ਨਿੰਦਰ ਘੁਗਿਆਣਵੀ
ਅਜੇ ਪਰਸੋਂ ਚੌਥ ਦੀ ਗੱਲ ਹੈ, ਲੈਪਟਾਪ ਫੋਲ ਰਿਹਾ ਸਾਂ; ਬਾਪੂ ਦੇਵ ਥਰੀਕੇ ਵਾਲੇ ਨਾਲ ਕਈ ਫੋਟੋਆਂ ਮੂਹਰੇ ਆਈਆਂ ਤੇ ਲੋਪ ਹੋ ਗਈਆਂ। ਮਨ ਬਣਾਇਆ ਕਿ ਅਗਲੇ ਹਫਤੇ ਲੁਧਿਆਣੇ ਗੇੜੀ ਤੇ ਬਾਪੂ ਦੇਵ ਦੇ ਦਰਸ਼ਨ ਕਰਾਂਗੇ। ਹੁਣ ਤਾਂ ਸਤੀਸ਼ ਗੁਲਾਟੀ ਵੀ ਕੈਨੇਡਾ ਤੋਂ ਵਾਪਸ ਆ ਗਿਆ ਹੋਇਆ ਹੈ, ਸਤੀਸ਼ ਨਾਲ ਉਹਦੀ ਕਾਰ ਵਿਚ ਚਲਾ ਜਾਵਾਂਗਾ। ਸਤੀਸ਼ ਗੁਲਾਟੀ ਦੇਵ ਥਰੀਕਿਆਂ ਵਾਲੇ ਦਾ ਗੁਆਂਢੀ ਹੈ ਤੇ ਦੇਵ ਨੇ ਹੀ ਉਹਨੂੰ ਆਪਣੇ ਨੇੜੇ ਥਰੀਕੇ ਪਿੰਡ ਵਿਚ ਘਰ ਲੱਭ ਕੇ ਦਿੱਤਾ ਸੀ। ਮੈਂ ਤੇ ਨਿਰਮਲ ਜੌੜਾ ਨੇ ਦੇਵ ਥਰੀਕਿਆਂ ਵਾਲੇ ਨੂੰ ਅੰਕਲ ਕਹਿ ਕੇ ਕਦੇ ਨਹੀਂ ਸੀ ਬੁਲਾਇਆ, ਬਾਪੂ ਹੀ ਆਖਦੇ ਸਾਂ। ਹੋਰ ਵੀ ਬਥੇਰੇ ਉਹਨੂੰ ਬਾਪੂ ਹੀ ਆਖਦੇ ਸਨ; ਮਾਣਕ ਵੀ ਬਾਪੂ ਹੀ ਕਹਿੰਦਾ ਹੁੰਦਾ ਸੀ। ਉਹ ਲੋਕ ਗਾਥਾਵਾਂ, ਗੀਤਾਂ ਤੇ ਕਲੀਆਂ ਦਾ ਬਾਪੂ ਹੀ ਸੀ।
ਕੁਝ ਦਿਨ ਪਹਿਲਾਂ ਸਤੀਸ਼ ਗੁਲਾਟੀ ਵੱਲੋਂ ਭੇਜਿਆ, ਆਪਣੀਆਂ ਚਿੱਠੀਆਂ ਵਾਲੇ ਖਰੜੇ ਦੇ ਪਰੂਫ ਪੜ੍ਹ ਰਿਹਾ ਸਾਂ ਤਾਂ ਦੇਵ ਬਾਪੂ ਦੀਆਂ ਮੋਹ ਭਿੱਜੀਆਂ ਹਾਕਾਂ ਮਾਰਦੀਆਂ ਚਾਰ ਚਿੱਠੀਆਂ ਥਿਆਈਆਂ। ਹੁਣ ਚਿੱਠੀਆਂ ਦੇਖ ਰਿਹਾਂ… ਤੇਰੀ ਮੋਤੀਆ ਜਿਹੀ ਲਿਖਾਈ। ਵਾਹ ਓ ਬਾਪੂ! ਤੇਰੇ ਆਖਿ਼ਰੀ ਦੀਦਾਰੇ ਵੀ ਮੇਰੇ ਭਾਗਾਂ ਵਿਚ ਨਹੀਂ। ਪਿੰਡ ਬੈਠਾ ਅੱਖਾਂ ਭਰ ਰਿਹਾਂ। ਤੈਨੂੰ ਭਰੇ ਮਨ ਨਾਲ ਚੇਤੇ ਕਰ ਰਿਹਾਂ। ਫਿਰ ਕਦ ਫੇਰਾ ਪਾਵੇਂਗਾ ਪੰਜਾਬੀ ਗੀਤਾਂ ਦੇ ਸਰਵਣ ਪੁੱਤਰਾ? ਕਦ ਲਿਖੇਂਗਾ- ‘ਛੇਤੀ ਕਰ ਸਰਵਣ ਪੁੱਤਰਾ, ਪਾਣੀ ਪਿਲਾ ਦੇ ਓਏ’ ਤੇ ਕਦ ਲਿਖੇਂਗਾ- ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’ ਜਿਹੇ ਪਿਆਰੇ ਪਿਆਰੇ ਗੀਤ? ਪੁਰਾਣੇ ਗੀਤਕਾਰਾਂ ਵਿਚੋਂ ਜਦ ਇੰਦਰਜੀਤ ਹਸਨਪੁਰੀ ਤੁਰਿਆ ਸੀ ਤਾਂ ਪੰਜਾਬੀ ਗੀਤਕਾਰੀ ਦੇ ਸਰੋਵਰ ਦਾ ਕੰਢਾ ਖੁਰਿਆ ਸੀ, ਤੇ ਹੁਣ ਦੇਵ ਥਰੀਕਿਆਂ ਵਾਲੇ ਦੇ ਤੁਰ ਜਾਣ ਨਾਲ ਗੀਤਾਂ ਦਾ ਸਰੋਵਰ ਖਾਮੋਸ਼ ਹੋ ਗਿਆ ਹੈ, ਸਹਿਮ ਗਿਆ ਹੈ ਤੇ ਲੈ ਦੇ ਕੇ ਪੁਰਾਣਿਆਂ ਵਿਚੋਂ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਹੀ ਸਾਡੇ ਕੋਲ ਬਾਕੀ ਹੈ।
ਦੇਵ ਥਰੀਕਿਆਂ ਵਾਲੇ ਦੇ ਅਨੇਕਾਂ ਗੀਤ ਹਨ ਜਿਹੜੇ ਲੋਕਾਂ ਦੀ ਜ਼ਬਾਨ ਉਤੇ ਚੜ੍ਹੇ ਰਹੇ। ਇਨ੍ਹਾਂ ਵਿਚੋਂ ਕੁਝ ਕੁ ਹਨ: ਤੇਰੇ ਟਿੱਲੇ ਤੋਂ ਸੂਰਤ ਦੀਹਦੀ ਆ ਹੀਰ ਦੀ, ਕੌਣ ਪ੍ਰਾਹੁਣਾ ਆਇਆ, ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ, ਚਿੱਠੀਆਂ ਸਾਹਿਬਾਂ ਜੱਟੀ ਨੇ, ਤੇਰੀ ਆਂ ਮੈਂ ਤੇਰੀ ਰਾਂਝਾ, ਰਾਣੀ ਸੁੰਦਰਾਂ ਕਰੇ ਅਰਜ਼ੋਈ। ਦੇਵ ਥਰੀਕਿਆਂ ਵਾਲੇ ਨਾਲ ਮੇਰੀ ਪਹਿਲੀ ਮੁਲਾਕਾਤ 1990 ਵਿਚ ਜਗਦੇਵ ਸਿੰਘ ਜੱਸੋਵਾਲ ਨੇ ਸਾਡੇ ਗੁਆਂਢੀ ਪਿੰਡ ਗੋਲੇਵਾਲੇ ਉਸਤਾਦ ਲਾਲ ਚੰਦ ਯਮਲਾ ਜੀ ਦਾ ਬੁੱਤ ਲਗਵਾਉਣ ਵੇਲੇ ਕਰਵਾਈ ਸੀ। ਸੰਤ ਸਿੰਘ ਸੇਖੋਂ ਵੀ ਆਏ। ਜਸਵਮਤ ਸਿੰਘ ਕੰਵਲ, ਇੰਦਰਜੀਤ ਹਸਨਪੁਰੀ, ਹਰਦੇਵ ਦਿਲਗੀਰ…। ਬਸ, ਉਦਣ ਤੋਂ ਲੈ ਕੇ ਹੁਣ ਤੱਕ ਲਗਾਤਾਰ, ਬਾਪੂ ਦੇਵ ਦੇ ਸੰਪਰਕ ਵਿਚ ਰਿਹਾ ਹਾਂ।
