ਸੁਮੀਤ ਸਿੰਘ
ਮੇਰੇ ਮਾਤਾ ਜੀ ਅਮਰਜੀਤ ਕੌਰ 88 ਸਾਲ ਦੀ ਉਮਰ ਹੰਢਾ ਕੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਾਲਾਂ ਤੋਂ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੇ ਰੋਗ, ਜੋੜਾਂ ਦੇ ਦਰਦ ਅਤੇ ਪਾਰਕਿਨਸਨਜ਼ ਦੀ ਬਿਮਾਰੀ ਦਾ ਸ਼ਿਕਾਰ ਸਨ। ਇਸ ਦੇ ਬਾਵਜੂਦ ਦਵਾਈਆਂ ਖਾਂਦੇ, ਵਾਕਰ ਨਾਲ ਚੱਲਦਿਆਂ ਵੀ ਅੰਤਿਮ ਸਮੇਂ ਤਕ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਕੁਝ ਸਾਲ ਪਹਿਲਾਂ ਉਨ੍ਹਾਂ ਨਾਲ ਵਾਪਰੇ ਸੜਕੀ ਹਾਦਸਿਆਂ ਅਤੇ ਗੰਭੀਰ ਬਿਮਾਰੀਆਂ ਦੇ ਬਾਵਜੂਦ ਉਹ ਹਸਪਤਾਲਾਂ ਵਿਚੋਂ ਸਿਹਤਯਾਬ ਹੋ ਕੇ ਘਰ ਵਾਪਸ ਆਉਂਦੇ ਰਹੇ। ਪਰ 13 ਜਨਵਰੀ 2019 ਨੂੰ ਮੇਰੇ ਸਭ ਤੋਂ ਵੱਡੇ ਭਰਾ ਨਵਤੇਜ ਸਿੰਘ ਦੀ ਅਚਨਚੇਤ ਮੌਤ ਦੇ ਸਦਮੇ ਨੇ ਉਨ੍ਹਾਂ ਦੇ ਦਿਲੋ-ਦਿਮਾਗ਼ ਉੱਤੇ ਅਜਿਹਾ ਗੰਭੀਰ ਅਸਰ ਪਾਇਆ ਕਿ ਉਹ ਦਿਨੋ ਦਿਨ ਕਮਜ਼ੋਰ ਹੁੰਦੇ ਗਏ। ਪਿਛਲੇ ਸਾਲ ਦੇ ਅਖੀਰ ਤੋਂ ਉਨ੍ਹਾਂ ਦੀ ਯਾਦਦਾਸ਼ਤ ਵੀ ਘਟਣ ਲੱਗੀ ਸੀ। ਮਨੋਚਿਕਿਤਸਕ ਮਾਹਿਰ ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਡਿਮੈਨਸ਼ੀਆ ਨਾਂ ਦਾ ਰੋਗ ਲੱਗ ਗਿਆ ਸੀ ਜਿਸ ਨੇ ਉਨ੍ਹਾਂ ਦੇ ਖਾਣ ਪੀਣ, ਚੱਲਣ ਫਿਰਨ ਅਤੇ ਬੋਲਣ ਦੀਆਂ ਕਿਰਿਆਵਾਂ ਨੂੰ ਸੀਮਤ ਕਰ ਕੇ ਸਰੀਰ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਸੀ। ਕੁਝ ਮਹੀਨੇ ਬਿਸਤਰ ਉੱਤੇ ਰਹਿਣ ਤੋਂ ਬਾਅਦ ਅਖੀਰ 