ਪ੍ਰਿੰਸੀਪਲ ਵਿਜੈ ਕੁਮਾਰ
ਅਧਿਆਪਨ ਦੇ ਖੇਤਰ ਵਿਚ ਮੇਰੇ ਆਉਣ ਦਾ ਸਬਬ ਹੀ ਆਪਣੇ ਪੇਸ਼ੇ ਨੂੰ ਪ੍ਰਨਾਏ ਮੇਰੇ ਵਿਦਿਆਰਥੀ ਜੀਵਨ ਦੇ ਅਧਿਆਪਕ ਸਨ। ਅਧਿਆਪਕ ਬਣਨ ਤੋਂ ਬਾਅਦ ਭਰਪੂਰ ਯਤਨ ਰਿਹਾ ਕਿ ਆਪਣੇ ਉਨ੍ਹਾਂ ਦਾਨਿਸ਼ਮੰਦ ਅਧਿਆਪਕਾਂ ਦੇ ਨਕਸ਼ੇ-ਕਦਮ ’ਤੇ ਚੱਲ ਸਕਾਂ। ਉਨ੍ਹਾਂ ਦੀ ਕਾਰਜ ਸ਼ੈਲੀ ਦੇਖ ਕੇ ਹਰ ਵਿਦਿਆਰਥੀ ਨੂੰ ਇੰਝ ਲਗਦਾ ਸੀ ਕਿ ਉਹ ਉਨ੍ਹਾਂ ਦੇ ਮਾਪਿਆਂ ਵਰਗੇ ਹੀ ਹਨ। ਉਹ ਇਸ ਜਹਾਨ ਤੋਂ ਜਾਣ ਤੋਂ ਬਾਅਦ ਵੀ ਆਪਣੇ ਵਿਦਿਆਰਥੀਆਂ ਲਈ ਜਿਊਂਦੇ ਹਨ। ਕਦੇ ਨਾ ਕਦੇ ਉਨ੍ਹਾਂ ਵਿਚ ਉਨ੍ਹਾਂ ਦਾ ਜਿ਼ਕਰ ਛਿੜਦਾ ਹੀ ਰਹਿੰਦਾ ਹੈ। ਅੱਜ ਦੇ ਯੁੱਗ ਵਿਚ ਉਸ ਤਰ੍ਹਾਂ ਦੇ ਅਧਿਆਪਕ ਜਿਨ੍ਹਾਂ ਲਈ ਸਭ ਕੁਝ ਹੀ ਆਪਣੇ ਵਿਦਿਆਰਥੀ ਹੀ ਹੋਣ, ਲੱਭਣੇ ਸੌਖੀ ਗੱਲ ਨਹੀਂ। ਆਪਣੇ ਅਧਿਆਪਕ ਦੇ ਅਹੁਦੇ ਤੋਂ ਲੈ ਕੇ ਪ੍ਰਿੰਸੀਪਲ ਦੇ ਅਹੁਦੇ ਤੱਕ ਦੇ ਸਫ਼ਰ ਵਿਚ ਮੇਰੀ ਇਹ ਰਾਇ ਰਹੀ ਕਿ ਦਸੌਂਧੀ ਰਾਮ, ਮਨੀ ਰਾਮ, ਸੁੱਚਾ ਸਿੰਘ ਖਟੜਾ, ਲੇਖ ਰਾਮ, ਰਮੇਸ਼ ਕੁਮਾਰ, ਗੁਰਚਰਨ ਸਿੰਘ ਵਿਰਕ ਜਿਹੇ ਆਪਣੇ ਪੇਸ਼ੇ ਪ੍ਰਤੀ ਜਨੂਨੀ ਅਧਿਆਪਕਾਂ ਵਰਗੇ ਅਧਿਆਪਕ ਲੱਭਣੇ ਬਹੁਤ ਔਖੀ ਗੱਲ ਹੈ ਪਰ ਪ੍ਰਿੰਸੀਪਲ ਦੇ ਅਹੁਦੇ ’ਤੇ ਹਾਜ਼ਰ ਹੋਣ ਤੋਂ ਬਾਅਦ ਕਾਮਰਸ ਵਿਸ਼ੇ ਦੇ ਇਕ ਲੈਕਚਰਾਰ ਨੂੰ ਮਿਲਣ ਤੋਂ ਬਾਅਦ ਮੇਰੀ ਧਾਰਨਾ ਵਿਚ ਤਬਦੀਲੀ ਆ ਗਈ।
