ਮਾਤ ਭਾਸ਼ਾ ਨੂੰ ਸਿੱਖਿਆ ਮਾਧਿਅਮ ਬਣਾਉਣ ਦੇ ਮੁੱਦੇ ’ਤੇ ਸੰਸਾਰ ਬੈਂਕ ਨੇ ਆਪਣਾ ਪਹਿਲਾ ਨੀਤੀ ਦਸਤਾਵੇਜ਼ ਜਾਰੀ ਕੀਤਾ ਹੈ। ਇਸ ਬਾਬਤ ਜੁਲਾਈ ਵਿਚ ਜਾਰੀ ਪ੍ਰੈੱਸ ਰਿਲੀਜ਼ ਦਾ ਸੰਖੇਪ ਤਰਜਮਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਜੋਗਾ ਸਿੰਘ (ਸੰਪਰਕ: 99157-09582) ਨੇ ਕੀਤਾ ਹੈ।
ਜੇ ਬੱਚਿਆਂ ਨੂੰ ਉਸ ਭਾਸ਼ਾ ਵਿਚ ਪੜ੍ਹਾਇਆ ਜਾਵੇ ਜਿਹੜੀ ਉਹ ਬੋਲਦੇ ਤੇ ਸਮਝਦੇ ਨੇ ਤਾਂ ਉਹ ਸਿੱਖਦੇ ਵੀ ਵਧੇਰੇ ਨੇ ਤੇ ਉਨ੍ਹਾਂ ਦੇ ਪਾਠਸਾਲ (ਸਕੂਲ) ’ਚ ਟਿਕੇ ਰਹਿਣ ਦੀ ਸੰਭਾਵਨਾ ਵੀ ਵੱਧ ਹੁੰਦੀ ਏ। ਫਿਰ ਵੀ, ਨੀਵੀਂ ਅਤੇ ਮਧਲੀ ਆਮਦਨ ਵਾਲੇ ਮੁਲਕਾਂਂ ਦੇ 37% ਬੱਚਿਆਂ ਨੂੰ ਹੋਰ ਭਾਸ਼ਾ ’ਚ ਪੜ੍ਹਾਇਆ ਜਾਂਦਾ ਏ। ਇਸ ਨਾਲ ਉਹ ਸਕੂਲ ਵਾਲੇ ਵਕਤ ਦੌਰਾਨ ਘਾਟਾ ਝੱਲਦੇ ਨੇ ਤੇ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਵੀ ਸੀਮਤ ਰਹਿੰਦੀ ਏ। ਸੰਸਾਰ ਬੈਂਕ ਦੀ ਨਵੀਂ ਰਿਪੋਰਟ ‘ਬੁਲੰਦ ਤੇ ਦਿਨ ਵਾਂਙ ਚਿੱਟੀਆਂ: ਪੜ੍ਹਾਈ ਦੀ ਭਾਸ਼ਾ ਬਾਰੇ ਕਾਰਗਰ ਨੀਤੀਆਂ’ ਅਨੁਸਾਰ, ਸਿੱਖਣ ਦੀ ਮੰਦਹਾਲੀ ਘਟਾਉਣ ਅਤੇ ਹੋਰ ਸਿੱਖਣ ਸਿੱਟਿਆਂ, ਇਕਸਮਾਨਤਾ, ਅਤੇ ਸਰਬ-ਭਾਈਵਾਲੀ ਦੇ ਸੁਧਾਰ ਲਈ ਸਿੱਖਿਆ ਦੇ ਮਾਧਿਅਮ ਦੀ ਭਾਸ਼ਾ ਬਾਰੇ ਨੀਤੀਆਂ ਦੀ ਥਾਂ ਕੇਂਦਰੀ ਏ।
