ਅਜਾਇਬ ਸਿੰਘ ਟਿਵਾਣਾ
ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਵਿਚ ਰਹਿ ਰਹੇ ਕ੍ਰਾਂਤੀਕਾਰੀ ਲੇਖਕ ਤੇ ਕਾਰਕੁਨ ਬਾਰੂ ਸਤਵਰਗ ਆਪਣੀ ਜਿ਼ੰਦਗੀ ਦੇ ਅੱਠਵੇਂ ਦਹਾਕੇ ਦੇ ਮੱਧ ਨੂੰ ਪਾਰ ਕਰ ਚੁੱਕੇ ਹਨ। ਆਰਥਿਕ, ਸਮਾਜਿਕ ਨਾ-ਬਰਾਬਰੀ ਦੇ ਮਧੋਲੇ ਡੂੰਗਰਾਂ ਅਤੇ ਪਿਆਰੋਆਂ ਦੀ ਆਵਾਜ਼ ਬਣਨ ਵਾਲੇ ਬਾਰੂ ਸਤਵਰਗ ਦਾ ਜਨਮ ਕਿਰਤੀ ਪਰਿਵਾਰ ਵਿਚ 13 ਅਕਤੂਬਰ 1945 ਨੂੰ ਹੋਇਆ ਸੀ। ਪਿਤਾ ਭਗਤ ਸਿੰਘ ਅਤੇ ਮਾਤਾ ਅਮਰ ਕੌਰ ਭੇਡਾਂ ਪਾਲਣ ਦਾ ਕਿੱਤਾ ਕਰਦੇ ਸਨ। ਜਿ਼ੰਦਗੀ ਦੀਆਂ ਤੰਗੀਆਂ ਤਰੁਸ਼ੀਆਂ ਨਾਲ ਦੋ ਦੋ ਹੱਥ ਕਰਦਿਆਂ ਬਾਰੂ ਪਿੰਡ ਦੇ ਸਕੂਲ ਤੋਂ 10ਵੀਂ ਕਰਨ ਪਿੱਛੋਂ ਜੇਬੀਟੀ ਦਾ ਕੋਰਸ ਕਰਕੇ 1964 ਵਿਚ ਪ੍ਰਾਇਮਰੀ ਅਧਿਆਪਕ ਬਣ ਗਿਆ। ਲਗਭਗ 4 ਦਹਾਕੇ ਅਧਿਆਪਨ ਦੇ ਕਾਰਜ ਤੋਂ ਬਾਅਦ 31 ਅਕਤੂਬਰ 2003 ਨੂੰ ਸੇਵਾ ਮੁਕਤ ਹੋਇਆ ਪਰ ਇਸ ਸਮੇਂ ਦੌਰਾਨ ਅਤੇ ਇਸ ਤੋਂ ਬਾਅਦ ਵੀ ਉਸ ਦੇ ਜੀਵਨ ਵਿਚ ਅਨੇਕਾਂ ਉਤਰਾਅ-ਚੜ੍ਹਾਅ ਆਏ। ਉਹ ਲਗਭਗ 5 ਦਹਾਕਿਆਂ ਤੋਂ ਵੱਖ ਵੱਖ ਰੂਪਾਂ ਵਿਚ ਵੱਖ ਵੱਖ ਥੜ੍ਹਿਆਂ ਤੋਂ ਸਥਾਪਤੀ ਖਿਲਾਫ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਆਇਆ ਹੈ। ਉਸ ਦਾ ਨਾਂ ਪੰਜਾਬ ਦੇ ਗਿਣਤੀ ਦੇ ਉਨ੍ਹਾਂ ਲੇਖਕਾਂ ’ਚ ਆਉਂਦਾ ਹੈ ਜਿਨ੍ਹਾਂ ਨੇ ਨਾ ਸਿਰਫ ਕਿਰਤੀਆਂ ਦੀਆਂ ਜਦੋਜਹਿਦਾਂ ਨੂੰ ਆਪਣੀਆਂ ਲਿਖਤਾਂ ਅੰਦਰ ਰੂਪਮਾਨ ਕੀਤਾ ਬਲਕਿ ਖੁਦ ਉਨ੍ਹਾਂ ਜਦੋਜਹਿਦਾਂ ਵਿਚ ਸਰਗਰਮ ਭੂਮਿਕਾ ਨਿਭਾਈ। 1975-77 ਵਿਚ ਐਮਰਜੈਂਸੀ ਦੌਰਾਨ ਡੇਢ ਸਾਲ ਲਗਭਗ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਰਿਹਾ।
