ਸਤਨਾਮ ਉੱਭਾਵਾਲ
ਜ਼ਿੰਦਗੀ ਬੜੀ ਅਜੀਬ ਬੁਝਾਰਤ ਹੈ। ਸੋਚਾਂ ਬੜੀਆਂ ਉਡਾਰੀਆਂ ਮਾਰਦੀਆਂ ਹਨ। ਇਹ ਕੀਤਾ ਜਾਵੇ, ਅਹੁ ਕੀਤਾ ਜਾਵੇ ਪਰ ਹੁੰਦਾ ਉਹ ਹੈ ਜਿਸ ਲਈ ਸਾਡੇ ਇਰਾਦੇ ਅਤੇ ਯਤਨ ਸੱਚੇ ਤੇ ਪੱਕੇ ਹੁੰਦੇ ਹਨ। …ਪਰਿਵਾਰ ਦੀ ਆਰਥਿਕ ਹਾਲਤ ਕੋਈ ਜਿ਼ਆਦਾ ਵਧੀਆ ਨਹੀਂ ਸੀ। ਰੇਤਲੀ, ਮਾਰੂ ਜ਼ਮੀਨ ਬਾਪੂ ਜੀ ਦੇ ਹਿੱਸੇ ਆਈ ਸੀ। ਜਿ਼ਆਦਾਤਰ ਕਮਾਈ ਖੇਤ ਪੱਧਰ ਕਰਨ ਅਤੇ ਪਾਣੀ ਦਾ ਪ੍ਰਬੰਧ ਕਰਨ ਵਿਚ ਹੀ ਲੱਗ ਜਾਂਦੀ ਸੀ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਜ਼ਿਲ੍ਹਾ ਐਲੀਮੈਂਟਰੀ ਟੀਚਰ ਟ੍ਰੇਨਿੰਗ ਸੰਸਥਾ ਵਿਚ ਗੀਤ ਗਾਉਣ ਦੇ ਇਕ ਮੁਕਾਬਲੇ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉੱਥੇ ਜਾ ਕੇ ਪਤਾ ਲੱਗਿਆ ਕਿ ਇੱਥੇ ਪੜ੍ਹ ਕੇ ਪ੍ਰਾਇਮਰੀ ਅਧਿਆਪਕ ਬਣਦੇ ਹਨ। ਬੱਸ, ਇੱਕ ਸੁਪਨਾ ਇੱਕ ਰੀਝ ਅਛੋਪਲੇ ਜਿਹੇ ਹੀ ਮਨ ਵਿਚ ਘਰ ਕਰ ਗਈ। ਅਗਲੀਆਂ ਕਲਾਸਾਂ ਦੌਰਾਨ ਇਹੋ ਰੀਝ ਜਿ਼ੰਦਗੀ ਦਾ ਮਕਸਦ ਬਣ ਕੇ ਬੁੱਲ੍ਹਾਂ ਤੇ ਆਉਣ ਲੱਗੀ। ਮੇਰੇ ਚਾਚਾ ਜੀ ਹੱਲਾਸ਼ੇਰੀ ਦਿੰਦੇ ਰਹਿੰਦੇ ਅਤੇ ਆਰਥਿਕ ਮਦਦ ਵੀ।
ਬਾਰ੍ਹਵੀਂ ਕਲਾਸ ਦੇ ਪੇਪਰ ਦੇਣ ਸਾਰ ਕਣਕ ਦੀ ਵਾਢੀ ਸ਼ੁਰੂ ਹੋ ਗਈ। ਵਾਢੀ ਕਰਾਉਂਦਿਆਂ ਨਿੱਤ ਸਲਾਹਾਂ ਮਿਲਦੀਆਂ- ‘ਇਹ ਕੰਮ ਕਰ ਲੈ … ਉਹ ਕੰਮ ਸਿੱਖ ਲੈ’। ਮੈਂ ਤਾਂ ਅੱਗੇ ਪੜ੍ਹਨਾ ਚਾਹੁੰਦਾ ਸੀ ਪਰ ਆਰਥਿਕ ਹਾਲਾਤ ਕੰਧ ਬਣ ਖਲੋਤੇ ਸਨ। ਉੱਪਰੋਂ 2003 ਵਿਚ ਯੂਨੀਵਰਸਿਟੀ ਦੀਆਂ ਫੀਸਾਂ ਵਿਚ ਇਕਦਮ ਉਛਾਲਾ ਆਇਆ ਸੀ, ਬਾਅਦ ਵਿਚ ਭਾਵੇਂ ਇਹ ਫੀਸਾਂ ਵੱਡੇ ਵਿਰੋਧ ਕਾਰਨ ਘਟਾ ਦਿੱਤੀਆਂ ਗਈਆਂ ਸਨ।
