ਅਮਰੀਕੀ ਲੇਖਕ ਲੂਈਜ਼ ਗਲੁੱਕ ਨੂੰ ਇਸ ਵਰ੍ਹੇ ਦਾ ਨੋਬੇਲ ਸਾਹਿਤ ਪੁਰਸਕਾਰ ਦਿੱਤਾ ਗਿਆ ਹੈ। “ਜ਼ਿੰਦਗੀ ਦਾ ਸੱਚ ਸੰਘਰਸ਼ ਦੀ ਦਾਸਤਾਂ ਦਾ ਰੰਗਾਂ ਭਰਿਆ ਕੋਲਾਜ ਹੈ।” ਇਹ ਕੋਲਾਜ ਲੂਈਜ਼ ਗਲੁੱਕ ਦੀਆਂ ਰਚਨਾਵਾਂ ਵਿਚ ਸਾਕਾਰ ਹੋਇਆ ਮਿਲਦਾ ਹੈ।
ਮਹਾਮਾਰੀ ਕੋਵਿਡ-19 ਦੌਰਾਨ ਜ਼ਿੰਦਗੀ ਦੀਆਂ ਤਰਜੀਹਾਂ ਤੇ ਮਾਨਤਾਵਾਂ, ਸਭ ਕੁਝ ਬਦਲ ਗਿਆ ਹੈ ਅਤੇ ਸਾਹਿਤ ਦੀ ਬਦਲਦੀ ਭੂਮਿਕਾ ਸਾਡੇ ਸਾਹਮਣੇ ਹੈ। ਵਿਦਰੋਹ ਅਤੇ ਮਾਨਵੀ ਸਰੋਕਾਰਾਂ ਦੀ ਲੋਕ ਆਵਾਜ਼ ਹੀ ਅਸਲ ਵਿਚ ਸਾਹਿਤ ਦੇ ਸ਼ਬਦਾਂ ਨੂੰ ਜ਼ਿੰਦਾ ਰੱਖਦੇ ਹਨ। ਉਸ ਦੀ ਇਕ ਕਵਿਤਾ ਹੈ ‘ਰੰਗਾਂ ਦਾ ਸੱਚ’ ਜਿਸ ਵਿਚ ਉਸ ਨੇ ਆਪਣੇ ਅੰਦਰਲੀ ਤੜਫ ਨੂੰ ਬਿਆਨ ਕੀਤਾ ਹੈ:
ਜ਼ਿੰਦਗੀ ਅੱਖਾਂ ਦਾ ਖਾਰਾ ਪਾਣੀ ਹੁੰਦੀ
ਤਾਂ ਬਿਤਾ ਦਿੰਦੀ ਤੇਰੇ ਨਾਲ
ਇੱਥੇ ਤਾਂ ਭੁੱਖ ਦਾ ਸਵਾਲ ਹੈ?
ਭੁੱਖ ਦਾ ਸਵਾਲ ਉਠਾਉਣ ਵਾਲੀ ਇਹ ਅਮਰੀਕੀ ਲੇਖਕ ਲੂਈਜ਼ ਗਲੁੱਕ ਦੀ ਅਸਹਿਮਤੀ ਦੀ ਆਵਾਜ਼ ਹੈ। ਉਹ ਬਰਾਕ ਓਬਾਮਾ ਨੂੰ ਆਪਣੀ ਮਿਲਣੀ ਵਿਚ ਕਹਿੰਦੀ ਹੈ: ‘ਰੰਗ ਕਾਲਾ ਹੋਵੇ ਜਾਂ ਗੋਰਾ, ਸ਼ਬਦ ਤਾਂ ਤਿੱਖੇ ਅਤੇ ਜ਼ਿੰਦਗੀ ਨਾਲ ਭਰੇ ਹੋਏ ਹੋਣੇ ਚਾਹੀਦੇ ਹਨ।’
ਅਨੇਕਾਂ ਪੁਸਤਕਾਂ ਦੀ ਇਸ ਲੇਖਕ ਦਾ ਜਨਮ 22 ਅਪਰੈਲ, 1943 ਨੂੰ ਨਿਊ ਯਾਰਕ ਵਿਚ ਹੋਇਆ। ਖ਼ੁਸ਼ੀਆਂ, ਖ਼ਾਹਿਸ਼ਾਂ ਅਤੇ ਸੁਫਨਿਆਂ ਨਾਲ ਸੰਘਰਸ਼ ਕਰਦੀਆਂ ਉਸ ਦੀਆਂ ਰਚਨਾਵਾਂ ਦੇ ਮੂਲ ਵਿਚ ਆਦਮੀ ਦੀ ਤਲਾਸ਼ ਦਾ ਕੇਂਦਰ ਬਿੰਦੂ ਮਨੁੱਖਤਾ ਦੀ ਹੋਂਦ ਹੈ।
ਲੂਈਜ਼ ਗਲੁੱਕ ਇਕੋ ਇਕ ਅਜਿਹੀ ਅਮਰੀਕੀ ਲੇਖਕ ਹੈ ਜਿਸ ਦੀਆਂ ਸਾਰੀਆਂ ਪੁਸਤਕਾਂ ਨੂੰ ਇਤਿਹਾਸਕ ਮਾਨਵਵਾਦੀ ਹੋਣ ਦਾ ਦਰਜਾ ਦਿੱਤਾ ਗਿਆ ਹੈ। ਤਦ ਹੀ ਤਾਂ ਆਪਣੇ ਐਲਾਨੀਆ ਵਿਚ ਸਵੀਡਿਸ਼ ਅਕਾਦਮੀ ਨੇ ਕਿਹਾ ਹੈ ਕਿ ਉਹ ਅਜਿਹੀ ਲੇਖਕ ਹੈ ਜਿਸ ਦੀਆਂ ਰਚਨਾਵਾਂ ਸਮੁੱਚੇ ਰੂਪ ਵਿਚ ਮਨੁੱਖ ਅਤੇ ਮਨੁੱਖ ਦੀ ਤ੍ਰਾਸਦੀ ਨੂੰ ਪ੍ਰਗਟ ਕਰਦੀਆਂ ਹਨ। ਬ੍ਰਹਿਮੰਡ ਵਿਚ ਹੋਂਦ ਨੂੰ ਦਿਖਾਉਣ ਵਾਲੇ ਸ਼ਬਦ ਉਸ ਦੀ ਅਕਾਸ਼ਗੰਗਾ ਹੈ।
ਯੇਲ ਯੂਨੀਵਰਸਿਟੀ ਦੀ ਚਰਚਿਤ ਪ੍ਰੋਫੈਸਰ ਲੂਈਜ਼ ਨੇ ਸਾਹਿਤ ਅਤੇ ਰਚਨਾ ਨੂੰ ਆਧਾਰ ਮੰਨਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਸਾਹਿਤ ਦੇ ਲੇਖੇ ਹੀ ਲਾਇਆ ਹੈ। ਉਸ ਦਾ ਨਿੱਜੀ ਜੀਵਨ ਇਤਨਾ ਸੁਖਦ ਨਹੀਂ ਰਿਹਾ। ਉਸ ਨੇ ਦੋ ਸ਼ਾਦੀਆਂ ਕੀਤੀਆਂ ਪਰ ਇਨ੍ਹਾਂ ਵਿਚੋਂ ਕੋਈ ਨਹੀਂ ਚੱਲੀ। ਸ਼ਾਇਦ ਇਸੇ ਕਰ ਕੇ ਉਸ ਦੀਆਂ ਰਚਨਾਵਾਂ ਵਿਚ ਇਸ ਦਾ ਅਤੇ ਨਾਕਾਮੀਆਂ ਦਾ ਜ਼ਿਕਰ ਆਉਂਦਾ ਹੈ। ਲੂਈਜ਼ ਦੀਆਂ ਪ੍ਰਸਿੱਧ ਕਿਤਾਬਾਂ ਵਿਚ ‘ਦਿ ਵਾਇਲਡ ਆਇਰਸ’, ‘ਐਵਰਨੋ’, ‘ਅਰਾਰਤ’, ‘ਦਿ ਟਰੀਂਫ ਆਫ ਆਇਲੀਜ਼’, ‘ਮੀਡੋਲੈਂਡਜ਼’ ਬੇਹੱਦ ਪ੍ਰਸਿੱਧ ਹੋਈਆਂ ਹਨ। ਉਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਤੇ ਫਿਲਮਾਂ ਅਤੇ ਨਾਟਕ ਵੀ ਬਣੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੂਈਜ਼ ਨੇ ਬਚਪਨ ਵਿਚ ਹੀ ਤੈਅ ਕਰ ਲਿਆ ਸੀ ਕਿ ਉਹ ਲੇਖਕ ਬਣੇਗੀ।
