ਸੰਜੀਵਨ ਸਿੰਘ
ਗੱਲ ਹੋਵੇ ਆਜ਼ਾਦੀ ਤੋਂ ਪਹਿਲਾਂ ਦੀ, ਖਾਨਦਾਨ ਹੋਵੇ ਕਹਿੰਦਾ ਕਹਾਉਂਦਾ, ਅੰਗਰੇਜ਼ਾਂ ਨੇ ਦਿੱਤੀ ਹੋਵੇ ਜ਼ੈਲਦਾਰੀ, ਜ਼ਮੀਨਾਂ ਜਾਇਦਾਦਾਂ ਹੋਣ ਬੇਹਿਸਾਬ, ਖਾਣ-ਪੀਣਾ ਹੋਵੇ ਖੁੱਲ੍ਹਾ, ਹਾਕਮ ਨਾਲ ਨੇੜਤਾ ਰੱਖਣ ਵਾਲੇ ਖਾਨਦਾਨਾਂ ਦੇ ਅਮੀਰਜ਼ਾਦਿਆਂ ਦੀਆਂ ਅੱਯਾਸ਼ੀਆਂ ਕੋਈ ਅਲੋਕਾਰੀ ਵਰਤਾਰਾ ਨਹੀਂ ਹੈ। ਕਿਹਾ ਜਾਂਦਾ ਹੈ, ਕਿੱਕਰਾਂ ਨੂੰ ਦਾਖਾਂ ਨਹੀਂ ਲੱਗਦੀਆਂ, ਇਹ ਵੀ ਕਿਹਾ ਜਾਂਦਾ ਹੈ, ਜਿਹਦੀ ਪਾਟੀ ਨਾ ਬਿਆਈ, ਉਹ ਕੀ ਜਾਣੇ ਪੀੜ ਪਰਾਈ। ਉਨ੍ਹਾਂ ਸਮਿਆਂ ਵਿਚ ਜਦੋਂ ਕੁੜੀਆਂ ਤਾਂ ਕੀ, ਜੱਟਾਂ-ਜ਼ਿਮੀਦਾਰਾਂ ਦੇ ਮੁੰਡਿਆਂ ਨੂੰ ਗਾਉਣ ਦੀ ਮਨਾਹੀ ਸੀ ਪਰ ਯੋਧੇ ਅਤੇ ਲੋਕਾਂ ਦੇ ਗਾਇਕ ਅਮਰਜੀਤ ਗੁਰਦਸਾਪੁਰੀ ਨੇ ਤਕਰੀਬਨ ਸੱਤ ਦਹਾਕੇ ਪਹਿਲਾਂ ਆਪਣੇ ਖਾਨਦਾਨੀ ਰੁਤਬੇ ਦੀਆਂ ਵਲਗਣਾਂ ਟੱਪ ਕੇ, ਸੁਥਰੀ ਗਾਇਕੀ ਰਾਹੀਂ ਸਿਹਤਮੰਦ ਸਮਾਜ ਦਾ ਖ਼ੁਆਬ ਆਪਣੀਆਂ ਅੱਖਾਂ ਵਿਚ ਸੰਜੋ ਕੇ ਗਾਇਕੀ ਦੇ ਪਿੜ ਵਿਚ ਕਦਮ ਧਰ ਕੇ ਕਿੱਕਰਾਂ ਨੂੰ ਵੀ ਦਾਖਾਂ ਲਾ ਕੇ ਦਿਖਾ ਦਿੱਤੀਆਂ ਅਤੇ ਪਰਾਈ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕੀਤਾ।
11 ਜੁਲਾਈ 1929 ਨੂੰ ਨਾਨਕੇ ਪਿੰਡ ਲਕਸ਼ਰੀ ਨਗਰ ਵਿਚ ਜਨਮੇ ਅਮਰਜੀਤ ਨੂੰ ਪਿਤਾ ਰਛਪਾਲ ਸਿੰਘ ਦਾ ਲਾਡ-ਦੁਲਾਰ ਬਹੁਤਾ ਚਿਰ ਨਸੀਬ ਨਾ ਹੋ ਸਕਿਆ ਅਤੇ ਉਹ ਛੇਤੀ ਹੀ ਵਿਛੋੜਾ ਦੇ ਗਏ। ਮਾਤਾ ਹਰਬੰਸ ਕੌਰ ਨੇ ਅਮਰਜੀਤ ਨੂੰ ਪੜ੍ਹਾ ਲਿਖਾ ਕੇ ਪ੍ਰਵਾਨ ਚੜ੍ਹਾਇਆ। ਪੜ੍ਹਾਈ ਜਿੰਨੀ ਉਸ ਸਮੇਂ ਜੱਟਾਂ ਦੇ ਮੁੰਡਿਆਂ ਨੂੰ ਲੋੜ ਹੁੰਦੀ ਸੀ, ਕੀਤੀ। ਖੇਤੀ ਕਰਨ ਦੇ ਨਾਲ ਨਾਲ ਪਿੰਡ ਦੇ ਹੀ ਗੱਵਈਏ ਦੇ ਲੜ ਲੱਗ ਕੇ ਉਸ ਤੋਂ ਆਵਾਜ਼ ਅਤੇ ਅੰਦਾਜ਼ ਹਾਸਲ ਕੀਤਾ।
ਅਮਰਜੀਤ ਨੂੰ ਗਾਉਣ ਲਈ ਪਲੇਠਾ ਮੰਚ 1948-49 ਵਿਚ ਫਜ਼ਲਾਬਾਦ (ਗੁਰਦਾਸਪੁਰ) ਵਿਚ ਕਮਿਊਨਿਸਟ ਪਾਰਟੀ ਦੀ ਕਿਸਾਨ ਕਾਨਫਰੰਸ ਮੌਕੇ ਮਿਲਿਆ। ਕਾਨਫਰੰਸ ਦੇ ਇੰਚਾਰਜ ਜਸਵੰਤ ਸਿੰਘ ਰਾਹੀ ਸਨ। ਅਮਰਜੀਤ ਦੇ ਕੁਝ ਮਿੱਤਰ ਜੋ ਕਾਨਫਰੰਸ ਦੇ ਮੋਹਰੀ ਵੀ ਸਨ, ਨੇ ਰਾਹੀ ਨੂੰ ਅਮਰਜੀਤ ਨੂੰ ਗਾਉਣ ਲਈ ਸਮਾਂ ਦੇਣ ਲਈ ਕਿਹਾ। ਉਨ੍ਹਾਂ ਸਮੇਂ ਦੀ ਘਾਟ ਕਾਰਨ ਇਨਕਾਰ ਕਰ ਦਿੱਤਾ ਪਰ ਨੌਜਵਾਨਾਂ ਦੇ ਮਜਬੂਰ ਕਰਨ ਤੇ ਉਨ੍ਹਾਂ ਇਕ ਗੀਤ ਦਾ ਸਮਾਂ ਦਿੱਤਾ। ਗੀਤ ਨੇ ਇੰਨਾ ਅਸਰ ਛੱਡਿਆ ਕਿ ਉਸ ਤੋਂ ਬਾਅਦ ਰਾਹੀ ਨੇ ਨਾ ਅਮਰਜੀਤ ਗੁਰਦਾਸਪੁਰੀ ਨੂੰ ਛੱਡਿਆ ਤੇ ਨਾ ਅਮਰਜੀਤ ਨੇ ਰਾਹੀ ਨੂੰ। ਗੀਤ ਸੀ: ਜਿਹੜਾ ਅੱਜ ਲਿਆ ਦਵੇ ਕੱਚ ਦੀਆਂ ਚੂੜੀਆਂ।
ਅਮਰਜੀਤ ਗੁਰਦਾਸਪੁਰੀ 1953 ਵਿਚ ਇਪਟਾ ਦੇ ਪੰਜਾਬ ਵਿਚ ਆਰੰਭਲੇ ਦੌਰ ਵਿਚ ਇਸ ਨਾਲ ਜੁੜੇ। ਇਪਟਾ ਦੇ ਸਿਰੜੀ ਅਤੇ ਲੋਕ-ਹਿਤੈਸ਼ੀ ਸਭਿਆਚਾਰ ਦੇ ਹਾਮੀ ਤੇਰਾ ਸਿੰਘ ਚੰਨ, ਸੁਰਿੰਦਰ ਕੌਰ, ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਕੰਵਲਜੀਤ ਸਿੰਘ ਸੂਰੀ, ਡਾ. ਇਕਬਾਲ ਕੌਰ, ਓਰਮਿਲਾ ਆਨੰਦ ਨਾਲ ਇਕਜੁੱਟ ਅਤੇ ਇਕਮੁੱਠ ਹੋ ਕੇ ਅਮਰਜੀਤ ਗੁਰਦਾਸਪੁਰੀ ਪੰਜਾਬ ਵਿਚ ਸਿਫਤੀ ਸੱਭਿਆਚਾਰਕ ਤਬਦੀਲੀ ਲਈ ਮੈਦਾਨ ਵਿਚ ਡਟ ਗਏ। ਇਨ੍ਹਾਂ ਕਮਲਿਆਂ-ਰਮਲਿਆਂ, ਮਸਤ-ਮੌਲਿਆਂ ਦੀ ਢਾਣੀ ਨੂੰ ਮੌਤ ਤੋਂ ਬਿਨਾ ਹੋਰ ਕੋਈ ਵੱਖ ਨਹੀਂ ਕਰ ਸਕਿਆ।
ਇਪਟਾ ਦੀ 50ਵੀਂ ਵਰ੍ਹੇਗੰਢ ਲੁਧਿਆਣਾ ’ਚ ਮਨਾਈ ਗਈ ਜਿਸ ਵਿਚ ਸ਼ਮੂਲੀਅਤ ਕਰਨ ਵਾਲੇ ਕਲਾਕਾਰਾਂ ਵਿਚ ਕੈਫ਼ੀ ਆਜ਼ਮੀ ਤੇ ਸ਼ੌਕਤ ਆਜ਼ਮੀ ਵੀ ਸਨ। ਅਮਰਜੀਤ ਦੀ ਦਿਲ ਟੁੰਬਵੀਂ ਗਾਇਕੀ ਨੇ ਸ਼ੌਕਤ ਆਜ਼ਮੀ ਨੂੰ ਇੰਨਾ ਕਾਇਲ ਕਰ ਦਿੱਤਾ ਕਿ ਉਨ੍ਹਾਂ ਕਿਹਾ, “ਪੰਜਾਬ ਵਾਲੋਂ, ਮੇਰਾ ਸਬ ਕੁਛ ਲੈ ਲੋ ਪਰ ਮੁਝੇ ਅਮਰਜੀਤ ਦੇ ਦੋ।”
ਅਮਰਜੀਤ ਗੁਰਦਾਸਪੁਰੀ ਲੰਮਾ ਸਮਾਂ ਆਪਣੇ ਪਿੰਡ ਦੇ ਸਰਪੰਚ ਵੀ ਰਹੇ। ਜ਼ੈਲਦਾਰੀ ਵੀ ਪਿਓ ਦਾਦੇ ਤੋਂ ਹੁੁੰਦੀ ਹੋਈ ਉਨ੍ਹਾਂ ਤੱਕ ਪਹੁੰਚੀ। ਮਾਮੇ ਹਰਭਜਨ ਸਿੰਘ ਅਤੇ ਹੋਰ ਨਜ਼ਦੀਕੀਆਂ ਨੇ ਅਮਰਜੀਤ ਦਾ ਇਪਟਾ ਅਤੇ ਲੋਕ-ਹਿਤੈਸ਼ੀ ਵਿਚਾਰਧਾਰਾ ਵਾਲੀ ਪਾਰਟੀ ਸੀਪੀਆਈ ਵਿਚ ਸ਼ਾਮਿਲ ਹੋਣ ਤੇ ਵਿਰੋਧ ਕੀਤਾ ਪਰ ਉਹ ਡਟੇ ਰਹੇ। ਮਾਮਾ ਜੀ ਨੇ ਕਹਿਣਾ, “ਕਾਕਾ, ਖਹਿੜਾ ਛੱਡ ਇਨ੍ਹਾਂ ਕਾਮਰੇਡਾਂ ਦਾ, ਇਹ ਨਹੀਂ ਛੱਡਦੇ ਬੰਦੇ ਨੂੰ ਕਾਸੇ ਜੋਗਾ। ਜੇ ਬਾਹਲੀ ਗੱਲ ਐ ਇਨ੍ਹਾਂ ਨੂੰ ਪੈਸੇ ਦੇ ਦਿਆ ਕਰ।” ਅਮਰਜੀਤ ਗੁਰਦਅਸਪੁਰੀ ਨੇ ਕਿਹਾ, “ਮਾਮਾ ਜੀ, ਇਨਕਲਾਬ ਪੈਸੇ ਨਾਲ ਨਹੀਂ ਆਉਣਾ, ਇਹਦੇ ਲਈ ਤਾਂ ਸੀਸ ਧਰਨਾ ਪੈਣਾ ਐ ਤਲੀ ਤੇ।”