ਖ਼ੈਰ! ਮਿਲੀਆਂ ਸਲਾਹਾਂ ਵਿਚੋਂ ਇਕ ਬੜੀ ਜਚੀ ਕਿ ਸਬਮਰਸੀਬਲ ਮੋਟਰਾਂ ਦਾ ਕੰਮ ਸਿੱਖਿਆ ਜਾਵੇ। ਚਲੋ ਜੀ, ਮਈ ਮਹੀਨੇ ਤੋਂ ਸੁਨਾਮ ਜਾਣਾ ਸ਼ੁਰੂ ਕਰ ਦਿੱਤਾ, ਮੋਟਰਾਂ ਦਾ ਕੰਮ ਸਿੱਖਣ ਪਰ ਮਾਸਟਰ ਬਣਨ ਦੀ ਰੀਝ ਕਿਤੇ ਨਾ ਕਿਤੇ ਪਈ ਜ਼ਰੂਰ ਸੀ। ਸਤੰਬਰ ਮਹੀਨੇ ਜਦੋਂ ਸੀਜ਼ਨਲ ਕੰਮ ਤੋਂ ਥੋੜ੍ਹੀ ਰਾਹਤ ਮਿਲੀ ਤਾਂ ਇੱਕ ਦਿਨ ਅਖ਼ਬਾਰ ਵਿਚ ਪ੍ਰਾਈਵੇਟ ਬੀਏ ਕਰਵਾਏ ਜਾਣ ਬਾਰੇ ਪੜ੍ਹਿਆ, ਫੀਸ ਤਕਰੀਬਨ ਇਕ ਹਜ਼ਾਰ ਰੁਪਏ ਸੀ ਅਤੇ ਯੋਗਤਾ ਗਿਆਨੀ ਪਾਸ ਹੋਣਾ ਸੀ। ਮੈਂ ਗਿਆਨੀ ਦੀ ਪ੍ਰੀਖਿਆ ਦੋ ਹਜ਼ਾਰ ਦੋ ਵਿਚ ਪਾਸ ਕਰ ਚੁੱਕਾ ਸਾਂ। ਰੀਝ ਨੇ ਫਿਰ ਖੰਭ ਫੜਫੜਾਏ। ਬੀਏ ਸਾਲ ਪਹਿਲਾ ਲਈ ਫੀਸ ਭਰ ਦਿੱਤੀ।
ਕਹਿੰਦੇ ਹਨ, ਮਜਬੂਰੀਆਂ ਬੰਦੇ ਨੂੰ ਲਾਚਾਰ ਵੀ ਬਣਾ ਦਿੰਦੀਆਂ ਹਨ ਅਤੇ ਮਜ਼ਬੂਤ ਵੀ। ਮੈਂ ਖ਼ੁਦ ਨੂੰ ਦੂਜੀ ਸ਼੍ਰੇਣੀ ਵਿਚ ਮੰਨਦਾ ਹਾਂ। ਬੀਏ (ਤਿੰਨ ਸਾਲਾ ਕੋਰਸ) ਪਹਿਲੀ ਡਿਵੀਜ਼ਨ ਵਿਚ ਪਾਸ ਕਰ ਲਈ। ਉਧਰੋਂ ਕੰਮ ਵੀ ਸਿੱਖ ਚੁੱਕਾ ਸਾਂ ਅਤੇ ਪਿੰਡ ਮੋਟਰਾਂ ਠੀਕ ਕਰਨ ਦੀ ਛੋਟੀ ਜਿਹੀ ਵਰਕਸ਼ਾਪ ਸ਼ੁਰੂ ਕਰ ਲਈ। ਉਦੋਂ ਪਿੰਡਾਂ ਵਿਚ ਸਬਮਰਸੀਬਲ ਮੋਟਰਾਂ ਦੇ ਮਕੈਨਿਕ ਘੱਟ ਸਨ। ਇਸ ਕਰ ਕੇ ਕੰਮ ਜਲਦੀ ਹੀ ਵਧੀਆ ਚੱਲ ਪਿਆ। ਖ਼ੁਦ ਕਮਾਉਣੇ, ਖ਼ੁਦ ਖ਼ਰਚ ਕਰਨੇ। ਥੋੜ੍ਹੀ ਰਾਹਤ ਮਿਲੀ ਪਰ ਰੁਝੇਵੇਂ ਹੱਦੋਂ ਵੱਧ ਵਧ ਗਏ। ਇਕ ਦਿਨ ਚਾਚਾ ਜੀ ਦਾ ਫੋਨ ਆਇਆ ਕਿ ਬੀਐੱਡ ਦਾਖ਼ਲਾ ਪ੍ਰੀਖਿਆ ਲਈ ਫਾਰਮ ਭਰ ਕੇ ਭੇਜਣੇ ਹਨ, ਕਦੀ ਸਮਾਂ ਕੱਢ ਕੇ ਭਰ ਆਵੀਂ। ਈਟੀਟੀ ਇਸ ਲਈ ਨਹੀਂ ਕਰ ਸਕਿਆ ਕਿਉਂਕਿ 2003 ਤੋਂ 2006 ਤਕ ਪੰਜਾਬ ਸਰਕਾਰ ਨੇ ਕਾਰਵਾਈ ਹੀ ਨਹੀਂ ਸੀ।
ਕੰਮ-ਕਾਰ ਵਿਚ ਮੈਂ ਭੁੱਲ ਗਿਆ ਅਤੇ ਕਿਸੇ ਦੋਸਤ ਤੋਂ ਬਿਲਕੁਲ ਅਖੀਰਲੇ ਦਿਨ ਯਾਦ ਕਰਵਾਇਆ ਗਿਆ ਕਿ ਬੀਐੱਡ ਦਾਖ਼ਲਾ ਪ੍ਰੀਖਿਆ ਦੀ ਫੀਸ ਭਰਨੀ ਹੈ। ਸਾਰੇ ਕੰਮ ਛੱਡ ਸਵੇਰੇ ਸਵੇਰੇ ਫੀਸ ਭਰਨ ਚੱਲ ਪਿਆ, ਕੋਈ ਕਹਿ ਰਿਹਾ ਸੀ- ‘ਸਾਡਾ ਸਟਾਰਟਰ ਲਗਾ ਕੇ ਆ’, ਕੋਈ ਕਹਿ ਰਿਹਾ ਸੀ- ‘ਸਾਡੀ ਮੋਟਰ ਦੇਖ ਕੇ ਆ’ ਪਰ ਪੰਜਵੀਂ ਜਮਾਤ ਦੌਰਾਨ ਲਿਆ ਸੁਪਨਾ ਕਹਿ ਰਿਹਾ ਸੀ- ਫ਼ੀਸ ਭਰ ਕੇ ਆ। … ਤੇ ਜਿੱਤ ਫਿਰ ਸੁਪਨੇ ਦੀ ਹੋਈ।
ਸਬਮਰਸੀਬਲ ਮੋਟਰਾਂ ਦਾ ਕੰਮ ਅਜਿਹਾ ਹੈ ਕਿ ਸੀਜ਼ਨ ਦੌਰਾਨ ਮਿਸਤਰੀਆਂ ਨੂੰ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਹੁੰਦੀ। ਦਿਨ ਰਾਤ ਕੰਮ ਹੀ ਕੰਮ। ਬਿਜਲੀ ਅਲੱਗ ਅਲੱਗ ਸ਼ਿਫਟਾਂ ਵਿਚ ਆਉਂਦੀ ਹੈ। ਦਾਖ਼ਲਾ ਪ੍ਰੀਖਿਆ ਜੂਨ ਵਿਚ ਹੋਣੀ ਸੀ। ਸੁਣਿਆ ਸੀ, ਕਾਫ਼ੀ ਔਖੀ ਹੁੰਦੀ ਹੈ ਪਰ ਕੰਮਾਂ ਕਰ ਕੇ ਪੜ੍ਹਨ ਲਈ ਵਿਹਲ ਨਹੀਂ ਸੀ ਮਿਲ ਰਹੀ। ਮੈਨੂੰ ਫ਼ੀਸ ਦਾ ਇੱਕ ਹਜ਼ਾਰ ਰੁਪਿਆ ਬੜਾ ਯਾਦ ਆਉਂਦਾ, ਬਈ ਐਵੇਂ ਗਿਆ ਸਮਝੋ! ਉਪਰੋਂ ਜੂਨ ਵਿਚ ਝੋਨਾ ਲੱਗਣਾ ਸ਼ੁਰੂ ਹੋ ਗਿਆ। ਮੈਂ ਕਿਤਾਬ ਤਾਂ ਖ਼ਰੀਦ ਲਈ ਸੀ ਪਰ ਖੋਲ੍ਹ ਕੇ ਪੜ੍ਹਨ ਦਾ ਸਮਾਂ ਨਾ ਮਿਲਦਾ। ਫ਼ਿਕਰ ਵਧਦਾ ਜਾਂਦਾ। ਉਂਜ, ਰਾਹਤ ਦੀ ਖ਼ਬਰ ਇਹ ਆਈ ਕਿ ਪ੍ਰੀਖਿਆ ਕਿਸੇ ਕਾਰਨ ਮਹੀਨਾ ਲੇਟ ਹੋ ਗਈ। ਦੂਜੀ ਰਾਹਤ ਦੀ ਖਬਰ ਇਹ ਆਈ ਕਿ ਇਕ ਲੜਕਾ ਜੋ ਇਲੈਕਟ੍ਰੀਸ਼ਨ ਦਾ ਕੰਮ ਜਾਣਦਾ ਸੀ, ਮੇਰਾ ਹਿੱਸੇਦਾਰ ਬਣਨ ਲਈ ਸੰਪਰਕ ਕਰਨ ਲੱਗਾ। ਜਲਦੀ ਹੀ ਮੈਂ ਉਸ ਨੂੰ ਇਸ ਸ਼ਰਤ ਤੇ ਅੱਧ ਦਾ ਹਿੱਸੇਦਾਰ ਬਣਾ ਲਿਆ ਕਿ ਰਾਤਾਂ ਨੂੰ ਜੋ ਫਾਲਟ ਵਗੈਰਾ ਹੋਣਗੇ, ਉਹੀ ਠੀਕ ਕਰਨ ਜਾਵੇਗਾ। ਹੁਣ ਪੜ੍ਹਨ ਲਈ ਰਾਤ ਦਾ ਸਮਾਂ ਕਾਫ਼ੀ ਸੀ, ਮੱਛਰ ਮੇਰੇ ਲਈ ਸਮੱਸਿਆ ਨਹੀਂ ਸੀ ਸਗੋਂ ਜਾਗਦੇ ਰਹਿਣ ਲਈ ਇਹ ਚੰਗਾ ਹੀ ਸਾਬਤ ਹੋਇਆ।
ਦਾਖ਼ਲਾ ਪ੍ਰੀਖਿਆ ਹੋਈ, ਮੈਂ ਪਾਸ ਹੋ ਗਿਆ ਅਤੇ ਇੱਕ ਅੱਛੇ ਨਾਮੀ ਕਾਲਜ ਵਿਚ ਦਾਖਲਾ ਮਿਲ ਗਿਆ। ਬੀਐੱਡ ਨਾਲ ਮੋਟਰ ਮਕੈਨਕੀ ਵੀ ਚਲਦੀ ਰਹੀ। … ਫਿਰ 2011 ਵਿਚ ਪੰਜਾਬ ਸਟੇਟ ਅਧਿਆਪਕ ਯੋਗਤਾ ਟੈਸਟ ਪਾਸ ਕਰ ਕੇ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਦੀ ਨੌਕਰੀ ਮਿਲ ਗਈ। ਹੌਲੀ ਹੌਲੀ ਮਕੈਨਿਕ ਤੋਂ ਮਾਸਟਰ ਵਾਲੀ ਲੀਹ ਤੇ ਪੈ ਗਿਆ। ਸਰਕਾਰੀ ਮਾਸਟਰ ਬਣ ਕੇ ਜਦ ਬੱਚਿਆਂ ਦੇ ਘਰਾਂ ਦੀਆਂ ਸਮੱਸਿਆਵਾਂ ਸੁਣਦਾ ਹਾਂ ਤਾਂ ਜਾਪਦਾ ਹੈ ਕਿ ਮੇਰਾ ਭੂਤਕਾਲ ਮੇਰੇ ਵਰਤਮਾਨ ਵਿਚੋਂ ਲੰਘ ਰਿਹਾ ਹੋਵੇ। ਅਕਸਰ ਬੱਚਿਆਂ ਨੂੰ ਲਗਨ, ਠਰੰਮੇ ਅਤੇ ਉਮੀਦ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹਾਂ।
ਸੰਪਰਕ: 90232-90500