ਉਸ ਨਾਲ ਮੈਨੂੰ ਸਾਢੇ ਅੱਠ ਸਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਉਸ ਅਧਿਆਪਕ ਲਈ ਕਿੰਨੇ ਕੁ ਵਿਸ਼ੇਸ਼ਣਾਂ ਦੀ ਵਰਤੋਂ ਕਰਾਂ। ਉਸ ਦੀ ਸਖ਼ਸ਼ੀਅਤ ਬਾਰੇ ਕੁਝ ਵੀ ਲਿਖਣ ਲਈ ਮੇਰੇ ਕੋਲ ਸ਼ਬਦ ਘਟ ਰਹੇ ਹਨ। ਉਸ ਨੂੰ ਕਿਸੇ ਤੋਂ ਆਪਣੀ ਪ੍ਰਸ਼ੰਸਾ ਸੁਣਨਾ ਪਸੰਦ ਨਹੀਂ। ਉਸ ਬਾਰੇ ਮੈਂ ਜਦੋਂ ਵੀ ਕੁਝ ਕਹਿੰਦਾ, ਉਹ ਉੱਠ ਕੇ ਚਲਾ ਜਾਂਦਾ। ਇੱਕ ਦਿਨ ਉਹਨੇ ਆਪਣਾ ਮਨ ਫਰੋਲਦਿਆਂ ਕਹਿ ਹੀ ਦਿੱਤਾ, “ਸੀਮੇਂਟ ਦੇ ਟਰੱਕ ਲਾਹੁਣ ਵਾਲੇ ਅਤੇ ਸੇਵਾਦਾਰ ਦੀ ਨੌਕਰੀ ਕਰਨ ਵਾਲੇ ਬੰਦੇ ਦੇ ਪੁੱਤ ਨੂੰ ਰੱਬ ਨੇ ਲੱਖ ਰੁਪਏ ਮਹੀਨੇ ਵਾਲੀ ਨੌਕਰੀ ਦੇ ਦਿੱਤੀ ਹੋਵੇ, ਉਹ ਆਪਣੇ ਸਕੂਲ ਲਈ ਕੰਮ ਕਿਉਂ ਨਾ ਕਰੇ?”
ਉਹ ਸਕੂਲ ਦਾ ਕਾਮਰਸ ਦਾ ਵਿਸ਼ਾ ਪੜ੍ਹਾਉਣ ਵਾਲਾ ਲੈਕਚਰਾਰ ਹੀ ਨਹੀਂ ਸਗੋਂ ਮਾਲੀ, ਸਫ਼ਾਈ ਕਰਮਚਾਰੀ, ਕਲਰਕ, ਕੰਪਿਊਟਰ ਅਧਿਆਪਕ, ਚੌਕੀਦਾਰ, ਚਾਰਟਰਡ ਅਕਾਊਂਟੈਂਟ ਅਤੇ ਪ੍ਰਿੰਸੀਪਲ ਦਾ ਖਾਸ ਸਲਾਹਕਾਰ ਹੈ। ਉਹ ਸਾਰੇ ਕੰਮ ਕਰਦਿਆਂ ਪੜ੍ਹਾਉਣ ਦੇ ਕੰਮ ਨਾਲ ਕਦੇ ਸਮਝੌਤਾ ਨਹੀਂ ਕਰਦਾ। ਜੇ ਉਹ ਆਪਣੀ ਜਮਾਤ ਵਿਚ ਪੜ੍ਹਾ ਰਿਹਾ ਹੋਵੇ ਤਾਂ ਉਹ ਪ੍ਰਿੰਸੀਪਲ ਦੇ ਬੁਲਾਉਣ ’ਤੇ ਵੀ ਨਹੀਂ ਆਉਂਦਾ। ਉਹ ਕੇਵਲ ਸਕੂਲ ਦੇ ਬੱਚਿਆਂ, ਪ੍ਰਿੰਸੀਪਲ, ਅਧਿਆਪਕਾਂ, ਮਾਪਿਆਂ ਦਾ ਚਹੇਤਾ ਅਧਿਆਪਕ ਹੀ ਨਹੀਂ ਸਗੋਂ ਸਮਾਜ ਦੇ ਲੋਕਾਂ ਦਾ ਵੀ ਹਰਮਨ ਪਿਆਰਾ ਹੈ। ਬੋਰਡ ਦੀਆਂ ਪ੍ਰੀਖਿਆਵਾਂ ਵਿਚ ਕਮਰੇ ਸਾਫ ਕਰਨ ਤੋਂ ਲੈ ਕੇ ਪ੍ਰੀਖਿਆਵਾਂ ਕਰਾਉਣ ਤੱਕ ਉਹਦੀ ਹੀ ਭੂਮਿਕਾ ਹੁੰਦੀ ਹੈ। ਸਿੱਖਿਆ ਵਿਭਾਗ, ਸਿੱਖਿਆ ਬੋਰਡ ਅਤੇ ਕੋਈ ਹੋਰ ਡਾਕ ਉਹਨੇ ਹੀ ਭੇਜਣੀ ਹੁੰਦੀ ਹੈ। ਉਹ ਕਦੇ ਵੀ ਜਮਾਤ ਵਿਚ ਆਪਣਾ ਮੋਬਾਈਲ ਨਾਲ ਲੈ ਕੇ ਨਹੀਂ ਜਾਂਦਾ। ਬੱਚਿਆਂ ਨੂੰ ਮਿਹਨਤ ਨਾਲ ਨਾ ਪੜ੍ਹਾਉਣ ਵਾਲੇ ਅਤੇ ਜਮਾਤ ਵਿਚ ਮੋਬਾਈਲ ਦੀ ਵਰਤੋਂ ਕਰਨ ਵਾਲੇ ਅਧਿਆਪਕ ਅਧਿਆਪਕਾਵਾਂ ਦੀ ਉਨ੍ਹਾਂ ਦੇ ਮੂੰਹ ’ਤੇ ਆਲੋਚਨਾ ਕਰਨ ਤੋਂ ਉਹ ਕਦੇ ਗੁਰੇਜ਼ ਨਹੀਂ ਕਰਦਾ, ਭਾਵੇਂ ਕਿਸੇ ਨੂੰ ਉਸ ਦੀ ਆਲੋਚਨਾ ਦਾ ਜਿੰਨਾ ਮਰਜ਼ੀ ਗੁੱਸਾ ਕਿਉਂ ਨਾ ਲੱਗੇ। ਉਨ੍ਹਾਂ ਅਧਿਆਪਕਾਂ ਨੂੰ ਉਸ ਦੇ ਦੋ ਸਵਾਲ ਹੁੰਦੇ ਹਨ ਕਿ ਜੇ ਤੁਹਾਡੇ ਬੱਚਿਆਂ ਦੇ ਅਧਿਆਪਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾ ਪੜ੍ਹਾਉਣ, ਜੇ ਉਹ ਉਨ੍ਹਾਂ ਦੀਆਂ ਜਮਾਤਾਂ ਵਿਚ ਮੋਬਾਈਲ ਦੀ ਵਰਤੋਂ ਕਰਨ ਤਾਂ ਤੁਸੀਂ ਬਰਦਾਸ਼ਤ ਕਰ ਲਵੋਗੇ? ਜੇ ਸਕੂਲ ਦਾ ਚੌਕੀਦਾਰ ਛੁੱਟੀ ’ਤੇ ਗਿਆ ਹੋਵੇ ਤਾਂ ਉਹ ਕਮਰਿਆਂ ਨੂੰ ਜੰਦਰੇ ਲਾ ਦਿੰਦਾ ਹੈ ਤੇ ਸਵੇਰੇ ਖੋਲ੍ਹ ਵੀ ਦਿੰਦਾ ਹੈ। ਉਹ ਸਕੂਲ ਅੱਧਾ ਘੰਟਾ ਪਹਿਲਾਂ ਆਉਂਦਾ ਹੈ ਪਰ ਉਸ ਦੇ ਘਰ ਜਾਣ ਦਾ ਕੋਈ ਸਮਾਂ ਨਹੀਂ ਹੁੰਦਾ। ਉਹ ਛੁੱਟੀ ਵਾਲੇ ਦਿਨ ਵੀ ਸਕੂਲ ਵਿਚ ਹੀ ਹੁੰਦਾ ਹੈ, ਪ੍ਰਿੰਸੀਪਲ ਅਤੇ ਕਲਰਕ ਘਰ ਆਰਾਮ ਫਰਮਾ ਰਹੇ ਹੁੰਦੇ ਹਨ। ਉਹ ਆਪਣੀਆਂ ਛੁੱਟੀਆਂ ਵੀ ਨਹੀਂ ਲੈਂਦਾ।
ਸਕੂਲ ਵਿਚ ਮਾਲੀ ਦੀ ਅਸਾਮੀ ਨਹੀਂ ਹੈ ਪਰ ਉਹ ਪੌਦਿਆਂ ਨੂੰ ਸਿੰਜ ਰਿਹਾ ਹੁੰਦਾ ਹੈ। ਉਹ ਕਾਮਰਸ ਵਾਲੇ ਆਪਣੇ ਸਾਥੀ ਲੈਕਚਰਾਰ ਨੂੰ ਅਕਾਊਂਟੈਸੀ ਦਾ ਵਿਸ਼ਾ ਨਹੀਂ ਲੈਣ ਦਿੰਦਾ ਕਿਉਂਕਿ ਉਸ ਦਾ ਕਹਿਣਾ ਹੈ ਕਿ ਇਹ ਵਿਸ਼ਾ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਾਇਆ ਜਾਣਾ ਜ਼ਰੂਰੀ ਹੈ। ਜੇ ਉਸ ਨੂੰ ਲੱਗੇ ਕਿ ਸਕੂਲ ਦੇ ਪ੍ਰਿੰਸੀਪਲ ਦਾ ਕੋਈ ਫ਼ੈਸਲਾ ਬੱਚਿਆਂ ਦੇ ਹਿਤ ਵਿਚ ਨਹੀਂ ਤਾਂ ਉਹ ਉਸ ਦੀ ਉਸ ਦੇ ਮੂੰਹ ਉੱਤੇ ਹੀ ਆਲੋਚਨਾ ਕਰ ਦਿੰਦਾ ਹੈ ਪਰ ਉਸ ਦੀ ਪਿੱਠ ਪਿੱਛੇ ਕਿਸੇ ਤੋਂ ਉਸ ਵਿਰੁੱਧ ਇੱਕ ਸ਼ਬਦ ਨਹੀਂ ਸੁਣਦਾ। ਇਹੀ ਨਹੀਂ, ਸਕੂਲ ਦੇ ਫੰਡਾਂ, ਆਮਦਨ ਕਰ ਅਤੇ ਹੋਰ ਹਿਸਾਬ ਕਿਤਾਬ ਦਾ ਕੰਮ ਵੀ ਉਹੀ ਕਰਦਾ ਹੈ। ਉਸ ਨੇ ਇਹ ਸੋਚ ਕੇ ਆਪਣੀ ਪ੍ਰਿੰਸੀਪਲ ਦੀ ਤਰੱਕੀ ਨਹੀਂ ਲਈ ਕਿ ਜੋ ਬੱਚਿਆਂ ਦੀ ਸੇਵਾ ਅਧਿਆਪਕ ਰਹਿ ਕੇ ਕੀਤੀ ਜਾ ਸਕਦੀ ਹੈ, ਉਹ ਸੇਵਾ ਪ੍ਰਿੰਸੀਪਲ ਬਣ ਕੇ ਨਹੀਂ ਕੀਤੀ ਜਾ ਸਕਦੀ। ਅੱਜ ਦੇ ਦੌਰ ਵਿਚ ਕੌਣ ਆਪਣੀ ਤਰੱਕੀ ਛੱਡਦਾ ਹੈ? ਉਹ ਵੀ ਕਲਾਸ ਵਨ ਅਫਸਰ ਦੀ!