ਲੂਈਜ਼ ਗਲੁੱਕ ਨੇ ‘ਫਸਟ ਬੋਰਨ’ (1968) ਵਰਗੀ ਕਿਤਾਬ ਆਉਣ ਤੋਂ ਬਾਅਦ ਕਵਿਤਾ ਪੜ੍ਹਾਉਣੀ ਸ਼ੁਰੂ ਕੀਤੀ, ਉਹ ਵੀ ਵਰਮੋਂਟ ਵਰਗੇ ਪ੍ਰਸਿੱਧ ਕਾਲਜ ਵਿਚ। ਡਿਸੀਸੈਂਕਡਿਜ਼ਾ ਫਿਗਰ ਵਰਗੀਆਂ ਰਚਨਾਵਾਂ ਬਾਰੇ ਉਸ ਨੇ ਕਿਹਾ ਸੀ: ਇਹ ਸਮੇਂ ਦੀ ਮੰਗ ਸੀ ਅਤੇ ਉਸ ਨੇ ਲਿਖ ਦਿੱਤੀਆਂ। ‘ਨਿਊ ਯਾਰਕ ਟਾਈਮਜ਼’ ਨੇ ਇਕ ਵਾਰੀ ਸੱਚ ਹੀ ਲਿਖਿਆ: ‘ਉਸ ਨੇ ਜ਼ਿੰਦਗੀ ਦੇ ਅੰਦਰਲੇ ਦਾਇਰਿਆਂ ਦੀ ਕੁੜੱਤਣ ਨੂੰ ਦੇਖਿਆ ਹੈ ਅਤੇ ਇਸ ਨੂੰ ਹੀ ਲਿਖਿਆ ਹੈ’।
ਲੂਈਜ਼ ਨੂੰ ਬਹੁਤ ਸਾਰੇ ਪੁਰਸਕਾਰ ਮਿਲੇ ਜਿਨ੍ਹਾਂ ਵਿਚ ਮੁੱਖ ਹਨ- ਅਮਰੀਕਨ ਅਕਾਦਮੀ ਆਫ ਆਰਟਸ ਐਂਡ ਲੈਟਰਜ਼ ਦਾ ਸੋਨ ਤਮਗ਼ਾ (2015), ਨੈਸ਼ਨਲ ਹਿਊਮੈਨਿਟੀ ਪੁਰਸਕਾਰ (2015)। ਇਸ ਤੋਂ ਇਲਾਵਾ ਕਵਿਤਾ ਲੇਖਨ ਦਾ ਸਭ ਤੋਂ ਵੱਡਾ ਪੁਰਸਕਾਰ ਨੈਸ਼ਨਲ ਬੁੱਕ ਕ੍ਰਿਟੀਕ ਐਵਾਰਡ (1985) ਉਸ ਦੀ ਪੁਸਤਕ ‘ਦਿ ਟਰੀਂਫ ਆਫ ਆਇਲੀਜ਼’ ਲਈ ਦਿੱਤਾ ਗਿਆ ਸੀ। ਲੂਈਜ਼ ਦੀਆਂ ਰਚਨਾਵਾਂ ਵਿਚ ਸਮੇਂ ਦੀ ਕਰਵਟ ਦਾ ਖੱਟਾ-ਮਿੱਠਾ ਵਰਨਣ ਹੈ। ਜਦੋਂ ਤੁਸੀਂ ਲੂਈਜ਼ ਗਲੁੱਕ ਦੀਆਂ ਇਨ੍ਹਾਂ ਰਚਨਾਵਾਂ ਨੂੰ ਪੜ੍ਹਦੇ ਹੋ ਤਾਂ ਲਫ਼ਜ਼ਾਂ ਦੀ ਜਾਦੂਗਿਰੀ ਸਿਰ ਚੜ੍ਹ ਬੋਲਦੀ ਹੈ:
ਸ਼ਮਾਂ ਉਦੋਂ ਤੀਕ ਰੋਸ਼ਨ ਹੈ
ਜਦੋਂ ਤੀਕ ਤੇਲ ਹੈ ਦੋਸਤੋ
ਉਹ ਹੱਥ ਮਸ਼ਾਲਾਂ ਲੈ ਕੇ ਚੱਲਣਗੇ ਕਾਫ਼ਲਿਆਂ ਵਿਚ