18 ਸਤੰਬਰ ਨੂੰ ਉਹ ਦਿਲ ਦੇ ਦੌਰੇ ਕਾਰਨ ਸਦੀਵੀ ਵਿਛੋੜਾ ਦੇ ਗਏ। ਅਜੇ ਕੁਝ ਦਿਨ ਪਹਿਲਾਂ 31 ਅਗਸਤ ਨੂੰ ਮੇਰੇ ਸੇਵਾਮੁਕਤੀ ਸਮਾਗਮ ਮੌਕੇ ਉਨ੍ਹਾਂ ਨੇ ਆਪਣੀ ਕਮਜ਼ੋਰ ਸਿਹਤ ਦੇ ਬਾਵਜੂਦ ਮੈਨੂੰ ਅਤੇ ਸਮੂਹ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ ਸੀ।
ਮੇਰੇ ਪਿਤਾ ਸ. ਜੋਗਿੰਦਰ ਸਿੰਘ ਦੀ 23 ਦਸੰਬਰ 1984 ਨੂੰ ਹੋਈ ਅਚਨਚੇਤ ਮੌਤ ਤੋਂ ਬਾਅਦ ਮਾਤਾ ਜੀ ਨੇ ਸਮੁੱਚੇ ਪਰਿਵਾਰ ਨੂੰ ਕਦੇ ਵੀ ਉਨ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਇਸ ਸਦਮੇ ਨੂੰ ਬੜੇ ਹੌਸਲੇ ਨਾਲ ਝੱਲਦਿਆਂ ਸਮੁੱਚੇ ਪਰਿਵਾਰ ਦੀ ਵਧੀਆ ਢੰਗ ਨਾਲ ਪਰਵਰਿਸ਼ ਕੀਤੀ। ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟਾ ਹੋਣ ਕਰਕੇ ਅਤੇ ਪਿਛਲੇ 37 ਸਾਲਾਂ ਤੋਂ ਮੇਰੇ ਨਾਲ ਲਗਾਤਾਰ ਰਹਿਣ ਕਰਕੇ ਮਾਤਾ ਜੀ ਨਾਲ ਮੇਰੇ ਬੇਤਹਾਸ਼ਾ ਮੋਹ ਸੀ। ਮੇਰੀ ਜ਼ਿੰਦਗੀ ਵਿਚ ਆਏ ਕਈ ਤਰ੍ਹਾਂ ਦੇ ਦੁੱਖ ਸੁੱਖ ਅਤੇ ਸਮੱਸਿਆਵਾਂ ਦੌਰਾਨ ਉਨ੍ਹਾਂ ਨੇ ਮੈਨੂੰ ਹੌਸਲਾ ਦੇਣ ਦੇ ਨਾਲ ਨਾਲ ਡਟ ਕੇ ਮੇਰਾ ਸਾਥ ਵੀ ਦਿੱਤਾ। ਪਿਤਾ ਜੀ ਨਾਲ ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਨੇ ਗ਼ਰੀਬੀ, ਬਿਮਾਰੀ ਸਮੇਤ ਕਈ ਦੁੱਖ-ਮੁਸੀਬਤਾਂ ਦਾ ਹੱਸਦੇ-ਹੱਸਦੇ ਮੁਕਾਬਲਾ ਕੀਤਾ। ਮੈਂ ਹੋਸ਼ ਸੰਭਾਲਣ ਤੋਂ ਬਾਅਦ ਮਾਤਾ ਜੀ ਨੂੰ ਹਮੇਸ਼ਾ ਘਰੇਲੂ ਕੰਮ ਕਰਦਿਆਂ ਹੀ ਵੇਖਿਆ ਹੈ। ਨੂੰਹਾਂ-ਪੁੱਤਾਂ ਦੇ ਹੁੰਦਿਆਂ ਉਨ੍ਹਾਂ ਦਾ 87 ਸਾਲ ਦੀ ਉਮਰੇ ਲਗਾਤਾਰ ਕੰਮ ਕਰਨਾ ਸਾਨੂੰ ਠੀਕ ਨਹੀਂ ਸੀ ਲੱਗਦਾ। ਇਸ ਕਰਕੇ ਅਕਸਰ ਸਾਡਾ ਉਨ੍ਹਾਂ ਨਾਲ ਬੋਲ-ਬੁਲਾਰਾ ਵੀ ਹੋ ਜਾਂਦਾ ਸੀ, ਪਰ ਉਹ ਇਹ ਬਹਾਨਾ ਬਣਾ ਕੇ ਸਾਡੀ ਗੱਲ ਅਣਸੁਣੀ ਕਰ ਦਿੰਦੇ ਸਨ ਕਿ ਛੋਟਾ ਮੋਟਾ ਕੰਮ ਕਰਨ ਨਾਲ ਉਨ੍ਹਾਂ ਦੇ ਹੱਥ ਪੈਰ ਚਲਦੇ ਰਹਿਣਗੇ। ਉਨ੍ਹਾਂ ਨੇ ਆਪਣੀ ਸੱਸ ਭਾਵ ਸਾਡੀ ਦਾਦੀ ਸਮੇਤ ਹੋਰਨਾਂ ਕਰੀਬੀ ਰਿਸ਼ਤੇਦਾਰਾਂ ਦੀ ਪੂਰੇ ਤਨ ਮਨ ਨਾਲ ਸੇਵਾ ਕੀਤੀ, ਪਰ ਬਿਮਾਰੀ ਦੇ ਆਖ਼ਰੀ ਕੁਝ ਮਹੀਨਿਆਂ ਨੂੰ ਛੱਡ ਕੇ ਉਹ ਸਾਰੀ ਉਮਰ ਬੜੀ ਖੁੱਦਾਰੀ ਨਾਲ ਆਪਣਾ ਆਪ ਖ਼ੁਦ ਸੰਭਾਲਦੇ ਰਹੇ। ਪੁਰਾਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਮੇਲ ਮਿਲਾਪ ਰੱਖਦੇ ਅਤੇ ਘਰ ਆਏ ਦੀ ਵਧੀਆ ਪ੍ਰਾਹੁਣਚਾਰੀ ਤੇ ਆਦਰ ਮਾਣ ਕਰਦੇ ਸਨ।
ਸੰਨ 1947 ਵਿਚ ਹਿੰਦੋਸਤਾਨ ਦੀ ਵੰਡ ਵੇਲੇ ਧਰਮ ਦੇ ਨਾਂ ’ਤੇ ਹੋਏ ਫ਼ਿਰਕੂ ਕਤਲੇਆਮ ਦੇ ਅੱਖੀਂ ਵੇਖੇ ਖ਼ੌਫ਼ਨਾਕ ਦ੍ਰਿਸ਼ ਯਾਦ ਕਰ ਕੇ ਉਨ੍ਹਾਂ ਦਾ ਮਨ ਭਰ ਆਉਂਦਾ। ਉਹ ਲਾਹੌਰ ਵਿਚ ਆਪਣੇ ਭਰੇ ਭਰਾਏ ਘਰਾਂ ਨੂੰ ਤਾਲੇ ਮਾਰ, ਵੱਢ ਟੁੱਕ ਦੌਰਾਨ ਜਾਨਾਂ ਬਚਾ ਕੇ ਪਰਿਵਾਰ ਸਮੇਤ ਅੰਮ੍ਰਿਤਸਰ ਆਏ ਸਨ, ਪਰ ਸਾਡੇ ਦਾਦਾ ਜੀ ਨੂੰ ਇਸ ਕਤਲੇਆਮ ਵਿਚ ਆਪਣੀ ਜਾਨ ਗੁਆਉਣੀ ਪਈ। ਇਸੇ ਵਜ੍ਹਾ ਕਰਕੇ ਉਨ੍ਹਾਂ ਦਾ ਧਰਮ ਅਤੇ ਰੱਬ ਦੇ ਸੰਕਲਪ ਤੋਂ ਵਿਸ਼ਵਾਸ ਉੱਠ ਗਿਆ ਸੀ। ਘਰ ਵਿਚ ਆਉਂਦੇ ਪੰਜਾਬੀ ਅਖ਼ਬਾਰ, ਵਿਗਿਆਨਕ ਰਸਾਲਿਆਂ ਅਤੇ ਤਰਕਸ਼ੀਲ ਸਾਹਿਤ ਨੂੰ ਲਗਾਤਾਰ ਪੜ੍ਹਦਿਆਂ ਪਿਛਲੇ ਕੁਝ ਸਾਲਾਂ ਤੋਂ ਉਹ ਵਿਗਿਆਨਕ ਸੋਚ ਦੇ ਪੱਕੇ ਧਾਰਨੀ ਬਣ ਚੁੱਕੇ ਸਨ। ਸਮਾਜ ਵਿਚ ਵਾਪਰਦੇ ਕਈ ਅਨੈਤਿਕ ਅਤੇ ਗ਼ੈਰ-ਵਿਗਿਆਨਕ ਵਰਤਾਰਿਆਂ ਸਬੰਧੀ ਉਹ ਆਪਣੇ ਵਿਚਾਰ ਵੀ ਪ੍ਰਗਟ ਕਰਦੇ। ਉਹ ਮੈਨੂੰ ਪਿਤਾ ਜੀ ਦੀ ਉੱਘੇ ਕਮਿਊਨਿਸਟ ਆਗੂ ਸਤਪਾਲ ਡਾਂਗ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਨੇੜਤਾ ਦੀਆਂ ਗੱਲਾਂ ਅਕਸਰ ਸੁਣਾਇਆ ਕਰਦੇ ਸਨ ਅਤੇ ਉਨ੍ਹਾਂ ਨੂੰ ਮੇਰੇ ਤਰਕਸ਼ੀਲ ਲਹਿਰ ਅਤੇ ਸਾਹਿਤਕ ਖੇਤਰ ਵਿਚ ਸਰਗਰਮ ਹੋਣ ਦੀ ਬੇਹੱਦ ਖ਼ੁਸ਼ੀ ਹੁੰਦੀ ਸੀ। ਉਹ ਕਿਸਾਨ ਅੰਦੋਲਨ ਪ੍ਰਤੀ ਕੇਂਦਰ ਸਰਕਾਰ ਵੱਲੋਂ ਅਪਣਾਏ ਵਤੀਰੇ ਸਬੰਧੀ ਅਕਸਰ ਫ਼ਿਕਰਮੰਦੀ ਜ਼ਾਹਿਰ ਕਰਦੇ ਸਨ। ਉਨ੍ਹਾਂ ਨੂੰ ਇਹ ਅਹਿਸਾਸ ਸੀ ਕਿ ਸਮਾਜ ਵਿਚਲੇ ਬਦਤਰ ਹਾਲਾਤ ਲਈ ਕੋਈ ਅਖੌਤੀ ਪਰਮਾਤਮਾ, ਕਿਸਮਤ ਜਾਂ ਪਿਛਲੇ ਜਨਮ ਦੇ ਕਰਮ ਨਹੀਂ ਸਗੋਂ ਮੌਜੂਦਾ ਪੂੰਜੀਵਾਦੀ, ਲੁਟੇਰਾ ਅਤੇ ਭ੍ਰਿਸ਼ਟ ਢਾਂਚਾ ਜ਼ਿੰਮੇਵਾਰ ਹੈ ਜਿਸ ਨੂੰ ਜਥੇਬੰਦਕ ਸੰਘਰਸ਼ਾਂ ਰਾਹੀਂ ਬਦਲਿਆ ਜਾ ਸਕਦਾ ਹੈ।
ਮਾਤਾ ਜੀ ਦਾ ਸਦੀਵੀ ਵਿਛੋੜਾ ਮੇਰੇ ਅਤੇ ਮੇਰੇ ਸਮੂਹ ਪਰਿਵਾਰ ਲਈ ਅਸਹਿ ਸਦਮਾ ਹੈ, ਪਰ ਮੈਂ ਇਸ ਨੂੰ ਕਿਸੇ ਅਖੌਤੀ ਪਰਮਾਤਮਾ ਦਾ ਮਿੱਠਾ ਭਾਣਾ ਨਹੀਂ ਮੰਨ ਸਕਦਾ। ਦਰਅਸਲ, ਬਿਮਾਰੀਆਂ, ਹਾਦਸਿਆਂ ਅਤੇ ਗ਼ੈਰ-ਕੁਦਰਤੀ ਮੌਤਾਂ ਲਈ ਕੋਈ ਅਖੌਤੀ ਪਰਮਾਤਮਾ ਨਹੀਂ ਸਗੋਂ ਮੌਜੂਦਾ ਸਾਮਰਾਜਪੱਖੀ ਅਤੇ ਮਨੁੱਖ ਵਿਰੋਧੀ ਭ੍ਰਿਸ਼ਟ ਰਾਜ ਪ੍ਰਬੰਧ ਜ਼ਿੰਮੇਵਾਰ ਹੈ।
