ਕਰਨੈਲ ਸਿੰਘ ਸੋਮਲ
‘ਨਿਰਦੈਤਾ’ ਸ਼ਬਦ ਹੋਵੇ ਜਾਂ ਇਸ ਦਾ ਸਮਾਨਾਰਥੀ ‘ਬੇਰਹਿਮੀ’, ਇਹ ਬੁਨਿਆਦੀ ਜੀਵਨ ਮੁੱਲ ‘ਦਇਆ’ ਦੀ ਅਣਹੋਂਦ ਵੱਲ ਇਸ਼ਾਰਾ ਕਰਦੇ ਹਨ। ਇਹ ਮਸਲਾ ਮਨੁੱਖ ਦੇ ਹਿੰਸਕ ਵਿਹਾਰ ਨਾਲ ਜੁੜਿਆ ਹੋਇਆ ਹੈ। ਪੰਛੀ, ਜਾਨਵਰ ਤੇ ਹੋਰ ਜੀਵ ਹਿੰਸਕ ਨਹੀਂ ਹਨ। ਬਹੁਤ ਥੋੜ੍ਹੇ ਹਨ ਜਿਹੜੇ ਮਾਸਾਹਾਰੀ ਹਨ। ਉਹ ਆਪਣੇ ਢਿੱਡ ਦੀ ਭੁੱਖ ਮਿਟਾਉਣ ਖਾਤਰ ਹੋਰ ਜੀਵਾਂ ਦਾ ਸ਼ਿਕਾਰ ਕਰਦੇ ਹਨ। ਉਨ੍ਹਾਂ ਨੂੰ ਨਿਰਦਈ ਜਾਂ ਬੇਰਹਿਮ ਨਹੀਂ ਕਿਹਾ ਜਾਂਦਾ। ਇਕ ਜੀਵਨ ਜੁ ਜੀਵਨ ਦਾ ਸਹਾਈ ਹੁੰਦਾ ਹੈ।
ਦਇਆਵਾਨ ਜਾਂ ਰਹਿਮ-ਦਿਲ ਹੋਣਾ ਮਨੁੱਖ ਦੀ ਵਡਿਆਈ ਦਾ ਸੂਚਕ ਹੈ। ਦਇਆ ਅਤੇ ਰਹਿਮ ਕਰਨ ਵਾਲੇ ਮਨੁੱਖ ਦੀ ਸ਼ਲਾਘਾ ਕੀਤੀ ਜਾਂਦੀ ਹੈ। ਇਹ ਜੀਵਨ ਦੇ ਰੱਖਿਅਕ ਮੁੱਲ ਜੋ ਹਨ। ਇਸੇ ਕਰਕੇ ਕਿਰਪਾਲੂ, ਦਿਆਲੂ ਜਿਹੇ ਸ਼ਬਦ ਰੱਬੀ ਗੁਣ ਮੰਨੇ ਜਾਂਦੇ ਹਨ। ਇਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਮਨੁੱਖ ਕਠੋਰ, ਕਰੂਰ, ਬੇਕਿਰਕ ਤੇ ਜ਼ਾਲਮ ਹੁੰਦਾ ਹੈ। ਸੰਨ ਸੰਤਾਲੀ ਦੀ ਵੰਡ ਨੇ ਪੰਜਾਬੀਆਂ ਨੂੰ ਅਣਸੁਣੇ ਤੇ ਅਣਕਹੇ ਹਾਲਾਤ ਵਿਚ ਨਪੀੜਿਆ। ਉਂਜ, ਇਸੇ ਸਮੇਂ ਮਨੁੱਖ ਦਾ ਦਰਦਮੰਦ ਰੂਪ ਵੀ ਉੱਘੜਿਆ। ਇਹ ਦੋਵੇਂ ਬਿਰਤੀਆਂ ਬਰਾਬਰ ਸਾਹਮਣੇ ਆਈਆਂ, ਪਰ ਸੋਭਾ ਸਦਾ ਰਹਿਮ-ਦਿਲ ਹੋਣ ਦੀ ਰਹਿੰਦੀ ਹੈ।