ਬਾਰੂ ਸਤਵਰਗ ਦੀਆਂ ਸਾਹਿਤਕ ਰੁਚੀਆਂ ਸਕੂਲ ਸਮੇਂ ਹੀ ਪ੍ਰਤੱਖ ਹੋ ਗਈਆਂ ਸਨ। ਸਾਂਝੇ ਪੰਜਾਬ ਵੇਲੇ ਪਾਣੀਪਤ ਵਿਚ ਹੋਏ ਵਿਦਿਅਕ ਮੁਕਾਬਲਿਆਂ ਵਿਚ ਉਸ ਨੇ ‘ਚੰਨੋ ਜਾਗ ਰਹੀਆਂ ਹਨ’ ਕਹਾਣੀ ਲਿਖ ਕੇ ਪੰਜਾਬ ਭਰ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ ਪਰ ਉਸ ਦੇ ਕ੍ਰਾਂਤੀਕਾਰੀ ਲੇਖਕ ਬਣਨ ਦੀ ਨੀਂਹ ਉਸ ਸਮੇਂ ਰੱਖੀ ਗਈ ਜਦੋਂ ਉਹ ਬਤੌਰ ਪ੍ਰਾਇਮਰੀ ਅਧਿਆਪਕ ਰਾਇਪੁਰ (ਹੁਣ ਜਿ਼ਲ੍ਹਾ ਮਾਨਸਾ) ਵਿਚ ਸੇਵਾ ਨਿਭਾ ਰਿਹਾ ਸੀ। ਇਸ ਸਮੇਂ ਦੌਰਾਨ 14 ਜੂਨ 1971 ਨੂੰ ਤਿੰਨ ਨਕਸਲੀ ਨੌਜਵਾਨ ਗੁਰਬੰਤ ਸਿੰਘ ਰਾਇਪੁਰ, ਸਵਰਨ ਸਿੰਘ ਬੋਹਾ ਅਤੇ ਤੇਜਾ ਸਿੰਘ ਬੱਬਨਪੁਰ (ਹਿਸਾਰ) ਕੁਸਲੇ ਪਿੰਡ ਨੇੜੇ ਕਥਿਤ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਸਨ। ਇਸ ਤੋਂ ਬਾਅਦ 1972 ਵਿਚ ਰਾਇਪੁਰ ਪਿੰਡ ਦੇ ਹੀ ਦੋ ਹੋਰ ਨੌਜਵਾਨ ਨਛੱਤਰ ਸਿੰਘ ਅਤੇ ਲਛਮਣ ਸਿੰਘ ਵੀ ਆਪਣਾ ਜੀਵਨ ਨਕਸਲਬਾੜੀ ਲਹਿਰ ਦੇ ਲੇਖੇ ਲਾ ਗਏ। ਉਦੋਂ ਬਾਰੂ ਸਤਵਰਗ ਦੇ ਮਨ ਅੰਦਰ ਨਕਸਲਬਾੜੀ ਲਹਿਰ ਦੀ ਹਕੀਕਤ ਨੂੰ ਸਮਝਣ ਦੀ ਤੀਬਰ ਤਾਂਘ ਪੈਦਾ ਹੋਈ।
