ਸੰਗੀਤ ਦੀ ਮਹੱਤਤਾ
ਪ੍ਰੀਤਮਾ ਦੋਮੇਲ ਦੁਆਰਾ ਲਿਖਿਆ ਬਿਰਤਾਂਤ (ਬੀਤੇ ਹੁਏ ਲਮਹੋਂ ਕੀ ਕਸਕ…, 12 ਨਵੰਬਰ) ਪੜ੍ਹਿਆ ਜਿਸ ਵਿੱਚ ਲੇਖਕਾ ਨੇ ਸੰਗੀਤ ਦੀ ਮਹੱਤਤਾ ਦਾ ਵਰਨਣ ਕੀਤਾ ਹੈ। ਲੇਖਕਾ ਨੇ ਸਕੂਲਾਂ ਵਿੱਚ ਅਧਿਆਪਕਾਂ ਦੀ ਲਾਪ੍ਰਵਾਹੀ ਦਾ ਜ਼ਿਕਰ ਵੀ ਕੀਤਾ ਹੈ। ਉਹ ਆਪ ਵੀ ਆਪਣੇ ਪਿਤਾ ਜੀ ਦੇ ਅਸੂਲਾਂ ’ਤੇ ਤੁਰਦੀ ਹੈ। ਉਸ ਦੀ ਮਿਹਨਤ ਦੀ ਕਦਰ ਨਵਾਂ ਆਇਆ ਡੀਈਓ ਪਾਉਂਦਾ ਹੈ। ਅੰਤ ਵਿੱਚ ਜਦੋਂ ਉਸ ਨੇਕ ਦਿਲ ਇਨਸਾਨ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ ਤਾਂ ਡੀਈਓ ਦੀ ਯਾਦਦਾਸ਼ਤ ਖ਼ਤਮ ਹੋ ਚੁੱਕੀ ਹੁੰਦੀ ਹੈ। ਲੇਖਕਾ ਹਿੰਮਤ ਨਹੀਂ ਹਾਰਦੀ ਅਤੇ ਵਿਦਾਇਗੀ ਵੇਲੇ ਗਾਇਆ ਗੀਤ ਗਾਉਂਦੀ ਹੈ ਤੇ ਇਹ ਗੀਤ ਕਰਾਮਾਤ ਕਰ ਜਾਂਦਾ ਹੈ। ਵਾਕਿਆ ਹੀ ਇਹ ਦਿਲ ਨੂੰ ਟੁੰਬਣ ਵਾਲੀ ਘਟਨਾ ਸੀ।
ਪੋਲੀ ਬਰਾੜ, ਅਮਰੀਕਾ
(2)
12 ਨਵੰਬਰ ਦੇ ਅਖ਼ਬਾਰ ਵਿੱਚ ਪ੍ਰੀਤਮਾ ਦੋਮੇਲ ਦਾ ਲੇਖ ‘ਬੀਤੇ ਹੁਏ ਲਮਹੋਂ ਕੀ ਕਸਕ’ ਨੌਕਰੀ ਕਰਨ ਵਾਲਿਆਂ ਖ਼ਾਸ ਤੌਰ ’ਤੇ ਬੀਬੀਆਂ ਨੂੰ ਵਧੀਆ ਸੁਨੇਹਾ ਦਿੰਦਾ ਹੈ। ਨੌਕਰੀ ਦਾ ਸਮਾਂ ਹਰ ਇਨਸਾਨ ਵਾਸਤੇ ਸੁਨਹਿਰੀ ਮੌਕਾ ਹੁੰਦਾ ਹੈ ਜਦੋਂ ਉਹ ਆਪਣੇ ਕਾਰ ਵਿਹਾਰ ਨਾਲ ਤਨਖ਼ਾਹ ਤੋਂ ਇਲਾਵਾ ਬਹੁਮੁੱਲਾ ਮਾਣ ਸਤਿਕਾਰ ਵੀ ਹਾਸਿਲ ਕਰ ਸਕਦਾ ਹੈ। ਚੰਗੇ ਕੀਤੇ ਕੰਮ ਅਤੇ ਕੁਝ ਯਾਦਗਾਰੀ ਪਲ ਸੇਵਾਮੁਕਤੀ ਦਾ ਖ਼ਜ਼ਾਨਾ ਹੁੰਦੇ ਹਨ।
ਬਲਵਿੰਦਰ ਸਿੰਘ ਗਿੱਲ, ਪਟਿਆਲਾ
ਟਰੰਪ ਬਨਾਮ ਮੋਦੀ
11 ਨਵੰਬਰ ਵਾਲਾ ਮੁੱਖ ਲੇਖ ‘ਟਰੰਪ ਤੇ ਮੋਦੀ ਸਿਆਸਤ ਦੀਆਂ ਸਮਾਨਤਾਵਾਂ’ ਕਈ ਸੁਆਲ ਖੜ੍ਹੇ ਕਰਦਾ ਹੈ। ਅਮਰੀਕਾ ਵਰਗੇ ਕਾਰਪੋਰੇਟ ਸੱਭਿਆਚਾਰ ਵਾਲੇ ਦੇਸ਼ ਅਤੇ ਭਾਰਤ ਵਰਗੇ ਇਸ ਦੇ ਪਿਛਲੱਗ, ਆਰਥਿਕ ਪੱਖੋਂ ਭਾਵੇਂ ਅਨੇਕਾਂ ਵਖਰੇਵਿਆਂ ਵਾਲੇ ਹਨ ਪਰ ਸਿਆਸਤ ਪੱਖੋਂ ਦੋਵੇਂ ਲੋਕਾਂ ਨੂੰ ਛਲਣ ਵਿੱਚ ਮਾਹਿਰ ਹਨ। ਟਰੰਪ ਹੋਵੇ ਜਾਂ ਮੋਦੀ, ਦੋਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਛਲ ਕਰ ਕੇ ਸੰਭਵ ਆਈਕੋਨਜ਼ (ਚਿੰਨ੍ਹਾਂ) ਦਾ ਕਲਟ ਪੈਦਾ ਕਰਨ ਦਾ ਯਤਨ ਕੀਤਾ ਹੈ। ਦੋਹਾਂ ਦੀ ਸੋਚ ਮਨ ਕੀ ਬਾਤ ਤੋਂ ਜਨ ਦੀ ਗੱਲ ਤਕ ਘੁੰਮਾ ਘੁੰਮਾ ਕੇ ਰਾਜਨੀਤੀ ਦਾ ਆਸਨ ਚੌੜਾ ਕਰਦੀ ਹੈ। ਇਸ ਦ੍ਰਿਸ਼ ਸਾਹਮਣੇ ਰਾਜਨੀਤਕ ਵਿਸ਼ਲੇਸ਼ਕ ਠੱਗੇ ਹੋਏ ਮਹਿਸੂਸ ਕਰਦੇ ਹਨ। ਇਹ ਹਾਲਤਾਂ ਉੱਪਰਲੇ ਕਾਰਪੋਰੇਟੀ ਵਰਗ ਲਈ ਬੜੀਆਂ ਸੁਖਾਵੀਆਂ ਹਨ ਪਰ ਅਵਾਮ ਲਈ ਉਨ੍ਹਾਂ ਸੁਫਨਿਆਂ ਦੇ ਰਾਹ ਦਾ ਰੋੜਾ ਹਨ ਜਿਹੜੇ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਦਿਖਾਏ ਗਏ ਸਨ। ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਕਤਾਰਬੰਦੀ ਹੋਣ ਨਾਲ ਵੱਖਰੀ ਤਰ੍ਹਾਂ ਦੀਆਂ ਪੇਸ਼ਬੰਦੀਆਂ ਸਾਹਮਣੇ ਆ ਸਕਦੀਆਂ ਹਨ। ਇਸ ਨਾਲ ਭਵਿੱਖ ਵਿੱਚ ਕਈ ਖ਼ਤਰੇ ਪੈਦਾ ਹੋ ਸਕਦੇ ਹਨ। ਇਸ ਲਈ ਲੋਕਾਂ ਨੂੰ ਸੰਸਾਰ ਅਤੇ ਸਥਾਨਕ ਪੱਧਰ ’ਤੇ ਸਿਰਜ ਰਹੇ ਬਿਰਤਾਂਤਾਂ ਬਾਰੇ ਸੁਚੇਤ ਹੋਣਾ ਪਵੇਗਾ ਤਾਂ ਕਿ ਸਾਡੀ ਭਵਿੱਖੀ ਪੀੜ੍ਹੀ ਰਾਜਨੀਤੀ ਦੀਆਂ ਜੁਗਾੜਬੰਦੀਆਂ ਤੋਂ ਰਹਿਤ ਚੰਗੇ ਭਵਿੱਖ ਵਿੱਚ ਸਾਹ ਲੈ ਸਕੇ।
ਪਰਮਜੀਤ ਢੀਂਗਰਾ, ਈਮੇਲ
ਗੱਲਬਾਤ ਦੀਆਂ ਤੰਦਾਂ
9 ਨਵੰਬਰ ਦੇ ਸਤਰੰਗ ਵਾਲੇ ਈ-ਅੰਕ ਵਿੱਚ ਹਰਪ੍ਰੀਤ ਕੌਰ ਸੰਧੂ ਦਾ ਲੇਖ ‘ਟੁੱਟਣ ਨਾ ਦਿਓ ਗੱਲਬਾਤ ਦੀ ਤੰਦ’ ਸਮਾਜ ਵਿੱਚ ਪਸਰ ਰਹੀ ਅਜੀਬ ਚੁੱਪ ਤੋੜਨ ਦਾ ਸੰਦੇਸ਼ ਦਿੰਦਾ ਹੈ। ਬੈਠ ਕੇ ਗੱਲਬਾਤ ਕਰਨ ਦੇ ਵਤੀਰੇ ਨੂੰ ਆਧੁਨਿਕ ਸੋਚ ਦੇ ਧਾਰਨੀ ਲੋਕ ਵਿਹਲੜਪੁਣਾ ਤੇ ਸਮਾਂ ਬਰਬਾਦੀ ਕਹਿੰਦੇ ਹਨ ਜਿਸ ਕਾਰਨ ਸੰਖੇਪ ਵਿੱਚ ਗੱਲ ਕਰਨਾ ਸਿਆਣਪ ਸਮਝੀ ਜਾਂਦੀ ਹੈ ਪਰ ਮਨੁੱਖ ਦੀ ਬਾਹਰੀ ਚੁੱਪ ਅੰਦਰੂਨੀ ਖਲਾਅ ਬਣ ਰਹੀ ਹੈ। ਮਨੁੱਖੀ ਦਿਮਾਗ ਲਗਾਤਾਰ ਵਿਚਾਰਾਂ ਦਾ ਉਤਪਾਦਨ ਕਰਦਾ ਹੈ। ਵਿਚਾਰਾਂ ਦੇ ਇਸ ਪ੍ਰਵਾਹ ਦੀ ਸੰਤੁਸ਼ਟੀ ਬਹੁਤ ਜ਼ਰੂਰੀ ਹੈ। ਸੱਥਾਂ ਦੀਆਂ ਗੱਲਾਂ, ਖੁੰਢ ਚਰਚਾ, ਰਾਤ ਦੀਆਂ ਬਾਤਾਂ, ਮਿਲਣਾ-ਮਿਲਾਉਣਾ, ਹੱਸਣਾ-ਹਸਾਉਣਾ ਸ਼ਾਇਦ ਇਸ ਵਿਚਾਰ ਪ੍ਰਵਾਹ ਨੂੰ ਸਹਿਜ ਸੁਭਾਅ ਹੀ ਚਲਾਉਂਦੇ ਰਹਿੰਦੇ ਸਨ ਪਰ ਅੱਜ ਇਨ੍ਹਾਂ ਦੀ ਅਣਹੋਂਦ ਵਿੱਚ ਮਨੁੱਖੀ ਵਿਚਾਰਾਂ ਦਾ ਪ੍ਰਵਾਹ ਅੰਦਰੋ-ਅੰਦਰ ਹੀ ਗੋਤੇ ਖਾਂਦਾ ਤੇ ਉਲਝਦਾ ਰਹਿੰਦਾ ਹੈ। ਇਸ ਵਿੱਚੋਂ ਹੀ ਤਣਾਅ ਦੀ ਜੜ੍ਹ ਲੱਗਦੀ ਹੈ ਤੇ ਡਿਪਰੈਸ਼ਨ ਦਾ ਬੂਟਾ ਉੱਗਦਾ ਹੈ। ਗੱਲਬਾਤ ਮਨੁੱਖ ਨੂੰ ਸਰੀਰਕ ਤੇ ਦਿਮਾਗੀ ਤੌਰ ’ਤੇ ਹੌਲਾ ਫੁੱਲ ਕਰ ਦਿੰਦੀ ਹੈ। ਮਨ ਦਾ ਬੋਝ ਲਹਿ ਜਾਂਦਾ ਹੈ। ਵਿਚਾਰ ਸੁਣਨ ਤੇ ਸੁਣਾਉਣ ਵਾਲਾ ਆਪਣਾ-ਆਪਣਾ ਲੱਗਣ ਲੱਗ ਜਾਂਦਾ ਹੈ। ਇੱਥੋਂ ਹੀ ਸਮਾਜਿਕ ਸਬੰਧਾਂ ਦੀ ਮਜ਼ਬੂਤ ਤਾਣੀ ਸ਼ੁਰੂ ਹੁੰਦੀ ਹੈ।
ਕੁਲਵਿੰਦਰ ਸਿੰਘ ਦੂਹੇਵਾਲਾ, ਸ੍ਰੀ ਮੁਕਤਸਰ ਸਾਹਿਬ
ਬੱਚੇ ਅਤੇ ਸੋਸ਼ਲ ਮੀਡੀਆ
