ਮਨਿੰਦਰ ਭਾਟੀਆ
ਇਹ 1967 ਦੀ ਗੱਲ ਹੈ। ਉਦੋਂ ਅਸੀਂ ਖੰਨੇ ਰਹਿੰਦੇ ਸੀ ਤੇ ਮੈਂ ਚੌਥੀ ਜਮਾਤ ਵਿਚ ਤਲਾਅ ਵਾਲੇ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਇਕ ਦਿਨ ਸ਼ਾਮ ਵੇਲੇ ਮਾਤਾ ਨੇ ਸਾਨੂੰ ਚਾਰੇ ਭੈਣ ਭਰਾਵਾਂ ਨੂੰ ਪਕੌੜੇ ਬਣਾ ਕੇ ਖੁਆਏ। ਬਾਕੀ ਭੈਣ ਭਰਾ ਤਾਂ ਖਾ ਕੇ ਚਲੇ ਗਏ ਤੇ ਮੈਂ ਮਾਤਾ ਕੋਲ ਹੀ ਬੈਠਾ ਖਾ ਰਿਹਾ ਸੀ ਤਾਂ ਮਾਤਾ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਕਿ ਜਦੋਂ ਤੂੰ ਪੈਦਾ ਹੋਇਆ ਸੀ ਤੇਰੇ ਨਾਨਾ ਜੀ ਨੇ ਇਕ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਬਣਵਾ ਕੇ ਮੈਨੂੰ ਦਿੱਤੀਆਂ ਸਨ, ਪਰ ਤੇਰੇ ਭਾਪਾ ਜੀ ਨੂੰ ਕਾਰੋਬਾਰ ਵਿਚ ਘਾਟਾ ਪੈਣ ਕਰਕੇ ਛੇਤੀ ਹੀ ਉਹ ਵੇਚਣੀਆਂ ਪਈਆਂ। ਇੰਨਾ ਕਹਿ ਕੇ ਮਾਤਾ ਦੇ ਚਿਹਰੇ ਦੇ ਜੋ ਹਾਵ ਭਾਵ ਸਨ, ਉਨ੍ਹਾਂ ਨੂੰ ਵੇਖ ਕੇ ਮੈਂ ਮਨ ਹੀ ਮਨ ਸੋਚਿਆ ਕਿ ਜਦੋਂ ਮੈਂ ਵੱਡਾ ਹੋ ਕੇ ਪੈਸੇ ਕਮਾਵਾਂਗਾ ਤਾਂ ਮੈਂ ਮਾਤਾ ਨੂੰ ਵਾਲੀਆਂ ਬਣਵਾ ਕੇ ਦਿਆਂਗਾ। ਭਾਪਾ ਜੀ ਕਾਰੋਬਾਰ ਦੇ ਸਬੰਧ ਵਿਚ ਕਈ ਕਈ ਮਹੀਨੇ ਘਰ ਨਹੀਂ ਸਨ ਪਰਤਦੇ। ਮਾਤਾ ਘਰ ਚਲਾਉਣ ਲਈ ਬੜੀ ਮਿਹਨਤ ਕਰਦੀ ਅਤੇ ਸਾਡੇ ਭੈਣ ਭਰਾਵਾਂ ਦਾ ਖ਼ਰਚਾ ਉਹ ਹੀ ਕੱਢਦੀ ਸੀ। ਅਸੀਂ ਵੀ ਆਪਣੇ ਆਪਣੇ ਵਿੱਤ ਮੁਤਾਬਕ ਪੜ੍ਹਾਈ ਦੇ ਨਾਲ ਨਾਲ ਮਿਹਨਤ ਕਰਦੇ। ਮੇਰੇ ਛੋਟੇ ਮਾਮਾ ਜੀ ਡਾ. ਪ੍ਰੀਤਮ ਸਿੰਘ ਪਟਿਆਲਾ ਭਾਸ਼ਾ ਵਿਭਾਗ ਵਿਚ ਡਿਪਟੀ ਡਾਇਰੈਕਟਰ ਲੱਗੇ ਹੋਏ ਸਨ। ਉਨ੍ਹਾਂ ਦਾ ਮਾਤਾ ਨਾਲ ਬਹੁਤ ਪਿਆਰ ਸੀ ਤੇ ਉਹ ਹਰ ਮਹੀਨੇ ਮਾਤਾ ਨੂੰ ਕੁਝ ਨਾ ਕੁਝ ਪੈਸੇ ਭੇਜਦੇ ਰਹਿੰਦੇ। ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਜਦੋਂ ਅਸੀਂ ਪਟਿਆਲਾ ਰਹਿੰਦੇ ਸੀ ਤਾਂ ਮਾਮਾ ਜੀ ਸਵੇਰੇ ਸਵੇਰੇ ਮਠਿਆਈ ਦਾ ਡੱਬਾ ਲੈ ਕੇ ਆ ਗਏ ਤੇ ਕਿਹਾ ਮੁਬਾਰਕਾਂ ਹੋਣ ਮੁੰਡਿਓ! ਮੂੰਹ ਮਿੱਠਾ ਕਰੋ, ਤੁਸੀਂ ਪਾਸ ਹੋ ਗਏ। ਉਸ ਵੇਲੇ ਨਤੀਜੇ ਅਖ਼ਬਾਰਾਂ ਵਿਚ ਛਪਦੇ ਸਨ। ਸਾਡੇ ਘਰ ਕੋਈ ਅਖ਼ਬਾਰ ਨਹੀਂ ਸੀ ਆਉਂਦੀ, ਪਰ ਮਾਮਾ ਜੀ ਦੇ ਘਰ ਸਵੇਰੇ ਹੀ ਅਖ਼ਬਾਰ ਆ ਜਾਂਦੀ ਸੀ।
ਮੈਂ ਉਦੋਂ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ ਜਦੋਂ ਵਜ਼ੀਫ਼ੇ ਲਈ ਇਕ ਸਪੈਸ਼ਲ ਪੇਪਰ ਹੋਇਆ ਸੀ। ਉਸ ਪੇਪਰ ਦੇ ਨਤੀਜੇ ਦਾ ਕੀ ਬਣਿਆ ਮੈਨੂੰ ਨਹੀਂ ਸੀ ਪਤਾ। ਸਾਲ ਬੀਤਦੇ ਗਏ ਤੇ ਮੈਂ ਅੱਠਵੀਂ ਜਮਾਤ ਵਿਚ ਹੋ ਗਿਆ। ਪੜ੍ਹਾਈ ਵਿਚ ਹੁਸ਼ਿਆਰ ਸੀ ਤੇ ਨਾਲ ਹੀ ਮੈਂ ਕ੍ਰਿਕਟ ਵੀ ਚੰਗੀ ਖੇਡਦਾ ਸੀ। ਮੇਰੇ ਕੋਲ ਬੈਟ ਜੋਗੇ ਪੈਸੇ ਨਹੀਂ ਹੁੰਦੇ ਸਨ। ਪੜ੍ਹਾਈ ਦੇ ਨਾਲ ਸਕੂਲ ਵਿਚ ਵਾਧੂ ਵਿਸ਼ਾ ਵੁੱਡ ਵਰਕ ਦਾ ਸੀ, ਜਿਸ ਕਰਕੇ ਮੈਂ ਆਪ ਹੀ ਖੇਡਣ ਲਈ ਲੱਕੜ ਦਾ ਬੈਟ ਬਣਾ ਲੈਂਦਾ। ਮੈਨੂੰ ਕ੍ਰਿਕਟ ਦਾ ਸ਼ੁਦਾਅ ਦੀ ਹੱਦ ਤਕ ਸ਼ੌਕ ਸੀ, ਪਰ ਪੈਸਿਆਂ ਦੀ ਘਾਟ ਕਰਕੇ ਮੈਂ ਸ਼ਹਿਰੋਂ ਬਾਹਰ ਖੇਡਣ ਨਾ ਜਾ ਸਕਿਆ ਤੇ ਨਾਂ ਹੀ ਕ੍ਰਿਕਟ ਦੀ ਕਿੱਟ ਖ਼ਰੀਦ ਸਕਿਆ ਕਿਉਂਕਿ ਕਿੱਟ ਬੜੀ ਮਹਿੰਗੀ ਸੀ। ਮੈਂ ਸ਼ਰਾਰਤੀ ਵੀ ਬਹੁਤ ਸੀ। ਇਕ ਦਿਨ ਸਕੂਲ ਦੇ ਅਕਾਊਂਟੈਂਟ ਨੇ ਮੈਨੂੰ ਦਫ਼ਤਰ ਬੁਲਾ ਕੇ ਕਿਹਾ ਕਿ ਘਰਦਿਆਂ ਨੂੰ ਬੁਲਾ ਕੇ ਲਿਆ। ਮੈਂ ਬਹੁਤ ਘਬਰਾ ਗਿਆ ਕਿ ਪਤਾ ਨਹੀਂ ਮੇਰੇ ਤੋਂ ਕੀ ਗ਼ਲਤੀ ਹੋ ਗਈ। ਮੈਂ ਘਰ ਆ ਕੇ ਮਾਤਾ ਜੀ ਨੂੰ ਦੱਸਿਆ। ਅਗਲੇ ਦਿਨ ਮਾਤਾ ਜੀ ਸਕੂਲ ਆ ਗਏ। ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਮੇਰੇ ਘਰਦਿਆਂ ਨੂੰ ਸਕੂਲ ਬੁਲਾਇਆ ਗਿਆ ਹੋਵੇ। ਜਿਵੇਂ ਹੀ ਮਾਤਾ ਜੀ ਦਫ਼ਤਰ ਗਏ ਤਾਂ ਉਨ੍ਹਾਂ ਨੇ ਅਕਾਊਂਟੈਂਟ ਤੋਂ ਪੁੱਛਿਆ ਕਿ ਬੇਟੇ ਨੇ ਕੀ ਕੀਤਾ ਹੈ? ਤਾਂ ਉਨ੍ਹਾਂ ਦੱਸਿਆ ਕਿ ਤੁਹਾਡੇ ਬੇਟੇ ਨੇ ਤਿੰਨ ਸਾਲ ਪਹਿਲਾਂ ਜੋ ਵਜ਼ੀਫੇ ਦਾ ਪੇਪਰ ਦਿੱਤਾ ਸੀ, ਉਸ ਨੇ ਉਹ ਪਾਸ ਕਰ ਲਿਆ ਸੀ। ਵਜ਼ੀਫੇ ਦੇ ਅੱਠ ਰੁਪਏ ਮਹੀਨਾ ਦੇ ਹਿਸਾਬ ਨਾਲ ਪਿਛਲੇ ਤੀਹ ਮਹੀਨਿਆਂ ਦੇ ਦੋ ਸੌ ਚਾਲੀ ਰੁਪਏ ਆਏ ਹਨ। ਉਸ ਨੇ ਮਾਤਾ ਜੀ ਨੂੰ ਪੈਸੇ ਦੇ ਦਿੱਤੇ ਤੇ ਉਨ੍ਹਾਂ ਤੋਂ ਸਾਈਨ ਕਰਵਾ ਲਏ। ਮੈਨੂੰ ਕੁਝ ਵੀ ਪਤਾ ਨਾ ਲੱਗਿਆ। ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ਮਾਤਾ ਨੇ ਕਿਹਾ ਕਿ ਤੇਰੇ ਵਜ਼ੀਫੇ ਦੇ ਪੈਸੇ ਆਏ ਹਨ, ਤੂੰ ਮੇਰੇ ਨਾਲ ਬਾਜ਼ਾਰ ਚੱਲ ਤੇ ਇਨ੍ਹਾਂ ਪੈਸਿਆਂ ਦੀ ਕ੍ਰਿਕਟ ਦੀ ਕਿੱਟ ਲੈ ਲੈ। ਮੇਰੇ ਮਨ ਵਿਚ ਮਾਤਾ ਦੀਆਂ ਵਾਲੀਆਂ ਵਾਲੀ ਗੱਲ ਸੀ। ਜਦੋਂ ਅਸੀਂ ਸੁਭਾਸ਼ ਬਾਜ਼ਾਰ ਵਿਚ ਗਏ ਤਾਂ ਮਾਤਾ ਮੈਨੂੰ ਖੇਡਾਂ ਦੇ ਸਾਮਾਨ ਵਾਲੀ ਦੁਕਾਨ ’ਤੇ ਲੈ ਗਈ, ਪਰ ਮੈਂ ਉਨ੍ਹਾਂ ਨੂੰ ਉਸ ਤੋਂ ਦੋ ਦੁਕਾਨਾਂ ਅੱਗੇ ਲੈ ਗਿਆ। ਇਹ ਸੁਨਿਆਰੇ ਦੀ ਦੁਕਾਨ ਸੀ। ਮੈਂ ਮਾਤਾ ਨੂੰ ਸੋਨੇ ਦੀਆਂ ਵਾਲੀਆਂ ਪਸੰਦ ਕਰਨ ਲਈ ਕਿਹਾ। ਭਾਵੇਂ ਮੈਂ ਬੜਾ ਛੋਟਾ ਸਾਂ, ਪਰ ਫੇਰ ਵੀ ਮੈਂ ਮਾਤਾ ਨੂੰ ਵਾਲੀਆਂ ਲੈਣ ਲਈ ਮਜਬੂਰ ਕੀਤਾ ਅਤੇ ਇਕ ਤੋਲੇ ਦੀਆਂ ਵਾਲੀਆਂ ਜਦੋਂ ਮਾਤਾ ਨੇ ਕੰਨਾਂ ਵਿਚ ਪਾਈਆਂ ਤਾਂ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਉਸ ਨੇ ਮੈਨੂੰ ਆਪਣੀ ਜੱਫੀ ਵਿਚ ਲੈ ਲਿਆ। ਸੁਨਿਆਰਾ ਅਤੇ ਦੁਕਾਨ ’ਤੇ ਬੈਠੇ ਹੋਏ ਗਾਹਕ ਸਾਡੇ ਵੱਲ ਬੜੀ ਹੈਰਾਨੀ ਨਾਲ ਦੇਖ ਰਹੇ ਸਨ।
ਸੰਪਰਕ: 99884-91002