ ਝਿੱਕੀ ਫਿਰ ਬੋਲੀ, “ਦੇਖੋ ਜੀ, ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜੋ ਵੀ ਅਸੀਂ ਕਰਦੇ ਹਾਂ, ਉਸ ਦੀ ਕੋਈ ਨਾ ਕੋਈ ਪ੍ਰਤੀਕਿਰਿਆ ਲਾਜ਼ਮੀ ਹੈ। ਜ਼ਾਹਿਰ ਹੈ ਕਿ ਅਯੋਗ ਗੱਲਾਂ ਦੇ ਸਿੱਟੇ ਯੋਗ ਤਾਂ ਨਹੀਂ ਹੋ ਸਕਦੇ।”
ਝਿੱਕੀ ਜਿੰਨੇ ਜੋਸ਼ ਨਾਲ ਬੋਲ ਰਹੀ ਸੀ, ਅਸਲ ਵਿਚ ਉਸ ਨੂੰ ਮੇਰੇ ਹੁੰਗਾਰੇ ਦੀ ਕੋਈ ਲੋੜ ਨਹੀਂ ਸੀ, ਫਿਰ ਵੀ ਮੈਂ ਆਪਣਾ ਫ਼ਰਜ਼ ਸਮਝਦਿਆਂ ਕਿਹਾ, “ਤੁਹਾਡੇ ਵਿਚਾਰ ਜਾਇਜ਼ ਹਨ ਪਰ ਹੁਣ ਤਾਂ ਹਾਲਾਤ ਕਾਬੂ ਤੋਂ ਬਾਹਰ ਹੋਏ ਪਏ ਨੇ।”
“ਹਾਲਾਤ ਭਾਵੇਂ ਜਿਸ ਮੋੜ ਤੇ ਵੀ ਪੁੱਜੇ ਹੋਣ, ਮੇਰਾ ਮੰਨਣਾ ਹੈ ਕਿ ਆਪਾਂ ਜੇ ਸੰਭਲ ਜਾਈਏ ਤਾਂ ਅਜੇ ਵੀ ਆਪਣੇ ਭਵਿੱਖ ਨੂੰ ਬਚਾ ਸਕਦੇ ਹਾਂ। ਮੈਂ ਕਹਿਨੀ ਆਂ ਕਿ ਕੋਰੋਨਾ ਦੇ ਬਹਾਨੇ ਆਪਾਂ ਕੋਈ ਅਹਿਮ ਫ਼ੈਸਲੇ ਕਰ ਲਈਏ; ਬਿਲਕੁਲ ਬਦਲ ਕੇ ਰੱਖ ਦੇਈਏ ਆਪਣੀਆਂ ਤਰਜੀਹਾਂ ਤੇ ਰਹਿਣੀ-ਬਹਿਣੀ। ਸੋਚੋ, ਜੇ ਹੁਣ ਨਹੀਂ ਤਾਂ ਕਦੋਂ?” ਝਿੱਕੀ ਦਾ ਸਵਾਲ ਮੈਨੂੰ ਤਾਂ ਪਹਿਲਾਂ ਚਿੰਤਨ ਤੇ ਫਿਰ ਅਮਲ ਕਰਨ ਦੇ ਕਾਬਿਲ ਲਗ ਰਿਹਾ ਏ।
ਸੰਪਰਕ: 98880-98379