ਦੇਵ ਥਰੀਕਿਆਂ ਵਾਲਾ ਹਰਦੇਵ ਦਿਲਗੀਰ ਦੇ ਨਾਂ ਹੇਠ ਬਾਲ ਸਾਹਿਤ ਲਿਖ ਲਿਖ ਅਖਬਾਰਾਂ ਵਿਚ ਛਪਵਾਉਂਦਾ ਰਿਹਾ। ਕਿਤਾਬਾਂ ਦੇ ਢੇਰ ਉਹਦੇ ਕਮਰੇ ਵਿਚ ਹਮੇਸ਼ਾ ਲੱਗੇ ਰਹੇ। ਅੱਖਾਂ ਦਾ ਅਪ੍ਰੇਸ਼ਨ ਕਰਵਾ ਕੇ ਵੀ ਪੜ੍ਹਨੋ-ਲਿਖਣੋ ਪ੍ਰਹੇਜ਼ ਨਾ ਕਰਦਾ। ਮੰਗਵਾ ਮੰਗਵਾ ਤੇ ਲੱਭ ਲੱਭ ਕੇ ਕਿਤਾਬਾਂ ਪੜ੍ਹਨੀਆਂ ਦੇਵ ਦਾ ਬਚਪਨ ਦਾ ਭੁਸ ਸੀ। ਦਸ ਕੁ ਸਾਲ ਹੋਏ, ਇਕ ਦਿਨ ਕਹਿੰਦਾ, “ਪੁੱਤਰਾ, ਮੈਂ ਬਲਵੰਤ ਗਾਰਗੀ ਦੀ ਵਾਰਤਕ ਦਾ ਸ਼ੈਦਾਈ ਆਂ, ਜੇ ਅੱਜ ਉਹ ਜਿਊਂਦਾ ਹੁੰਦਾ ਤਾਂ ਮੈਂ ਉਹਦੇ ਕੋਲ ਜਾ ਕੇ ਜ਼ਰੂਰ ਕਹਿੰਦਾ ਕਿ ਮੇਰੇ ਬਾਰੇ ਵੀ ਰੌਚਕ ਲੰਮਾ ਰੇਖਾ ਚਿਤਰ ਲਿਖ ਦੇ ਯਾਰ ਗਾਰਗੀ ਪਰ ਹੁਣ ਗਾਰਗੀ ਹੈ ਨਹੀਂ। ਪੁੱਤਰਾ, ਤੂੰ ਲਿਖਦੇ ਬੁੜ੍ਹੇ ਬਾਰੇ ਲੰਮਾ ਰੇਖਾ ਚਿੱਤਰ। ਆਹ ਦੇਖ ਰੱਖੀ ਹੋਈ ਆ ਸਿਰਹਾਣੇ ਗਾਰਗੀ ਦੀ ‘ਸ਼ਰਬਤ ਦੀਆਂ ਘੁੱਟਾਂ’।” ਮੈਂ ਹੱਸ ਕੇ ਟਾਲ ਜਿਹਾ ਦਿੱਤਾ। ਅਸਲ ਵਿਚ, ਬਾਪੂ ਮੇਰੀ ਕਲਮ ਦੀ ਪਕੜ ਵਿਚ ਨਹੀਂ ਸੀ ਆ ਰਿਹਾ। ਉਹਦੀ ਸ਼ਖ਼ਸੀਅਤ ਦਾ ਖਚਰਾਪਣ ਲੱਭ ਹੀ ਨਹੀਂ ਸੀ ਰਿਹਾ। ਰੇਖਾ ਚਿੱਤਰ ਲਿਖਣ ਵਾਸਤੇ ਕਿਸੇ ਦੀ ਸ਼ਖ਼ਸੀਅਤ ਦਾ ਭੋਰਾ ਖਚਰਾ ਕਚਰਾ ਲੱਭੇ! ਜਦ ਬਾਪੂ ਮਿਲਦਾ, ਉਲਾਂਭਾ ਪੈਰ ਉਤੇ ਪਿਆ ਹੁੰਦਾ, “ਓ ਲਿਖ ਦੇ ਪਤੰਦਰਾ ਹੁਣ ਤਾਂ ਰੇਖਾ ਚਿੱਤਰ! ਯਾਰ ਗੁਲਾਟੀ ਤੂੰ ਕਰ ਸਿਫਾਰਿਸ਼, ਤੇਰੀ ਨੀ ਮੋੜਦਾ ਏਹੇ, ਫਿਰ ਏਹੇ ਮਰੇ ਉਤੇ ਲਿਖੂਗਾ।”