ਕੁਝ ਮਹੀਨੇ ਪਹਿਲਾਂ ਮੇਰੇ ਮਾਤਾ ਜੀ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਉਨ੍ਹਾਂ ਦੇ ਅੰਤਿਮ ਸੰਸਕਾਰ ਅਤੇ ਸ਼ੋਕ ਸਮਾਗਮ ਮੌਕੇ ਕੋਈ ਵੀ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਨਾ ਕੀਤੀਆਂ ਜਾਣ। ਇਸੇ ਲਈ ਉਨ੍ਹਾਂ ਦਾ ਸਸਕਾਰ ਕਿਸੇ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਤੋਂ ਬਗੈਰ ਅਤੇ ਲੱਕੜਾਂ ਦੀ ਥਾਂ ਐਲ.ਪੀ.ਜੀ. ਰਾਹੀਂ ਕੀਤਾ ਗਿਆ ਅਤੇ ਸ਼ੋਕ ਸਮਾਗਮ ਵੀ ਗ਼ੈਰ-ਧਾਰਮਿਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਅਰਥੀ ਨੂੰ ਮੋਢਾ ਨੂੰਹਾਂ ਅਤੇ ਪੋਤੇ ਪੋਤਰੀਆਂ ਨੇ ਦਿੱਤਾ। ਮੇਰੇ ਪਰਿਵਾਰ ਨੇ ਕਿਸੇ ਧਾਰਮਿਕ ਸਥਾਨ ’ਤੇ ਜਾ ਕੇ ਮੱਥੇ ਰਗੜਨ ਤੇ ਪਾਠ-ਪੂਜਾ ਕਰਨ ਦੀ ਥਾਂ ਆਪਣੇ ਮਾਤਾ ਜੀ ਦਾ ਆਧੁਨਿਕ ਡਾਕਟਰੀ ਇਲਾਜ ਕਰਵਾਇਆ ਅਤੇ ਸੇਵਾ ਭਾਵ ਨਾਲ ਵੱਧ ਤੋਂ ਵੱਧ ਸਾਂਭ ਸੰਭਾਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮਾਤਾ ਜੀ ਵੱਲੋਂ ਆਪਣੀ ਜ਼ਿੰਦਗੀ ਵਿਚ ਸਮਾਜ ਅਤੇ ਪਰਿਵਾਰ ਦੇ ਵਿਕਾਸ ਵਿਚ ਪਾਏ ਅਹਿਮ ਯੋਗਦਾਨ ਅਤੇ ਨਿੱਘੀਆਂ ਸਾਂਝਾ ਨੂੰ ਯਾਦ ਕਰਨ ਹਿਤ ਇਕ ਗ਼ੈਰ-ਧਾਰਮਿਕ ਸ਼ੋਕ ਸਮਾਗਮ ਪਸ਼ੌਰੀਆ ਹਾਲ, ਕੋਰਟ ਰੋਡ, ਅੰਮ੍ਰਿਤਸਰ ਵਿਖੇ ਅੱਜ 29 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤਕ ਕੀਤਾ ਜਾ ਰਿਹਾ ਹੈ।
ਸੰਪਰਕ: 76960-30173