ਸਿਖਾਉਣ ਦਾ ਕਾਰਜ ਭਾਸ਼ਾ – ਉਚਾਰੀ ਤੇ ਲਿਖੀ – ਰਾਹੀਂ ਨੇਪਰੇ ਚੜ੍ਹਦਾ ਏ ਤੇ ਹੋਰ ਅਕਾਦਮਿਕ ਵਿਸ਼ੇ ਸਿੱਖਣ ਲਈ ਬੱਚਿਆਂ ਨੂੰ ਪੜ੍ਹਨਾ ਤੇ ਲਿਖਣਾ ਆਉਣਾ ਨੀਂਹ ਦਾ ਕੰਮ ਕਰਦਾ ਏ। ‘ਬੁਲੰਦ ਤੇ ਦਿਨ ਵਾਂਙ ਚਿੱਟੀ’ ਰਿਪੋਰਟ ਇਸ ਨੂੰ ਬੜੇ ਸਰਲ ਢੰਗ ਨਾਲ ਆਖਦੀ ਏ: ਬਹੁਤੇ ਹੀ ਜ਼ਿਆਦਾ ਬਾਲਾਂ ਨੂੰ ਓਪਰੀ ਭਾਸ਼ਾ ਵਿਚ ਪੜ੍ਹਾਇਆ ਜਾਂਦਾ ਏ ਜਿਹੜਾ ਇਸ ਗੱਲ ਲਈ ਸਭ ਤੋਂ ਵੱਧ ਮਹੱਤਤਾ ਵਾਲੇ ਕਾਰਨਾਂ ਵਿਚੋਂ ਇੱਕ ਏ ਕਿ ਬੜੇ ਮੁਲਕਾਂ ਵਿਚ ਸਿੱਖਣ ਦਾ ਪੱਧਰ ਇੰਨਾ ਮਾੜਾ ਕਿਉਂ ਏ।
ਜਿਹੜੇ ਬਾਲਾਂ ’ਤੇ ਇਨ੍ਹਾਂ ਨੀਤੀਆਂ ਅਤੇ ਪਸੰਦਾਂ ਦਾ ਸਭ ਤੋਂ ਵੱਧ ਅਸਰ ਹੁੰਦਾ ਏ, ਉਹ ਅਕਸਰ ਹੋਰ ਪੱਖਾਂ ਤੋਂ ਵੀ ਊਣੇ ਹੁੰਦੇ ਨੇ – ਉਹ ਸਮਾਜਿਕ-ਆਰਥਿਕ ਮਾਪ ਦੇ ਹੇਠਲੇ 40 ਫ਼ੀਸਦੀ ਵਿਚੋਂ ਹੁੰਦੇ ਨੇ ਤੇ ਦੁਰਾਡੀਆਂ ਥਾਵਾਂ ਤੋਂ ਹੁੰਦੇ ਨੇ। ਉਨ੍ਹਾਂ ਦੇ ਸਿੱਖਣ ’ਤੇ ਬੇਸਿੱਟਾ ਭਾਸ਼ਾ ਨੀਤੀਆਂ ਦੇ ਪੈਣ ਵਾਲੇ ਅਸਰ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਪਰਿਵਾਰਕ ਸਰੋਤਾਂ ਦੀ ਵੀ ਅਣਹੋਂਦ ਹੁੰਦੀ ਏ। ਇਸ ਦਾ ਸਿੱਟਾ ਪੜ੍ਹਾਈ ਛੱਡਣ ਦੀਆਂ ਉੱਚੀਆਂ ਦਰਾਂ, ਜਮਾਤੀ ਦੁਹਰਾਓ ਦਰਾਂ, ਉਚੇਰੀ ਸਿੱਖਣ ਮੰਦਹਾਲੀ ਅਤੇ ਸਮੁੱਚੇ ਤੌਰ ’ਤੇ ਘੱਟ ਸਿੱਖਣ ਵਿਚ ਨਿਕਲਦਾ ਏ।
