ਬੀਬੀ ਜਗੀਰ ਕੌਰ
ਹੀਦ ਆਪਣੇ ਅਕੀਦੇ, ਦੇਸ਼, ਕੌਮ ਅਤੇ ਧਰਮ ਲਈ ਜਿੰਦ-ਜਾਨ ਵਾਰ ਕੇ ਇਹ ਸਿੱਧ ਕਰਦਾ ਹੈ ਕਿ ਉਸ ਦਾ ਹੱਕ ਤੇ ਇਨਸਾਫ ਦੇ ਰਾਹ ‘ਤੇ ਤੁਰਨ ਦਾ ਦਾਅਵਾ ਦਿਲ ਤੋਂ ਹੈ ਅਤੇ ਉਸ ਨੂੰ ਜਾਨ ਨਾਲੋਂ ਈਮਾਨ ਵੱਧ ਪਿਆਰਾ ਹੈ। ਚਮਕੌਰ ਦੀ ਗੜ੍ਹੀ ਵਿਖੇ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵੀ ਕੁਝ ਅਜਿਹੀ ਹੀ ਅਲੌਕਿਕ ਗਾਥਾ ਹੈ। ਇਕ ਪਾਸੇ 10 ਲੱਖ ਦੇ ਕਰੀਬ ਸ਼ਾਹੀ ਸੈਨਾ ਅਤੇ ਦੂਜੇ ਪਾਸੇ ਕੇਵਲ 40 ਸਿੰਘ ਉਹ ਵੀ ਲੰਮਾ ਪੈਂਡਾ ਕਰ ਕੇ ਥੱਕੇ-ਟੱਟੇ ਅਤੇ ਕਈ ਦਿਨਾਂ ਦੇ ਭੁੱਖੇ ਤ੍ਰਿਹਾਏ। ਫਿਰ ਜਿਸ ਸੂਰਮਗਤੀ ਨਾਲ ਇਨ੍ਹਾਂ ਮਰਜੀਵੜਿਆਂ ਨੇ ਸ਼ਾਹੀ ਸੈਨਾ ਨਾਲ ਯੁੱਧ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਸ ਦਾ ਸੰਸਾਰ ਦੇ ਇਤਿਹਾਸ ਵਿਚ ਕੋਈ ਸਾਨੀ ਨਹੀਂ। ਕਲਗੀਧਰ ਪਿਤਾ ਔਰੰਗਜ਼ੇਬ ਨੂੰ ਫ਼ਾਰਸੀ ਵਿਚ ਲਿਖੇ ‘ਜ਼ਫ਼ਰਨਾਮਾ’ ਵਿਚ ਵਿਸਥਾਰ ਨਾਲ ਚਮਕੌਰ ਦੀ ਜੰਗ ਦਾ ਜ਼ਿਕਰ ਕਰਦੇ ਹਨ:
ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ
ਕਿ ਦਹ ਲੱਕ ਬਿਆਯਦਬਰੋ ਬੇਖ਼ਬਰ
ਹਵੇਲੀ ਭਾਵੇਂ ਕੱਚੀ ਸੀ ਅਤੇ ਸਿੰਘਾਂ ਦੀ ਘੱਟ ਗਿਣਤੀ ਬਾਰੇ ਵੀ ਦੁਸ਼ਮਣ ਦਲਾਂ ਨੂੰ ਖ਼ਬਰ ਸੀ ਲੇਕਿਨ ਕੋਈ ਗੜ੍ਹੀ ਦੇ ਨਜ਼ਦੀਕ ਆਉਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਨਾਹਰ ਖਾਂ ਨੇ ਮੌਕਾ ਦੇਖ ਕੇ ਪੌੜੀ ਲਗਾ ਹਵੇਲੀ ਤੇ ਚੜ੍ਹਨ ਦੀ ਵਿਉਂਤ ਬਣਾਈ ਪਰ ਉਸ ਦਾ ਸਿਰ ਦੀਵਾਰ ਤੋਂ ਉੱਚਾ ਹੋਇਆ, ਗੁਰੂ ਜੀ ਨੇ ਤੀਰ ਨਾਲ ਉੱਥੇ ਹੀ ਢੇਰੀ ਕਰ ਦਿੱਤਾ। ਉਪਰੰਤ ਗਨੀ ਖਾਨ ਨਾਮੀ ਜਰਨੈਲ ਵੀ ਇਸੇ ਯਤਨ ਵਿਚ ਮਾਰਿਆ ਗਿਆ। ਸਾਥੀਆਂ ਨੂੰ ਅੱਖਾਂ ਸਾਹਵੇਂ ਮਰਦਾ ਦੇਖ ਕੇ ਖਵਾਜਾ ਮਰਦੂਦ ਅਲੀ ਦਾ ਹੌਸਲਾ ਪਸਤ ਹੋ ਗਿਆ ਅਤੇ ਉਹ ਗੜ੍ਹੀ ਦੀਆਂ ਕੰਧਾਂ ਨਾਲ ਲਗਦਾ ਹੋਇਆ ਭੱਜਣ ਵਿਚ ਕਾਮਯਾਬ ਹੋ ਗਿਆ। ਗੁਰੂ ਜੀ ਜ਼ਫ਼ਰਨਾਮੇ ਵਿਚ ਇਸ ਘਟਨਾ ਦਾ ਜ਼ਿਕਰ ਵੀ ਕਰਦੇ ਹਨ ਕਿ ਕਾਇਰ ਦੀਵਾਰ ਓਹਲੇ ਲੁਕਿਆ ਰਿਹਾ, ਜੇਕਰ ਸੂਰਮਿਆਂ ਵਾਂਗ ਸਾਹਮਣੇ ਆਉਂਦਾ ਤਾਂ ਮੈਂ ਇਕ ਤੀਰ ਉਸ ਨੂੰ ਵੀ ਬਖ਼ਸ਼ ਦਿੰਦਾ:
ਕਿ ਆਂ ਖਵਾਜਾ ਮਰਦੂਦ ਸਾਯ: ਏ ਦੀਵਾਰ
ਨਿਆਮਦ ਬ-ਮੈਦਾਂ ਬ-ਮਰਦਾਨਾ ਵਾਰ
ਦਰੇਗ! ਅਗਰ ਰੂਇ ਓ ਦੀਦਮੇ
ਬ-ਯਕ ਤੀਰ ਲਾਚਾਰ ਬਖਸ਼ੀਦਮੇ
ਗੁਰੂ ਜੀ ਨੇ ਜੰਗ ਦੀ ਵਿਉਂਤਬੰਦੀ ਕੀਤੀ ਅਤੇ ਸਿੰਘਾਂ ਦੇ ਜਥੇ ਦੁਸ਼ਮਣ ਨਾਲ ਦੋ ਹੱਥ ਕਰਨ ਲਈ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕੀਤੇ। ਸਿੰਘਾਂ ਨੇ ਗੁਰੂ ਜੀ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਅਨਮੋਲ ਜਾਣਦੇ ਹੋਏ, ਗੁਰੂ ਜੀ ਨੂੰ ਸਾਹਿਬਜ਼ਾਦਿਆਂ ਸਮੇਤ ਗੜ੍ਹੀ ਵਿਚੋਂ ਨਿਕਲ ਜਾਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਓਧਰ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿਚ ਜਾਣ ਦੀ ਆਗਿਆ ਮੰਗ ਲਈ ਜਿਸ ਨੂੰ ਗੁਰੂ ਜੀ ਨੇ ਹੱਸ ਕੇ ਕਬੂਲ ਕੀਤਾ।
ਅਜੀਤ ਸਿੰਘ ਜੀ ਸਿੰਘਾਂ ਸਮੇਤ ਨਾਲ ਜੈਕਾਰੇ ਗਜਾਉਂਦੇ ਹੋਏ ਜੰਗ ਲਈ ਗੜ੍ਹੀ ਵਿਚੋਂ ਬਾਹਰ ਨਿਕਲੇ ਅਤੇ ਵੈਰੀ ਦਲ ਨੂੰ ਉਹ ਹੱਥ ਦਿਖਾਏ ਕਿ ਇਕ ਵਾਰ ਤਾਂ ਸਭ ਨੂੰ ਹੋਸ਼ ਭੁੱਲ ਗਏ। ਬਾਬਾ ਅਜੀਤ ਸਿੰਘ ਜੀ ਨੇ ਗਰਜਵੀਂ ਆਵਾਜ਼ ਵਿਚ ਵੰਗਾਰ ਕੇ ਆਖਿਆ ਕਿ ਜਿਸ ਦੇ ਦਿਲ ਵਿਚ ਲੜਨ ਦੀ ਉਮੰਗ ਹੈ, ਉਹ ਸੂਰਮਾ ਅੱਗੇ ਆਵੇ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸ਼ਸਤਰਾਂ ਦੇ ਅਜਿਹੇ ਵਾਰ ਕੀਤੇ ਕਿ ਸਭ ਅੱਲਾਹ ਅੱਲਾਹ ਕਰਨ ਲੱਗੇ; ਲੇਕਿਨ ਟਿੱਡੀ ਦਲ ਵਾਂਗ ਆਏ ਤੁਰਕਾਂ ਨਾਲ ਗਿਣਤੀ ਦੇ ਸਿੰਘ ਕਦੋਂ ਤੀਕ ਟੱਕਰ ਲੈ ਸਕਦੇ ਸਨ? ਸੋ ਇਕ ਇਕ ਕਰ ਕੇ ਸ਼ਹੀਦੀਆਂ ਪਾਉਂਦੇ ਗਏ। ਗੁਰੂ ਜੀ ਗੜ੍ਹੀ ਵਿਚੋਂ ਸਭ ਹਾਲ ਤੱਕ ਰਹੇ ਸਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵੀ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦੀ ਜਾਮ ਪੀ ਗਏ ਤਾਂ ਆਪ ਜੀ ਨੇ ਗੱਜ ਕੇ ਜੈਕਾਰਾ ਗਜਾਇਆ। ਵੱਡੇ ਭਰਾ ਨੂੰ ਸ਼ਹੀਦ ਹੁੰਦੇ ਦੇਖ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਵੀ ਜੰਗ ਵਿਚ ਜਾਣ ਦੀ ਆਗਿਆ ਮੰਗੀ। ਜੋਗੀ ਅੱਲ੍ਹਾ ਯਾਰ ਖਾਂ ਦੇ ਸ਼ਬਦਾਂ ਵਿਚ:
ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ।
ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਦੇਖ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਵਿਆਕੁਲ ਹੋ ਉਠੇ ਅਤੇ ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਸਮੇਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ।
(ਗੰਜਿ-ਸ਼ਹੀਦਾਂ)
ਗੁਰੂ ਜੀ ਨੇ ਛੋਟੇ ਸਾਹਿਬਜ਼ਾਦੇ ਨੂੰ ਵੀ ਆਪਣੇ ਹੱਥੀਂ ਤਿਆਰ ਕਰ ਕੇ ਜੰਗ ਵਿਚ ਜੂਝਣ ਲਈ ਤੋਰਿਆ ਅਤੇ ਫਿਰ ਬਾਬਾ ਅਜੀਤ ਸਿੰਘ ਵਾਂਗ ਹੀ ਰਣ ਖੇਤਰ ਵਿਚ ਦੁਸ਼ਮਣਾ ਦੇ ਆਹੂ ਲਾਹੁੰਦੇ ਅਤੇ ਪੁਰਜ਼ਾ ਪੁਰਜ਼ਾ ਕੱਟ ਮਰਦੇ ਤੱਕਿਆ। ਸੰਸਾਰ ਦੇ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਕੋਈ ਪਿਤਾ ਆਪਣੇ ਹੱਥੀਂ ਜਵਾਨ-ਜਹਾਨ ਪੁੱਤਰਾਂ ਨੂੰ ਲੜਨ-ਮਰਨ ਲਈ ਜੰਗ ਦੇ ਮੈਦਾਨ ਵਿਚ ਘੱਲ ਰਿਹਾ ਹੋਵੇ ਅਤੇ ਫਿਰ ਉਨ੍ਹਾਂ ਨੂੰ ਸ਼ਹੀਦ ਹੁੰਦਾ ਤੱਕ ਕੇ ਜੈਕਾਰੇ ਗਜਾ ਰਿਹਾ ਹੋਵੇ। ਅਜਿਹਾ ਜਿਗਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸੀ ਜਿਨ੍ਹਾਂ ਨੇ ਧਰਮ ਦੀ ਰਾਖੀ ਲਈ ਆਪਣਾ ਸਰਬੰਸ ਲੇਖੇ ਲਾ ਦਿੱਤਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਜੰਗ ਦੇ ਮੈਦਾਨ ਵਿਚ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਗਿਆ। ਚਮਕੌਰ ਸਾਹਿਬ ਵਿਚ ਗੁਰੂ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ ਸਮੇਤ ਸਿੰਘ ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ, ਇਤਿਹਾਸ ਵਿਚ ਇਸ ਦਾ ਵਿਲੱਖਣ ਸਥਾਨ ਹੈ। ਦਸਮੇਸ਼ ਪਿਤਾ ਜੀ ਜਿਨ੍ਹਾਂ ਨੂੰ ਭਲੀ ਪ੍ਰਕਾਰ ਗਿਆਤ ਸੀ ਕਿ ਭਖੇ ਹੋਏ ਰਣ-ਖੇਤਰ ਵਿਚ ਪੁੱਤਰਾਂ ਨੂੰ ਸ਼ਹੀਦੀ ਜਾਮ ਪੀਣਾ ਹੀ ਪੈਣਾ ਹੈ, ਫਿਰ ਵੀ ਬੜੇ ਉਤਸ਼ਾਹ ਨਾਲ ਆਪ ਤਿਆਰ ਕਰ ਕੇ ਤੋਰ ਰਹੇ ਹਨ:
ਲੈਜਾਓ, ਸਿਧਾਰੋ! ਤੁਮ੍ਹੇਂ ਕਰਤਾਰ ਕੋ ਸੌਂਪਾ।
ਮਰ ਜਾਓ ਯਾ ਮਾਰੋ, ਤੁਮ੍ਹੇਂ ਕਰਤਾਰ ਕੋ ਸੌਂਪਾ। (ਗੰਜਿ-ਸ਼ਹੀਦਾਂ)
ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਰਬਾਨੀ ਚਮਕੌਰ ਸਾਹਿਬ ਵਿਖੇ ਕੀਤੀ, ਉਹ ਅਦੁੱਤੀ ਤੇ ਲਾਸਾਨੀ ਹੈ। ਇਸੇ ਲਈ ਚਮਕੌਰ ਦੀ ਚਮਕ-ਦਮਕ ਸਾਰੇ ਜੱਗ ਤੋਂ ਨਿਰਾਲੀ ਹੈ। ਅੱਲ੍ਹਾ ਯਾਰ ਖਾਂ ਜੋਗੀ ਚਮਕੌਰ ਦੀ ਪਾਵਨ ਧਰਤੀ ਤੋਂ ਕੁਰਬਾਨ ਜਾਂਦਾ ਹੋਇਆ ਬੁਲੰਦ ਆਵਾਜ਼ ਵਿਚ ਆਖ ਰਿਹਾ ਹੈ:
ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ। (ਗੰਜਿ-ਸ਼ਹੀਦਾਂ)
ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਸੋਮਾ ਹੈ। ਇਸ ਤੋਂ ਸੇਧ ਪ੍ਰਾਪਤ ਕਰ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਤੱਤਪਰ ਰਹਿਣਾ ਹਰ ਸਿੱਖ ਦਾ ਫਰਜ਼ ਹੈ। ਆਓ, ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਹੱਕ, ਸੱਚ ਤੇ ਧਰਮ ਲਈ ਤਨ, ਮਨ, ਧਨ ਵਾਰ ਦੇਣ ਦਾ ਸੰਕਲਪ ਲਈਏ ਅਤੇ ਚਮਕੌਰ ਸਾਹਿਬ ਦੀ ਪਾਵਨ ਚਰਨ ਧੂੜੀ ਆਪਣੇ ਮੱਥੇ ਤੇ ਲਗਾ ਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਣੀਏ।
*ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੈ।