ਕੁਲਦੀਪ ਸਿੰਘ ਧਨੌਲਾ
ਚਾਰ-ਸਾਢੇ ਚਾਰ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਸਾਡੇ ਪਿੰਡ ਜੈਦਾਂ ਦੀ ਪੱਤੀ (ਚੌਕ) ਦੀ ਸੱਥ ਵਿਚ ਕਾਮਰੇਡਾਂ ਦੇ ਡਰਾਮੇ ਹੁੰਦੇ ਹੁੰਦੇ ਸਨ। ਸਾਰੇ ਪਿੰਡ ਦੇ ਕੀ ਨਿਆਣੇ, ਕੀ ਸਿਆਣੇ; ਕੀ ਕੁੜੀਆਂ, ਕੀ ਬੁੜ੍ਹੀਆਂ ਸਭ ਟਿਕਟਿਕੀ ਲਾ ਕੇ ਉਨ੍ਹਾਂ ਦੇ ਭਾਸ਼ਣ ਸੁਣਦੇ। ਨੇੜਲੇ ਪਿੰਡਾਂ ਦੇ ਲੋਕ ਵੀ ਡਰਾਮਾ ਦੇਖਣ-ਸੁਣਨ ਆਏ ਹੁੰਦੇ। ਭਾਸ਼ਣ ਤੇ ਡਰਾਮਾ ਚੱਲਦੇ ਨੂੰ ਅੱਧੀ ਅੱਧੀ ਰਾਤ ਹੋ ਜਾਣੀ, ਮਜਾਲ ਐ ਕਿਸੇ ਦੀ ਉੱਠ ਖੜ੍ਹਦਾ। ਡਰਾਮਾ ਓਨਾ ਚਿਰ ਚਲਦਾ ਰਹਿੰਦਾ, ਜਿੰਨਾ ਚਿਰ ਪ੍ਰਬੰਧਕ ਬੰਦ ਹੋਣ ਦਾ ਐਲਾਨ ਨਾ ਕਰਦੇ।
ਇਕ-ਦੋ ਦਿਨ ਪਹਿਲਾਂ ਸ਼ਾਮ ਨੂੰ ਰਿਕਸ਼ੇ ਤੇ ਸਪੀਕਰ ਲਾ ਕੇ ਸਾਰੇ ਪਿੰਡ ਵਿਚ ਮੁਨਾਦੀ ਕਰਵਾਉਣੀ ਕਿ ‘ਭਾਈ! ਫਲਾਣੇ ਦਿਨ ਜੈਦਾਂ ਦੀ ਸੱਥ ਵਿਚ ਡਰਾਮਾ ਹੋ ਰਿਹਾ ਹੈ’। ਆਉਣ ਵਾਲੇ ਬੁਲਾਰਿਆਂ ਦੇ ਨਾਂ ਵੀ ਦੱਸੇ ਜਾਂਦੇ। ਉਦੋਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਲੈ-ਦੇ ਕੇ ਇਹ ਡਰਾਮੇ ਹੀ ਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਟੈਲੀਵਿਜ਼ਨ ਨਹੀਂ ਸੀ ਹੁੰਦਾ। ਬਸ ਰੇਡੀਓ ਹੀ ਖ਼ਬਰਾਂ ਅਤੇ ਗੀਤ ਸੁਣਨ ਦਾ ਇਕੋ-ਇਕ ਸਾਧਨ ਸੀ। ਡਰਾਮਿਆਂ ਦੌਰਾਨ ਇਕ ਮੁੰਡਾ ਘਰ ਦਾ ਮੁਖੀ ਬਣਿਆ ਹੁੰਦਾ ਅਤੇ ਦੂਜਾ ਮੁੰਡਾ ਕੁੜੀ ਦੇ ਰੂਪ ਵਿਚ ਉਹਦੀ ਪਤਨੀ ਬਣਦਾ। ਦੋਵੇਂ ਕਬੀਲਦਾਰੀ ਦੀਆਂ ਗੱਲਾਂ ਇਸ ਤਰ੍ਹਾਂ ਪੇਸ਼ ਕਰਦੇ ਕਿ ਸਰੋਤਿਆਂ ਨੂੰ ਜਾਪਦਾ, ਇਹ ਤਾਂ ਉਨ੍ਹਾਂ ਦੇ ਜੀਵਨ ਦੀ, ਉਨ੍ਹਾਂ ਦੇ ਘਰ ਦੀ ਕਹਾਣੀ ਹੈ।
ਬੁਲਾਰਿਆਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਲੋਕਾਂ ਨਾਲ ਸਰਕਾਰ ਤੇ ਪੁਲੀਸ ਦੀਆਂ ਵਧੀਕੀਆਂ, ਪੈਟਰੋਲ ਪੰਪਾਂ ਤੇ ਡੀਜ਼ਲ ਦੀ ਥੁੜ੍ਹ ਜਾਂ ਨਾ ਮਿਲਣਾ ਹੁੰਦੇ। ਲੋਕ ਡੀਜ਼ਲ ਦੀ ਉਡੀਕ ਵਿਚ ਪੈਟਰੋਲ ਪੰਪਾਂ ਤੇ ਢੋਲੀਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲਾਈ ਰੱਖਦੇ, ਪਤਾ ਹੀ ਨਹੀਂ ਸੀ ਹੁੰਦਾ ਕਿ ਡੀਜ਼ਲ ਵਾਲਾ ਟੈਂਕਰ ਕਦੋਂ ਆ ਜਾਵੇ। ਬੁਲਾਰਾ ਆਪਣੇ ਭਾਸ਼ਣ ਵਿਚ ਉਚੇਚਾ ਐਲਾਨ ਕਰਦਾ ਕਿ ਸੀਡੀਆਈ ਵਾਲਾ ਭਰਾ ਉਨ੍ਹਾਂ ਦੇ ਭਾਸ਼ਨ ਦਾ ਸ਼ਬਦ ਸ਼ਬਦ ਲਿਖ ਲਵੇ ਤਾਂ ਕਿ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤਕ ਪਹੁੰਚ ਜਾਵੇ! ਕਾਮਰੇਡ ਆਪਣੇ ਭਾਸ਼ਣਾਂ ਵਿਚ ਪ੍ਰਕਾਸ਼ ਸਿੰਘ ਬਾਦਲ ਦੀਆਂ ਜ਼ਮੀਨਾਂ ਦੇ ਵੱਡੇ ਵੱਡੇ ਟੱਕਾਂ ਦੀਆਂ ਗੱਲਾਂ ਕਰਦੇ। ਫਿਰ ਡਰਾਮੇ ਵਿਚ ਸੁਣੀਆਂ ਖ਼ਬਰਾਂ ਦੀ ਚਰਚਾ ਲੋਕ ਖੁੰਢਾਂ ਤੇ ਬੈਠੇ ਕਈ ਕਈ ਦਿਨ ਕਰਦੇ ਰਹਿੰਦੇ।
ਡਰਾਮੇ ਤਾਂ ਸਾਰੇ ਇਸੇ ਸੱਥ ਵਿਚ ਹੁੰਦੇ ਸਨ ਪਰ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਬਾਹਰਲੇ ਗੁਰਦੁਆਰੇ ਸਾਹਮਣੇ ਦਾਣਾ ਮੰਡੀ ਵਿਚ ਹੁੰਦੀਆਂ। ਇਕ ਵਾਰ ਦਾਣਾ ਮੰਡੀ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਦਿੱਤਾ ਭਾਸ਼ਣ ਅੱਜ ਵੀ ਅਭੁੱਲ ਯਾਦ ਬਣਿਆ ਹੋਇਆ ਹੈ। ਹੋਇਆ ਇਉਂ ਕਿ ਰੈਲੀ ਵਿਚ ਆਉਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਵਡਿਆਈ ਵਾਲੇ ਭਾਸ਼ਣ ਵਿਚ ਉਨ੍ਹਾਂ ਨੂੰ ਲੋਕਾਂ ਦਾ ਮਸੀਹਾ, ਪੰਜਾਬ ਦੀ ਕਿਸਾਨੀ ਦਾ ਰਖਵਾਲਾ ਤੇ ਹੋਰ ਪਤਾ ਨਹੀਂ ਕੀ ਕੀ ਕਿਹਾ ਗਿਆ ਸੀ। ਇਹ ਦ੍ਰਿਸ਼ ਯਾਦ ਵਿਚ ਵੀ ਇਸ ਕਰ ਕੇ ਵੀ ਉਕਰਿਆ ਹੈ ਕਿਉਂਕਿ ਬਚਪਨ ਤੋਂ ਹੀ ਬਾਦਲ ਬਾਦਲ ਸੁਣਦੇ ਆ ਰਹੇ ਹਾਂ। ਉਦੋਂ ਤਾਂ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦਾ ਹੀ ਨਾਂ ਸੁਣੀਂਦਾ ਸੀ, ਹੁਣ ਤਾਂ ਉਨ੍ਹਾਂ ਦਾ ਪੁੱਤ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਨੂੰਹ ਦਾ ਭਰਾ ਬਿਕਰਮ ਸਿੰਘ ਮਜੀਠੀਆ ਵੀ ਰਾਜਨੀਤੀ ਵਿਚ ਬਰਾਬਰ ਖੜ੍ਹੇ ਹਨ। ਬਾਦਲ ਦੇ ਬਰਾਬਰ ਪੰਜਾਬ ਵਿਚ ਹੋਰ ਕਿਸੇ ਸਿਆਸਤਦਾਨ ਦਾ ਐਨਾ ਵੱਡਾ ਕੋੜਮਾ ਨਹੀਂ ਜਿਸ ਨੇ ਸਿਆਸਤ ਵਿਚ ਅਮਰਵੇਲ ਵਾਂਗ ਇਉਂ ਜੱਫਾ ਮਾਰਿਆ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਦੇ ਟੀਵੀ ਚੈਨਲ ਵੀ ਬਾਦਲ ਬਾਦਲ ਕਰਦੇ ਰਹਿੰਦੇ ਹਨ। ਹੋਰ ਪਤਾ ਨਹੀਂ ਉਨ੍ਹਾਂ ਦੇ ਕੀ ਕੀ ਕਾਰੋਬਾਰ ਹਨ। ਇਹਦਾ ਮਤਲਬ ਕਾਮਰੇਡ ਡਰਾਮੇ ਵਿਚ ਜੋ ਗੱਲਾਂ ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਹਾ ਕਰਦੇ ਸਨ, ਉਹ ਸੋਲ਼ਾਂ ਆਨੇ ਸੱਚੀਆਂ ਸਨ!
ਖ਼ੈਰ! ਦਾਣਾ ਮੰਡੀ ਵਿਚ ਰੈਲੀ ਨੂੰ ਸੰਬੋਧਨ ਦੌਰਾਨ ਬਾਦਲ ਦੇ ਭਾਸ਼ਣ ਦਾ ਮੁੱਖ ਵਿਸ਼ਾ ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ ਵੱਧ ਅਧਿਕਾਰ ਦੇਣ, ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਅਤੇ ਹਰਿਆਣੇ ਵਿਚ ਰਹਿ ਗਏ ਪੰਜਾਬੀ ਬੋਲਦੇ ਪਿੰਡ ਮੁੜ ਪੰਜਾਬ ਵਿਚ ਸ਼ਾਮਲ ਕਰਵਾਉਣ ਦਾ ਹੁੰਦਾ ਸੀ (ਜਿਹੜਾ ਅੱਜਕੱਲ੍ਹ ਨਹੀਂ ਰਿਹਾ)। ਇਸ ਬਾਰੇ ਇਕ ਉਦਾਹਰਨ ਉਨ੍ਹਾਂ ਪਿੰਡ ਕੁੱਤੀਵਾਲ ਦੀ ਦਿੱਤੀ; ਅਖੇ- “ਇਕ ਵਾਰ ਕੁੱਤੀਵਾਲ ਪੰਚਾਇਤ ਮੇਰੇ ਕੋਲ ਆ ਕੇ ਕਹਿਣ ਲੱਗੀ- ਬਾਦਲ ਸਾਹਬ, ਸਾਡੇ ਪਿੰਡ ਦਾ ਨਾਂ ਬੜਾ ਭੈੜਾ ਲਗਦਾ ਹੈ। ਜਦੋਂ ਕੁੜੀਆਂ-ਮੁੰਡਿਆਂ ਦੇ ਰਿਸ਼ਤਿਆਂ ਦੀ ਗੱਲ ਤੁਰਦੀ ਹੈ ਤਾਂ ਲੋਕ ਪਿੰਡ ਦਾ ਨਾਂ ਸੁਣ ਕੇ ਕੰਨੀਂ ਕਤਰਾਊਂਦੇ ਹਨ। ਇਸ ਕਰ ਕੇ ਸਾਡੇ ਪਿੰਡ ਦਾ ਨਾਂ ਬਦਲ ਦਿਓ। … ਮੈਂ ਕਿਹਾ- ਇਹ ਕਿਹੜੀ ਗੱਲ ਐ, ਪਿੰਡ ਦਾ ਨਾਂ ਬਦਲ ਦਿਆਂਗਾ ਪਰ ਜਦੋਂ ਮੈਂ ਚੰਡੀਗੜ੍ਹ ਜਾ ਕੇ ਆਪਣੇ ਸੈਕਟਰੀ ਨਾਲ ਪਿੰਡ ਦਾ ਨਾਂ ਬਦਲਣ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗਿਆ- ਪਿੰਡ ਦਾ ਨਾਂ ਤੁਸੀਂ ਨਹੀਂ ਬਦਲ ਸਕਦੇ, ਇਹਦੇ ਬਾਰੇ ਤਾਂ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਣੀ ਹੈ। … ਮੈਂ ਸੋਚਿਆ, ਉਹ ਕਾਹਦਾ ਮੁੱਖ ਮੰਤਰੀ ਜਿਹੜਾ ਆਪਣੇ ਰਾਜ ਦੇ ਕਿਸੇ ਪਿੰਡ ਦਾ ਨਾਂ ਬਦਲਣ ਦਾ ਵੀ ਅਧਿਕਾਰ ਨਾ ਰੱਖਦਾ ਹੋਵੇ।”
ਇਸ ਰੈਲੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰ ਮੁੱਖ ਮੰਤਰੀ ਬਣੇ। ਹੁਣ ਉਨ੍ਹਾਂ ਦੇ ਸਿਰ ਉੱਤੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸਿਹਰਾ ਸਜਿਆ ਹੋਇਆ ਹੈ ਪਰ ਕੁੱਤੀਵਾਲ ਦਾ ਨਾਂ ਅੱਜ ਵੀ ਕੁੱਤੀਵਾਲ ਹੀ ਹੈ!
ਦੁੱਖ ਦੀ ਗੱਲ ਤਾਂ ਇਹ ਹੈ ਕਿ ਬਾਦਲ ਨੇ ਪਿੰਡ ਦਾ ਨਾਂ ਬਦਲਣ ਨੂੰ ਤਰਜੀਹ ਹੀ ਨਹੀਂ ਦਿੱਤੀ ਅਤੇ ਦੋਸ਼ ਵੱਧ ਅਧਿਕਾਰਾਂ ਸਿਰ ਲਾ ਕੇ ਕੇਂਦਰ ਸਿਰ ਮੜ੍ਹ ਦਿੱਤਾ। ਜੇ ਉਹ ਰਾਤੋ-ਰਾਤ ਆਪਣੇ ਸਹੁਰੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀਆਂ ਦੋ ਪੰਚਾਇਤਾਂ ਬਣਾ ਕੇ ਦੋਹਾਂ ਸਾਲਿਆਂ ਨੂੰ ਸਰਪੰਚ ਬਣਾ ਕੇ ਖੁਸ਼ ਕਰ ਸਕਦੇ ਹਨ, ਫਿਰ ਕੁੱਤੀਵਾਲ ਦਾ ਨਾਂ ਬਦਲਣਾ ਕਿੰਨਾ ਕੁ ਔਖਾ ਸੀ? ਕਿਤੇ ਮਸਲਾ ਨੀਅਤ ਦਾ ਤਾਂ ਨਹੀਂ ਸੀ? ਇਹ ਸਵਾਲ ਅੱਜ ਤੱਕ ਖਹਿੜਾ ਨਹੀਂ ਛੱਡ ਰਿਹਾ। ਹੁਣ ਜਦੋਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ ਦੁਬਾਰਾ ਭਖਿਆ ਹੈ ਤਾਂ ਇਹ ਗੱਲਾਂ ਇਕ ਵਾਰ ਚੇਤਿਆਂ ਵਿਚੋਂ ਲੰਘ ਗਈਆਂ ਹਨ।
ਸੰਪਰਕ: 94642-91023