ਸੰਸਾਰ ਬੈਂਕ ਦੇ ਮਨੁੱਖਾ ਵਿਕਾਸ ਲਈ ਮੀਤ ਪ੍ਰਧਾਨ ਮਮਤਾ ਮੂਰਤੀ ਅਨੁਸਾਰ, “ਕੋਵਿਡ-19 ਤੋਂ ਪਹਿਲਾਂ ਬੜੇ ਸਿੱਖਿਆ ਪ੍ਰਬੰਧ ਬਾਲਾਂ ਨੂੰ ਅਜਿਹੀ ਭਾਸ਼ਾ ’ਚ ਪੜ੍ਹਨ ਲਈ ਪਾ ਕੇ ਜਿਹੜੀ ਉਹ ਚੰਗੀ ਤਰ੍ਹਾਂ ਨਹੀਂ ਜਾਣਦੇ, ਉਨ੍ਹਾਂ ਨੂੰ ਘਾਟੇ ਵਿਚ ਰੱਖਦੇ ਨੇ। ਸਿੱਖਿਆ ਲਈ ਮਨੁੱਖਾ ਪੂੰਜੀ ਦੇ ਸਿੱਟਿਆਂ ਦੇ ਸੁਧਾਰ ਲਈ ਅਤੇ ਵਧੇਰੇ ਅਸਰਦਾਰ ਤੇ ਇਕਸਮਾਨ ਸਿੱਖਿਆ ਪ੍ਰਬੰਧ ਉਸਾਰਨ ਲਈ ਜ਼ਰੂਰੀ ਏ ਕਿ ਬਾਲਾਂ ਨੂੰ ਉਸ ਭਾਸ਼ਾ ਵਿਚ ਪੜ੍ਹਾਇਆ ਜਾਵੇ ਜਿਹੜੀ ਉਨ੍ਹਾਂ ਨੂੰ ਆਉਂਦੀ ਏ।”
ਸਿੱਖਿਆ ਦੇ ਮਾਧਿਅਮ ਦੀ ਭਾਸ਼ਾ ਬਾਰੇ ਨਵੀਂ ਰਿਪੋਰਟ ਇਹ ਦਰਜ ਕਰਦੀ ਏ ਕਿ ਜਦੋਂ ਬਾਲਾਂ ਨੂੰ ਆਰੰਭ ਵਿਚ ਉਸ ਭਾਸ਼ਾ ਵਿਚ ਪੜ੍ਹਾਇਆ ਜਾਂਦਾ ਏ ਜਿਹੜੀ ਉਹ ਬੋਲਦੇ ਤੇ ਸਮਝਦੇ ਨੇ ਤਾਂ ਉਹ ਵਧੇਰੇ ਸਿੱਖਦੇ ਨੇ, ਹੋਰ ਭਾਸ਼ਾਵਾਂ ਸਿੱਖਣ ਲਈ ਬਿਹਤਰ ਤਿਆਰ ਹੁੰਦੇ ਨੇ, ਗਣਿਤ ਤੇ ਵਿਗਿਆਨ ਵਰਗੇ ਹੋਰ ਵਿਸ਼ੇ ਸਿੱਖ ਸਕਦੇ ਨੇ, ਸਕੂਲ ਵਿਚ ਵਧੇਰੇ ਟਿਕੇ ਰਹਿੰਦੇ ਨੇ ਅਤੇ ਆਪਣੀ ਰਹਿਤਲ ਤੇ ਸਥਾਨਕ ਮਾਹੌਲ ਦੇ ਅਨੁਕੂਲ ਸਕੂਲ ਨੂੰ ਵਧੇਰੇ ਮਾਣਦੇ ਨੇ। ਇਸ ਤੋਂ ਵੀ ਵਧ, ਇਸ ਨਾਲ ਸਕੂਲ ਵਿਚ ਦੂਜੀ ਭਾਸ਼ਾ ਸਿੱਖਣ ਲਈ ਤਕੜੀ ਨੀਂਹ ਰੱਖੀ ਜਾਂਦੀ ਏ। ਸਿੱਖਿਆ ਦੇ ਮਾਧਿਅਮ ਦੀ ਭਾਸ਼ਾ ਦੀਆਂ ਅਸਰਦਾਰ ਨੀਤੀਆਂ ਨਾਲ ਸਿੱਖਣ ਅਤੇ ਸਕੂਲ ਵਿਚ ਅੱਗੇ ਵਧਣ ਵਿਚ ਸੁਧਾਰ ਹੁੰਦਾ ਏ, ਸੋ ਇਨ੍ਹਾਂ ਨਾਲ ਮੁਲਕ ਦਾ ਪ੍ਰਤੀ ਵਿਦਿਆਰਥੀ ਖਰਚਾ ਘਟਦਾ ਏ, ਇਸ ਤਰ੍ਹਾਂ ਸਾਰੇ ਬਾਲਾਂ ਲਈ ਸਿੱਖਿਆ ਦੀ ਵਧੇਰੇ ਪਹੁੰਚ ਅਤੇ ਗੁਣਵੱਤਾ ਵਿਚ ਵਾਧੇ ਲਈ ਜਨਤਕ ਰਕਮਾਂ ਦੀ ਬਿਹਤਰ ਵਰਤੋਂ ਹੁੰਦੀ ਏ।
