ਸ਼ਵਿੰਦਰ ਕੌਰ
ਘਰ ਤਾਂ ਉਸ ਵਿਚ ਵਸਣ ਵਾਲੇ ਪਰਿਵਾਰਾਂ ਨਾਲ ਬਣਦੇ ਹਨ। ਬਸਿ਼ੰਦਿਆਂ ਬਿਨਾ ਤਾਂ ਇੱਟਾਂ, ਗਾਰੇ, ਸੀਮਿੰਟ ਨਾਲ ਬਣਿਆ ਢਾਂਚਾ ਦਿਲ ਤੋਂ ਬਗੈਰ ਹੱਡੀਆਂ ਦਾ ਪਿੰਜਰ ਵਾਂਗ ਹੀ ਹੁੰਦਾ। ਸਾਡਾ ਖਾਸਾ ਵੱਡਾ ਟੱਬਰ ਸੀ ਜਿੱਥੇ ਸਾਰਾ ਦਿਨ ਰੌਲਾ ਰੱਪਾ ਰਹਿੰਦਾ। ਇਸ ਦੇ ਉਲਟ ਸਾਡੇ ਨਾਲ ਵਾਲਾ ਘਰ ਜਿਸ ਨੂੰ ਅਸੀਂ ਅੰਮਾ ਵਾਲਾ ਘਰ ਕਹਿੰਦੇ ਸੀ, ਬਿਲਕੁਲ ਸੁੰਨ ਜਿਹਾ ਸੀ। ਜਿਸ ਦਿਨ ਦੀ ਸੁਰਤ ਸੰਭਾਲੀ ਸੀ, ਉਸ ਘਰ ਵਿਚ ਕੋਈ ਵੱਸਦਾ ਨਹੀਂ ਦੇਖਿਆ ਸੀ। ਘਰ ਕੀ ਸੀ, ਮਗਰ ਡਿੱਗੂ ਡਿੱਗੂ ਕਰਦੀ ਵੱਡੀ ਸਬਾਤ ਤੇ ਅੱਗੇ ਸਾਰਾ ਖਾਲੀ ਵਿਹੜਾ।
ਮੇਰੇ ਬਾਲ ਮਨ ਵਿਚ ਜਗਿਆਸਾ ਜਾਗਦੀ- ਇਸ ਘਰ ਵਿਚ ਕੋਈ ਰਹਿੰਦਾ ਕਿਉਂ ਨਹੀਂ? ਇਸ ਘਰ ਨੂੰ ਅੰਮਾ ਵਾਲਾ ਘਰ ਕਿਉਂ ਕਹਿੰਦੇ ਹਨ? ਮੈਂ ਆਪਣੀ ਮਾਂ ਦੁਆਲੇ ਹੋ ਜਾਂਦੀ ਅਤੇ ਉਸ ਨੂੰ ਸਵਾਲ-ਦਰ-ਸਵਾਲ ਕਰੀ ਜਾਂਦੀ: ਇਸ ਘਰ ਵਿਚ ਕੋਈ ਰਹਿੰਦਾ ਕਿਉਂ ਨਹੀਂ? ਘਰ ਵਾਲੇ ਕਿਧਰ ਗਏ? ਮੇਰੀ ਮਾਂ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਇਹ ਕਹਿ ਕੇ ਗੱਲ ਮੁਕਾ ਦਿੰਦੀ, “ਪੁੱਤ ਜਿਸ ਦਿਨ ਦੀ ਮੈਂ ਇਸ ਘਰ ਵਿਚ ਆਈ ਆਂ, ਮੈਂ ਤਾਂ ਆਪ ਇਸ ਨੂੰ ਇੰਜ ਹੀ ਸੁੰਨਾ ਪਿਆ ਦੇਖਿਅ ਹੈ। ਬਸ ਪਹਿਲਾਂ ਕੰਧ ਨਾਲ ਢਹਿ ਢੇਰੀ ਹੋ ਰਹੀਆਂ ਖੁਰਲੀਆਂ ਸਨ ਤੇ ਸਬਾਤ ਨਾਲ ਝਲਿਆਨੀ ਹੁੰਦੀ ਸੀ।
ਮਾਂ ਤੋਂ ਕੁਝ ਪੱਲੇ ਨਾ ਪੈਂਦਾ ਦੇਖ ਕੇ ਦਾਦੀ ਦੁਆਲੇ ਹੋ ਜਾਂਦੀ, ਆਪਣਾ ਉਹੀ ਸਵਾਲ ਦਾਦੀ ਕੋਲ ਦੁਹਰਾ ਦਿੰਦੀ। ਦਾਦੀ ਕੁਝ ਬੋਲਣ ਤੋਂ ਪਹਿਲਾਂ ਗਮ ਵਿਚ ਭਿੱਜੇ ਹੌਕੇ ਭਰਦੀ, ਫਿਰ ਗਮਗੀਨ ਆਵਾਜ਼ ਵਿਚ ਦੱਸਣ ਲੱਗ ਪੈਂਦੀ, “ਪੁੱਤ ਕਦੇ ਇਸ ਘਰ ਵਿਚ ਵੀ ਜਿ਼ੰਦਗੀ ਧੜਕਦੀ ਸੀ। ਖੂਬ ਰੌਣਕਾਂ ਹੁੰਦੀਆਂ ਸਨ। ਬੱਚਿਆਂ ਦੇ ਹਾਸੇ ਪਹਾੜੀ ਨਦੀ ਦੀ ਝੱਗ ਵਾਂਗੂ ਹਵਾ ਵਿਚ ਤੈਰਦੇ ਫਿਰਦੇ ਸਨ। ਬਲਦਾਂ ਦੇ ਗਲਾਂ ਵਿਚ ਪਾਈਆਂ ਟੱਲੀਆਂ ਛਣਕਦੀਆਂ ਸਨ। ਮੂੰਹ ਹਨੇਰੇ ਹੀ ਚਾਟੀ ਵਿਚ ਘੁੰਮਦੀ ਮਧਾਣੀ ਦੀ ਘੁਮਕਾਰ ਨਾਲ ਪਾਠ ਕਰਦੀ ਘਰ ਦੀ ਸੁਆਣੀ ਦੀ ਮਿੱਠੜੀ ਆਵਾਜ਼ ਘਰ ਦੀ ਫਿਜ਼ਾ ਨੂੰ ਸੰਗੀਤਮਈ ਬਣਾ ਦਿੰਦੀ ਸੀ। ਧਾਰ ਕੱਢਣ ਲਈ ਅੜਾਉਂਦੀਆ ਮੱਝਾਂ ਅਤੇ ਗਾਵਾਂ ਮਾਲਕਣ ਨੂੰ ਬਾਕੀ ਧੰਦੇ ਵਿਚੇ ਛੱਡ ਆਪਣੇ ਕੋਲ ਆਉਣ ਲਈ ਮਜਬੂਰ ਕਰਦੀਆਂ ਸਨ।… ਬੜੀ ਕਾਮੀ ਔਰਤ ਸੀ ਭੋਲੀ। ਖੂਹ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਣੇ, ਪਸ਼ੂ ਡੰਗਰ ਦੀ ਸਾਂਭ-ਸੰਭਾਲ ਕਰਨੀ, ਖੇਤ ਰੋਟੀ ਦੇਣ ਜਾਣਾ; ਗੱਲ ਕੀ, ਸਾਰਾ ਦਿਨ ਊਰੀ ਵਾਂਗੂੰ ਘੁੰਮਦੀ ਰਹਿੰਦੀ ਸੀ। ਥਕੇਵਾਂ ਤਾਂ ਜਿਵੇਂ ਉਸ ਦੇ ਨੇੜੇ ਆਉਣ ਤੋਂ ਡਰਦਾ ਸੀ।”
ਮੇਰੇ ਕੋਲੋਂ ਸਬਰ ਨਾ ਹੁੰਦਾ, ਮੈਂ ਵਿਚੋਂ ਹੀ ਗੱਲ ਟੋਕ ਕੇ ਪੁੱਛਣ ਲੱਗ ਜਾਂਦੀ, “ਹੁਣ ਫਿਰ ਉਹ ਸਾਰੇ ਕਿੱਥੇ ਉਠ ਗਏ?”
“ਜਾਣਾ ਕਿੱਥੇ ਸੀ ਪੁੱਤ! ਪਤਾ ਨਹੀਂ ਕੁਦਰਤ ਕਿਉਂ ਇਸ ਘਰ ਤੇ ਕਰੋਪ ਹੋ ਗਈ। ਸਭ ਤੋਂ ਵੱਡਾ ਮੁੰਡਾ ਫੌਜ ਵਿਚ ਭਰਤੀ ਹੋ ਗਿਆ। ਅੱਗ ਲੱਗਣੀ ਪਹਿਲੀ ਸੰਸਾਰ ਜੰਗ ਲੱਗੀ ਹੋਈ ਸੀ। ਟ੍ਰੇਨਿੰਗ ਦੇ ਕੇ ਸਿੱਧਾ ਮੁਹਾਜ਼ ਤੇ ਭੇਜ ਦਿੱਤਾ। ਬੁਰੀ ਤਰ੍ਹਾਂ ਫੱਟੜ ਹੋਣ ਤੇ ਅੰਗਰੇਜ਼ੀ ਹਕੂਮਤ ਨੇ ਕਲਕੱਤੇ ਹਸਪਤਾਲ ਦਾਖਲ ਕਰਾ ਦਿੱਤਾ। ਹਸਪਤਾਲ ਵਿਚ ਹੀ ਉਸ ਦਾ ਮੁਲਕ ਨੂੰ ਆਜ਼ਾਦ ਕਰਵਾਉਣ ਵਾਲੇ ਜੂਝਾਰੂਆਂ ਨਾਲ ਮੇਲ ਹੋ ਗਿਆ। ਠੀਕ ਹੋਣ ਤੇ ਘਰ ਵਾਪਸ ਆਉਣ ਦੀ ਥਾਂ ਉਹ ਉਨ੍ਹਾਂ ਦਾ ਸਾਥੀ ਬਣ ਨਿਵੇਕਲੇ ਰਾਹਾਂ ਦਾ ਪਾਂਧੀ ਬਣ ਗਿਆ।
ਮਗਰ ਦੋ ਧੀਆਂ ਤੇ ਇੱਕ ਪੁੱਤ ਉਸ ਘਰ ਦੇ ਵਿਹੜੇ ਦੀ ਰੌਣਕ ਸਨ। ਫਿਰ ਵਸਦੇ ਰਸਦੇ ਘਰ ਤੇ ਮਾੜੇ ਵਕਤ ਦਾ ਅਜਿਹਾ ਚੰਦਰਾ ਪਰਛਾਵਾਂ ਪਿਆ ਕਿ ਜਗਦੇ ਚਿਰਾਗਾਂ ਦੀ ਲੋਅ ਸਦਾ ਲਈ ਬੁਝ ਗਈ। ਪਹਿਲਾਂ ਮੁੰਡਾ ਅਤੇ ਫਿਰ ਦੋਨੋਂ ਕੁੜੀਆਂ ਨੂੰ ਵਾਰੀ ਵਾਰੀ ਕੁਲਹਿਣੀ ਮੌਤ ਨੇ ਮਾਂ ਬਾਪ ਤੋਂ ਖੋਹ ਲਿਆ। ਹੋਣੀ ਦੀ ਮਾਰ ਨੇ ਘਰ ਦੇ ਚਾਨਣਾਂ ਨੂੰ ਨਿਗਲ ਕੇ ਗੂੜ੍ਹੇ ਕਾਲੇ ਹਨੇਰੇ ਵਿਚ ਤਬਦੀਲ ਕਰ ਦਿੱਤਾ।
ਬੱਚਿਆਂ ਦੀ ਅਚਾਨਕ ਮੌਤ ਨੇ ਬਾਪ ਨੂੰ ਤੋੜ ਕੇ ਰੱਖ ਦਿੱਤਾ। ਉਹ ਇੰਨਾ ਵੱਡਾ ਸਦਮਾ ਨਾ ਸਹਿੰਦਾ ਹੋਇਆ ਆਪਣੀ ਹੋਸ਼ ਗੁਆ ਬੈਠਾ। ਛੇਤੀ ਹੀ ਬੱਚਿਆਂ ਦੇ ਮਗਰ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਮਗਰ ਰਹਿ ਗਈ ਇਕਲਾਪਾ ਭੋਗਣ ਨੂੰ ਇਕੱਲੀ ਭੋਲੀ। ਪਹਿਲਾਂ ਵੱਡੇ ਮੁੰਡੇ ਦੇ ਘਰੇ ਵਾਪਸ ਨਾ ਆਉਣ ਦਾ ਦੁੱਖ, ਫਿਰ ਉਸ ਤੋਂ ਛੋਟੇ ਦੇ ਭਰ ਜਵਾਨੀ ਵਿਚ ਤੁਰ ਜਾਣ ਦਾ ਦੁੱਖ, ਆਖਰ ਨੂੰ ਬਚਪਨ ਵਿਚ ਹੀ ਦੋਨਾਂ ਧੀਆਂ ਦੀ ਮੌਤ। ਇੱਕ ਮਗਰੋਂ ਦੂਜਾ, ਫਿਰ ਤੀਜਾ ਚੌਥਾ ਹਾਦਸੇ ਉਸ ਨੂੰ ਉਮਰ ਭਰ ਤੋੜਦੇ ਰਹੇ ਤੇ ਉਹ ਟੁਕੜੇ ਟੁਕੜੇ ਜਿ਼ੰਦਗੀ ਨੂੰ ਆਪਣੇ ਹਠ ਨਾਲ ਜੋੜਨ ਦਾ ਉਪਰਾਲਾ ਕਰਦੀ ਰਹੀ ਪਰ ਕੁਦਰਤ ਉਸ ਉੱਤੇ ਫਿਰ ਵੀ ਮਿਹਰਬਾਨ ਨਾ ਹੋਈ। ਉਸ ਨੂੰ ਆਪਣਾ ਆਪ ਵੀ ਸੁੰਨੇ, ਵੀਰਾਨ ਅਤੇ ਉੱਜੜੇ ਘਰ ਵਾਂਗ ਖਾਲੀ ਖਾਲੀ ਲੱਗਦਾ। ਚਾਰ ਚੁਫੇਰੇ ਪਸਰੀ ਚੁੱਪ ਤੱਕ ਕੇ ਉਸ ਨੂੰ ਡੋਬੂ ਪੈਂਦੇ ਪਰ ਆਪਣੇ ਵੱਡੇ ਪੁੱਤ ਦੇ ਵਾਪਸ ਆਉਣ ਦੀ ਆਸ ਦੀ ਕਿਰਨ ਸੀ ਜੋ ਉਸ ਨੂੰ ਜਿਊਣ ਲਈ ਸਾਹ ਬਖਸ਼ਦੀ ਸੀ।”
ਦਾਦੀ ਦੱਸੀ ਜਾ ਰਹੀ ਸੀ, “ਭੋਲੀ ਮੇਰੇ ਲਈ ਜੇਠਾਣੀਆਂ ਦੇ ਥਾਂ ਲੱਗਦੀ ਸੀ, ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ! ਬਹੁਤ ਕੁਝ ਖਤਮ ਹੋ ਜਾਣ ਦੇ ਬਾਵਜੂਦ ਉਸ ਨੇ ਸਬਰ ਸੰਤੋਖ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਆਪਣੇ ਅੰਦਰੋਂ ਵੱਡੇ ਪੁੱਤ ਦੇ ਵਾਪਸ ਆਉਣ ਦੀ ਆਸ ਖ਼ਤਮ ਨਾ ਹੋਣ ਦਿੱਤੀ। ਉਸ ਨੂੰ ਪਤਾ ਸੀ ਕਿ ਉਹਦਾ ਪੁੱਤ ਮੁਲਕ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਜੂਝ ਰਿਹਾ ਹੈ ਅਤੇ ਉਹ ਲਗਾਤਾਰ ਜੇਲ੍ਹਾਂ ਦਾ ਬਸਿ਼ੰਦਾ ਬਣਿਆ ਹੋਇਆ ਹੈ, ਇਸ ਲਈ ਘਰ ਨਹੀਂ ਆ ਰਿਹਾ ਪਰ ਆਸ ਸੀ ਕਿ ਕਦੇ ਤਾਂ ਆਵੇਗਾ ਹੀ!
ਜਿਊਂਦੇ ਜੀਅ ਪੁੱਤ ਨੂੰ ਦੇਖਣ, ਮਿਲਣ, ਉਸ ਦਾ ਘਰ ਵੱਸਦਾ ਦੇਖਣ ਦੀ ਚਾਹਤ ਜਿਸ ਨੇ ਉਸ ਦੇ ਦਿਲ ਦੀ ਧੜਕਣ ਨੂੰ ਚੱਲਦੀ ਰੱਖਿਆ ਹੋਇਆ ਸੀ, ਨੂੰ ਪੂਰਾ ਹੁੰਦਾ ਦੇਖਣ ਲਈ ਉਹ ਲਗਾਤਾਰ ਸੱਤ ਮੱਸਿਆ ਤੁਰ ਕੇ ਅੰਮ੍ਰਿਤਸਰ ਨਾਉਣ ਜਾਂਦੀ ਰਹੀ। ਸਾਡੇ ਵਿਚੋਂ ਕੋਈ ਨਾ ਕੋਈ ਉਸ ਦੇ ਨਾਲ ਜਾਂਦਾ। ਪੈਰ ਸੁੱਜ ਕੇ ਪਥੋਲੀਆਂ ਵਰਗੇ ਹੋ ਜਾਂਦੇ। ਆਖ਼ਰ ਇੱਕ ਦਿਨ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਕੇ, ਆਪਣੀ ਅਧੂਰੀ ਆਸ ਨਾਲ ਲੈ ਕੇ ਹੀ ਉਹ ਦੁਨੀਆ ਤੋਂ ਤੁਰ ਗਈ। ਆਖਰੀ ਉਮਰ ਵਿਚ ਇਸ ਘਰ ਵਿਚ ਇਕੱਲੀ ਰਹਿੰਦੀ ਰਹੀ ਹੋਣ ਕਰ ਕੇ ਹੀ ਇਸ ਨੂੰ ਸਾਰੇ ਅੰਮਾ ਵਾਲਾ ਘਰ ਕਹਿਣ ਲੱਗ ਪਏ ਸਨ। ਭੋਲੀ ਨੇ ਤਾਂ ਭਾਵੇਂ ਕੁਝ ਦੇਖਿਆ ਨਹੀਂ ਪਰ ਉਸ ਦੇ ਪੁੱਤ ਥੱਮਣ ਸਿਉਂ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਲਗਾਤਾਰ ਜੇਲ੍ਹਾਂ ਦੇ ਤਸੀਹੇ ਸਹਿ ਕੇ ਆਪਣੇ ਨਾਲ ਮਾਂ ਬਾਪ ਦਾ ਨਾਂ ਵੀ ਮੁਲਕ ਲਈ ਕੁਰਬਾਨੀ ਕਰਨ ਵਾਲਿਆਂ ਦੇ ਇਤਿਹਾਸ ਵਿਚ ਲਿਖਾ ਦਿੱਤਾ।”
… ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਪਰ ਹਾਕਮਾਂ ਨੂੰ ਇਹ ਅਹਿਸਾਸ ਕਿੱਥੇ ਕਿ ਆਜ਼ਾਦੀ ਲਈ ਕਿੰਨੇ ਨੌਜਵਾਨਾਂ ਨੇ ਹੱਸ ਹੱਸ ਫਾਂਸੀ ਦੇ ਰੱਸੇ ਗਲਿਆਂ ਵਿਚ ਪੁਆਏ ਅਤੇ ਆਜ਼ਾਦੀ ਦੇ ਪਰਵਾਨਿਆਂ ਦੇ ਪਰਿਵਾਰਾਂ ਨੂੰ ਕਿੰਨੀਆਂ ਮਸੀਬਤਾਂ ਵਿਚੋਂ ਦੀ ਲੰਘਣਾ ਪਿਆ! ਜੇਲ੍ਹਾਂ ਵਿਚ ਸੜਦੇ ਪੁੱਤਾਂ ਨੂੰ ਯਾਦ ਕਰਕੇ ਮਾਵਾਂ ਮੋਮਬੱਤੀ ਵਾਂਗ ਸੜਦੀਆਂ ਰਹੀਆਂ। ਬਹੁਤਿਆਂ ਦੇ ਘਰ ਘਾਟ, ਜ਼ਮੀਨਾਂ ਜਾਇਦਾਦਾਂ ਕੁਰਕ ਹੋ ਗਈਆਂ। ਆਉਂਦੀ ਆਉਂਦੀ ਆਜ਼ਾਦੀ ਲੱਖਾਂ ਪੰਜਾਬੀਆਂ ਦੇ ਖੂਨ ਨਾਲ ਰੰਗੀ ਗਈ।
ਮੁਲਕ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੇ ਜਿਹੋ ਜਿਹਾ ਮੁਲਕ ਬਣਾਉਣ ਦੇ ਸੁਫ਼ਨੇ ਲਏ ਸਨ, ਕੀ ਉਨ੍ਹਾਂ ਦੇ ਸੁਫ਼ਨੇ ਸਾਕਾਰ ਹੋਏ ਹਨ? ਭੋਲੀ ਵਰਗੀਆਂ ਲੱਖਾਂ ਮਾਵਾਂ ਜੋ ਸਾਰੀ ਜਿ਼ੰਦਗੀ ਪੁੱਤਾਂ ਨੂੰ ਤੱਕਣ ਲਈ ਤਰਸਦੀਆਂ ਇਸ ਜਹਾਨ ਤੋਂ ਬੇਆਸ ਤੁਰ ਗਈਆਂ, ਕਿਤੇ ਉਨ੍ਹਾਂ ਦੀ ਕੁਰਬਾਨੀ ਆਜਾਈਂ ਤਾਂ ਨਹੀਂ ਗਈ?
ਸੰਪਰਕ: 76260-63593