ਜਿਨ੍ਹਾਂ ਨੇ ਜ਼ਿੰਦਗੀ ਨੂੰ ਅੱਖਾਂ ਚ ਸਮਾਉਣ ਦੀ ਸਹੁੰ ਖਾਧੀ ਹੈ
ਆਉ ਵਿਸ਼ਵ ਦੇ ਕਾਫ਼ਲੇ ਦੇ ਪਾਂਧੀ ਬਣੀਏ
ਇਸ ਨਵੀਂ ਦੁਨੀਆਂ ਚ
ਇਸ ਮਹਾਮਾਰੀ ਦੇ ਅੰਨ੍ਹੇ ਬੋਲੇ ਸਮਿਆਂ ਵਿਚ
ਸਵੀਡਿਸ਼ ਅਕਾਦਮੀ ਨੇ ਕਈ ਵਾਰੀ ਨੋਬੇਲ ਇਨਾਮਾਂ ਦੀ ਚੋਣ ਨਾਲ ਸਮੁੱਚੇ ਜਗਤ ਨੂੰ ਹੈਰਾਨੀ ਚ ਪਾਇਆ ਹੈ। ਇਸ ਵਾਰੀ ਨਵੀਆਂ ਸੰਭਾਵਨਾਵਾਂ ਨਾਲ ਇਹ ਪੁਰਸਕਾਰ ਲੂਈਜ਼ ਗਲੁੱਕ ਨੂੰ ਦਿੱਤਾ ਜਾ ਰਿਹਾ ਹੈ ਜੋ ਕਿਤੇ ਕਿਤੇ ਸਾਹਿਤ ਪ੍ਰਤੀ ਸੱਚੀ ਅਤੇ ਸੁੱਚੀ ਪ੍ਰਤੀਬੱਧਤਾ ਨੂੰ ਪ੍ਰਤੀਬਿੰਬਤ ਕਰਦਾ ਹੈ। ਪ੍ਰਸਿੱਧ ਫ਼ਿਲਾਸਫ਼ਰ ਅਤੇ ਚਿੰਤਕ, ਭਾਸ਼ਾ ਵਿਗਿਆਨੀ ਨੌਮ ਚੋਮਸਕੀ ਕਹਿੰਦਾ ਹੈ ਕਿ ‘ਭਾਸ਼ਾ ਸਾਹਿਤ ਦੀ ਜ਼ੁਬਾਨ ਨਹੀਂ ਸਗੋਂ ਸਾਹਿਤ ਭਾਸ਼ਾ ਨੂੰ ਰਚਦਾ ਹੈ ਅਤੇ ਇਹ ਲੋਕਾਂ ਤੋਂ ਲੋਕਾਂ ਦੀ ਜ਼ਬਾਨ ਹੋ ਨਬਿੜਦੀ ਹੈ’। ਇਹ ਸਮੇਂ ਦਾ ਸੱਚ ਹੈ ਜੋ ਲੂਈਜ਼ ਨੇ ਕਿਹਾ ਹੈ ਕਿ ਉਹ ਜੋ ਅੱਜ ਦੇਖ ਰਹੀ ਹੈ, ਸਾਹਿਤ ਵਿਚੋਂ ਵਾਰ ਵਾਰ ਝਲਕਦਾ ਹੈ।
ਲੂਈਜ਼ ਗਲੁੱਕ ਦੀਆਂ ਵੱਡੀਆਂ ਪ੍ਰਾਪਤੀਆਂ ਅਤੇ ਸਾਹਿਤ ਦੀਆਂ ਬਾਰੀਕੀਆਂ ਨਾਲ ਰਚਿਆ ਗਿਆ ਅਨੂਠਾ ਸ਼ਬਦ-ਸੰਸਾਰ ਸਮੇਂ ਅਤੇ ਸੱਚ ਦੀ ਪੁਕਾਰ ਹੈ ਜੋ ਇਨ੍ਹਾਂ ਦੇ ਸ਼ਬਦਾਂ ਵਿਚ ਸਾਕਾਰ ਹੁੰਦਾ ਹੈ। ਨੋਬੇਲ ਦੀ ਚੋਣ ਸੱਚਮੁੱਚ ਸ਼ਬਦਾਂ ਦੇ ਸਿਰਜਕਾਂ ਲਈ ਅਦਭੁੱਤ ਹੈ। ਲੂਈਜ਼ ਨੂੰ ਇਹ ਪੁਰਸਕਾਰ ਮਿਲਣਾ ਸੱਚਮੁੱਚ ਵੱਡੀ ਘਟਨਾ ਹੈ। ਇਸ ਦਾ ਸਵਾਗਤ ਤਾਂ ਹੋਣਾ ਹੀ ਹੈ।
ਸੰਪਰਕ: 94787-30156