ਸੰਸਾਰ ਬੈਂਕ ਦੇ ਪੱਛਮੀ ਅਤੇ ਕੇਂਦਰੀ ਅਫ਼ਰੀਕੀ ਖੇਤਰੀ ਮੀਤ ਪ੍ਰਧਾਨ ਉਸਮਾਨ ਦਿਆਗਨਾ ਦਾ ਆਖਣਾ ਏ, “ਸਬ-ਸਹਾਰਨ ਅਫ਼ਰੀਕਾ ਦੀ ਭਾਸ਼ਾਈ ਵੰਨ-ਸਵੰਨਤਾ ਇਸ ਦੀਆਂ ਪਹਿਲੀਆਂ ਵਿਸ਼ੇਸ਼ਤਾਈਆਂ ਵਿਚੋਂ ਏ – ਜਿੱਥੇ ਇਸ ਖੇਤਰ ਵਿਚ 5 ਰਾਜ ਭਾਸ਼ਾਵਾਂ ਨੇ, ਉਥੇ ਪੱਛਮੀ ਤੇ ਕੇਂਦਰੀ ਅਫਰੀਕਾ ਵਿਚ 940 ਅਤੇ ਸਬ-ਸਹਾਰਨ ਅਫ਼ਰੀਕਾ ਵਿਚ 1,500 ਘੱਟ-ਗਿਣਤੀ ਭਾਸ਼ਾਵਾਂ ਨੇ ਜੋ ਸਿੱਖਿਆ ਦੀਆਂ ਚੁਣੌਤੀਆਂ ਨੂੰ ਹੋਰ ਵੀ ਵੱਡਿਆਂ ਕਰਦਾ ਏ। … ਸਿੱਖਿਆ ਦੇ ਮਾਧਿਅਮ ਦੀ ਭਾਸ਼ਾ ਦੀਆਂ ਬਿਹਤਰ ਨੀਤੀਆਂ ਅਪਣਾ ਕੇ, ਮੁਲਕ ਬਾਲਾਂ ਨੂੰ ਸਕੂਲ ਵਿਚ ਕਿਧਰੇ ਬਿਹਤਰ ਆਰੰਭ ਦੇ ਯੋਗ ਬਣਾਉਣਗੇ ਅਤੇ ਆਪਣੇ ਅਰਥਚਾਰਿਆਂ ਦੀ ਲੰਮ-ਕਾਲੀ ਪੈਦਾਵਾਰ ਅਤੇ ਵਿਕਾਸ ਦੀ ਲਗਾਤਾਰਤਾ ਲਈ ਲੋੜੀਂਦੀ ਮਨੁੱਖਾ ਪੂੰਜੀ ਦੀ ਰਚਨਾ ਲਈ ਸਹੀ ਰਾਹ ਤੇ ਪੈਰ ਰੱਖਣਗੇ।”
ਰਿਪੋਰਟ ਦੱਸਦੀ ਏ ਕਿ ਕੋਵਿਡ-19 ਤੋਂ ਪਹਿਲਾਂ ਭਾਵੇਂ ਬਾਲਾਂ ਨੂੰ ਸਕੂਲ ਘੱਲਣ ਵਿਚ ਜੱਗ ਨੇ ਵੱਡੀ ਤਰੱਕੀ ਕੀਤੀ ਸੀ ਪਰ ਮੁੱਢਲੀ ਪੜ੍ਹਾਈ ਵਿਚ ਸਰਬਵਿਆਪਕ ਦਾਖਲੇ ਦਾ ਸਿੱਟਾ ਸਰਬਵਿਆਪਕ ਸਿੱਖਿਆ ਵਿਚ ਨਹੀਂ ਨਿਕਲਿਆ। ਅਸਲ ਵਿਚ, ਮਹਾਮਾਰੀ ਤੋਂ ਪਹਿਲਾਂ ਨੀਵੀਂ ਤੇ ਮੱਧਲੀ ਆਮਦਨੀ ਵਾਲੇ ਮੁਲਕਾਂ ਦੇ 53% ਬਾਲ ਸਿੱਖਣ ਦੀ ਮੰਦਹਾਲੀ ਦੀ ਅਵਸਥਾ ਵਿਚ ਸਨ, ਭਾਵ 10 ਸਾਲ ਦੀ ਉਮਰ ਵਿਚ ਇਸ ਉਮਰ ਲਈ ਬਣਦਾ ਪਾਠ ਪੜ੍ਹਨ ਤੇ ਸਮਝਣ ਦੇ ਯੋਗ ਨਹੀਂ ਸਨ। ਅੱਜ ਮਹਾਮਾਰੀ ਕਾਲ ਨਾਲ ਜੁੜੇ ਲੰਮੇ ਸਕੂਲ ਬੰਦਾਂ ਅਤੇ ਡੂੰਘੇ ਆਰਥਿਕ ਮੰਦਵਾੜੇ ਦੀਆਂ ਦੂਹਰੀਆਂ ਮਾਰਾਂ ਕਾਰਨ ਸੰਕਟ ਹੋਰ ਵੀ ਭਿਆਨਕ ਹੋਣ ਦਾ ਖ਼ਦਸ਼ਾ ਏ, ਆਰੰਭਲੇ ਅੰਦਾਜ਼ੇ ਦੱਸਦੇ ਨੇ ਕਿ ਸਿੱਖਣ ਮੰਦਹਾਲੀ ਨਵੇਂ ਅੰਕੜੇ 63% ਤੱਕ ਜਾ ਸਕਦੀ ਏ। ਬਹੁਤ ਸਾਰੇ ਮਾਮਲਿਆਂ ਵਿਚ ਇਹ ਸਿੱਟੇ ਸਿੱਖਿਆ ਦੀ ਭਾਸ਼ਾ ਦੀਆਂ ਅਪੂਰਨ ਨੀਤੀਆਂ ਦਾ ਝਲਕਾਰਾ ਨੇ।
ਸੰਸਾਰ ਬੈਂਕ ਦੇ ਭੂਮੰਡਲੀ ਨਿਰਦੇਸ਼ਕ ਜੇਮ ਸਾਵੇਂਦਰਾ ਦਾ ਬਲ ਦੇ ਕੇ ਆਖਣਾ ਏ, “ਸੁਨੇਹਾ ਉੱਚਾ ਤੇ ਸਾਫ਼ ਏ। ਜਦੋਂ ਬਾਲਾਂ ਨੂੰ ਉਸ ਭਾਸ਼ਾ ਵਿਚ ਪੜ੍ਹਾਇਆ ਜਾਂਦਾ ਏ ਜਿਹੜੀ ਉਹ ਸਮਝਦੇ ਨੇ ਤਾਂ ਹੀ ਵਧੀਆ ਸਿੱਖਦੇ ਨੇ। ਅਨਿਆਂਕਾਰੀ ਸਿੱਖਣ ਸੰਕਟ ਲਈ ਕੁਝ ਕਰਨ ਦੀ ਲੋੜ ਏ। ਜੇ ਵਿਦਿਆਰਥੀਆਂ ਨੂੰ ਜਿਸ ਭਾਸ਼ਾ ’ਚ ਪੜ੍ਹਾਇਆ ਜਾਂਦਾ ਏ, ਉਹ ਸਮਝ ਨਹੀਂ ਆਉਂਦੀ ਤਾਂ ਸਿੱਖਿਆ ਪ੍ਰਣਾਲੀ ’ਚ ਨਿਵੇਸ਼ ਨਾਲ ਗਿਣਨਾਵੀ ਸਿੱਖਣ ਸੁਧਾਰ ਹਾਸਲ ਨਹੀਂ ਹੋਣ ਵਾਲੇ। ਬਾਲਾਂ ਨੂੰ ਉਨ੍ਹਾਂ ਦੇ ਘਰ ਦੀ ਭਾਸ਼ਾ ’ਚ ਪੜ੍ਹਾ ਕੇ ਸਿੱਖਣ ਮੰਦਹਾਲੀ ਵਿਚ ਵੱਡੇ ਸੁਧਾਰ ਹੋ ਸਕਦੇ ਨੇ।”
