ਵਿਵੇਕ ਰਾਜ
ਗੱਲ ਉਸ ਸਮੇਂ ਦੀ ਹੈ ਜਦੋਂ ਮੈਂ 13 ਵਰ੍ਹਿਆਂ ਦਾ ਸੀ। ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦਾ ਸਾਂ। ਸਾਡੇ ਸਕੂਲ ਵਿਚ ਪੁਰਾਣੇ ਮੁੱਖ ਅਧਿਆਪਕ ਦੀ ਤਬਦੀਲੀ ਹੋਣ ਕਾਰਨ ਨਵੇਂ ਮੁੱਖ ਅਧਿਆਪਕ ਆਏ। ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਉਹ ਵਿਅਕਤੀ ਸੁਭਾਅ ਵਜੋਂ ਬਹੁਤ ਕਠੋਰ ਅਤੇ ਅਨੁਸ਼ਾਸਿਤ ਲੱਗਿਆ। ਸਕੂਲ ਦੇ ਸਾਰੇ ਅਧਿਆਪਕ ਸਾਨੂੰ ਦੱਸਦੇ ਕਿ ਉਨ੍ਹਾਂ ਦਾ ਨਾਮ ਕਰਮਵੀਰ ਸਿੰਘ ਹੈ; ਉਹ ਪਹਿਲਾਂ ਫ਼ੌਜ ਵਿਚ ਸਨ ਅਤੇ ਬਹੁਤ ਸਖ਼ਤ ਹਨ। ਇਉਂ ਸਾਰੇ ਅਧਿਆਪਕ ਆਪ ਤਾਂ ਉਨ੍ਹਾਂ ਤੋਂ ਡਰਦੇ ਹੀ, ਨਾਲ ਸਾਨੂੰ ਵੀ ਡਰਾਉਂਦੇ। ਅਸੀਂ ਸਾਰੇ ਵਿਦਿਆਰਥੀ ਉਨ੍ਹਾਂ ਨੂੰ ਦੇਖਦੇ ਸਾਰ ਆਪਣਾ ਰਾਹ ਬਦਲ ਲੈਂਦੇ ਸਾਂ। ਮੈਨੂੰ ਝਟਕਾ ਉਦੋਂ ਲੱਗਿਆ ਜਦੋਂ ਪਤਾ ਲੱਗਾ ਕਿ ਉਹ ਸਾਡੇ ਹੀ ਪਿੰਡ ਵਿਚ ਰਹਿਣ ਅਤੇ ਸਾਡੇ ਗੁਆਂਢੀ ਬਣਨ ਵਾਲੇ ਹਨ। ਸੱਚ ਦੱਸਾਂ ਤਾਂ ਜਿੰਨਾ ਡਰ ਮੈਨੂੰ ਉਸ ਵਕ਼ਤ ਲੱਗਿਆ ਉਸ ਤੋਂ ਜ਼ਿਆਦਾ ਜ਼ਿੰਦਗੀ ਵਿਚ ਕਦੇ ਨਹੀਂ ਸੀ ਡਰਿਆ। ਆਖ਼ਰ ਉਹ ਸਾਡੇ ਘਰ ਦੇ ਨਾਲ ਹੀ ਗੁਆਂਢ ਵਿਚ ਰਹਿਣ ਆ ਗਏ। ਪਿਤਾ ਜੀ ਸਰਪੰਚ ਹੋਣ ਕਾਰਨ ਉਨ੍ਹਾਂ ਦੀ ਹਰ ਸਕੂਲੀ ਅਤੇ ਹੋਰ ਸਹਾਇਤਾ ਕਰਦੇ ਜਿਸ ਕਾਰਨ ਦੋਵਾਂ ਦਾ ਗੂੜ੍ਹਾ ਪਿਆਰ ਪੈ ਗਿਆ।
ਦੂਜੇ ਪਾਸੇ ਮੈਨੂੰ ਲੱਗਦਾ ਜਿਵੇਂ ਕੋਈ ਮੁਸੀਬਤ ਗਲ ਪੈ ਗਈ ਹੋਵੇ। ਮੈਂ ਗਣਿਤ ਵਿਸ਼ੇ ਵਿਚ ਬਹੁਤ ਕਮਜ਼ੋਰ ਸਾਂ। ਇਕ ਵਾਰ ਜਦੋਂ ਮੈਂ ਗਣਿਤ ਵਿਚ ਫੇਲ੍ਹ ਹੋ ਗਿਆ ਤਾਂ ਅਧਿਆਪਕ ਮੈਨੂੰ ਉਨ੍ਹਾਂ ਕੋਲ ਲੈ ਗਏ। ਮੈਂ ਬਹੁਤ ਡਰਿਆ ਹੋਇਆ ਸਾਂ ਕਿਉਂਕਿ ਉਹ ਮੁੱਖ ਅਧਿਆਪਕ ਹੋਣ ਦੇ ਨਾਲ-ਨਾਲ ਸਾਡੇ ਗੁਆਂਢੀ ਅਤੇ ਪਿਤਾ ਜੀ ਦੇ ਵਧੀਆ ਮਿੱਤਰ ਵੀ ਸਨ। ਪਰ ਹੋਇਆ ਮੇਰੀ ਸੋਚ ਤੋਂ ਬਿਲਕੁਲ ਉਲਟ, ਉਨ੍ਹਾਂ ਨੇ ਮੈਨੂੰ ਘੂਰਨ ਦੀ ਥਾਂ ਬਹੁਤ ਪਿਆਰ ਨਾਲ ਸਮਝਾਇਆ। ਮੈਂ ਉਨ੍ਹਾਂ ਦਾ ਇਹ ਰਵੱਈਆ ਦੇਖ ਕੇ ਬਹੁਤ ਹੈਰਾਨ ਸਾਂ। ਉਸ ਤੋਂ ਬਾਅਦ ਘਰ ਆਉਣ ਪਿੱਛੋਂ ਉਨ੍ਹਾਂ ਨੇ ਪਿਤਾ ਜੀ ਨਾਲ ਗੱਲ ਕੀਤੀ ਅਤੇ ਮੈਨੂੰ ਗਣਿਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਸਿਖਾਏ ਸਵਾਲ ਮੈਨੂੰ ਅੱਜ ਵੀ ਯਾਦ ਹਨ। ਹੌਲੀ-ਹੌਲੀ ਉਹ ਪਿੰਡ ਦੇ ਮਾਹੌਲ ਅਤੇ ਲੋਕਾਂ ਨਾਲ ਘੁਲ-ਮਿਲ ਗਏ। ਸਾਡੇ ਪਿੰਡ ਦੇ ਸ਼ਾਂਤੀਪੂਰਵਕ ਮਾਹੌਲ ਅਤੇ ਲੋਕਾਂ ਨੇ ਉਨ੍ਹਾਂ ਨੂੰ ਮੋਹ ਲਿਆ ਸੀ।
ਉਹ ਸ਼ਖ਼ਸ ਉੱਪਰੋਂ ਜਿੰਨਾ ਕਠੋਰ ਦਿਸਦਾ ਸੀ ਅੰਦਰੋਂ ਓਨਾ ਹੀ ਨਰਮ ਸੀ, ਹਾਂ ਉਨ੍ਹਾਂ ਨੂੰ ਅਨੁਸ਼ਾਸਨ ਵਿਚ ਰਹਿਣ ਵਾਲੇ ਲੋਕ ਜ਼ਿਆਦਾ ਪਸੰਦ ਸਨ। ਉਹ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਅਤੇ ਪਿਆਰ ਕਰਦੇ। ਉਨ੍ਹਾਂ ਦਾ ਆਪਣਾ ਕੋਈ ਪਰਿਵਾਰ ਨਹੀਂ ਸੀ। ਉਹ ਸਾਡੇ ਪਿੰਡ ਵੀ ਇਕੱਲੇ ਹੀ ਰਹਿੰਦੇ ਸਨ। ਇੱਕ ਵਾਰ ਮੇਰੇ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਸੇਵਾ ਵਿਚ ਗੁਜ਼ਾਰ ਦਿੱਤੀ ਜਿਸ ਕਾਰਨ ਵਿਆਹ ਅਤੇ ਪਰਿਵਾਰ ਬਣਾਉਣ ਦਾ ਸਮਾਂ ਹੀ ਨਹੀਂ ਮਿਲਿਆ। ਉਨ੍ਹਾਂ ਦੀ ਇਸ ਗੱਲ ਤੋਂ ਦੇਸ਼ ਪਿਆਰ ਪ੍ਰਤੱਖ ਝਲਕਦਾ ਸੀ। ਉਹ ਪਿੰਡ ਦੇ ਸਿਆਣਿਆਂ ਨਾਲ ਸਿਆਣੀਆਂ ਗੱਲਾਂ ਕਰਦੇ; ਪਿੰਡ ਦੇ ਨੌਜਵਾਨਾਂ ਨਾਲ ਹਾਸਾ-ਮਖੌਲ ਕਰਦੇ ਅਤੇ ਉਨ੍ਹਾਂ ਨੂੰ ਮਿੱਤਰ ਵਾਂਗ ਮਿਲਦੇ ਅਤੇ ਪਿੰਡ ਦੇ ਸਾਰੇ ਛੋਟੇ ਬੱਚਿਆਂ ਨੂੰ ਪਿਆਰ ਕਰਦੇ ਤੇ ਉਨ੍ਹਾਂ ਨਾਲ ਖ਼ੁਦ ਵੀ ਬੱਚਾ ਬਣ ਜਾਂਦੇ।
ਉਹ ਪਿੰਡ ਵਿਚ ਹਰ ਇੱਕ ਨੂੰ ਹੱਸ ਕੇ ਮਿਲਦੇ ਅਤੇ ਸਾਰਿਆਂ ਦੀ ਮਦਦ ਕਰਦੇ। ਪਿੰਡ ਦੇ ਲੋਕਾਂ ਦੀਆਂ ਖ਼ੁਸ਼ੀਆਂ ਵਿਚ ਭਾਵੇਂ ਉਹ ਕਦੇ-ਕਦੇ ਸ਼ਾਮਿਲ ਨਾ ਹੋਏ ਹੋਣ ਪਰ ਦੁੱਖ ਦੀ ਘੜੀ ਵਿਚ ਸਭ ਤੋਂ ਪਹਿਲਾਂ ਉਸ ਥਾਂ ਦਿਖਾਈ ਦਿੰਦੇ। ਉਹ ਪਿੰਡ ਦੇ ਹਰ ਨੇਕ ਕੰਮ ਵਿਚ ਅੱਗੇ ਰਹਿੰਦੇ। ਸਕੂਲ ਤੋਂ ਬਾਅਦ ਉਹ ਗ਼ਰੀਬ ਅਤੇ ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਮੁਫ਼ਤ ਵਿਚ ਪੜ੍ਹਾਉਂਦੇ। ਇਸੇ ਕਰਕੇ ਪਿੰਡ ਦੇ ਸਾਰੇ ਲੋਕ ਉਨ੍ਹਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਦਿੰਦੇ। ਅਧਿਆਪਕ ਹੋਣ ਕਾਰਨ ਪਿੰਡ ਦੇ ਸਾਰੇ ਲੋਕ ਉਨ੍ਹਾਂ ਕੋਲ ਸਲਾਹ ਲੈਣ ਆਉਂਦੇ। ਇਉਂ ਪਿੰਡ ਦੇ ਲੋਕ ਉਨ੍ਹਾਂ ਨੂੰ ਆਪਣੇ ਪਿੰਡ ਦਾ ਹੀ ਸਮਝਦੇ। ਸਾਰੇ ਲੋਕ ਹਰ ਤਿਉਹਾਰ ਵਿਚ ਉਨ੍ਹਾਂ ਕੋਲ ਮਠਿਆਇਆਂ ਅਤੇ ਹੋਰ ਪਕਵਾਨ ਭੇਜਦੇ।
ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੋਣਾ ਸੀ ਤਾਂ ਆਰਥਿਕ ਤੰਗੀ ਸੀ। ਪਿਤਾ ਜੀ ਦੇ ਇੱਕ ਵਾਰ ਕਹਿਣ ’ਤੇ ਉਹ ਰੱਬ ਰੂਪੀ ਇਨਸਾਨ ਨੇ ਆਪਣੀ ਜ਼ਿੰਦਗੀ ਦੀ ਜਮ੍ਹਾ ਪੂੰਜੀ ਪਿਤਾ ਜੀ ਦੇ ਹੱਥਾਂ ਵਿਚ ਰੱਖ ਦਿੱਤੀ। ਅਖੇ, ਇਹ ਵੀ ਤਾਂ ਮੇਰੀ ਹੀ ਕੁੜੀ ਹੈ, ਮੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇ। ਮੈਂ ਉਸ ਵਕ਼ਤ ਸੋਚ ਰਿਹਾ ਸੀ ਕਿ ਕੋਈ ਇਨਸਾਨ ਕਿਵੇਂ ਇੰਨਾ ਦਿਆਲੂ ਅਤੇ ਨੇਕਦਿਲ ਹੋ ਸਕਦਾ ਹੈ। ਉਦੋਂ ਮੈਂ ਇਹ ਸਿੱਖਿਆ ਕਿ ਕਿਸੇ ਨੂੰ ਦੇਖ ਕੇ ਉਸ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ। ਮੈਂ ਤੇ ਮੇਰੇ ਬਾਪੂ ਜੀ ਕਦੇ ਵੀ ਉਸ ਭਲੇਮਾਣਸ ਦਾ ਰਿਣ ਨਹੀਂ ਉਤਾਰ ਸਕਦੇ।
ਕੁਝ ਮਹੀਨੇ ਬਾਅਦ ਅਚਾਨਕ ਕਰਮਵੀਰ ਸਿੰਘ ਜੀ ਜਿਵੇਂ ਅਲੋਪ ਜਿਹੇ ਹੋ ਗਏ। ਉਹ ਇਕ ਹਫ਼ਤੇ ਤੋਂ ਸਕੂਲ ਨਹੀਂ ਆਏ ਸਨ ਅਤੇ ਨਾ ਹੀ ਪਿੰਡ ਵਿਚ ਕਿਸੇ ਨੂੰ ਮਿਲੇ। ਪਿੰਡ ਦੇ ਲੋਕ ਗੱਲਾਂ ਕਰਦੇ ਕਿ ਆਖ਼ਰ ਉਹ ਆਉਂਦੇ ਕਿਉਂ ਨਹੀਂ। ਬਾਪੂ ਜੀ ਨੇ ਇੱਕ-ਦੋ ਵਾਰੀ ਉਨ੍ਹਾਂ ਦੇ ਘਰ ਤੋਂ ਡਾਕਟਰ ਨੂੰ ਆਉਂਦੇ ਦੇਖਿਆ ਅਤੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਉਹ ਸ਼ਾਇਦ ਬਿਮਾਰ ਹਨ। ਅਗਲੀ ਸਵੇਰ ਡਾਕਟਰ ਨੇ ਬਾਪੂ ਜੀ ਨੂੰ ਦੱਸਿਆ ਕਿ ਕਰਮਵੀਰ ਸਿੰਘ ਨੇ ਪਿੰਡ ਵਾਲਿਆਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ ਅਤੇ ਸਾਰਾ ਪਿੰਡ ਇੱਕਠਾ ਹੋ ਕੇ ਉਨ੍ਹਾਂ ਨੂੰ ਦੇਖਣ ਲਈ ਆ ਗਿਆ। ਪਿੰਡ ਵਾਲਿਆਂ ਨੇ ਦੇਖਿਆ ਕਿ ਉਹ ਰੱਬ ਰੂਪੀ ਇਨਸਾਨ ਬਿਸਤਰੇ ਉੱਤੇ ਪਿਆ ਸੀ। ਉਸ ਵਿਚ ਇੰਨੀ ਤਾਕਤ ਵੀ ਨਹੀਂ ਬਚੀ ਸੀ ਕਿ ਉੱਠ ਕੇ ਬੈਠ ਸਕੇ। ਸਰੀਰ ਸੁੱਕ ਕੇ ਤੀਲ੍ਹਾ ਹੋ ਚੁੱਕਿਆ ਸੀ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਕੈਂਸਰ ਦੀ ਬਿਮਾਰੀ ਆਖ਼ਰੀ ਪੜਾਅ ’ਤੇ ਹੈ ਅਤੇ ਉਨ੍ਹਾਂ ਕੋਲ ਹੁਣ ਬਹੁਤ ਥੋੜ੍ਹਾ ਸਮਾਂ ਹੈ। ਇਹ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਸਾਰੇ ਪਿੰਡ ਵਾਲਿਆਂ ਨੂੰ ਜਿਵੇਂ ਕੋਈ ਡੂੰਘਾ ਸਦਮਾ ਲੱਗਿਆ ਹੋਵੇ। ਸਭ ਸੋਚ ਰਹੇ ਸਨ ਕਿ ਸਾਰੇ ਪਿੰਡ ਵਾਲਿਆਂ ਦੇ ਦੁੱਖ ਸਾਂਝੇ ਕਰਨ ਵਾਲੇ ਨੇ ਕਦੇ ਆਪਣਾ ਦੁੱਖ ਕਿਉਂ ਨਹੀਂ ਦੱਸਿਆ।
ਮੇਰੇ ਮਨ ਵਿਚ ਸਵਾਲ ਸੀ ਕਿ ਕੋਈ ਕਿਵੇਂ ਮੌਤ ਨੂੰ ਮੁੱਠੀ ਵਿਚ ਰੱਖ ਕੇ ਇੰਨਾ ਖ਼ੁਸ਼ ਰਹਿ ਸਕਦਾ ਹੈ। ਉਨ੍ਹਾਂ ਨੂੰ ਦੇਖ ਕੇ ਬਿਲਕੁਲ ਪ੍ਰਤੀਤ ਨਾ ਹੁੰਦਾ ਕਿ ਉਹ ਮੌਤ ਦੇ ਇੰਨੇ ਕਰੀਬ ਸੀ। ਸਾਰੇ ਪਿੰਡ ਦੇ ਲੋਕਾਂ ਦੀਆਂ ਅੱਖਾਂ ਨਮ ਸਨ। ਉਹ ਆਖ਼ਰ ਹਲਕੀ ਅਤੇ ਪਿਆਰੀ ਜਿਹੀ ਮੁਸਕਾਨ ਦੇ ਕੇ ਅਲਵਿਦਾ ਕਹਿ ਗਏ। ਸਾਰੇ ਪਿੰਡ ਵਿਚ ਮਾਤਮ ਛਾ ਗਿਆ। ਉਸ ਦਿਨ ਸਾਰਾ ਪਿੰਡ ਰੋਇਆ। ਉਸ ਰਾਤ ਪੂਰੇ ਪਿੰਡ ਦੇ ਘਰਾਂ ਦੇ ਚੁੱਲ੍ਹੇ ਨਹੀਂ ਸੀ ਬਲੇ। ਉਨ੍ਹਾਂ ਦੇ ਦੇਹਾਂਤ ਨੂੰ ਪੰਜ ਸਾਲ ਹੋ ਗਏ ਹਨ, ਪਰ ਪਿੰਡ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਓਨੀ ਹੀ ਸ਼ਿੱਦਤ ਅਤੇ ਪਿਆਰ ਨਾਲ ਯਾਦ ਕਰਦੇ ਹਨ।
ਸੰਪਰਕ: 98778-69909