ਮੇਰੇ ਪਿੰਡ ਦੀ ਆਬਾਦੀ ਪੰਜ ਹਜ਼ਾਰ ਦੇ ਕਰੀਬ ਹੈ। ਜਿੱਥੇ ਅੱਧੇ ਲੋਕ ਜ਼ਿਮੀਂਦਾਰਾ ਕਰਦੇ ਹਨ ਅਤੇ ਬਾਕੀ ਪੀੜ੍ਹੀਆਂ ਤੋਂ ਪਿਤਾ-ਪੁਰਖੀ ਕਿੱਤਿਆਂ ਦੇ ਨਾਲ-ਨਾਲ ਨਵੇਂ-ਨਵੇਂ ਕਾਰ-ਵਿਹਾਰਾਂ ਵਿਚ ਮਸ਼ਰੂਫ਼ ਹਨ। ਟਾਵੇਂ-ਟਾਵੇਂ ਘਰਾਂ ਦਾ ਇਕੱਲਾ-ਇਕਹਿਰਾ ਜੀਅ ਸਰਕਾਰੀ ਜਾਂ ਗ਼ੈਰ-ਸਰਕਾਰੀ ਨੌਕਰੀ ਵੀ ਕਰਨ ਲੱਗ ਪਿਆ ਹੈ। ਪਿੰਡ, ਲੁਧਿਆਣਾ ਸ਼ਹਿਰ ਦੇ ਨੇੜੇ ਹੋਣ ਕਰਕੇ ਹੁਣ ਦੁਧਾਰੂ ਪਸ਼ੂ ਪਾਲਕਾਂ ਅਤੇ ਦੁੱਧ ਵੇਚਣ ਦਾ ਕੰਮ ਕਰਨ ਵਾਲਿਆਂ ਦੀ ਵੀ ਬਹੁਤਾਤ ਹੈ। ਪਿੰਡ ਆਲੇ-ਦੁਆਲੇ ਤੋਂ ਜੱਦੀ ਬਾਈ-ਤੇਈ ਸੌ ਏਕੜ ਖੇਤੀ ਯੋਗ ਜ਼ਮੀਨ ਨਾਲ ਘਿਰਿਆ ਹੋਇਆ ਹੈ ਜਿਸ ਵਿੱਚੋਂ ਬਹੁਤੀ ਜ਼ਮੀਨ ਪਿੰਡ ਦੇ ਛਿਪਦੇ ਪਾਸੇ ਵਗਦੇ ਸੂਏ ਤੋਂ ਉਰਲੇ ਪਾਸੇ ਅਤੇ ਚਾਰ-ਪੰਜ ਸੈਂਕੜੇ ਪਾਰ ਵੀ ਹੈ।
ਸਾਡੇ ਆਪਣੇ ਲਾਣੇ ਦਾ ਪਹਿਲਾਂ ਤੋਂ ਹੀ ਪਿੰਡ ਵਿਚ ਚੰਗਾ ਆਧਾਰ ਚੱਲਿਆ ਆ ਰਿਹਾ ਹੈ। ਸਾਡੀ ਵਿਰਾਸਤੀ ਨਿਆਈਂ ਦੀ ਜ਼ਮੀਨ ਤੋਂ ਇਲਾਵਾ ਇਕ ਟਿੱਬਿਆਂ ਵਾਲਾ ਟੱਕ ਸੂਏ ਦੇ ਉਰਲੇ ਪਾਸੇ ਅਤੇ ਦੂਜਾ ਸੂਏ ਤੋਂ ਪਾਰ ਸੀ ਜੋ ਹੁਣ ਪਰਿਵਾਰਾਂ ਦੇ ਵਾਧੇ ਨਾਲ ਕਈ ਥਾਈਂ ਵੰਡੇ ਜਾ ਚੁੱਕੇ ਹਨ। ਅਠਾਰਾਂ ਕੁ ਵਰ੍ਹੇ ਪਹਿਲਾਂ ਨੌਕਰੀ ਮਿਲਣ ਪਿੱਛੋਂ ਮੈਂ ਖੇਤੀ ਛੱਡ ਗਿਆ ਅਤੇ ਜ਼ਮੀਨ ਠੇਕੇ ’ਤੇ ਦੇ ਦਿੱਤੀ ਜਿਸ ਕਰਕੇ ਆਪਣੇ ਟਿੱਬਿਆਂ ਵਾਲੇ ਖੇਤ ਸਾਲ-ਛਿਮਾਹੀਂ ਹੀ ਜਾ ਹੁੰਦਾ ਹੈ।
ਇਕ ਦਿਨ ਸਵੇਰੇ ਮੀਂਹ ਪਿਆ, ਜੀਅ ਕੀਤਾ ਖੇਤ ਗੇੜਾ ਮਾਰ ਆਵਾਂ। ਜਦੋਂ ਆਪਣੇ ਤਾਇਆ ਰਾਮ ਸਿੰਘ ਦੀ ਮੋਟਰ ਕੋਲ ਪਹੁੰਚਿਆ ਤਾਂ ਪਿੰਡ ਦੇ ਬੱਕਰੀਆਂ ਵਾਲੇ ਕਾਇਮਦੀਨ ਨੇ ਬੜੀ ਅਪਣੱਤ ਨਾਲ ਹਾਕ ਮਾਰੀ, ‘‘ਮਾਸਟਰ ਜੀ, ਆਜੋ ਚਾਹ ਪੀ ਕੇ ਜਾਇਓ।’’ ਅੱਗੋਂ ਮੈਂ ਕਿਹਾ, ‘‘ਤੁਸੀਂ ਬਣਾ ਲਓ, ਆਇਆ ਪੰਜ-ਸੱਤ ਮਿੰਟਾਂ ’ਚ…।’’ ਉਹ ਅਜੇ ਇੱਟਾਂ ਦੇ ਚੁੱਲ੍ਹੇ ’ਤੇ ਸੋਨੇ ਵਾਂਗ ਲਿਸ਼ਕਦੀ ਪਿੱਤਲ ਦੀ ਪਤੀਲੀ ਰੱਖ ਕੇ, ਅੱਗ ਬਾਲ਼ ਰਿਹਾ ਸੀ। ਮੈਂ ਉੱਥੋਂ ਅੱਗੇ ਆਪਣੀ ਮੋਟਰ ’ਤੇ ਸਕੂਟਰ ਜਾ ਖੜ੍ਹਾ ਕੀਤਾ। ਪੰਜ-ਸੱਤ ਮਿੰਟ ਖੇਤ ਇੱਧਰ-ਉੱਧਰ ਗੇੜਾ ਮਾਰ ਕੇ ਮੈਂ ਕਾਇਮਦੀਨ ਹੋਰਾਂ ਕੋਲ ਆ ਰੁਕਿਆ।
ਉਹ ਮੋਟਰ ’ਤੇ ਖੜ੍ਹੇ ਇੱਕੋ-ਇੱਕ ਅੰਬ ਹੇਠਾਂ ਬੈਠੇ ਸਨ ਅਤੇ ਬੱਕਰੀਆਂ ਮੋਟਰ ਵਾਲੀ ਪਹੀ ’ਤੇ ਝੋਨੇ ਦੀ ਵੱਟ ਤੋਂ ਘਾਹ ਦੀਆਂ ਕਰੂੰਬਲਾਂ ਨੂੰ ਮੂੰਹ ਮਾਰ ਰਹੀਆਂ ਸਨ। ਮੈਂ ਵੀ ਉੱਥੇ ਪਈਆਂ ਦੋ ਇੱਟਾਂ ਇਕੱਠੀਆਂ ਕਰਕੇ ਬੈਠ ਗਿਆ। ਕਾਇਮਦੀਨ ਨੇ ਪਤੀਲੀ ਚੁੱਲ੍ਹੇ ਤੋਂ ਲਾਹੀ ਅਤੇ ਝੋਲ਼ੇ ’ਚੋਂ ਸਟੀਲ ਦੇ ਗਿਲਾਸ ਕੱਢ ਕੇ, ਨਿੱਤਰਦੀ-ਨਿੱਤਰਦੀ ਚਾਹ ਚਾਰ ਗਿਲਾਸਾਂ ਵਿਚ ਪਾ ਲਈ। ਪਹਿਲਾ ਗਿਲਾਸ ਮੇਰੇ ਹੱਥ ਵਿਚ ਫੜਾ ਕੇ ਉਸ ਨੇ ਦੋ ਗਿਲਾਸ ਆਪਣੇ ਸਾਥੀ ਸਾਬਦੀਨ ਅਤੇ ਰਾਂਝੇ ਅੱਗੇ ਕਰ ਦਿੱਤੇ। ਫਿਰ ਆਪਣਾ ਗਿਲਾਸ ਚੁੱਕ ਕੇ ਉਹ ਮੇਰੇ ਨੇੜੇ ਹੀ ਚੱਪ ਮਾਰ ਕੇ ਬੈਠਦਿਆਂ ਬੋਲਿਆ, ‘‘ਹੋਰ ਸੁਣਾਓ ਮਾਸਟਰ ਜੀ, ਕਿਵੇਂ ਚੱਲਦੀ ਆ ਜ਼ਿੰਦਗੀ…?’’
ਸਾਲਾਂ ਬਾਅਦ ਬੱਕਰੀਆਂ ਵਾਲਿਆਂ ਦੇ ਹੱਥ ਦੀ ਬਣੀ ਚਾਹ ਦੀ ਘੁੱਟ ਭਰਦਿਆਂ, ਮੈਂ ਉਨ੍ਹਾਂ ਦੇ ਵਡੇਰਿਆਂ ਦੀਆਂ ਗੱਲਾਂ ਛੇੜ ਲਈਆਂ। ਮੈਨੂੰ ਯਾਦ ਹੈ, ਜਦੋਂ ਮੈਂ ਸਕੂਲ ਵਿਚ ਪੜ੍ਹਦਾ ਸਾਂ ਤਾਂ ਅਕਸਰ ਕੰਮ ਕਰਨ ਜਾਂ ਕੰਮ ਕਰਦੇ ਕਾਮਿਆਂ ਦੀ ਰੋਟੀ ਲੈ ਕੇ ਖੇਤ ਜਾਣਾ।
ਅੱਜ ਅਸੀਂ ਦੋ ਕੁ ਵਿਸਵੇ ਵਿਹਲੇ ਥਾਂ ਦੇ ਵਿਚਕਾਰ ਬਣੇ ਮੋਟਰ ਵਾਲੇ ਕੋਠੇ ਕੋਲ ਇੱਕੋ-ਇੱਕ ਅੰਬ ਦੇ ਦਰੱਖਤ ਹੇਠ ਬੈਠੇ ਸਾਂ। ਉਸ ਵੇਲ਼ੇ ਉੱਥੇ ਘੱਟੋ-ਘੱਟ ਵਿੱਘਾ ਥਾਂ ਖਾਲੀ ਰੱਖਿਆ ਹੁੰਦਾ ਸੀ। ਦੋ ਮੋਟਰਾਂ ਵਾਲੇ ਕੋਠੇ ਅਤੇ ਆਲ਼ੇ-ਦੁਆਲ਼ੇ ਪੰਜ-ਸੱਤ ਵੱਡੇ-ਵੱਡੇ ਅੰਬਾਂ ਦੇ ਦਰੱਖਤਾਂ ਤੋਂ ਇਲਾਵਾ ਨਿੰਮ, ਡੇਕ, ਤੂਤ ਅਤੇ ਜਾਮਣ ਦੇ ਅਨੇਕਾਂ ਦਰੱਖਤਾਂ ਦੀ ਸੰਘਣੀ ਛਾਂ ਹੁੰਦੀ ਸੀ। ਉੱਥੇ ਬਾਣ ਦੇ ਬੁਣੇ ਤਿੰਨ-ਚਾਰ ਮੰਜੇ ਹਰ ਵੇਲੇ ਡਹੇ ਰਹਿੰਦੇ ਸਨ। ਪਿੰਡੋਂ ਸੂਏ ਪਾਰ ਆਪਣੇ ਖੇਤਾਂ ਨੂੰ ਪੈਦਲ ਜਾਣ ਵਾਲੇ ਬਹੁਤੇ ਬੰਦੇ ਇੱਥੇ ਮੇਰੇ ਤਾਏ ਹੋਰਾਂ ਕੋਲ ਹਾਜ਼ਰੀ ਭਰਨਾ ਲਾਜ਼ਮੀ ਸਮਝਦੇ ਸਨ। ਕੱਖਾਂ ਨੂੰ ਆਈਆਂ ਔਰਤਾਂ ਜਿਨ੍ਹਾਂ ਨੂੰ ਅਸੀਂ ਦਰਜ਼ਾ-ਬ-ਦਰਜ਼ਾ ਭਾਬੀ, ਚਾਚੀ, ਤਾਈ ਜਾਂ ਬੇਬੇ ਆਖਦੇ ਸਾਂ ਉਹ ਵੀ ਬਿੰਦ-ਝੱਟ ਗੱਲਾਂ ਮਾਰ ਕੇ ਚਾਹ-ਪਾਣੀ ਪੀ ਜਾਂਦੀਆਂ ਅਤੇ ਨਾਲ ਹੀ ਟੱਬਰ ਜੋਗੀ ਸਬਜ਼ੀ-ਭਾਜੀ ਵੀ ਲੈ ਜਾਂਦੀਆਂ ਸਨ। ਇਸ ਥਾਂ ’ਤੇ ਸਾਰਾ ਦਿਨ ਆਇਆ-ਗਿਆ ਰਹਿੰਦਾ ਸੀ। ਮੈਂ ਬੇਸ਼ੱਕ ਛੋਟਾ ਹੀ ਸਾਂ, ਪਰ ਵੱਡਿਆਂ ਦੀਆਂ ਗੱਲਾਂ ਸੁਣਨ ਦੇ ਭੁਸ ਅਤੇ ਗਰਮੀ ਦੀ ਰੁੱਤੇ ਠੰਢੀ ਛਾਂ ਕਾਰਨ ਘਰ ਮੁੜਨ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ। ਦੁਪਹਿਰਾ ਢਾਲਣ ਨੂੰ ਅਕਸਰ ਹੀ ਬੱਕਰੀਆਂ ਵਾਲੇ ਇੱਥੇ ਆ ਬੈਠਦੇ। ਉਹ ਬਾਅਦ ਦੁਪਹਿਰ ਪਿੱਤਲ ਦੀ ਪਤੀਲੀ ਵਿਚ ਗੁੜ ਅਤੇ ਬੱਕਰੀ ਦੇ ਦੁੱਧ ਦੀ ਚਾਹ ਬਣਾਉਂਦੇ ਜਿਸ ਨੂੰ ਅਸੀਂ ਵੀ ਬੜੇ ਸਵਾਦ ਨਾਲ ਪੀਂਦੇ।
ਕਾਇਮਦੀਨ ਹੋਰਾਂ ਦੇ ਸ਼ਰੀਕੇ-ਕਬੀਲੇ ਵਾਲੇ ਤਾਇਆ ਨੂਰ ਮੁਹੰਮਦ ਅਤੇ ਸੂਬਾ ਮੁਹੰਮਦ ਬਲ਼ਦਾਂ ਦੀਆਂ ਜੋੜੀਆਂ ਨਾਲ ਅਕਸਰ ਹੀ ਕਪਾਹ, ਮੂੰਗਫਲੀ, ਮੱਕੀ, ਸਰ੍ਹੋਂ, ਮੂੰਗੀ, ਛੋਲੇ ਪੋਰਨ ਜਾਂ ਕਮਾਦ ਸੀੜਨ ਇਨ੍ਹਾਂ ਖੇਤਾਂ ਵਿਚ ਆਉਂਦੇ। ਅਸੀਂ ਉਨ੍ਹਾਂ ਦੀਆਂ ਲੱਤਾਂ ਨੂੰ ਹੱਥ ਪਾ ਕੇ ਸੁਹਾਗੀ ’ਤੇ ਝੂਟੇ ਲੈਣੇ। ਕਦੇ ਮੱਝਾਂ ਚਾਰਦੇ ਤਾਏ ਫੱਤੂ ਅਤੇ ਕਦੇ ਬੱਕਰੀਆਂ ਚਾਰਨ ਆਏ ਤਾਏ ਸ਼ਾਹ ਮੁਹੰਮਦ, ਨਵਾਬ ਮੁਹੰਮਦ ਜਾਂ ਮੱਸ਼ਾਹੂਰ ਹੋਰਾਂ ਤੋਂ ਇੱਧਰ-ਉੱਧਰ ਦੀਆਂ ਗੱਲਾਂ ਜਾਂ ਫਿਰ ਸੰਤਾਲੀ ਦੇ ਵੰਡਾਰੇ ਦੇ ਕਿੱਸੇ ਸੁਣਨੇ।
ਗੱਲਾਂ ਕਰਦੇ-ਕਰਦੇ ਚਾਹ ਵੀ ਕਿਹੜੇ ਵੇਲ਼ੇ ਦੀ ਮੁੱਕ ਚੁੱਕੀ ਸੀ। ਘਰੋਂ ਮੋਬਾਈਲ ’ਤੇ ਕਈ ਘੰਟੀਆਂ ਵੱਜ ਚੁੱਕੀਆਂ ਸਨ। ਪੱਚੀ-ਤੀਹ ਸਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਪਤਾ ਹੀ ਨਹੀਂ ਕਿੰਨਾ ਸਮਾਂ ਲੱਗ ਗਿਆ, ਪਰ ਦਿਲ ਨੂੰ ਚੰਗਾ ਬਹੁਤ ਲੱਗਿਆ। ਸਾਡੇ ਜੀਵਨ ਦੀ ਚਾਲ ਭਾਵੇਂ ਬਹੁਤ ਤੇਜ਼ ਹੋ ਗਈ ਹੈ, ਪਰ ਕਾਇਮਦੀਨ ਹੋਰਾਂ ਦੇ ਸੁਭਾਅ ਵਿਚ ਆਪਣੇ ਵਡੇਰਿਆਂ ਵਾਂਗ ਹੀ ਬੜੀ ਹਲੀਮੀ, ਸਾਦਾਪਣ ਅਤੇ ਸਬਰ ਝਲਕ ਰਿਹਾ ਸੀ। ਮੈਂ ਚਾਹ ਲਈ ਧੰਨਵਾਦ ਕਰਦਿਆਂ, ਵਿਦਾਇਗੀ ਗਈ। ਕਾਇਮਦੀਨ ਮੁਸਕਰਾਉਂਦੇ ਹੋਏ ਚਿਹਰੇ ਨਾਲ ‘ਚੰਗਾ ਮਾਸਟਰ ਜੀ’ ਕਹਿ ਕੇ ਮਿੱਟੀ ਨਾਲ ਭਾਂਡੇ ਮਾਂਜਣ ਜਾ ਲੱਗਾ। ਰਾਂਝੇ ਹੋਰਾਂ ਨੇ ਸੀਟੀ ਮਾਰ ਕੇ ਬੱਕਰੀਆਂ ਇਕੱਠੀਆਂ ਕਰ ਲਈਆਂ। ਰਸਤੇ ਵਿਚ ਸੋਚ ਰਿਹਾ ਸਾਂ ਕਿ ਸਮੇਂ ਦੇ ਵੇਗ ਵਿਚ ਨਾ ਰਹੀਆਂ ਉਹ ਛਾਵਾਂ ਤੇ ਨਾ ਬੱਕਰੀਆਂ ਵਾਲੇ ਯਾਰ।
ਸੰਪਰਕ: 94643-68055