ਅਵਤਾਰ ਸਿੰਘ ਸੰਧੂ
ਘਟਨਾ ਤਿੰਨ ਦਹਾਕੇ ਪਹਿਲਾਂ ਦੀ ਹੈ। ਮੇਰੀਆਂ ਬਾਲ ਕਹਾਣੀਆਂ ਪੰਜਾਬੀ ਅਖਬਾਰਾਂ ਵਿਚ ਹਰ ਹਫਤੇ ਛਪਦੀਆਂ ਸਨ। ਰਚਨਾ ਨਾਲ ਲੇਖਕ ਦਾ ਪਤਾ ਹੋਣ ਕਰ ਕੇ ਪਾਠਕਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਆਉਂਦੀਆਂ। ਮੈਂ ਪਾਠਕਾਂ ਦੀਆਂ ਚਿੱਠੀਆਂ ਪੜ੍ਹਦਾ ਵੀ ਤੇ ਕਈਆਂ ਨੂੰ ਜਵਾਬ ਵੀ ਲਿਖਦਾ। ਇਸੇ ਤਰ੍ਹਾਂ ਇਕ ਦਿਨ ਪਾਠਕਾਂ ਵਾਲੀ ਡਾਕ ਦੇਖ ਰਿਹਾ ਸੀ ਕਿ ਇਕ ਪੋਸਟ ਕਾਰਡ ਨੇ ਮੇਰਾ ਧਿਆਨ ਖਿੱਚਿਆ। ਕੋਈ ਇਕਬਾਲ ਸਿੰਘ ਨਾਂ ਦੇ ਪਾਠਕ ਨੇ ਲਿਖਿਆ ਸੀ:
“ਸੰਧੂ ਅੰਕਲ, ਮੈਂ ਕਾਫੀ ਸਮੇਂ ਤੋਂ ਤੁਹਾਡੀਆਂ ਬਾਲ ਕਹਾਣੀਆਂ ਪੜ੍ਹ ਰਿਹਾ ਹਾਂ। ਮੈਨੂੰ ਬਹੁਤ ਚੰਗੀਆਂ ਲਗਦੀਆਂ ਹਨ। ਇਹ ਮੈਨੂੰ ਕੁਝ ਕਰਨ ਲਈ ਪ੍ਰੇਰਦੀਆਂ ਹਨ। ਮੈਂ ਬਹੁਤ ਗਰੀਬ ਹਾਂ, ਮੈਂ ਆਪਣੀ ਦਾਦੀ ਨਾਲ ਰਹਿੰਦਾ ਹਾਂ, ਮੇਰੇ ਪਿਤਾ ਨੇ ਸਾਨੂੰ ਘਰੋਂ ਕੱਢ ਦਿੱਤਾ ਹੈ। ਇਸ ਲਈ ਮੇਰੀ ਪੜ੍ਹਾਈ ਵੀ ਛੁੱਟ ਗਈ ਹੈ। ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?”
ਚਿੱਠੀ ਪੜ੍ਹ ਕੇ ਮੈਂ ਭਾਵਕ ਹੋ ਗਿਆ ਅਤੇ ਦਿੱਤੇ ਪਤੇ ਉੱਤੇ ਇਕਬਾਲ ਨੂੰ ਚਿੱਠੀ ਪਾ ਦਿੱਤੀ। ਮੇਰੇ ਹਿਸਾਬ ਨਾਲ ਇਕਬਾਲ ਬਾਰਾਂ ਕੁ ਸਾਲ ਦਾ ਬੱਚਾ ਸੀ ਤੇ ਉਸ ਨੂੰ ਮੇਰੀ ਮਦਦ ਦੀ ਲੋੜ ਸੀ। ਮੇਰਾ ਅਨੁਮਾਨ ਠੀਕ ਨਿਕਲਿਆ। ਇਕਬਾਲ ਨੂੰ ਕੁਝ ਪੈਸਿਆਂ ਦੀ ਲੋੜ ਸੀ ਤਾਂ ਜੋ ਉਹ ਆਪਣੀ ਪੜ੍ਹਾਈ ਫਿਰ ਸ਼ੁਰੂ ਕਰ ਸਕੇ। ਮੈਂ ਆਪਣੇ ਹਿਸਾਬ ਨਾਲ ਇਕਬਾਲ ਨੂੰ ਕੁਝ ਰੁਪਏ ਮਨੀਆਰਡਰ ਰਾਹੀਂ ਭੇਜ ਦਿੱਤੇ।
ਫਿਰ ਮੈਂ ਇਹ ਸਾਰੀ ਘਟਨਾ ਭੁੱਲ ਗਿਆ। ਦੋ ਸਾਲ ਬਾਆਦ ਇਕਬਾਲ ਦੀ ਚਿੱਠੀ ਆ ਗਈ: “ਸੰਧੂ ਸਰ, ਮੈਂ ਅੱਠਵੀ ਪਾਸ ਕਰ ਲਈ ਹੈ, ਜੇ ਤੁਸੀ ਮੇਰੀ ਹੋਰ ਮਦਦ ਕਰ ਦਿਓ ਤਾਂ ਮੈਂ ਅੱਗੇ ਪੜ੍ਹਈ ਜਾਰੀ ਰੱਖ ਸਕਦਾ ਹਾਂ।” ਮੈਨੂੰ ਵੀ ਲੱਗਾ, ਮੁੰਡਾ ਮਿਹਨਤੀ ਹੈ, ਮੈਂ ਲੋੜ ਅਨੁਸਾਰ ਉਸ ਨੂੰ ਪੈਸੇ ਮਨੀਆਰਡਰ ਕਰ ਦਿੱਤੇ। ਇਸੇ ਦੌਰਾਨ ਇਕਬਾਲ ਨੇ ਮੈਨੂੰ ਆਪਣੇ ਘਰ ਆਉਣ ਲਈ ਕਿਹਾ। ਮੈਂ ਹਰ ਵਾਰ ਟਾਲ ਜਾਂਦਾ। ਸਮਾਂ ਗੁਜ਼ਰਦਾ ਗਿਆ, ਹੁਣ ਮੈਨੂੰ ਇਕਬਾਲ ਦੀ ਚਿੱਠੀ ਦੀ ਉਡੀਕ ਰਹਿੰਦੀ। ਫਿਰ ਇਕ ਦਿਨ ਮੈਨੂੰ ਇਕ ਲਫਾਫਾ ਮਿਲਿਆ। ਉਹ ਦਸਵੀਂ ਪਾਸ ਕਰ ਚੁੱਕਾ ਸੀ। ਦਿਲ ਬੜਾ ਖੁਸ਼ ਹੋਇਆ। ਉਸ ਲਿਖਿਆ ਸੀ: “ਸੰਧੂ ਸਰ, ਥੋੜ੍ਹਾ ਜਿਹਾ ਹੋਰ ਸਹਿਯੋਗ ਦਿਓ, ਮੈਂ ਅੱਗੇ ਪੜ੍ਹਨਾ ਚਾਹੁੰਦਾ ਹਾਂ।” ਮੈਂ ਉਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਲਈ ਹਾਮੀ ਭਰੀ। ਮੈਂ ਅਕਸਰ ਉਸ ਦੀ ਸਹਾਇਤਾ ਕਰਦਾ ਰਹਿੰਦਾ। ਸਮਾਂ ਲੰਘਦਾ ਗਿਆ।
ਇਕ ਦਿਨ ਇਕਬਾਲ ਦਾ ਫੋਨ ਆਇਆ: “ਸੰਧੂ ਸਰ, ਮੈਂ ਬੀਏ ਕਰ ਲਈ ਹੈ। ਹੁਣ ਬੀਐੱਡ ਕਰਵਾ ਦਿਓ।” ਇਸ ਵਾਰ ਉਸ ਨੇ ਵੀਹ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਮੈਂ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕਾ ਸੀ, ਇੰਨੀ ਰਕਮ ਦੇਣਾ ਮੇਰੇ ਲਈ ਮੁਸ਼ਕਿਲ ਸੀ। ਇਕ ਦਿਨ ਮੈਂ ਉਸ ਨੂੰ ਨਵੇਂ ਸ਼ਹਿਰ ਬੁਲਾ ਲਿਆ। ਆਪਣੇ ਦੋਸਤ ਇੰਦਰਜੀਤ ਨਾਲ ਉਸ ਬਾਰੇ ਗੱਲ ਕੀਤੀ। ਮੇਰਾ ਇਹ ਦੋਸਤ ਅਕਸਰ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ ਹੈ। ਦੋਹਾਂ ਨੇ ਦਸ ਹਜ਼ਾਰ ਰੁਪਏ ਦੇ ਦਿੱਤੇ ਪਰ ਕੰਮ ਪੂਰਾ ਨਹੀਂ ਹੋਇਆ ਸੀ। ਮੈਂ ਆਪਣੇ ਸ਼ਾਇਰ ਦੋਸਤ ਸਵਰਨ ਸਿੰਘ ਪਰਵਾਨਾ ਨੂੰ ਇਕਬਾਲ ਬਾਰੇ ਦੱਸਿਆ ਤੇ ਮਦਦ ਲਈ ਬੇਨਤੀ ਕੀਤੀ। ਉਨ੍ਹਾਂ ਦੋਸਤੀ ਦਾ ਮਾਣ ਰੱਖਦੇ ਹੋਏ ਇਕਬਾਲ ਨੂੰ ਦਸ ਹਜ਼ਾਰ ਰੁਪਏ ਦੇ ਦਿੱਤੇ। ਇਸ ਤਰ੍ਹਾਂ ਇਕਬਾਲ ਸਿੰਘ ਦਾ ਬੀਐੱਡ ਦਾ ਸੁਪਨਾ ਵੀ ਪੂਰਾ ਹੋ ਗਿਆ। ਦੋ ਸਾਲ ਵਿਚ ਇਕਬਾਲ ਐੱਮਏ ਕਰ ਗਿਆ। ਉਹ ਅਕਸਰ ਫੋਨ ਉੱਤੇ ਮੇਰੇ ਨਾਲ ਆਪਣੀ ਪੜ੍ਹਾਈ ਬਾਰੇ ਗੱਲਾਂ ਕਰਦਾ ਰਹਿੰਦਾ।
ਫਿਰ ਇਕ ਸੁਹਿਰਦ ਸੱਜਣ ਸਦਕਾ ਉਸ ਨੂੰ ਪ੍ਰਾਈਵੇਟ ਕਾਲਜ ਵਿਚ ਨੌਕਰੀ ਮਿਲ ਗਈ। ਇਹ ਜਾਣਕਾਰੀ ਜਦੋਂ ਮੈਨੂੰ ਮਿਲੀ ਤਾਂ ਦਿਲ ਬੜਾ ਖੁਸ਼ ਹੋਇਆ। ਇਕ ਦਿਨ ਇਕਬਾਲ ਦਾ ਫੋਨ ਆਇਆ: “ਸੰਧੂ ਸਰ, ਹੁਣ ਮੇਰਾ ਆਖਰੀ ਕੰਮ ਕਰ ਦਿਓ। ਤੁਹਾਡੀ ਬੜੀ ਜਾਣ ਪਛਾਣ ਹੈ, ਕਿਤੇ ਮੇਰਾ ਰਿਸ਼ਤਾ ਕਰਵਾ ਦਿਓ।” ਮੈਂ ਸੋਚਿਆ, ਚਲੋ ਪੁੰਨ ਦਾ ਇਹ ਕੰਮ ਵੀ ਕਰ ਲੈਂਦੇ ਹਾਂ। ਕਾਫੀ ਨੱਠ ਭੱਜ ਕੀਤੀ, ਮੇਰੇ ਵਾਕਿਫ ਪ੍ਰੋ. ਬਲਬੀਰ ਰੀਹਲ ਨੇ ਵੀ ਕੋਸ਼ਿਸ਼ ਕੀਤੀ ਪਰ ਮੈਂ ਰਿਸ਼ਤਾ ਨਾ ਕਰਾ ਸਕਿਆ। ਆਖਰ ਇਕ ਦਿਨ ਇਕਬਾਲ ਦਾ ਫੋਨ ਆ ਗਿਆ: “ਸੰਧੂ ਸਰ, ਮੇਰਾ ਰਿਸ਼ਤਾ ਹੋ ਗਿਆ, ਵਿਆਹ ਵੀ ਰੱਖ ਦਿੱਤਾ। ਤੁਸੀਂ ਜ਼ਰੂਰ ਆਉਣਾ। ਤੁਹਾਡੀ ਮਿਲਣੀ ਵੀ ਕਰਾਉਣੀ ਹੈ। ਮਿਥੇ ਸਮੇਂ ਮੈਂ ਵਿਆਹ ਗਿਆ। ਮੇਰਾ ਸ਼ਾਇਰ ਦੋਸਤ ਕੁਲਵਿੰਦਰ ਕੁੱਲਾ ਵੀ ਬਰਾਤੀ ਸੀ। ਵਧੀਆ ਵਿਆਹ ਹੋ ਗਿਆ। ਕੁੜੀ ਪੜ੍ਹੀ ਲਿਖੀ ਸੀ। ਚਲੋ ਘਰ ਵਸ ਗਿਆ, ਮੈਂ ਖੁਸ਼ ਸਾਂ।
ਸਾਲ ਕੁ ਬਾਆਦ ਇਕਬਾਲ ਦਾ ਫੋਨ ਆਇਆ, “ਸੰਧੂ ਸਰ, ਤੁਸੀਂ ਬਾਬਾ ਬਣ ਗਏ। ਸਾਡੇ ਘਰ ਕਾਕਾ ਆਇਆ। ਮੈਂ ਆਪ ਆਉਣਾ ਸੀ ਪਰ ਹੱਥ ਤੰਗ ਸੀ, ਘਿਓ ਪੰਜੀਰੀ ਤੇ ਕਾਫੀ ਖਰਚਾ ਹੋ ਗਿਆ।”
ਫਿਰ ਕਾਫੀ ਸਮਾਂ ਇਕਬਾਲ ਦਾ ਕੋਈ ਫੋਨ ਨਾ ਆਇਆ। ਇਕ ਦਿਨ ਉਸ ਦਾ ਫੋਨ ਆਇਆ ਤਾਂ ਉਹ ਬੜਾ ਦੁਖੀ ਸੀ: “ਸੰਧੂ ਸਰ, ਤੁਹਾਡੀ ਬਹੂਰਾਣੀ ਨੇ ਪੇਕੇ ਪੱਕਾ ਡੇਰਾ ਲਾ ਲਿਆ। ਮੈਨੂੰ ਵੀ ਆਪਣੇ ਕੋਲ ਰਹਿਣ ਲਈ ਮਜਬੂਰ ਕਰਦੀ, ਦੱਸੋ ਮੈਂ ਕੀ ਕਰਾਂ।”
ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਹੁਣ ਕਿੰਨੇ ਸਾਲ ਹੋ ਗਏ, ਇਕਬਾਲ ਦੀ ਕੋਈ ਖਬਰ ਨਹੀਂ ਪਰ ਕਈ ਵਾਰ ਰਾਤ ਨੂੰ ਅਚਾਨਕ ਅੱਖ ਖੁੱਲ੍ਹ ਜਾਂਦੀ ਹੈ ਤਾਂ ਆਪ-ਮੁਹਾਰੇ ਮੂੰਹੋਂ ਨਿਕਲ ਜਾਂਦਾ, “ਇਕਬਾਲ ਤੂੰ ਕਿੱਥੇ?”
ਸੰਪਰਕ: 99151-82971