ਦਿੱਲੀ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਜਾਣ ਦਾ ਸਬੱਬ ਬਣਿਆ। ਪੰਜਾਬ ਦੀ ਲੋਕਾਈ ਨੇ ਆਪਣੇ ਹੱਕਾਂ ਨੂੰ ਬਚਾਉਣ ਖ਼ਾਤਿਰ ਲੰਮੇ ਸਮੇਂ ਤੋਂ ਜਿਹੜੀ ਲੜਾਈ ਵਿੱਢੀ ਹੋਈ ਹੈ। ਉਥੋਂ ਦਾ ਮਾਹੌਲ ਦੇਖ ਕੇ ਮਨ ਗਦ ਗਦ ਹੋ ਉੱਠਿਆ ਅਤੇ ਮਾਣ ਮਹਿਸੂਸ ਹੋਇਆ। ਅਸਲ ਵਿਚ ਜਦੋਂ ਹੀ ਦਿੱਲੀ ਚੱਲਣ ਬਾਰੇ ਪਤਾ ਲੱਗਿਆ ਤਾਂ ਉਸ ਥਾਂ ਦੀਆਂ ਤਸਵੀਰਾਂ ਆਪ ਮੁਹਾਰੇ ਅੱਖਾਂ ਅੱਗੇ ਘੁੰਮਣ ਲੱਗੀਆਂ ਜਿਵੇਂ ਅਕਸਰ ਹੀ ਕਿਸੇ ਨਵੀਂ ਥਾਂ ਜਾਣ ਤੋਂ ਪਹਿਲਾਂ ਤੁਹਾਡੀ ਕਲਪਨਾ ਅੰਦਰ ਉਸ ਥਾਂ ਦੇ ਅਕਸ ਉਭਰਨ ਲੱਗਦੇ ਹਨ।
ਮੈਂ ਪਹਿਲੀ ਵਾਰ ਦਿੱਲੀ ਜਾ ਰਹੀ ਸੀ ਪਰ ਮੈਨੂੰ ਉਹ ਰਾਹ ਬਿਲਕੁਲ ਵੀ ਅਨਜਾਣ ਨਹੀਂ ਜਾਪੇ। ਲੱਗਿਆ, ਜਿਵੇਂ ਬਾਰਡਰ ਉੱਤੇ ਜੁਝ ਰਹੇ ਕਾਫ਼ਲੇ ਬਹੁਤ ਬੇਸਬਰੀ ਨਾਲ ਸਾਨੂੰ ਹੀ ਉਡੀਕ ਰਹੇ ਹੋਣ ਅਤੇ ਸਾਡੇ ਬਜ਼ੁਰਗਾਂ ਦੀਆਂ ਪੈੜਾਂ ਸਾਨੂੰ ਉਂਗਲੀ ਫੜ ਕੇ ਤੋਰ ਰਹੀਆਂ ਹੋਣ। ਇਹ ਵੀ ਲੱਗਿਆ, ਜਿਵੇਂ ਦਿੱਲੀ ਬਾਰਡਰ ਉੱਤੇ ਨਵੀਂ ਤਰ੍ਹਾਂ ਦੀ ਦੁਨੀਆ ਵਸ ਰਹੀ ਹੋਵੇ ਜਿਸ ਅੰਦਰ ਦਾਖ਼ਲ ਹੁੰਦਿਆਂ ਹੀ ਉੱਥੋਂ ਦੀ ਰੰਗਤ ਤੁਹਾਡੇ ਅੰਦਰ ਨਵੀਂ ਤਰ੍ਹਾਂ ਦੇ ਅਹਿਸਾਸ ਭਰਦੀ ਹੈ, ਖੇੜਾ ਜਗਾਉਂਦੀ ਹੈ। ਸਾਂਝੀਵਾਲਤਾ ਦਾ ਬੂਟਾ ਜੋ ਸਾਡੇ ਲੋਕਾਂ ਨੇ ਉੱਥੇ ਲਗਾਇਆ ਹੈ, ਉੱਥੋਂ ਦੀਆਂ ਹਵਾਵਾਂ ਨੂੰ ਖੂਸ਼ਬੋਆਂ ਨਾਲ ਭਰ ਦਿੰਦਾ ਹੈ। ਉੱਥੋਂ ਦੀ ਫਿਜ਼ਾ ਅੰਦਰ ਆਪਣੇ ਹੱਕਾਂ ਲਈ ਗੂੰਜਦੇ ਨੌਜਵਾਨਾਂ ਦੇ ਨਾਅਰੇ ਉਹ ਸਾਰੀਆਂ ਮਿੱਥਾਂ ਤੋੜ ਸੁੱਟਦੇ ਹਨ ਜੋ ਪੰਜਾਬ ਦੀ ਨੌਜਵਾਨੀ ਬਾਰੇ ਘੜੀਆਂ ਗਈਆਂ ਸਨ। ਧਰਮ, ਜਾਤ, ਲਿੰਗ ਅਤੇ ਹੋਰ ਸਭ ਤਰ੍ਹਾਂ ਦੇ ਵਖਰੇਂਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਮਨੁੱਖੀ ਹਿੱਤਾਂ ਲਈ ਜੂਝਦੀ ਲੋਕਾਈ ਸੁਹਣੇ ਸਮਾਜ ਦੀ ਦਿੱਖ ਉਭਾਰਦੀ ਰਹੀ ਹੈ। ਲੋਕਾਂ ਦੀ ਭਾਵਨਾ ਅਤੇ ਹੱਕ ਸੱਚ ਲਈ ਲੜਨ ਦਾ ਜਨੂਨ ਦੇਖ ਕੇ ਲੱਗਿਆ ਕਿ ਇਨਸਾਨੀਅਤ ਦੀ ਇਸ ਤੋਂ ਖੂਬਸੂਰਤ ਤਸਵੀਰ ਹੋਰ ਕੋਈ ਨਹੀਂ ਹੋ ਸਕਦੀ!
ਇਹ ਲਹਿਰ ਲਾਜ਼ਮੀ ਤੌਰ ਤੇ ਸਾਡੇ ਮਨਾਂ ਅੰਦਰ ਡੂੰਘੀ ਛਾਪ ਛੱਡ ਕੇ ਜਾਵੇਗੀ, ਅੰਤ ਜੋ ਵੀ ਹੋਵੇ ਪਰ ਇਸ ਅੰਦੋਲਨ ਨੇ ਸਾਡੇ ਅੰਦਰ ਇੱਕ ਚਿਣਗ ਜ਼ਰੂਰ ਮਘਾ ਦਿੱਤੀ ਹੈ। ਜਦੋਂ ਜਦੋਂ ਜ਼ੁਲਮ ਦੀ ਹਵਾ ਵਗੇਗੀ, ਉਦੋਂ ਉਦੋਂ ਇਹ ਚਿਣਗ ਦਾ ਨਿੱਘ ਅਤੇ ਸੇਕ ਸਾਨੂੰ ਉੱਠਣ ਲਈ ਪ੍ਰੇਰੇਗਾ।
ਸੰਪਰਕ: 99143-43882