ਪਾਲੀ ਰਾਮ ਬਾਂਸਲ
ਬੈਂਕ ਚੇਅਰਮੈਨ ਗੁਰਦਿਆਲ ਸਿੰਘ ਮੁਲਤਾਨੀ ਨੇ ਫੋਨ ਦਾ ਰਿਸੀਵਰ ਰੱਖਦਿਆਂ ਚਿੰਤਾ ਨਾਲ ਕਿਹਾ, “ਪਾਲੀ, ਗੱਡੀ ਮੰਗਵਾ। ਘੋੜੇਨਾਬ ਜਾਣੈ। ਆਪਣੀ ਬਰਾਂਚ ’ਚ ਡਾਕਾ ਪੈ ਗਿਆ। ਕੈਸ਼ੀਅਰ ਦਾ ਫੋਨ ਆਇਆ।” ਮੈਂ ਟੈਕਸੀ ਮੰਗਵਾਈ ਤੇ ਅਸੀਂ ਰਵਾਨਾ ਹੋ ਗਏ। ਸਾਡੇ ਪਹੁੰਚਣ ਤੱਕ ਪੁਲੀਸ ਜਾਂ ਸਿਵਿਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਸੀ ਪਹੁੰਚਿਆ।
“ਕਿਵੇਂ ਹੋਈ ਵਾਰਦਾਤ?” ਮੈਂ ਬੈਠਦੇ ਸਾਰ ਕੈਸ਼ੀਅਰ ਨੂੰ ਪੁੱਛਿਆ।
“ਮੈਨੇਜਰ ਸਾਹਿਬ ਤੇ ਗੰਨਮੈਨ ਲਾਗਲੇ ਪਿੰਡ ਵਸੂਲੀ ਲਈ ਗਏ ਹੋਏ ਸੀ, ਪੀਅਨ ਵੀ ਜਲਦੀ ਚਲਾ ਗਿਆ। ਮੈਂ ਬੈਂਕ ਵਿੱਚ ਇਕੱਲਾ ਹੀ ਸੀ। ਦੋ ਬੰਦੇ ਆਏ, ਦੋਨਾਂ ਕੋਲ ਪਿਸਤੌਲ ਸੀ। ਇੱਕ ਨੇ ਪਿਸਤੌਲ ਮੇਰੀ ਪੁੜਪੁੜੀ ਤੇ ਦੂਜੇ ਨੇ ਮੇਰੇ ਢਿੱਡ ’ਤੇ ਲਾ ਲਿਆ।”
“ਦੋ ਹੀ ਬੰਦੇ ਸੀ ਜਾਂ ਕੋਈ ਬਾਹਰ ਵੀ ਖੜ੍ਹਾ ਸੀ? ਚੇਅਰਮੈਨ ਨੇ ਸਵਾਲ ਕੀਤਾ।
“ਨਹੀਂ ਜੀ ਦੋ ਹੀ ਸੀ।”
“ਕਿੰਨੇ ਵਜੇ ਦੀ ਗੱਲ ਐ? ਤੂੰ ਰੌਲਾ ਨਹੀਂ ਪਾਇਆ? ਪੁਲੀਸ ਨੂੰ ਫੋਨ ਕੀਤਾ?” ਮੈਂ ਸਵਾਲਾਂ ਦੀ ਝੜੀ ਲਾ ਦਿੱਤੀ।
“ਕਰੀਬ ਇੱਕ ਵਜੇ ਦੀ ਗੱਲ ਹੈ ਜੀ। ਮੈਂ ਨਾਲ ਲਗਦੀ ਦੁਕਾਨ ’ਤੇ ਹੇਅਰ ਕਟਿੰਗ ਦਾ ਕੰਮ ਕਰਦੇ ਮੁੰਡੇ ਨੂੰ ਦੱਸਿਆ ਸੀ। ਮੈਂ ਐਨਾ ਘਬਰਾ ਗਿਆ ਕਿ ਪੁਲੀਸ ਨੂੰ ਫੋਨ ਨਹੀਂ ਕੀਤਾ।” ਕੈਸ਼ੀਅਰ ਜਵਾਬ ਦਿੰਦਾ ਕੁਝ ਹੜਬੜਾਹਟ ਵਿੱਚ ਸੀ।
“ਬਲਵੰਤ, ਮੇਰੀ ਗੱਲ ਸੁਣ।” ਮੈਂ ਮੈਨੇਜਰ ਬਲਵੰਤ ਸਿੰਘ ਨੂੰ ਪਾਸੇ ਲੈ ਗਿਆ- “ਮਾਮਲਾ ਸ਼ੱਕੀ ਲਗਦਾ।”
“ਕਿਵੇਂ?”
“ਕੈਸ਼ੀਅਰ ਨੇ ਵਾਰਦਾਤ ਤੋਂ ਘੰਟੇ ਬਾਅਦ ਮੁੱਖ ਦਫ਼ਤਰ ਫੋਨ ਕੀਤਾ। ਪੁਲੀਸ ਨੂੰ ਫੋਨ ਨਹੀਂ ਕੀਤਾ। ਰੌਲਾ ਨਹੀਂ ਪਾਇਆ, ਸਿਰਫ ਹੇਅਰ ਡ੍ਰੈੱਸਰ ਦੀ ਦੁਕਾਨ ਵਿੱਚ ਜਾ ਕੇ ਉਹਦੇ ਕੰਨ ’ਚ ਕਿਹਾ ਕਿ ਬੈਂਕ ਲੁੱਟਿਆ ਗਿਆ। ਇਹ ਇਕੱਲਾ ਤੇ ਨਿਹੱਥਾ ਸੀ, ਲੁਟੇਰਿਆਂ ਕੋਲ ਪਿਸਤੌਲ ਸੀ। ਦੋਹਾਂ ਨੂੰ ਇਸ ਉਪਰ ਪਿਸਤੌਲ ਤਾਣਨ ਦੀ ਕੀ ਲੋੜ ਸੀ? ਇੱਕ ਇਹਦੇ ਉਪਰ ਪਿਸਤੌਲ ਤਾਣ ਲੈਂਦਾ, ਦੂਜਾ ਫਟਾਫਟ ਕੈਸ਼ ਬੈਗ ’ਚ ਭਰ ਲੈਂਦਾ।”
ਅਜੇ ਅਸੀਂ ਗੱਲ ਕਰ ਹੀ ਰਹੇ ਸੀ ਕਿ ਐੱਸਐੱਸਪੀ ਤੇ ਐੱਸਪੀ (ਡੀਐੱਸਪੀ ਅਧਿਕਾਰੀ ਜੋ ਕਾਰਜਕਾਰੀ ਐੱਸਪੀ ਸੀ) ਵੀ ਪਹੁੰਚ ਗਏ। ਡੀਐੱਸਪੀ ਸਖਤੀ ਅਤੇ ਤਸੀਹਿਆਂ ਲਈ ਬਦਨਾਮ ਸੀ। ਕੁਝ ਸਮਾਂ ਪਹਿਲਾ ਹੀ ਇਸ ਡੀਐੱਸਪੀ ਨਾਲ ਮੇਰਾ ‘ਪਾਲਾ’ ਪਿਆ ਸੀ ਤੇ ਇਹ ਮੇਰੇ ਅੜੀਅਲ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ।
“ਪਾਲੀ, ਤੇਰੇ ਸਟਾਫ ’ਚੋਂ ਹੀ ਕੱਢੂੰ ਇਹ ਲੁੱਟ, ਸਟਾਫ ਨੂੰ ਲੈ ਕੇ ਜਾ ਰਿਹਾਂ ਸੀਆਈਏ ਸਟਾਫ।” ਡੀਐੱਸਪੀ ਨੇ ਕੁਝ ਦੇਰ ਇੱਧਰ ਉੱਧਰ ਦੇਖ ਕੇ ਅਤੇ ਸਟਾਫ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਪਾਸੇ ਲਿਜਾਂਦਿਆਂ ਕਿਹਾ ਸੀ।