8 ਨਵੰਬਰ ਦੇ ਸੰਪਾਦਕੀ ‘ਬੱਚਿਆਂ ਖ਼ਾਤਿਰ’ ਵਿੱਚ ਆਸਟਰੇਲੀਆ ਦੁਆਰਾ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਨਾ ਕਰਨ ਦੇਣ ਵਾਲੀ ਤਜਵੀਜ਼ ਬਹੁਤ ਸ਼ਲਾਘਾਯੋਗ ਲੱਗੀ। ਦੇਖਿਆ ਜਾਵੇ ਤਾਂ ਅੱਜ ਦੇ ਬੱਚੇ ਜੋ ਆਪਣੀ ਉਮਰ ਤੋਂ ਪਹਿਲਾਂ ਹੀ ਸਾਰੀ ਜਾਣਕਾਰੀ ਲੈ ਰਹੇ ਹਨ, ਕਈ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਵਿਅਰਥ ਸਮਾਂ ਬਿਤਾ ਰਹੇ ਹਨ। ਚੰਗੇ ਬੁਰੇ ਦੀ ਬੱਚਿਆਂ ਨੂੰ ਪਛਾਣ ਨਹੀਂ ਰਹੀ। ਪਸੰਦ ਨਾ ਪਸੰਦ ਬਦਲ ਗਈ ਹੈ। ਫਿਰ ਉਹ ਗ਼ਲਤ ਰਾਹ ਤੁਰ ਕੇ ਨਸ਼ੇ ਤੇ ਕਈ ਹੋਰ ਅਪਰਾਧ ਕਰਦੇ ਹਨ, ਗ਼ਲਤ ਲੋਕਾਂ ਨਾਲ ਦੋਸਤੀ ਕਰ ਕੇ ਲੀਹੋਂ ਲਹਿ ਜਾਂਦੇ ਹਨ। ਭਾਰਤ ਵਿੱਚ ਵੀ ਬੱਚਿਆ ਦਾ ਰੁਝਾਨ ਸੋਸ਼ਲ ਮੀਡੀਆ ਵੱਲ ਜ਼ਿਆਦਾ ਹੋਣ ਕਰ ਕੇ ਆਉਣ ਵਾਲਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਅਗਲੀ ਪੀੜ੍ਹੀ ਨੂੰ ਸਹੀ ਰਾਹ ਦਿਖਾਉਣ ਲਈ ਸਾਡੀ ਸਰਕਾਰ ਅਤੇ ਮਾਹਿਰਾਂ ਨੂੰ ਵੀ ਇਸ ਵਿਸ਼ੇ ’ਤੇ ਅਮਲ ਕਰਨਾ ਚਾਹੀਦਾ ਹੈ।
ਹੋਮਪ੍ਰੀਤ ਕੌਰ, ਕਾਉਣੀ (ਸ੍ਰੀ ਮੁਕਤਸਰ ਸਾਹਿਬ)
ਜਵਾਨ ਬਾਪੂ
7 ਨਵੰਬਰ ਨੂੰ ਬੂਟਾ ਸਿੰਘ ਵਾਕਫ਼ ਦੀ ਰਚਨਾ ‘ਜਵਾਨ ਬਾਪੂ’ ਵਧੀਆ ਸੀ। ਇਸ ਨੂੰ ਪੜ੍ਹ ਕੇ ਮੈਨੂੰ ਇੱਕ ਪੰਜਾਬੀ ਵਲੋਗਰ ਦਾ ਲਹਿੰਦੇ ਪੰਜਾਬ ਦੇ ਪਿੰਡਾਂ ਬਾਰੇ ਬਣਾਇਆ ਵਲੋਗ ਯਾਦ ਆ ਗਿਆ। ਜੇਕਰ ਕਿਸੇ ਨੇ 50 ਸਾਲ ਪੁਰਾਣਾ ਪੰਜਾਬ ਦੇਖਣਾ ਹੋਵੇ ਤਾਂ ਲਹਿੰਦਾ ਪੰਜਾਬ ਦੇਖਿਆ ਜਾ ਸਕਦਾ ਹੈ। ਬਾਪੂ ਜੀ ਦੀਆਂ ਗੱਲਾਂ ਨੇ ਮੈਨੂੰ ਮੇਰੀ ਦਾਦੀ ਜੀ ਦੀਆਂ ਗੱਲਾਂ ਯਾਦ ਕਰਵਾ ਦਿੱਤੀਆਂ। ਪਹਿਲਾਂ ਲੋਕ ਹੱਡ ਤੋੜ ਕੇ ਮਿਹਨਤ ਕਰਦੇ ਸਨ।
ਨਵਪ੍ਰੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਸੁਚੱਜਾ ਸਮਾਜ
