ਪ੍ਰੀਤਮਾ ਦੋਮੇਲ
ਗੱਲ ਉਦੋਂ ਦੀ ਹੈ ਜਦੋਂ ਮੈਂ ਬਹੁਤ ਛੋਟੀ ਸੀ। ਅਸੀਂ ਤਿੰਨ ਭੈਣਾਂ ਹੀ ਸੀ, ਭਰਾ ਕੋਈ ਨਹੀਂ ਸੀ। ਸਭ ਸਾਂਝੇ ਟੱਬਰ ਵਿਚ ਰਹਿੰਦੇ ਸੀ, ਜਿੱਥੇ ਦਾਦੀ ਦੀ ਹਕੂਮਤ ਚਲਦੀ ਸੀ ਤੇ ਘਰ ਦਾ ਸਾਰਾ ਕੰਮ ਘਰ ਦੀਆਂ ਬਹੂਆਂ ਕਰਦੀਆਂ ਸਨ। ਦਾਦੀ ਤਾਂ ਸਿਰਫ਼ ਬਾਹਰ ਦਾ ਫੇਰਾ ਤੋਰਾ ਜਾਂ ਪੈਸੇ ਟੁੱਕਰ ਦਾ ਹਿਸਾਬ ਕਿਤਾਬ ਕਰਦੀ ਸੀ। ਬਹੂਆਂ ’ਤੇ ਸੱਸਾਂ ਦਾ ਇੰਨਾ ਤਕੜਾ ਕੰਟਰੋਲ ਹੁੰਦਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਨਾ ਕੁਝ ਖਾ ਪੀ ਸਕਦੀਆਂ ਸਨ ਤੇ ਨਾ ਪਹਿਨ ਸਕਦੀਆਂ ਸੀ। ਉਦੋਂ ਆਮ ਘਰਾਂ ਵਿਚ ਅੱਜ ਵਾਂਗ ਰੇਡੀਓ ਜਾਂ ਟੀਵੀ ਸੈੱਟ ਨਹੀਂ ਹੁੰਦੇ ਸਨ।
ਪਿੰਡਾਂ ਵਿਚ ਤਾਂ ਮਨੋਰੰਜਨ ਦਾ ਸਾਧਨ ਸ਼ਹਿਰ ਵਿਚ ਹੋਣ ਵਾਲੀ ਰਾਮਲੀਲ੍ਹਾ ਹੀ ਹੁੰਦਾ ਸੀ। ਪਿੰਡਾਂ ਦੇ ਲੋਕ ਹੁੰਮ-ਹੁਮਾ ਕੇ ਰਾਤ ਨੂੰ ਗੱਡੇ ਭਰ ਭਰ ਕੇ ਰਾਮਲੀਲ੍ਹਾ ਦੇਖਣ ਜਾਂਦੇ ਤੇ ਤੜਕੇ ਹੋਏ ਵਾਪਿਸ ਆ ਜਾਂਦੇ। ਇੱਕ ਦਿਨ ਮੇਰੀ ਮਾਂ ਵੀ ਦਾਦੀ ਦੀ ਆਗਿਆ ਲੈ ਕੇ ਸਾਨੂੰ ਰਾਮਲੀਲ੍ਹਾ ਦਿਖਾਉਣ ਲੈ ਗਈ। ਉਸ ਦਿਨ ਰਾਮ, ਸੀਤਾ ਤੇ ਲਛਮਣ, ਮਾਂ ਕੈਕੇਈ ਦੀ ਇੱਛਾ ਅਨੁਸਾਰ 14 ਸਾਲਾਂ ਦੇ ਬਨਵਾਸ ਲਈ ਜਾ ਰਹੇ ਸਨ ਤੇ ਪਿਤਾ ਦਸ਼ਰਥ ਦੀ ਵਿਆਕੁਲਤਾ ਨੂੰ ਛੋਟੇ ਜਿਹੇ 10-12 ਸਾਲਾਂ ਦੇ ਲੜਕੇ ਨੇ ਇੰਨੇ ਵਧੀਆ ਤਰੀਕੇ ਨਾਲ ਗਾ ਕੇ ਪੇਸ਼ ਕੀਤਾ ਕਿ ਸਾਰੇ ਦਰਸ਼ਕ ਰੋ ਪਏ। ਲੜਕੇ ਦਾ ਨਾਂ ਅਵਤਾਰ ਸਿੰਘ ਸੀ। ਉਸ ਨੇ ਸਫੇ਼ਦ ਕੁੜਤਾ-ਪਜ਼ਾਮਾ ਪਾਇਆ ਹੋਇਆ ਸੀ; ਤੇ ਸਿਰ ’ਤੇ ਵਾਲਾਂ ਦਾ ਜੂੜਾ ਕਰਕੇ ਸਫੇ਼ਦ ਰੰਗ ਦਾ ਹੀ ਰੁਮਾਲ ਬੰਨ੍ਹਿਆ ਹੋਇਆ ਸੀ।
ਮੇਰੀ ਮਾਂ ਉਸ ਬੱਚੇ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉੱਠਦੇ ਬੈਠਦੇ ਹਰ ਵੇਲੇ ਉਸੇ ਨੂੰ ਯਾਦ ਕਰਦੀ ਰਹਿੰਦੀ। ਇੱਕ ਦਿਨ ਤਾਂ ਦਾਦੀ ਨੇ ਕਹਿ ਹੀ ਦਿੱਤਾ, “ਬਹੁੂ ਜੋ ਉਸ ਬੱਚੇ ਨੂੰ ਇੰਨਾ ਯਾਦ ਕਰਦੀ ਹੈਂ, ਕਿਉਂ ਨਹੀਂ ਰੱਬ ਨੂੰ ਅਰਦਾਸ ਕਰਦੀ ਕਿ ਉਹ ਤੈਨੂੰ ਅਜਿਹਾ ਹੀ ਕਾਕਾ ਦੇ ਦੇਵੇ; ਫਿਰ ਤੂੰ ਉਸ ਨੂੰ ਉਸੇ ਤਰ੍ਹਾਂ ਸਜਾ ਲਿਆ ਕਰੀਂ।” ਮਾਂ ਨੇ ਦਾਦੀ ਦੀ ਗੱਲ ਮੰਨ ਲਈ ਤੇ ਸਚਮੁੱਚ ਹੀ ਅਗਲੇ ਸਾਲ ਸਾਡੇ ਘਰ ਅਵਤਾਰ ਸਿੰਘ ਹੋਰੀਂ ਆ ਗਏ। ਮਾਂ ਨੇ ਉਸ ਦੇ ਵਧੇ ਹੋਏ ਵਾਲਾਂ ਦਾ ਜੂੜਾ ਕਰਕੇ ਉਸ ਉੱਤੇ ਸਫੇ਼ਦ ਰੰਗ ਦਾ ਪਟਕਾ ਬੰਨ੍ਹਣਾ ਸ਼ੁਰੂ ਕਰ ਦਿੱਤਾ।
ਅਸੀਂ ਸਾਰੇ ਬੱਚੇ ਸਕੂਲ ਜਾਣ ਲੱਗ ਪਏ। ਮਾਂ ਲਈ ਕੰਮਾਂ ਦਾ ਖਿਲਾਰਾ ਬਹੁਤ ਵਧ ਗਿਆ। ਚਾਰ ਚਾਰ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ, ਤਿੰਨ ਕੁੜੀਆਂ ਦੀਆਂ ਦੋ ਦੋ ਗੁੱਤਾਂ ਕਰਨੀਆਂ, ਕਾਕਾ ਅਵਤਾਰ ਸਿੰਘ ਦਾ ਜੂੜਾ ਕਰਕੇ ਪਟਕਾ ਬੰਨ੍ਹਣਾ, ਸਭ ਦਾ ਨਾਸ਼ਤਾ ਪੈਕ ਕਰਕੇ ਦੇਣਾ, ਦਾਦਾ ਦਾਦੀ ਦੀ ਸੇਵਾ ਕਰਨੀ। ਕਈ ਵਾਰੀ ਕੁਝ ਨਾ ਕੁਝ ਰਹਿ ਹੀ ਜਾਂਦਾ, ਖਾਸ ਕਰਕੇ ਕਾਕੇ ਹੋਰੀਂ ਜੋ ਵੈਸੇ ਹੀ ਵਾਲ ਵਹਾਉਣ ਤੋਂ ਕਤਰਾਉਂਦੇ, ਉਵੇਂ ਹੀ ਖਿਲਰੇ ਹੋਏ ਵਾਲਾਂ ਨਾਲ ਸਕੂਲ ਚਲੇ ਜਾਂਦੇ। ਫਿਰ ਸਕੂਲ ਦੀ ਭੈਣ ਜੀ ਮੇਰੀ ਦਾਦੀ ਨੂੰ ਬੁਲਾਉਂਦੀ ਤੇ ਉਹ ਕੁੜ ਕੁੜ ਕਰਦੀ ਵਾਪਿਸ ਆਉਂਦੀ, ਘਰ ਵੜਦੀ ਹੀ ਮਾਂ ਦੁਆਲੇ ਹੋ ਜਾਂਦੀ, “ਜੇ ਤੂੰ ਮੁੰਡੇ ਦੇ ਵਾਲ ਵੀ ਨਹੀਂ ਸੰਭਾਲ ਸਕਦੀ, ਫਿਰ ਰੱਖੇ ਕਾਸ ਤੋਂ? ਸਕੂਲ ਦੀ ਮਾਹਟਰਨੀ ਦੀਆਂ ਜੁੱਤੀਆਂ ਖਾਣ ਨੂੰ ਮੈਂ ਹੀ ਰਹਿ ਗਈ ਹਾਂ। ਬੜਾ ਚਾਉ ਸੀ ਰੁਮਾਲ ਬੰਨ੍ਹਣ ਦਾ ਤੈਨੂੰ। ਮੈਂ ਤਾਂ ਇਨ੍ਹਾਂ ’ਤੇ ਕੈਂਚੀ ਫੇਰ ਦੇਣੀ ਹੈ।”
… ਤੇ ਉਸ ਨੇ ਸਚਮੁੱਚ ਕਾਕੇ ਦੇ ਵਾਲ ਕੱਟ ਦਿੱਤੇ। ਮੇਰੀ ਮਾਂ ਕੁਝ ਨਾ ਕਹਿ ਸਕੀ। ਕਿਸ ਨੂੰ ਸ਼ਿਕਾਇਤ ਕਰਦੀ? ਉਹਦੇ ਤਾਂ ਮਾਂ-ਬਾਪ ਵੀ ਨਹੀਂ ਸਨ। ਕਈ ਦਿਨ ਰੋਂਦੀ ਰਹੀ, ਰੋਟੀ ਵੀ ਨਾ ਖਾਧੀ। ਫਿਰ ਉਹ ਬਹੁਤ ਉਦਾਸ ਰਹਿਣ ਲੱਗ ਪਈ ਤੇ ਇਕਦਮ ਗੁੰਮਸੁੰਮ ਹੋ ਗਈ। ਫਿਰ ਬਿਮਾਰ ਹੋ ਗਈ, ਕਈ ਦਿਨ ਬੁਖ਼ਾਰ ਚੜ੍ਹਦਾ ਰਿਹਾ। ਪਿੰਡਾਂ ਵਿਚ ਉਦੋਂ ਕੋਈ ਬਹੁਤਾ ਧਿਆਨ ਵੀ ਨਹੀਂ ਸੀ ਦਿੰਦਾ। ਬੁਖ਼ਾਰ ਨਾਲ ਉੁਸ ਨੂੰ ਖੰਘ ਵੀ ਆਉਣ ਲੱਗ ਪਈ। ਜਦ ਹਸਪਤਾਲ ਲੈ ਕੇ ਗਏ ਤਾਂ ਉਨ੍ਹਾਂ ਨੇ ਦੱਸਿਆ ਉਸ ਨੂੰ ਤਾਂ ਟੀਬੀ ਹੋ ਗਈ ਹੈ। ਉਦੋਂ ਅੱਜ ਵਾਂਗ ਟੀਬੀ ਦਾ ਕੋਈ ਇਲਾਜ ਨਹੀਂ ਸੀ ਹੁੰਦਾ; ਉਹ ਕੈਂਸਰ ਵਰਗੀ ਲਾਇਲਾਜ ਸਮਝੀ ਜਾਂਦੀ ਸੀ। ਮਾਂ ਨੂੰ ਪਤਾ ਲੱਗ ਗਿਆ ਸੀ ਕਿ ਉਸ ਨੇ ਹੁਣ ਨਹੀਂ ਬਚਣਾ। ਉਸ ਨੇ ਇੱਕ ਦਿਨ ਮੈਨੂੰ ਕਿਹਾ, “ਤੂੰ ਸਭ ਤੋਂ ਵੱਡੀ ਹੈਂ, ਮੇਰੀ ਗੱਲ ਸਮਝੇਂਗੀ। ਮੇਰੇ ਜਾਣ ਤੋਂ ਬਾਅਦ ਮੇਰਾ ਇੱਕ ਕੰਮ ਕਰੀਂ। ਜਦ ਤੇਰਾ ਵਿਆਹ ਹੋਵੇ ਤਾਂ ਆਪਣੇ ਕਾਕੇ ਦੇ ਸਿਰ ’ਤੇ ਜੂੜਾ ਕਰਕੇ ਸਫੇ਼ਦ ਪਟਕਾ ਬੰਨ੍ਹ ਦਿਆ ਕਰੀਂ। ਮੇਰੀ ਕਿਸਮਤ ਵਿਚ ਆਪਣੇ ਕਾਕੇ ਨੂੰ ਸਫੇ਼ਦ ਪਟਕੇ ਵਿਚ ਦੇਖਣਾ ਨਹੀਂ ਸੀ ਤੇ ਇਹ ਮੇਰੀ ਆਖਿ਼ਰੀ ਇੱਛਾ ਹੈ।”
…ਤੇ ਕੁਝ ਮਹੀਨਿਆਂ ਬਾਅਦ ਮਾਂ ਪੂਰੀ ਹੋ ਗਈ।
ਸਮਾਂ ਤੁਰਦਾ ਰਿਹਾ, ਅਸੀਂ ਸਾਰੇ ਭੈਣ ਭਰਾ ਵਿਆਹੇ ਗਏ ਤੇ ਮੇਰੀ ਝੋਲੀ ਵਿਚ ਮੇਰਾ ਪੁੱਤਰ ਆ ਗਿਆ। ਉਸ ਦੇ ਘੁੰਗਰਾਲੇ ਸੁਨਹਿਰੇ ਜਿਹੇ ਵਾਲ ਸਨ ਪਰ ਪਤੀ ਦੀ ਤਾਇਨਾਤੀ ਚੇਨਈ ਹੋਣ ਕਰਕੇ ਉੱਥੋਂ ਦੀ ਗਰਮੀ ਨੇ ਕਾਕੇ ਦੇ ਸਿਰ ’ਤੇ ਵਾਲ ਟਿਕਣ ਨਾ ਦਿੱਤੇ ਤੇ ਮੈਂ ਆਪਣੀ ਮਾਂ ਦੀ ਆਖਿ਼ਰੀ ਇੱਛਾ ਪੂਰੀ ਨਾ ਕਰ ਸਕੀ ਪਰ ਕਹਿੰਦੇ ਨੇ ਕੁਦਰਤ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ, ਫਿਰ ਚਾਹੇ ਉਹ ਆਖਿ਼ਰੀ ਹੋਵੇ ਜਾਂ ਪਹਿਲੀ
ਮੇਰੇ ਭਰਾ ਅਵਤਾਰ ਸਿੰਘ ਦੇ ਜਦ ਪੁੱਤਰ ਹੋਇਆ ਤਾਂ ਉਹ ਜਿਵੇਂ ਸਚਮੁੱਚ ਹੀ ਮੇਰੀ ਮਾਂ ਦੇ ਸੁਪਨਿਆਂ ਦਾ ਉਹੀ ਰਾਮਲੀਲ੍ਹਾ ਦੇ ਕਾਕੇ ਅਵਤਾਰ ਸਿੰਘ ਵਰਗਾ ਬੱਚਾ ਸੀ। ਮੇਰੀ ਭਾਬੀ ਨੇ ਉਸ ਦੇ ਸਿਰ ’ਤੇ ਛੋਟਾ ਜਿਹਾ ਜੂੜਾ ਕਰਕੇ ਉੱਤੇ ਸਫੇ਼ਦ ਪਟਕਾ ਬੰਨ੍ਹਣਾ ਸ਼ੁਰੂ ਕਰ ਦਿੱਤਾ। ਉਹ ਸਚਮੁੱਚ ਉਹੋ ਜਿਹਾ ਲਗਦਾ ਸੀ ਜਿਹੋ ਜਿਹਾ ਮੇਰੀ ਮਾਂ ਨੇ ਆਪਣੇ ਕਾਕੇ ਅਵਤਾਰ ਸਿੰਘ ਨੂੰ ਬਣਾਇਆ ਸੀ। ਹੁਣ ਜਦ ਵੀ ਮੈਂ ਉਸ ਨੂੰ ਮਿਲਦੀ ਹਾਂ ਤਾਂ ਮੈਨੂੰ ਆਪਣੀ ਮਾਂ ਉਸ ਕੋਲ ਖੜ੍ਹੀ ਮੁਸਕਰਾਉਂਦੀ ਹੋਈ ਨਜ਼ਰ ਆਉਂਦੀ ਹੈ।
ਸੰਪਰਕ: 99881-52523