ਸਿੱਖਿਆ ਦੀ ਭਾਸ਼ਾ ਤੇ ਸੰਸਾਰ ਬੈਂਕ ਦੀ ਨਵੀਂ ਨੀਤੀ ਦੀ ਪਹੁੰਚ 5 ਅਸੂਲਾਂ ਦੁਆਲੇ ਟਿਕੀ ਏ:
1. ਪੂਰਬ ਬਾਲ ਅਵਸਥਾ ਪੜ੍ਹਾਈ ਅਤੇ ਦੇਖਭਾਲ ਸੇਵਾਵਾਂ ਤੋਂ ਆਰੰਭ ਕਰ ਕੇ ਮੁੱਢਲੀ ਪੜ੍ਹਾਈ ਦੇ ਘੱਟੋ-ਘੱਟ ਛੇ ਸਾਲਾਂ ਤੱਕ ਬਾਲਾਂ ਨੂੰ ਉਸ ਭਾਸ਼ਾ ਵਿਚ ਪੜ੍ਹਾਓ ਜਿਹੜੀ ਉਹ ਸਮਝਦੇ ਨੇ।
2. ਸਾਖਰਤਾ ਅਤੇ ਲਿਖਣ-ਕਲਾ ਤੋਂ ਅਗਲੇਰੇ ਅਕਾਦਮਿਕ ਵਿਸ਼ਿਆਂ ਦੀ ਪੜ੍ਹਾਈ ਲਈ ਉਸ ਭਾਸ਼ਾ ਦੀ ਵਰਤੋਂ ਕਰੋ ਜਿਹੜੀ ਬਾਲ ਸਮਝਦੇ ਨੇ।
3. ਜੇ ਵਿਦਿਆਰਥੀਆਂ ਨੇ ਮੁੱਢਲੇ ਪਾਠਸਾਲ (ਪ੍ਰਾਇਮਰੀ ਸਕੂਲ) ਵਿਚ ਇੱਕ ਹੋਰ ਭਾਸ਼ਾ ਸਿੱਖਣੀ ਏ ਤਾਂ ਇਸ ਨੂੰ ਵਿਦੇਸ਼ੀ ਭਾਸ਼ਾ ਵਜੋਂ ਆਰੰਭ ਕਰੋ ਅਤੇ ਬੋਲਣ ਦੇ ਭਾਸ਼ਾਈ ਹੁਨਰਾਂ ’ਤੇ ਬਲ ਦਿੱਤਾ ਜਾਵੇ।
4. ਵਿਦੇਸ਼ੀ ਭਾਸ਼ਾ ਦੇ ਸਿੱਖਿਆ ਦੇ ਮਾਧਿਅਮ ਦੀ ਮੁੱਖ ਭਾਸ਼ਾ ਬਣ ਜਾਣ ਤੋਂ ਬਾਅਦ ਵੀ ਪੜ੍ਹਾਈ ਲਈ ਉਸ ਭਾਸ਼ਾ ਦੀ ਵਰਤੋਂ ਕਰਦੇ ਰਹੋ ਜਿਹੜੀ ਬਾਲ ਸਮਝਦੇ ਨੇ।
5. ਮੁਲਕ ਅਤੇ ਸਿੱਖਿਆ ਟੀਚਿਆਂ ਦੇ ਪ੍ਰਸੰਗ ਅਨੁਸਾਰ, ਸਿੱਖਿਆ ਦੀ ਭਾਸ਼ਾ ਬਾਰੇ ਨੀਤੀਆਂ ਲਾਗੂ ਕਰਨ ਵਿਚ ਲਗਾਤਾਰ ਵਿਉਂਤਬੰਦੀ, ਵਿਕਾਸ, ਅਨੁਕੂਲ ਬਣਾਉਣਾ ਅਤੇ ਸੁਧਾਰ ਕਰਦੇ ਰਹੋ।
ਰਾਜਸੀ ਵਚਨਬੱਧਤਾ ਅਤੇ ਪ੍ਰਣਾਲੀ ਦੀ ਪੜ੍ਹਾਈ ਇਕਸਾਰਤਾ ਨਾਲ ਤਾਲਮੇਲ ਬਿਠਾਉਣ ਲਈ ਸਿੱਖਿਆ ਦੀ ਭਾਸ਼ਾ ਦੀਆਂ ਨੀਤੀਆਂ ਨੂੰ ਨੀਤੀਆਂ ਦੀ ਵਡੇਰੀ ਬੁਚਕੀ ਦਾ ਚੰਗੀ ਤਰ੍ਹਾਂ ਹਿੱਸਾ ਬਣਾਉਣ ਦੀ ਲੋੜ ਏ।