ਨਰਾਇਣ ਦੱਤ
ਬਰਸੀ ਮੌਕੇ
ਸਮਾਜ ਵਿਚ ਮੁੱਖ ਤੌਰ ਤੇ ਦੋ ਕਿਸਮ ਦੇ ਲੋਕ ਹੁੰਦੇ ਹਨ। ਵੱਡੀ ਬਹੁਗਿਣਤੀ ਸਮਾਜਿਕ ਸਰੋਕਾਰਾਂ ਤੋਂ ਸੱਖਣੇ ਸਿਰਫ ਆਪਣੀ ਜ਼ਿੰਦਗੀ ਨੂੰ ਬਿਹਤਰ/ਖੁਸ਼ਹਾਲ ਬਣਾਉਣ ਲਈ ਤਾਉਮਰ ਲੱਗੇ ਰਹਿੰਦੇ ਹਨ। ਦੂਸਰੇ ਕਿਸਮ ਦੇ ਬਹੁਤ ਥੋੜ੍ਹੀ ਗਿਣਤੀ ਵਿਚ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਨਾਲ ਨਾਲ ਸਮਾਜ ਬਾਰੇ ਵੀ ਸੋਚਦੇ ਹਨ ਕਿ ਆਖਰ ਸਮਾਜ ਵਿਚ ਕਾਣੀ ਵੰਡ ਕਿਉਂ ਹੈ? ਅਜਿਹੇ ਢੰਗ ਨਾਲ ਸੋਚਣ ਵਾਲੇ ਲੋਕ ਭਲੇ ਹੀ ਗਿਣਤੀ ਵਿਚ ਥੋੜ੍ਹੇ ਹੁੰਦੇ ਹਨ ਪਰ ਉਹ ਆਪਣੀ ਵਿਗਿਆਨਕ ਵਿਚਾਰਧਾਰਾ ਰਾਹੀਂ ਅਗਵਾਈ ਵੱਡੀ ਬਹੁਗਿਣਤੀ ਦੀ ਕਰਦੇ ਹਨ। ਅਜਿਹੀ ਹੀ ਕਤਾਰ ਵਾਲੇ ਲੋਕਾਂ ਦੀ ਅਗਵਾਈ ਕਰਨ ਵਾਲਾ ਮਰਹੂਮ ਬਲਕਾਰ ਸਿੰਘ ਡਕੌਂਦਾ ਸੀ ਜਿਸ ਦਾ ਜਨਮ ਵਿਰਸਾ ਸਿੰਘ ਅਤੇ ਹਰਬੰਸ ਕੌਰ ਦੇ ਮੱਧਵਰਗੀ ਕਿਸਾਨ ਪਰਿਵਾਰ ਵਿਚ ਪਿੰਡ ਡਕੌਂਦਾ ਵਿਚ ਹੋਇਆ।
ਬਲਕਾਰ ਸਿੰਘ ਨੂੰ ਪੜ੍ਹਾਈ ਲਿਖਾਈ ਦੇ ਸਮੇਂ ਦੌਰਾਨ ਹੀ ਅਗਾਂਹਵਧੂ ਲੋਕ-ਪੱਖੀ ਸਾਹਿਤ ਦੀ ਚੇਟਕ ਲੱਗ ਗਈ ਸੀ। ਜਵਾਨੀ ਪਹਿਰੇ ਹੀ ਉਹ ਪਿੰਡ ਵਿਚ ਮੌਜੂਦ ਨੌਜਵਾਨਾਂ ਦੀ ਜੁਝਾਰੂ ਟੋਲੀ ਨਾਲ ਸਰਗਰਮ ਹੋ ਗਿਆ ਅਤੇ ਰੰਗਮੰਚ ਦੇ ਬਾਬਾ ਬੋਹੜ ਭਾਅਜੀ ਗੁਰਸ਼ਰਨ ਸਿੰਘ ਦੇ ਨਾਟਕ ਕਰਵਾ ਕੇ ਲੋਕ-ਪੱਖੀ ਸਮਾਜ ਸਿਰਜਣ ਦੇ ਸੁਪਨੇ ਵੰਡੇ। ਪੜ੍ਹਾਈ ਦਾ ਇੱਕ ਦੌਰ ਪੂਰਾ ਹੋਣ ਤੋਂ ਬਾਅਦ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਕੰਮ ਸ਼ੁਰੂ ਕੀਤਾ। 1980ਵਿਆਂ ਦੇ ਸ਼ੁਰੂਆਤੀ ਦੌਰ ਸਮੇਂ ਜਦ ਕਿਸਾਨੀ ਸੰਘਰਸ਼ ਉੱਸਲਵੱਟੇ ਲੈ ਰਿਹਾ ਸੀ ਤਾਂ ਚੇਤੰਨ ਵਰਤਾਰਿਆਂ ਨੂੰ ਗਹੁ ਨਾਲ ਤੱਕਣ ਵਾਲਾ ਬਲਕਾਰ ਸਿੰਘ ਵੀ ਰਣਤੱਤੇ ਵਿਚ ਆ ਗਿਆ। ਫਿਰ 1990ਵਿਆਂ ਰਾਓ-ਮਨਮੋਹਨ ਸਿੰਘ ਜੋੜੀ ਦੀਆਂ ਨਵੀਆਂ ਆਰਥਿਕ ਨੀਤੀਆਂ ਵਾਲੇ ਦੌਰ ਦੌਰਾਨ ਬਹੁਤਾ ਸਮਾਂ ਕਿਸਾਨ ਲਹਿਰ ਦੀ ਉਸਾਰੀ ਲਈ ਲਾਉਣਾ ਸ਼ੁਰੂ ਕਰਦਾ ਹੈ। ਇਹ ਉਹ ਦੌਰ ਸੀ ਜਦ ਖੇਤੀ ਸੰਕਟ ਗਹਿਰਾ ਹੋ ਰਿਹਾ ਸੀ, ਸੋਨ ਰੰਗੀਆਂ ਫਸਲਾਂ ਪੈਦਾ ਕਰਨ ਵਾਲਾ ਕਰਜ਼ੇ ਦਾ ਵਿੰਨ੍ਹਿਆ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋ ਰਿਹਾ ਸੀ। ਬੈਂਕਾਂ ਅਤੇ ਸੂਦਖੋਰ ਆੜ੍ਹਤੀਏ ਕਿਸਾਨਾਂ ਦੀਆਂ ਜ਼ਮੀਨਾਂ ਕੁਰਕੀਆਂ/ਨਿਲਾਮੀਆਂ ਰਾਹੀਂ ਕਬਜ਼ੇ ਹੇਠ ਕਰਨ ਲਈ ਹਰਲ ਹਰਲ ਕਰਦੇ ਫਿਰ ਰਹੇ ਸਨ। ਬਲਕਾਰ ਸਿੰਘ ਉਸ ਵਕਤ ਕਿਸਾਨ ਹਿੱਤਾਂ ਦਾ ਪਹਿਰੇਦਾਰ ਬਣ ਭਾਰਤੀ ਕਿਸਾਨ ਯੂਨੀਅਨ-ਏਕਤਾ ਵਿਚ ਕੰਮ ਕਰਨ ਲੱਗਦਾ ਹੈ ਅਤੇ ਆਪਣੀ ਸੂਝ-ਸਿਆਣਪ, ਸਮਰਪਿਤ ਭਾਵਨਾ ਅਤੇ ਦਲੇਰੀ ਕਾਰਨ ਕੁਝ ਹੀ ਸਮੇਂ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਵਜੋਂ ਵੱਡੀ ਜ਼ਿੰਮੇਵਾਰੀ ਸੰਭਾਲਣ ਦਾ ਮੌਕਾ ਮਿਲਦਾ ਹੈ।
ਬਲਕਾਰ ਸਿੰਘ ਕਿਸਾਨੀ ਸੰਕਟ ਪਿੱਛੇ ਕੰਮ ਕਰਦੇ ਬੁਨਿਆਦੀ ਕਾਰਕਾਂ ਨੂੰ ਸਮਝਦਾ ਸੀ। ਉਹ ਜਾਣਦਾ ਸੀ ਕਿ ਇਹ ਸੰਕਟ ਇਕੱਲਾ ਕਿਸਾਨਾਂ ਦਾ ਨਹੀਂ ਸਗੋਂ ਕਿਰਤ ਕਰਨ ਵਾਲੇ ਸਭ ਲੋਕਾਂ, ਖਾਸ ਕਰ ਪੇਂਡੂ ਖਿੱਤੇ ਦੀ ਸੱਭਿਅਤਾ ਦਾ ਸੰਕਟ ਹੈ। ਇਸੇ ਕਰ ਕੇ ਉਹ ਇਸ ਵਡੇਰੇ ਸੰਕਟ ਦੇ ਸਨਮੁੱਖ ਵਿਸ਼ਾਲ ਆਧਾਰ ਵਾਲੇ ਸਾਂਝੇ ਸੰਘਰਸ਼ਾਂ ਦੀ ਲੋੜ ਸਮਝਦਾ ਸੀ। ਉਸ ਦੀ ਪਛਾਣ ਕਿਸਾਨੀ ਸੰਘਰਸ਼ਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਗੂਆਂ ਵਿਚੋਂ ਤਾਂ ਸੀ ਹੀ, ਉਸ ਦੀ ਪਛਾਣ ਖੇਤੀ ਵਿਗਿਆਨੀਆਂ/ਆਰਥਿਕ ਮਾਹਿਰਾਂ, ਖਾਸ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜੇਐੱਨਯੂ, ਪੰਜਾਬ ਯੂਨੀਵਰਸਿਟੀ, ਐੱਮਆਰ-2004 ਵਿਚ ਜਥੇਬੰਦੀ ਵੱਲੋਂ ਰੱਖੇ ਵਿਚਾਰਾਂ ਕਰ ਕੇ ਵੀ ਸੀ।
ਇਉਂ ਬਹੁਪਰਤੀ ਸ਼ਖਸੀਅਤ ਦਾ ਮਾਲਕ ਬਲਕਾਰ ਸਿੰਘ ਡਕੌਂਦਾ ਕਿਸਾਨੀ ਦੀਆਂ ਆਰਥਿਕ ਮੰਗਾਂ ਦੇ ਨਾਲ ਨਾਲ ਰਾਜਕੀ ਜਬਰ ਦੇ ਵਰਤਾਰੇ ਬਾਰੇ ਵੀ ਸੁਚੇਤ ਸੀ। ਇਹੀ ਨਹੀਂ, ਉਹ ਸਮਾਜਿਕ ਜਬਰ ਦੇ ਵਰਤਾਰਿਆਂ ਖਾਸ ਕਰ ਔਰਤਾਂ ਉੱਤੇ ਘਿਨਾਉਣੇ ਜੁਰਮਾਂ ਦੇ ਸੰਘਰਸ਼ਾਂ ਦੀ ਅਹਿਮੀਅਤ ਨੂੰ ਸਮਝਣ ਵਾਲਾ ਸੁਚੇਤ ਆਗੂ ਸੀ। ਜਦ 2005 ਵਿਚ ਮਹਿਲਕਲਾਂ ਲੋਕ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬੀਕੇਯੂ-ਏਕਤਾ (ਡਕੌਂਦਾ) ਦੇ ਸੂਬਾਈ ਆਗੂ ਮਨਜੀਤ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰਨਾਲਾ ਸੈਸ਼ਨ ਕੋਰਟ ਨੇ ਨਿਹੱਕੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਤਾਂ ਇਹ ਸਜ਼ਾ ਰੱਦ ਕਰਾਉਣ ਵਾਲੇ ਸੰਘਰਸ਼ ਵਿਚ ਬਲਕਾਰ ਸਿੰਘ ਡਕੌਂਦਾ ਨੇ ਅਹਿਮ ਭੂਮਿਕਾ ਨਿਭਾਈ।
ਬਲਕਾਰ ਸਿੰਘ ਨੂੰ 2007 ਵਿਚ ਬੀਕੇਯੂ-ਏਕਤਾ ਦੇ ਇਜਲਾਸ ਵਿਚ ਸੂਬਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਉਣ ਦਾ ਮਾਣ ਪ੍ਰਾਪਤ ਹੋਇਆ। ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਉਣ ਦਾ ਸਮਾਂ ਭਾਵੇਂ ਥੋੜ੍ਹਾ (ਤਿੰਨ ਸਾਲ) ਦਾ ਸੀ ਪਰ ਇਸ ਸਮੇਂ ਦੌਰਾਨ ਹੀ ਜਥੇਬੰਦੀ ਨੇ ਉਹਦੀ ਸੁਚੱਜੀ ਅਗਵਾਈ ਹੇਠ ਅਨੇਕਾਂ ਮਿਸਾਲੀ ਘੋਲ ਲੜੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਲੋਕਾਂ ਦਾ ਇਹ ਹਰਮਨਪਿਆਰਾ ਆਗੂ 13 ਜੁਲਾਈ 2010 ਨੂੰ ਆਪਣੀ ਜੀਵਨ ਸਾਥਣ ਸਮੇਤ ਸਾਨੂੰ ਸਭ ਨੂੰ ਫਤਿਹਗੜ੍ਹ ਸਾਹਿਬ ਨੇੜੇ ਹੋਏ ਸੜਕ ਹਾਦਸੇ ਵਿਚ ਸਦਾ ਲਈ ਵਿਛੋੜਾ ਦੇ ਗਿਆ।
ਬਲਕਾਰ ਸਿੰਘ ਡਕੌਂਦਾ ਦੀ ਵਿਚਾਰਾਂ ਦੀ ਵਾਰਸ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਦਾ) ਦੀ ਅਗਵਾਈ ਵਿਚ ਮੋਦੀ ਹਕੂਮਤ ਦੀ ਆਰਥਿਕ ਸੁਧਾਰਾਂ ਰਾਹੀਂ ਖੇਤੀ ਨੂੰ ਤਬਾਹ ਕਰਨ ਲਈ ਅਤੇ ਫੈਡਰਲ ਢਾਂਚੇ ਗਲ ਅੰਗੂਠਾ ਦੇਣ ਲਈ ਲਿਆਂਦੇ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਸੂਬਾਈ ਕਨਵੈਨਸ਼ਨ ਕਰ ਕੇ ਜੁਝਾਰੂ ਕਿਸਾਨਾਂ ਦੇ ਕਾਫਲੇ 13 ਜੁਲਾਈ ਨੂੰ ਤਰਕਸ਼ੀਨ ਭਵਨ ਬਰਨਾਲਾ ਵਿਖੇ ਜੁੜ ਰਹੇ ਹਨ। ਸਾਥੀ ਡਕੌਂਦਾ ਦੇ ਇਸ ਦਸਵੇਂ ਸ਼ਰਧਾਂਜਲੀ ਸਮਾਗਮ ਸਮੇਂ ਉਸ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਜਾਵੇਗਾ।
ਸੰਪਰਕ: 84275-11770