“ਡਿਪਟੀ ਸਾਹਿਬ, ਸਾਡਾ ਮੈਨੇਜਰ ਇਮਾਨਦਾਰ ਤੇ ਮਿਹਨਤੀ ਹੈ। ਮੈਂ ਇਹਦੀ ਜਿ਼ੰਮੇਵਾਰੀ ਲੈਂਦਾ ਹਾਂ; ਜਦੋਂ ਕਹੋਗੇ, ਪੇਸ਼ ਕਰ ਦਿਆਂਗਾ।”
“ਮੈਂ ਤਾਂ ਹੁਣੇ ਚੱਕ ਕੇ ਲਿਜਾਊਂ। ਸਵੇਰ ਤੱਕ ਤਾਂ ਇਹ ਤੋਤੇ ਵਾਂਗ ਬੋਲਣਗੇ ਜਦੋਂ ਲਾਇਆ ਘੋਟਾ।” ਡੀਐੱਸਪੀ ਨੇ ਮੁੱਛਾਂ ਨੂੰ ਤਾਅ ਦਿੱਤਾ।
“ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਨੇਜਰ ਬਿਲਕੁਲ ਇਮਾਨਦਾਰ ਹੈ। ਐਦਾਂ ਕਿਵੇਂ ਲੈ ਜਾਓਗੇ ਚੁੱਕ ਕੇ, ਜੰਗਲ ਰਾਜ ਐ? ਜਿ਼ਲ੍ਹੇ ਦੀਆਂ ਸਾਰੀਆਂ ਬੈਂਕਾਂ ਬੰਦ ਕਰਵਾਦੂੰ ਸਵੇਰ ਨੂੰ, ਜੇ ਮੈਨੇਜਰ ਨੂੰ ਹੱਥ ਲਾਇਆ ਤਾਂ।” ਇਕੱਲੇ ਮੈਨੇਜਰ ਦੀ ਜਿ਼ੰਮੇਵਾਰੀ ਲੈਂਦੇ ਹੋਏ ਮੈਂ ਅਸਿੱਧਾ ਇਸ਼ਾਰਾ ਵੀ ਕਰ ਦਿੱਤਾ ਕਿ ਸ਼ੱਕ ਕੈਸ਼ੀਅਰ ’ਤੇ ਹੈ। ਮੇਰਾ ਰੁਖ਼ ਦੇਖ ਕੇ ਡੀਐੱਸਪੀ ਪੋਲਾ ਪੈ ਗਿਆ, “ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਕੱਲ੍ਹ ਚੱਕੂੰ ਸਟਾਫ।”
ਇਹ ਗੱਲ 2002-03 ਦੀ ਹੈ। ਮੈਂ ਮਾਲਵਾ ਗ੍ਰਾਮੀਣ ਬੈਂਕ ਸੰਗਰੂਰ ਸਾਖਾ ’ਚ ਮੈਨੇਜਰ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਬੈਂਕ ਜਥੇਬੰਦੀ ਦਾ ਆਗੂ ਵੀ ਸੀ।
ਸਮਾਂ ਬੀਤਦਾ ਗਿਆ, ਕੁਝ ਅਰਸੇ ਬਾਅਦ ਲੁੱਟ ਦੀ ਇਸ ਵਾਰਦਾਤ ਦੀ ਗੁੱਥੀ ਸੁਲਝ ਗਈ। ਬਰਾਂਚ ਦੇ ਕੈਸ਼ੀਅਰ ਅਤੇ ਗੰਨਮੈਨ ਦੀ ਸਾਜਿ਼ਸ਼ ਸਾਹਮਣੇ ਆ ਗਈ। ਇੱਕ ਦਿਨ ਐੱਸਪੀ ਦੇ ਰੀਡਰ ਦਾ ਫੋਨ ਆਇਆ, “ਸਾਹਿਬ ਯਾਦ ਕਰਦੇ ਨੇ। ਤੁਸੀਂ ਮਿਲ ਕੇ ਜਾਇਓ।” ਇਹ ਉਹੀ ਡੀਐੱਸਪੀ ਸੀ। ਹੁਣ ਉਹ ਰੈਗੂਲਰ ਐੱਸਪੀ (ਡੀ) ਬਣ ਕੇ ਆਇਆ ਸੀ। ਮੈਂ ਉਹਦੇ ਦਫ਼ਤਰ ਚਲਾ ਗਿਆ।
“ਪਾਲੀ ਰਾਮ, ਮੈਂ ਤੈਨੂੰ ਕਿਹਾ ਸੀ ਨਾ, ਲੁੱਟ ਬੈਂਕ ਦੇ ਸਟਾਫ ਵਿੱਚੋਂ ਹੀ ਨਿਕਲੂ। ਜੇ ਲੁੱਟ ਵਾਲੇ ਦਿਨ ਹੀ ਸਟਾਫ ਨੂੰ ਫੜ ਕੇ ਲੈ ਜਾਂਦੇ ਤਾਂ ਉਸੇ ਦਿਨ ਵਾਰਦਾਤ ਦਾ ਪਰਦਾਫਾਸ਼ ਹੋ ਜਾਣਾ ਸੀ ਪਰ ਤੁਸੀਂ ਫਾਨਾ ਬਣ ਗਏ ਵਿੱਚ ਵਿਚਾਲੇ।” ਰਸਮੀ ਦੁਆ-ਸਲਾਮ ਤੋਂ ਬਾਅਦ ਐੱਸਪੀ ਨੇ ਉਲਾਂਭਾ ਦਿੰਦਿਆਂ ਮੈਨੂੰ ਟਕੋਰ ਮਾਰੀ।
“ਐੱਸਪੀ ਸਾਹਿਬ, ਬੱਸ ਤੁਸੀਂ ਵੀ ਮੁਲਜ਼ਮ ਨੂੰ ਘੋਟਾ ਲਾ ਕੇ ਮਨਵਾਉਣਾ ਜਾਣਦੇ ਹੋ। ਮੌਕਾ ਵਾਰਦਾਤ ਤੋਂ ਸਬੂਤ ਇਕੱਠੇ ਕਰ ਕੇ ਅੱਗੇ ਨਹੀਂ ਚਲਦੇ। ਮੇਰਾ ਵਾਰ-ਵਾਰ ਇਹ ਕਹਿਣਾ ਕਿ ਸਾਡਾ ਮੈਨੇਜਰ ਬੇਕਸੂਰ ਐ, ਸਾਫ ਇਸ਼ਾਰਾ ਕਰ ਰਿਹਾ ਸੀ ਕਿ ਦੋਸ਼ੀ ਕੈਸ਼ੀਅਰ ਹੀ ਲਗਦਾ ਪਰ ਤੁਸੀਂ ਮੇਰੀ ਗੱਲ ਸਮਝੇ ਹੀ ਨਹੀਂ।” ਮੇਰੀ ਗੱਲ ਸੁਣ ਕੇ ਐੱਸਪੀ ਛਿੱਥਾ ਪੈ ਗਿਆ। ਮੈਂ ਜੇਤੂ ਖਿਡਾਰੀ ਵਾਂਗ ਅੰਦਰੋ-ਅੰਦਰੀ ਬਾਘੀਆਂ ਪਾਉਂਦਾ ਦਫਤਰੋਂ ਬਾਹਰ ਆ ਗਿਆ।
ਸੰਪਰਕ: 81465-80919