ਖੈਰ! ਲਿਖਿਆ ਗਿਆ ਬਾਪੂ ਬਾਰੇ। ਬੜੇ ਥਾਈਂ ਛਪਿਆ। ਲੋਕਾਂ ਨੇ ਪਸੰਦ ਕੀਤਾ। ਬਾਪੂ ਬੜਾ ਖੁਸ਼ ਸੀ। ਬਾਪੂ ਦੀ ਚਾਹਤ ਸੀ ਕਿ ਨਿੰਦਰ ਤੇ ਜੌੜਾ ਉਹਦੇ ਬਾਰੇ ਸਾਂਝੀ ਕਿਤਾਬ ਲਿਖਣ। ਜੌੜਾ ਨੇ ਲੋਕਾਂ ਤੋਂ ਲੇਖ ਇਕੱਠੇ ਕਰਕੇ ਕਿਤਾਬ ਛਾਪ ਦਿੱਤੀ, ਮੇਰਾ ਵੀ ਛੋਟਾ ਲੇਖ ਸ਼ਾਮਲ ਸੀ ਪਰ ਦੇਵ ਥਰੀਕੇ ਵਾਲੇ ਦੇ ਗੀਤਾਂ ਦਾ ਲੇਖਾ ਜੋਖਾ ਤੇ ਉਸ ਦੀ ਸ਼ਖਸੀਅਤ ਬਾਰੇ ਲਿਖਣਾ ਕਾਫੀ ਕੁਝ ਪਰੇ ਰਹਿ ਗਿਆ ਸੀ। ਮੈਂ ਤੇ ਜੌੜਾ ਪੂਰਾ ਕੰਮ ਕਰਨ ਦੀਆਂ ਸਲਾਹਾਂ ਕਰਦੇ ਰਹਿ ਗਏ, ਸਮਾਂ ਮੀਤ ਨਾ ਬਣਿਆ, ਜਾਂ ਫਿਰ ਅਸੀਂ ਸਮੇਂ ਦੇ ਹਾਣੀ ਨਾ ਹੋ ਸਕੇ।
ਮੈਨੂੰ ਚੇਤੇ ਹੈ, ਦੇਰ ਦੀ ਗੱਲ ਐ, ਮੇਰੀ ਰਚਨਾ ‘ਜੱਜ ਦਾ ਅਰਦਲੀ’ ਪੜ੍ਹ ਕੇ ਬਾਪੂ ਦੇਵ ਨੇ ਲੰਮੀ ਚਿਠੀ ਲਿਖੀ ਸੀ। ਉਹ ਅਕਸਰ ਪੋਸਟ ਕਾਰਡ ਲਿਖਦੇ ਸੀ ਜੋ ਮੇਰੇ ਕੋਲ ਸਾਂਭੇ ਪਏ ਨੇ। ਜਦ ਜਦ ਮੈਂ ਕਰਨੈਲ ਸਿੰਘ ਪਾਰਸ, ਉਸਤਾਦ ਯਮਲਾ ਜੱਟ, ਜਗਦੇਵ ਸਿੰਘ ਜੱਸੋਵਾਲ, ਹੰਸ ਰਾਜ ਹੰਸ ਤੇ ਹੋਰਾਂ ਬਾਰੇ ਆਪਣੀਆਂ ਪੁਸਤਕਾਂ ਛਪਵਾਈਆਂ, ਤਦ ਤਦ ਬਾਪੂ ਦੇਵ ਨੇ ਇਨ੍ਹਾਂ ਹਸਤੀਆਂ ਬਾਰੇ ਆਪਣੀਆਂ ਮਿੱਠੀਆਂ ਯਾਦਾਂ ਕਲਮਬਧ ਕਰਕੇ ਡਾਕ ਰਾਹੀਂ ਭੇਜੀਆਂ। ਇਕ ਥਾਂ ਉਸ ਨੇ ਲਿਖਿਆ ਸੀ ਕਿ ਉਹ ਪਹਿਲੀ ਵਾਰੀ ਗੀਤਾਂ ਦੀ ਕਾਪੀ ਚੁੱਕ ਕੇ ਯਮਲਾ ਜੀ ਕੋਲ ਗਿਆ ਤਾਂ ਉਨ੍ਹਾਂ ਅਗਾਂਹ ਨਰਿੰਦਰ ਬੀਬਾ ਕੋਲ ਘੱਲ ਦਿੱਤਾ। ਬੀਬਾ ਨੇ ਗੀਤ ਰਿਕਾਰਡ ਕਰਵਾਇਆ। ਫਿਰ ਮਾਣਕ ਨਾਲ ਮੇਲ ਈਸਾਪੁਰ ਵਾਲੇ ਮਾਸਟਰ ਜੀ ਨੇ ਕਰਵਾ ਦਿਤਾ। ਬੱਸ ਫਿਰ ਤਾਂ ਦੇਵ ਦੇਵ ਹੋਗੀ ਚਾਰੇ ਪਾਸੇ। ਅੱਜ ਉਹਦੇ ਜਗਤ ਉਤੋਂ ਤੁਰਨ ਵੇਲੇ ਵੀ ਦੇਵ ਦੇਵ ਹੋ ਰਹੀ ਹੈ ਪਰ ਅੱਜ ਪੰਜਾਬ ਦਾ ਗੀਤ ਉਦਾਸ ਹੋ ਗਿਆ ਹੈ।
ਸੰਪਰਕ: 94174-21700