ਹੁਣ ਉਹਦੀ ਜਮਾਤ ਦੇ ਨਤੀਜਿਆਂ ਦੀ ਗੱਲ ਵੀ ਕਰ ਲੈਂਦੇ ਹਾਂ। ਆਮ ਸੁਣਨ ਨੂੰ ਮਿਲਦਾ ਕਿ ਸਕੂਲ ਦੇ ਵਾਧੂ ਕੰਮ ਕਰਨ ਵਾਲੇ ਅਧਿਆਪਕ ਪੜ੍ਹਾਈ ਵੱਲ ਬਹੁਤ ਘਟ ਧਿਆਨ ਦਿੰਦੇ ਹਨ ਪਰ ਉਹ ਕਦੇ ਵੀ ਆਪਣਾ ਪੀਰੀਅਡ ਨਹੀਂ ਛੱਡਦਾ। ਉਹ ਨਾ ਟਿਊਸ਼ਨ ਪੜ੍ਹਾਉਂਦਾ ਹੈ ਤੇ ਨਾ ਹੀ ਆਪਣੀ ਜਮਾਤ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਨ ਦਿੰਦਾ ਹੈ। ਉਸ ਨੂੰ ਸੌ ਫ਼ੀਸਦ ਨਤੀਜਿਆਂ ਦਾ ਫਿ਼ਕਰ ਨਹੀਂ ਹੁੰਦਾ ਸਗੋਂ ਉਸ ਦਾ ਉਦੇਸ਼ ਇਹ ਹੁੰਦਾ ਹੈ ਕਿ ਉਸ ਦੀ ਜਮਾਤ ਦੇ ਵੱਧ ਤੋਂ ਵੱਧ ਅੰਕ ਲੈਣ ਵਾਲੇ ਬੱਚੇ ਕਿੰਨੇ ਹਨ। ਹਰ ਸਾਲ ਉਸ ਦੀ ਜਮਾਤ ਦੇ ਬੱਚਿਆਂ ਦੇ ਅੰਕ ਹੀ ਸਭ ਤੋਂ ਵੱਧ ਹੁੰਦੇ ਹਨ। ਇੱਕ ਵਾਰ ਸਾਡੀ ਉਪ ਤਹਿਸੀਲ ਦੀ ਐੱਸਡੀਐੱਮ ਨੇ 26 ਜਨਵਰੀ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਵੱਧ ਅੰਕਾਂ ਵਾਲੇ ਬੱਚਿਆਂ ਦੀ ਸੂਚੀ ਪੜ੍ਹ ਕੇ ਸਾਡੇ ਸਕੂਲ ਦਾ ਰਿਕਾਰਡ ਦੇਖਣਾ ਚਾਹਿਆ। ਸਭ ਤੋਂ ਵੱਧ ਬੱਚੇ ਉਹਦੀ ਜਮਾਤ ਦੇ ਸਨ। ਉਹ ਕਿਸੇ ਵੀ ਤਰ੍ਹਾਂ ਦਾ ਇਨਾਮ ਅਤੇ ਸਨਮਾਨ ਲੈਣ ਲਈ ਤਿਆਰ ਨਹੀਂ ਹੁੰਦਾ। ਉਹ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਕਦੇ ਸਨਮਾਨ ਨਹੀਂ ਲੈਂਦਾ। ਉਹਦਾ ਨਾਂ ਸਟੇਟ ਐਵਾਰਡ ਲਈ ਭੇਜਣ ਲਈ ਗੱਲ ਚੱਲੀ ਪਰ ਉਹਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਅਜਿਹੇ ਦਿਖਾਵੇ ਦੀ ਜ਼ਰੂਰਤ ਨਹੀਂ।
ਇਸ ਕਰਮਯੋਗੀ ਨੂੰ ਅਸੀਂ ਸੁਨੀਲ ਕੁਮਾਰ ਕਹਿ ਕੇ ਬੁਲਾਉਂਦੇ ਹਾਂ।
ਸੰਪਰਕ: 98726-27136