ਬੱਸ ਫਿਰ ਕੀ ਸੀ, ਇੱਕ ਵਾਰੀ ਪੈਦਾ ਹੋਈ ਜਿਗਿਆਸਾ ਨੇ ਬਾਰੂ ਸਤਵਰਗ ਨੂੰ ਜੀਵਨ ਦੇ ਲੋਕ ਪੱਖੀ ਮਾਰਗ ਦੀ ਪੱਟੜੀ ’ਤੇ ਅਜਿਹਾ ਚਾੜ੍ਹਿਆ ਕਿ ਉਹ ਜੀਵਨ ਭਰ ਚੱਲਦਾ ਆਇਆ ਹੈ। ਉਨ੍ਹਾਂ ਸਮਿਆਂ ਵਿਚ ਨਕਸਲੀ ਲਹਿਰ ਦੇ ਪ੍ਰਭਾਵ ਅਧੀਨ ਛਪਣੇ ਸ਼ੁਰੂ ਹੋਏ ਮੈਗਜ਼ੀਨ ‘ਹੇਮ ਜਯੋਤੀ’, ‘ਮਾਂ’, ‘ਰੋਹਲੇ ਬਾਣ’ ਆਦਿ ਦਾ ਪਾਠਕ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਤੇ ਪਾਸ਼ ਹੋਰਾਂ ਦੀਆਂ ਸਟੇਜਾਂ ਦਾ ਸਰੋਤਾ ਬਣਿਆ। ਉਦਾਸੀ ਤੋਂ ਪ੍ਰੇਰਿਤ ਹੋ ਕੇ ਸੁਰਜੀਤ ਅਰਮਾਨੀ, ਕਰਮਜੀਤ ਜੋਗਾ, ਮਰਹੂਮ ਮਾਸਟਰ ਮੁਖਤਿਆਰ ਸਿੰਘ ਭਾਈ ਰੂਪਾ, ਬੋਘੜ ਸਿੰਘ ਆਦਿ ਨਾਲ ਰਲ ਕੇ ਦਸੰਬਰ 1971 ਵਿਚ ਪਹਿਲਾਂ ‘ਕਿਰਤੀ ਕਿੱਸਾ’ ਤੇ ਫਿਰ ‘ਕਿਰਤੀ ਯੁੱਗ’ ਮੈਗਜ਼ੀਨ ਕੱਢੇ। ਸਰਕਾਰ ਨੇ ਬਾਰੂ ਸਤਵਰਗ, ਸੁਰਜੀਤ ਅਰਮਾਨੀ ਅਤੇ ਬੋਘੜ ਸਿੰਘ ਨੂੰ ਫੜ ਕੇ ਜੇਲ੍ਹ ਵਿਚ ਬੰਦ ਕੀਤਾ। ਉਂਝ, ਜੇਲ੍ਹ ਇੱਕ ਤਰ੍ਹਾਂ ਉਸ ਲਈ ਸਕੂਲ ਸਿੱਧ ਹੋਈ। ਬਠਿੰਡਾ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਪ੍ਰੋ. ਹਰਭਜਨ ਸੋਹੀ ਅਤੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਬਾਬਾ ਦੇਵਾ ਸਿੰਘ ਮਾਹਲਾ, ਡਾ. ਸੁਰਜੀਤ ਘੋਲੀਆ ਤੇ ਅਮਰ ਸਿੰਘ ਅਚਰਵਾਲ ਜਿਹੇ ਕਾਮਰੇਡਾਂ ਕੋਲੋਂ ਅਤੇ ਵੱਖ ਵੱਖ ਤਰ੍ਹਾਂ ਦੇ ਸਾਹਿਤ ਤੋਂ ਉਸ ਨੂੰ ਨਕਸਲੀ ਲਹਿਰ ਬਾਰੇ ਜਾਣਕਾਰੀ ਮਿਲਦੀ ਰਹੀ। ਇਸ ਤਰ੍ਹਾਂ ਉਸ ਨੂੰ ਨਕਸਲੀ ਲਹਿਰ, ਭਾਰਤੀ ਕਮਿਉਨਿਸਟ ਲਹਿਰ ਦੀ ਨਿਰੰਤਰਤਾ ਦੀ ਸ਼ਕਲ ਵਿਚ ਨਜ਼ਰ ਆਉਣ ਲੱਗੀ। ਉਹ ਇਸ ਲਹਿਰ ਨੂੰ ਸਦੀਆਂ ਤੋਂ ਭਾਰਤ ਦੇ ਲੁੱਟੇ ਤੇ ਲਤਾੜੇ ਲੋਕਾਂ ਦੀ ਲਹਿਰ ਦੇ ਰੂਪ ਵਿਚ ਦੇਖਣ ਲੱਗਾ। ਇਸ ਲਹਿਰ ਦੇ ਝਲਕਾਰੇ ਉਸ ਦੀਆਂ ਸਾਹਿਤਕ ਲਿਖਤਾਂ ਖਾਸਕਰ ਨਾਵਲਾਂ (ਲਹੂ ਪਾਣੀ ਨਹੀਂ ਬਣਿਆ, ਫੱਟੜ ਸ਼ੀਹਣੀ, ਨਿੱਘੀ ਬੁੱਕਲ, ਸ਼ਰਧਾ ਦੇ ਫੁੱਲ ਵਿਚ ਵੀ ਪ੍ਰਗਟ ਹੋਏ ਹਨ। ਉਹ ਆਪਣੀਆਂ ਲਿਖਤਾਂ ਵਿਚ ਬਿਨਾ ਕਿਸੇ ਲਗ ਲਪੇਟ ਦੇ ਕਿਸੇ ਵੀ ਕਿਸਮ ਦੀ ਜਾਤਪਾਤ, ਧਰਮ, ਕੌਮ ਜਾਂ ਫਿਰਕੇ ’ਤੇ ਆਧਾਰਿਤ ਸੌੜੀ ਸੋਚ ਤੋਂ ਉਪਰ ਉੱਠ ਕੇ ਜਮਾਤੀ ਜੱਦੋਜਹਿਦ ਦਾ ਝੰਡਾ ਬੁਲੰਦ ਕਰਦਾ ਹੈ ਅਤੇ ਮਾਰਕਸਵਾਦ ਨੂੰ ਆਪਣਾ ਜੀਵਨ ਦਰਸ਼ਨ ਮੰਨਦਾ ਹੈ। ਕਮਿਊਨਿਸਟ ਲਹਿਰ ਦਾ ਵਿਸਥਾਰ ਵਿਚ ਵਰਣਨ ਉਸ ਦੇ 2012 ਵਿਚ ਪ੍ਰਕਾਸ਼ਿਤ ਹੋਏ ਨਾਵਲ ‘ਪੰਨਾ ਇੱਕ ਇਤਿਹਾਸ ਦਾ’ ਵਿਚ ਮਿਲਦਾ ਹੈ ਜੋ ਮੁਜ਼ਾਰਾ ਲਹਿਰ ਤੋਂ ਸ਼ੁਰੂ ਕਰਕੇ ਭਾਰਤ ਦੀ ਕਮਿਊਨਿਸਟ ਲਹਿਰ ਦੇ ਮੌਜੂਦਾ ਦੌਰ ਤੱਕ ਦੇ ਇਤਿਹਾਸ ਦੀ ਦਸਤਾਵੇਜ਼ੀ ਝਲਕ ਪੇਸ਼ ਕਰਦਾ ਹੈ।
1977 ਤੋਂ ਲੈ ਕੇ 2017 ਤੱਕ ਉਸ ਨੇ ਵੱਖ ਵੱਖ ਰਾਜਨੀਤਕ, ਜਨਤਕ ਤੇ ਸਾਹਿਤਕ ਪਰਚਿਆਂ ਦੀ ਸੰਪਾਦਕੀ ਕੀਤੀ; ਕਿੰਨਿਆਂ ਹੀ ਪਰਚਿਆਂ ਦੇ ਸੰਪਾਦਕੀ ਬੋਰਡ ਦਾ ਮੈਂਬਰ ਤੇ ਸਲਾਹਕਾਰ ਰਿਹਾ ਜਿਨ੍ਹਾਂ ’ਚ ਮਸ਼ਾਲ, ਪਰਚੰਡ, ਪਰਚੰਡ ਲਹਿਰ, ਸਮਕਾਲੀ ਦਿਸ਼ਾ, ਸੁਲਗਦੇ ਪਿੰਡ ਤੇ ਲੋਕ ਕਾਫਲਾ ਸ਼ਾਮਲ ਹਨ।
ਆਪਣੇ ਵਿਚਾਰਾਂ ਨੂੰ ਅਮਲ ਵਿਚ ਲਿਆਉਣ ਲਈ ਉਸ ਨੇ ਵੱਖ ਵੱਖ ਜਥੇਬੰਦੀਆਂ ਜਾਂ ਸਭਾਵਾਂ ਜਥੇਬੰਦ ਕਰਨ ਵਿਚ ਆਗੂ ਭੂਮਿਕਾ ਨਿਭਾਈ। ਪੰਜਾਬ ਦੇ ਹੋਰ ਕ੍ਰਾਂਤੀਕਾਰੀ ਸਾਹਿਤਕਾਰਾਂ- ਗੁਰਸ਼ਰਨ ਸਿੰਘ, ਬਾਬਾ ਦੇਵਾ ਸਿੰਘ ਮਾਹਲਾ, ਸੰਤੋਖ ਸਿੰਘ ਬਾਜਵਾ, ਡਾ.ਸਾਧੂ ਸਿੰਘ ਆਦਿ ਨਾਲ ਮਿਲ ਕੇ 22 ਅਪਰੈਲ 1981 ਨੂੰ ਝੁਨੀਰ ਵਿਚ ਸਾਹਿਤਕਾਰਾਂ ਦੀ ਕਨਵੈਨਸ਼ਨ ਕਰਕੇ ਕ੍ਰਾਂਤੀਕਾਰੀ ਸਾਹਿਤ ਸਭਾ ਬਣਾਈ ਅਤੇ ਵੱਖ ਵੱਖ ਸਮਿਆਂ ’ਤੇ ਇਸ ਸਭਾ ਦੇ ਸਕੱਤਰ ਅਤੇ ਪ੍ਰਧਾਨ ਦੀਆਂ ਜਿ਼ੰਮੇਵਾਰੀਆਂ ਨਿਭਾਈਆਂ। ਉਹ 80ਵਿਆਂ ਦੇ ਦਹਾਕੇ ਵਿਚ ਹੋਂਦ ਵਿਚ ਆਈ ਕੁਲ ਹਿੰਦ ਇਨਕਲਾਬੀ ਸੱਭਿਆਚਾਰਕ ਲੀਗ (AILRC) ਦਾ ਮੈਂਬਰ ਰਿਹਾ ਅਤੇ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਸਮੇਤ ਮੁਲਕ ਭਰ ‘ਚ ਲੀਗ ਵੱਲੋਂ ਕਰਵਾਏ ਜਾਂਦੇ ਸੈਮੀਨਾਰਾਂ, ਗੋਸ਼ਟੀਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਵਰਵਰਾ ਰਾਓ ਅਤੇ ਗਦਰ ਵਰਗੇ ਉੱਘੇ ਲੇਖਕਾਂ ਤੇ ਕਲਾਕਾਰਾਂ ਸੰਗ ਭਾਗ ਲੈਂਦਾ ਰਿਹਾ। ਉਸ ਨੇ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਟਾਕਰਾ ਮੰਚ ਪੰਜਾਬ ਦੇ ਬਾਨੀਆਂ ਵਿਚ ਆਪਣੀ ਥਾਂ ਬਣਾਈ। 1990ਵਿਆਂ ਵਿਚ ਕਿਰਤੀਆਂ ਦੇ ਹੱਕਾਂ ਲਈ ਬਣੀ ਜਥੇਬੰਦੀ ਕਿਰਤੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇ ਤੌਰ ’ਤੇ ਅਗਵਾਈ ਕੀਤੀ।
ਉਸ ਵੱਲੋਂ ਜੀਵਨ ਭਰ ਕਿਰਤੀ ਲੋਕਾਂ ਦੀ ਮੁਕਤੀ ਲਈ ਕੀਤੀ ਘਾਲਣਾ ਦਾ ਹੀ ਸਿੱਟਾ ਹੈ ਕਿ ਮਾਨਸਾ ਵਿਚ ਉਨ੍ਹਾਂ ਦੀ ਘਾਲਣਾ ਨੂੰ ਸਲਾਮੀ ਦਿੱਤੀ ਜਾ ਰਹੀ ਹੈ।
ਸੰਪਰਕ: 78887-38476