ਅਮਰਜੀਤ ਇਕ ਵਾਰ ਆਪਣੇ ਮਾਮਾ ਜੀ ਨੂੰ ਮਿਲਣ ਨਾਨਕੇ ਚਲੇ ਗਏ। ਉਨ੍ਹਾਂ ਕੋਲ ਪੁਰਾਣਾ ਸਾਈਕਲ ਸੀ ਜਿਸ ਦੀ ਟੱਲੀ ਤੋਂ ਬਿਨਾ ਬਾਕੀ ਸਭ ਕੁਝ ਵੱਜਦਾ ਸੀ। ਮਾਮਾ ਜੀ ਕਹਿਣ ਲੱਗੇ, “ਕਾਕਾ, ਆਹ ਕੀ ਪੁਰਾਣਾ ਸਾਈਕਲ ਚੱਕੀ ਫਿਰਦੈਂ। ਤੂੰ ਤੁਰਨ-ਫਿਰਨ ਵਾਲਾ ਬੰਦਾ ਐਂ, ਮੇਰਾ ਨਵਾਂ ਸਾਇਕਲ ਲੈ ਜਾ।” ਮਾਮੇ ਨੇ ਆਪਣਾ ਨਵਾਂ ਹਾਰਕੁਲੀਸ ਸਾਈਕਲ ਭਾਣਜੇ ਨੂੰ ਦੇ ਦਿੱਤਾ। ਫੇਰ ਮਾਮੇ ਦਾ ਸਹਿਯੋਗ ਵੀ ਬੇਹੱਦ ਮਿਲਿਆ।
ਅਕਸਰ ਲੇਖਕ/ਕਲਾਕਾਰ ਖ਼ੁਦ ਨੂੰ ਆਮ ਲੋਕਾਂ ਤੋਂ ਅੱਲਗ ਸਮਝਦੇ ਹਨ, ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਜਾਂਦੇ ਹਨ ਪਰ ਅਮਰਜੀਤ ਨੇ ਘਰ ਪਰਿਵਾਰ ਅਤੇ ਸਾਕ-ਸੰਬੰਧੀਆਂ ਨੂੰ ਵੀ ਤਰਜੀਹ ਦਿਤੀ। ਉਹ ਸਾਰੇ ਵੀ ਉਨ੍ਹਾਂ ਦੇ ਕੰਮ ਨੂੰ ਸਮਝਦੇ ਅਤੇ ਕਦਰ ਕਰਦੇ ਸਨ। ਉਨ੍ਹਾਂ ਦੀ ਧੀ ਰੁਪਿੰਦਰ ਬਚਪਨ ਵਿਚ ਆਪਣੇ ਪਿਤਾ ਨੂੰ ਵਧੇਰੇ ਸੁਣਦੀ। ਜਦ ਉਹ ਰਿਆਜ਼ ਕਰਦੇ, ਉਹ ਉਨ੍ਹਾਂ ਕੋਲ ਬੈੈਠ ਕੇ ਗੁਣਗੁਣਾਉਣ ਦਾ ਯਤਨ ਕਰਦੀ।
ਅਮਰਜੀਤ ਗੁਰਦਾਸਪੁਰੀ ਆਪਣਿਆਂ ਸਮਿਆਂ ਵਿਚ ਮੋਹਰੀਆਂ ਸਫ਼ਾਂ ਵਾਲੇ ਗਾਇਕਾਂ ਵਿਚ ਸ਼ੁਮਾਰ ਸਨ। ਰੇਡੀਓ ਅਤੇ ਟੀਵੀ ਤੇ ਅਕਸਰ ਉਨ੍ਹਾਂ ਦਾ ਗਾਇਨ ਸੁਣਨ/ਦੇਖਣ ਨੂੰ ਮਿਲਦਾ। ਉਨ੍ਹਾਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੇ ਗੀਤਾਂ ਦੇ ਨਾਲ ਨਾਲ ਧਾਰਿਮਕ ਗੀਤ ਵੀ ਗਾਏ। ਉਨ੍ਹਾਂ ਬਹੁਤੇ ਗੀਤ ਸੋਲੋ ਹੀ ਗਾਏ ਪਰ ਕੁਝ ਗੀਤ ਸੁਰਿੰਦਰ ਕੌਰ ਅਤੇ ਕਰਤਾਰ ਅਰੋੜਾ ਨਾਲ ਵੀ ਹਨ। ਇਨ੍ਹਾਂ ਵਿਚੋਂ ਬਹੁਤੇ ਗੀਤ ਕਰਤਾਰ ਸਿੰਘ ਬਲੱਗਣ ਦੇ ਲਿਖੇ ਹੋਏ ਹਨ। ਉਨ੍ਹਾਂ ਦੇ ਚਰਚਿਤ ਗੀਤਾਂ ਹਨ: ਠੰਢੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ, ਪਈ ਹੱਸ ਹੱਸ ਬੱਚਿਆਂ ਨੂੰ ਤੋਰੇ; ਸਿੰਘਾ ਜੇ ਚੱਲਿਆਂ ਚਮਕੌਰ, ਉਥੇ ਸੁੱਤੇ ਨੇ ਦੋ ਭੌਰ, ਧਰਤੀ ਚੁੰਮੀਂ ਕਰ ਕੇ ਗੌਰ; ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ, ਹੁਣ ਨਹੀਂ ਹੁੰਦੀਆਂ ਸਾਥੋਂ ਸਬਰ ਸਬੂਰੀਆਂ; ਚਿੱਟੀ ਚਿੱਟੀ ਪੱਗ ਤੇ ਘੁੱਟ ਘੁੱਟ ਬੰਨ੍ਹ, ਭਲਾ ਵੇ ਤੈਨੂੰ ਮੇਰੀ ਸਹੁੰ, ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ; ਵੇ ਮੁੜ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ, ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ; ਪੈਸਾ ਜਿਵੇਂ ਨਚਾਈ ਜਾਂਦੈ ਦੁਨੀਆ ਨੱਚੀ ਜਾਂਦੀ ਐ।
ਡੇਰਾ ਬਾਬਾ ਨਾਨਕ ਤੋਂ 12 ਕਿਲੋਮੀਟਰ ਦੂਰ ਪਿੰਡ ਉਦੋਵਾਲੀ ਵਿਚ ਖੁਸ਼ਹਾਲ ਜ਼ਿੰਦਗੀ ਬਸਰ ਕਰਕੇ ਉਹ 24 ਫਰਵਰੀ ਨੂੰ ਵਿਛੋੜਾ ਦੇ ਗਏ। ਉਨ੍ਹਾਂ ਦਾ ਵਿਛੋੜਾ ਇਪਟਾ ਲਹਿਰ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਨਾਈ ਲੋਕ ਗਾਇਕੀ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 5 ਮਾਰਚ ਨੂੰ ਉਨ੍ਹਾਂ ਦੇ ਪਿੰਡ ਉੱਦੋਵਾਲੀ ਕਲਾਂ (ਨੇੜੇ ਧਿਆਨਪੁਰ) ਵਿਚ ਹੋਵੇਗਾ।
ਸੰਪਰਕ: 94174-60656