4 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਸੁੱਚਾ ਸਿੰਘ ਖੱਟੜਾ ਦਾ ਲੇਖ ‘ਬਟੇਂਗੇ ਤੋ ਕਟੇਂਗੇ: ਇਤਿਹਾਸਕ ਝਰੋਖੇ ’ਚੋ’ ਵਿਲੱਖਣ ਰਚਨਾ ਹੈ ਜਿਹੜੀ ਸੁਚੱਜੇ ਸਮਾਜ ਦੀ ਉਸਾਰੀ ਲਈ ਮਾਰਗ ਦਰਸ਼ਨ ਦਾ ਕਾਰਜ ਕਰਦੀ ਨਜ਼ਰ ਆਉਂਦੀ ਹੈ।
ਸੁਖਜਿੰਦਰ ਸਿੰਘ, ਰੂਪਨਗਰ
ਬਜ਼ੁਰਗਾਂ ਲਈ ਮੈਡੀਕਲ ਸਹੂਲਤ
31 ਅਕਤੂਬਰ ਨੂੰ ਸੰਪਾਦਕੀ ‘ਬਜ਼ੁਰਗਾਂ ਲਈ ਮੈਡੀਕਲ ਸਹੂਲਤ’ ਪੜ੍ਹਿਆ। 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਾਸਤੇ ਆਯੁਸ਼ਮਾਨ ਯੋਜਨਾ ਤਹਿਤ ਮੁਫ਼ਤ 5 ਲੱਖ ਰੁਪਏ ਤਕ ਇਲਾਜ ਕੀਤਾ ਜਾਣਾ ਹੈ। ਚੰਗਾ ਹੁੰਦਾ, ਦੇਸ਼ ਦੇ ਨਾਗਰਿਕਾਂ ਦਾ ਬਿਨਾਂ ਭੇਦ-ਭਾਵ ਮੁਫ਼ਤ ਇਲਾਜ ਹੋਵੇ। ਰੋਗ ਤਾਂ ਹਰ ਉਮਰ ਵਿੱਚ ਲੋਕਾਂ ਨੂੰ ਲੱਗਦੇ ਹਨ ਅਤੇ ਗ਼ਰੀਬ ਲੋਕ ਤਾਂ ਬਿਨਾ ਇਲਾਜ ਹੀ ਮਰ ਜਾਂਦੇ ਹਨ। 25 ਅਕਤੂਬਰ ਨੂੰ ਪਹਿਲੇ ਸਫ਼ੇ ’ਤੇ ਖ਼ਬਰ ਪੜ੍ਹੀ: ‘ਪੰਜਾਬ ਨੂੰ ਹਲੂਣਾ : ਕੇਂਦਰੀ ਖ਼ੁਰਾਕ ਮੰਤਰਾਲੇ ਵੱਲੋਂ ਚੌਲਾਂ ਦੇ ਨਮੂਨੇ ਫੇਲ੍ਹ’। ਇਸ ਵਿੱਚ ਪੰਜਾਬ ਸਰਕਾਰ ਜਾਂ ਕਿਸਾਨਾਂ ਦਾ ਕੀ ਕਸੂਰ ਹੈ? ਲੱਗਦਾ ਹੈ, ਕਿਸਾਨਾਂ ਤੋਂ ਦਿੱਲੀ ਅੰਦੋਲਨ ਦਾ ਬਦਲਾ ਲਿਆ ਜਾ ਰਿਹਾ ਹੈ।
ਅਮਰਜੀਤ ਕੌਰ, ਮਹਿਮਾ ਸਰਜਾ (ਬਠਿੰਡਾ)
ਸਵਾਲ-ਦਰ-ਸਵਾਲ
8 ਨਵੰਬਰ ਦੇ ਮੁੱਖ ਸਫ਼ੇ ’ਤੇ ‘ਧਾਰਾ 370 ਬਾਰੇ ਮਤੇ ’ਤੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ’ ਨਾਮੀ ਖ਼ਬਰ ਪੜ੍ਹ ਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ। ਨੈਸ਼ਨਲ ਕਾਨਫਰੰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੋਟਰਾਂ ਨਾਲ ਕੀਤੇ ਵਾਅਦੇ ਅਨੁਸਾਰ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕਰ ਕੇ ਕੋਈ ਗ਼ਲਤ ਨਹੀਂ ਕੀਤਾ। ਜੇਕਰ ਭਾਜਪਾ ਜੰਮੂ ਕਸ਼ਮੀਰ ਵਿੱਚ ਆਪਣੀ ਸਰਕਾਰ ਬਣਾ ਲੈਂਦੀ ਤਾਂ ਉਸ ਨੇ ਵੀ ਸਭ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਸੰਸਦ ਵੱਲੋਂ ਧਾਰਾ 370 ਨੂੰ ਰੱਦ ਕਰਨ ਦੇ ਹੱਕ ਵਿੱਚ ਹੀ ਮਤਾ ਪਾਸ ਕਰਨਾ ਸੀ। ਜੰਮੂ ਕਸ਼ਮੀਰ ਵਿਧਾਨ ਸਭਾ ਦੀ ਸਹਿਮਤੀ ਤੋਂ ਬਗ਼ੈਰ ਕਸ਼ਮੀਰ ਦੇ ਲੋਕਾਂ ਦੀ ਹੋਣੀ ਦਾ ਫ਼ੈਸਲਾ ਕਰਨ ਦਾ ਕਿਸੇ ਵੀ ਕੇਂਦਰ ਸਰਕਾਰ ਨੂੰ ਕੋਈ ਅਧਿਕਾਰ ਨਹੀਂ। ਬੜੀ ਹੈਰਾਨੀ ਹੋਈ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਇਸ ਸਬੰਧੀ ਨੈਸ਼ਨਲ ਕਾਨਫਰੰਸ ਦੀ ਸਰਕਾਰ ਵੱਲੋਂ ਪਾਸ ਕੀਤੇ ਮਤੇ ਉਪਰੰਤ ਤਿਲਮਿਲਾ ਉੱਠੇ ਅਤੇ ਧਮਕੀਆਂ ਭਰੀ ਬਿਆਨਬਾਜ਼ੀ ਨਾਲ ਇੰਡੀਆ ਗੱਠਜੋੜ ਨੂੰ ਕੋਸਣ ਲੱਗ ਪਏ। ਧਾਰਾ 370 ਰੱਦ ਕਰਨ ਤੋਂ ਬਾਅਦ ਕਸ਼ਮੀਰੀ ਲੋਕਾਂ ਦੇ ਮਨਾਂ ਵਿੱਚ ਭਾਰਤੀ ਹਕੂਮਤ ਪ੍ਰਤੀ ਬੇਗਾਨਗੀ ਅਤੇ ਨਫ਼ਰਤ ਪਹਿਲਾਂ ਨਾਲੋਂ ਵਧੀ ਹੈ ਅਤੇ ਪਿਛਲੇ ਪੰਜ ਸਾਲਾਂ ਤੋਂ ਹਿੰਸਕ ਘਟਨਾਵਾਂ ਵਿੱਚ ਵੀ ਕੋਈ ਕਮੀ ਨਹੀਂ ਆਈ। ਜੇਕਰ ਹਾਲਾਤ ਵਾਕਈ ਠੀਕ ਹਨ ਤਾਂ ਫਿਰ ਕੇਂਦਰ ਸਰਕਾਰ ਕਸ਼ਮੀਰ ’ਚੋਂ ਫ਼ੌਜ ਦੀ ਗਿਣਤੀ ਕਿਉਂ ਨਹੀਂ ਘਟਾਉਂਦੀ? ਇਨਸਾਫ਼ ਪਸੰਦ ਮੀਡੀਆ ਨੂੰ ਉੱਥੋਂ ਦੇ ਅਸਲ ਹਾਲਾਤ ਬਾਰੇ ਜਾਣਕਾਰੀ ਦੇਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ?
ਸੁਮੀਤ ਸਿੰਘ, ਅੰਮ੍ਰਿਤਸਰ