ਜਗਰੂਪ ਸਿੰਘ
ਕੋਈ ਚਾਲੀ ਸਾਲ ਪਹਿਲਾਂ ਦੀ ਗੱਲ ਹੈ। ਨਵੇਂ ਨਵੇਂ ਅਫਸਰ ਬਣੇ ਸੀ, ਤੇ ਪਹਿਲੀ ਤਾਇਨਾਤੀ ਵੀ ਫਿਲਮੀ ਸ਼ਹਿਰ ਵਿਚ ਹੋਈ। ਸੁਣਦੇ ਸੀ ਕਿ ਉੱਥੇ ਆਮ ਜਿ਼ੰਦਗੀ ਵਧੀਆ ਚਲਦੀ ਹੈ ਤੇ ਕਾਨੂੰਨ ਦਾ ਰਾਜ ਹੈ। ਸ਼ੁਰੂ ਸ਼ੁਰੂ ਵਿਚ ਲੱਗਿਆ ਵੀ ਪਰ ਸ਼ਹਿਰ ਤੇ ਮਹਿਕਮੇ ਦੀਆਂ ਲਛਮਣ ਰੇਖਾਵਾਂ ਦੇ ਰੰਗ ਰੂਪ ਅਜੇ ਦੇਖਣੇ ਸਨ!
ਚਾਰਜ ਸੰਭਾਲਦਿਆਂ ਹੀ ਇੱਕ ਮਸਲਾ ਹੱਲ ਕਰਨਾ ਪਿਆ। ਸ਼ਹਿਰ ਦੀ ਇੱਟ ਸਮਝੇ ਜਾਂਦੇ ਵਪਾਰੀ ਦਾ ਕੇਸ ਸੀ। ਹੁਣ ਤਾਂ ਪਤਾ ਨਹੀਂ ਕਾਨੂੰਨ ਕੀ ਹੈ, ਉਨ੍ਹੀਂ ਦਿਨੀਂ ਕਾਨੂੰਨ ਸੀ ਕਿ ਜੇ ਕਿਸੇ ਦੇ ਘਰ, ਦੁਕਾਨ, ਕਾਰਖਾਨੇ ਤੋਂ ਵਿਭਾਗੀ ਤਲਾਸ਼ੀ ਦੌਰਾਨ ਕੋਈ ਨਕਦੀ, ਗਹਿਣਾ ਜਾਂ ਕੋਈ ਹੋਰ ਕੀਮਤੀ ਵਸਤੂ ਜ਼ਬਤ ਕਰ ਲਈ ਜਾਂਦੀ ਹੈ ਤਦ ਮਹਿਕਮਾ ਰੇਡ ਖਤਮ ਹੋਣ ਦੇ ਨੱਬੇ ਦਿਨਾਂ ਦੇ ਅੰਦਰ ਅੰਦਰ ਇਹ ਫ਼ੈਸਲਾ ਕਰੇਗਾ ਕਿ ਉਹ ਚੀਜ਼ਾਂ ਛੱਡਣੀਆਂ ਹਨ ਜਾਂ ਨਹੀਂ। ਨੱਬੇ ਦਿਨ ਦੀ ਇਸ ਬੰਦਿਸ਼ੀ ਲਛਮਣ ਰੇਖਾ ਨੇ ਸਰਕਾਰੀ ਅਫਸਰਾਂ ਦੇ ਅਜਿਹੇ ਮਾਮਲੇ ਨਬਿੇੜਨ ਲਈ ‘ਸਮਾਂ ਨਹੀਂ’ ਦੇ ਬਹਾਨੇ ਨੂੰ ਖਤਮ ਕਰਨਾ ਸੀ ਪਰ ਮਹਿਕਮੇ ਨੇ ਆਪਣੀ ਹੀ ਲਛਮਣ ਰੇਖਾ ਖਿੱਚ ਦਿੱਤੀ: ਭਾਵੇਂ ਕੁਝ ਵੀ ਹੋਵੇ, ਜ਼ਬਤ ਕੀਤੀ ਵਸਤੂ ਛੱਡਣੀ ਨਹੀਂ। ਇਸ ਅਣਕਹੀ ਅਤੇ ਅਣਲਿਖੀ ਸੀ। ਇਸ ਦਾ ਉਲੰਘਣ ਕੋਈ ਅਫਸਰ ਗਵਾਰਾ ਨਹੀਂ ਕਰਦਾ ਸੀ।
ਮੈਨੂੰ ਸਿਰਫ ਦਸ ਦਿਨ ਦਾ ਸਮਾਂ ਹੀ ਮਿਲਣਾ ਸੀ। ਇਸ ਲਈ ਇਹ ਮਾਮਲਾ ਮੇਰੇ ਲਈ ਗਲ ਪਏ ਢੋਲ ਵਾਂਗ ਸੀ, ਵਜਾਉਣਾ ਹੀ ਪੈਣਾ ਸੀ। ਮੈਂ ਆਪਣੇ ਤੋਂ ਵੱਡੇ ਸਾਹਿਬ ਦੀ ਮਨਜ਼ੂਰੀ ਲਈ ਜਿਹੜੀ ਕਾਨੂੰਨੀ ਤੌਰ ’ਤੇ ਲੈਣੀ ਹੀ ਪੇਣੀ ਸੀ। ਤਜਵੀਜ਼ ਕਰ ਦਿੱਤਾ ਕਿ ਜ਼ਬਤ ਕੀਤਾ ਮਾਲ ਵਾਪਿਸ ਕਰ ਦਿੱਤਾ ਜਾਵੇ, ਮਨਜ਼ੂਰੀ ਮਿਲਣ ’ਤੇ ਹੁਕਮ ਵੀ ਕਰ ਦਿੱਤਾ। ਇਉਂ ਮੈਂ ਇਨਸਾਫ਼ ਕਰਦਾ ਕਰਦਾ ਮਹਿਕਮੇ ਦੀ ਅਦਿਖ ਲਛਮਣ ਰੇਖਾ ਦਾ ਉਲੰਘਣ ਕਰ ਬੈਠਾ ਸੀ। ਦੂਜੇ ਦਿਨ ਹੀ ਮੇਰੇ ਕੰਨੀ ਆਵਾਜ਼ਾਂ ਪੈ ਰਹੀਆਂ ਸਨ: ‘ਇਹ ਤਾਂ ਗਿਆ’… ‘ਕਿਸੇ ਨੂੰ ਪੁੱਛ ਹੀ ਲੈਂਦਾ’… ‘ਨਵਾਂ ਨਵਾਂ ਆਇਐ, ਬਸ ਹੋ ਗਿਆ ਸ਼ੁਰੂ’… ਤੇ ਹੋਰ ਪਤਾ ਨਹੀਂ ਕੀ ਕੁਝ ਊਲ-ਜਲੂਲ ਸੁਣਿਆ। ਇਹ ਸੁਣ ਕੇ ਬਹੁਤ ਦੁਖੀ ਹੋਇਆ। ਸੋਚਦਾ ਰਹਿੰਦਾ ਕਿ ਕੋਈ ਗਲਤੀ ਤਾਂ ਕੀਤੀ ਨਹੀਂ, ਕਾਨੂੰਨ ਮੁਤਾਬਿਕ ਕੰਮ ਕੀਤਾ ਹੈ, ਮੇਰੀ ਤਜਵੀਜ਼ ’ਤੇ ਉਪਰਲੇ ਅਫਸਰ ਨੇ ਵੀ ਮੁਹਰ ਲਾਈ ਹੈ, ਫਿਰ ਵੀ ਇਹ ਸਾਰਾ ਕੁਝ ਕਿਉਂ ਸੁਣਨਾ ਪੈ ਰਿਹਾ ਹੈ! ਮੇਰਾ ਦੁੱਖ ਸੁਣਨ ਲਈ ਵਕਤ ਕੀਹਦੇ ਕੋਲ ਸੀ!
ਕੁਝ ਦਿਨਾਂ ਬਾਅਦ ਉਹ ਵਪਾਰੀ ਆਪਣੇ ਗਹਿਣੇ ਲੈਣ ਕਮਿਸ਼ਨਰ ਕੋਲ ਪੇਸ਼ ਹੋਇਆ। ਉਹ ਲਛਮਣ ਰੇਖਾ ਦਾ ਉਲੰਘਣ ਦੇਖ ਕੇ ਜ਼ਰੂਰ ਹੀ ਅੱਗ ਬਗੂਲਾ ਹੋਏ ਹੋਣਗੇ। ਉਤਨ੍ਹਾਂ ਤੁਰੰਤ ਮੈਨੂੰ ਤੇ ਮੇਰੇ ਸੀਨੀਅਰ ਨੂੰ ਬੁਲਾਵਾ ਭੇਜ ਦਿੱਤਾ। ਮੇਰੇ ਅਫਸਰ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਮਾਤਹਿਤ ਦੀ ਕੀ ਜੁਅਰਤ ਕਿ ਉਹ ਵੱਡੇ ਸਾਹਿਬ ਦੇ ਸਵਾਲ ਦਾ ਜਵਾਬ ਚੁੱਪ ਵਿਚ ਦੇਵੇ। ਸਾਹਮਣੇ ਹੁੰਦਿਆਂ ਹੀ ਕਮਿਸ਼ਨਰ ਸਾਹਿਬ ਟੁੱਟ ਕੇ ਪੈ ਗਏ, “ਵ੍ਹਟ ਹੈਵ ਯੂ ਡਨ! (ਆਹ ਤੈਂ ਕੀ ਕਰਤਾ!)।” ਆਹ ਦੇਖਿਆ, ਅਹੁ ਦੇਖਿਆ; ਫਾਈਲ ਦੇ ਵਰਕੇ ਉਲੱਦ ਉੱਲਦ ਫਾਈਲ ਪਾੜਨ ਵਾਲੀ ਕਰ ਦਿੱਤੀ। ਮੈਂ ਥੋੜ੍ਹਾ ਹੌਸਲਾ ਕੀਤਾ ਤੇ ਬੋਲ ਪਿਆ, “ਜੀ ਮੈਂ ਸਭ ਦੇਖਿਆ, ਕਰ-ਦਾਤੇ ਦਾ ਕੋਈ ਝੁੱਗਾ ਪੋਤੜਾ ਨਹੀਂ ਜੋ ਮੈਂ ਫਰੋਲਿਆ ਨਾ ਹੋਵੇ, ਕੁਝ ਨ੍ਹੀਂ ਲੱਭਿਆ…।”
ਸਾਹਿਬ ਮੇਰੇ ਵੱਲ ਇਉਂ ਘੂਰ ਰਿਹਾ ਸੀ ਜਿਵੇਂ ਮੈਂ ਬੋਲਣ ਦੀ ਵੀ ਲਛਮਣ ਰੇਖਾ ਪਾਰ ਕਰ ਰਿਹਾ ਹੋਵਾਂ। ਮੇਰੇ ਕੋਲ ਬਚਾਅ ਕਰਨ ਲਈ ਹੋਰ ਰਸਤਾ ਵੀ ਕੀ ਸੀ! ਅੰਤ ਜਦ ਝਿੜਕਾਂ ਮਾਰਨ ਲਈ ਹੋਰ ਕੁਝ ਨਾ ਲੱਭਿਆ ਤਾਂ ਮੇਰੇ ਬੌਸ ਨੂੰ ਮੁਖ਼ਾਤਬਿ ਹੋ ਕੇ ਕਹਿਣ ਲੱਗੇ, “ਇਸ ਨੇ ਤਾਂ ਕਰ-ਦਾਤੇ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਹੀ ਦੇ ਦਿੱਤਾ। ਕੁਝ ਸਮਝਾਓ ਇਹਨੂੰ।”
ਸਾਹਿਬ ਨੂੰ ਭਲਾ ਕੋਈ ਪੁੱਛਣ ਵਾਲਾ ਹੁੰਦਾ, ਬਈ ਜੇ ਮੈਂ ਉਸ ਨੂੰ ਇਮਾਨਦਾਰ ਨਾ ਕਹਿੰਦਾ, ਫੇਰ ਮੈਂ ਉਸ ਦੇ ਹੱਕ ਵਿਚ ਫ਼ੈਸਲਾ ਕਿਵੇਂ ਕਰਦਾ? ਖ਼ੈਰ ਹੁਣ ਜਦ ਇੰਨੇ ਸਾਲਾਂ ਬਾਅਦ ਪਿਛਲਝਾਤ ਮਾਰ ਰਿਹਾ ਹਾਂ ਤਾਂ ਜਾਪਦਾ ਹੈ, ਵੱਡਾ ਸਾਹਿਬ ਇਹ ਕਹਿ ਰਿਹਾ ਸੀ ਕਿ ਇਸ ਨੂੰ ਸਮਝਾਅ ਕਿ ‘ਬੀਬੇ ਬੱਚੇ’ ਲਛਮਣ ਰੇਖਾ ਦੀ ਉਲੰਘਣਾ ਨਹੀਂ ਕਰਦੇ ਹੁੰਦੇ।
…ਸੋਚਦਾ ਹਾਂ, ਜੇਕਰ ਮੈਂ ਉਸ ਵੇਲੇ ਲਛਮਣ ਰੇਖਾ ਪਾਰ ਨਾ ਕਰਦਾ ਤਾਂ ਸ਼ਾਇਦ ਹੀ ਆਪਣੀ ਵੱਖਰੀ ਪਛਾਣ ਬਣਾ ਸਕਦਾ, ਤੇ ਨਾ ਕਦੇ ਇਨਸਾਫ਼ ਨਾਲ ਖੜ੍ਹਨ ਦੀ ਜੁਅਰਤ ਕਰਨਾ ਸਿੱਖਦਾ। ਅਜਿਹੇ ਉਲੰਘਣ ਨਵੀਆਂ ਪਿਰਤਾਂ ਨੂੰ ਜਨਮ ਦੇਣ ਦਾ ਬੀਜ ਬੀਜ ਸਕਦੇ ਹਨ, ਸਮੂਹਿਕ ਜੀਵਨ ਨੂੰ ਨਵਾਂ ਮੋੜ ਦੇ ਸਕਦੇ ਹਨ।
ਸੰਪਰਕ: 98888-28406