ਕਈ ਹਾਲਤਾਂ ਵਿਚ ਮਨੁੱਖ ਦਾ ਆਪਣੇ ਪ੍ਰਤੀ ਰਵੱਈਆ ਨਿਰਦੈਤਾ ਦਾ ਹੁੰਦਾ ਹੈ। ਇਸ ਦੇ ਦੋ ਰੂਪ ਅਕਸਰ ਵੇਖੀਦੇ ਹਨ। ਮੌਸਮ ਅੱਗ ਵਰ੍ਹਦੀ ਦਾ ਹੋਵੇ, ਪਰ ਕੋਈ ਧੂਣੇ ਤਾਪੇ। ਇਸੇ ਤਰ੍ਹਾਂ ਕੋਈ ਬਰਫ਼ ਜੰਮਦੀ ਸਰਦੀ ਵਿਚ ਅਤਿ ਠੰਢੇ ਪਾਣੀ ਦੇ ਘੜੇ ਸਿਰ ਉੱਤੇ ਪਵਾਵੇ। ਕੋਈ ਕੰਡਿਆਂ ਉੱਤੇ ਲੇਟੇ। ਸਾਰੇ ਜਾਣਦੇ ਹਨ ਕਿ ਅਜਿਹੇ ਖੇਖਣ ਅਤੇ ਅਵੈੜ ਵਿਹਾਰ ਸਿਰਫ਼ ਵਾਹ ਵਾਹ ਖੱਟਣ ਜਾਂ ਮਾਇਆ ਬਟੋਰਨ ਲਈ ਕੀਤੇ ਜਾਂਦੇ ਹਨ। ਅਤਿ ਦੀ ਗ਼ਰੀਬੀ ਤੇ ਭੁੱਖਮਰੀ ਦੀ ਹਾਲਤ ਵਿਚ ਵੀ ਕੋਈ ਕਹਿਰ ਦੇ ਮੌਸਮ ਵਿਚ ਸਖ਼ਤ ਕੰਮ ਕਰਨ ਲਈ ਮਜਬੂਰ ਹੋਵੇ। ਇਕ ਗ਼ਰੀਬ ਕਿਸਾਨ ਵਹਾਈ ਦਾ ਪੂਰਾ ਜੋਤ ਲਾਉਣ ਤੋਂ ਪਿੱਛੋਂ ਬਲਦਾਂ ਨੂੰ ਪੱਠੇ ਪਾ ਕੇ ਆਪ ਸਾਰੀ ਦੁਪਹਿਰ ਮੱਕੀ ਗੁੱਡਣ ਤੁਰੇ। ਆਪਣੇ ਲੋੜੀਂਦੇ ਆਰਾਮ ਕਰਨ ਨਾਲੋਂ ਆਪਣੀ ਸਮਰੱਥਾ ਤੋਂ ਵਧ ਕੇ ਓਵਰ-ਟਾਈਮ ਲਾਉਣਾ ਵੀ ਇਵੇਂ ਹੀ ਹੈ। ਭੁੱਖਮਰੀ ਦੀ ਹਾਲਤ ਵਿਚ ਕੋਈ ਮਾਂ ਆਪਣੇ ਬੱਚਿਆਂ ਦੇ ਮੂੰਹ ਵਿਚ ਚੂਨ-ਭੂਨ ਪਾਉਣ ਲਈ ਆਪ ਭੁੱਖੀ ਰਹਿ ਸਕਦੀ ਹੈ। ਸੁਆਣੀਆਂ ਆਮ ਤੌਰ ‘ਤੇ ਘਰ ਦੇ ਹੋਰ ਜੀਆਂ ਨੂੰ ਪਹਿਲ ਦਿੰਦੀਆਂ ਹਨ। ਕਈ ਵਾਰੀ ਪਰਿਵਾਰ ਦਾ ਕੋਈ ਧੱਕੜ ਜੀਅ ਆਪਣੇ ਚੰਗਾ ਖਾਣ-ਪੀਣ ਤੇ ਪਹਿਨਣ ਤੱਕ ਮਤਲਬ ਰੱਖਦਾ ਹੈ। ਦੂਜੇ ਬੰਨੇ, ਕੋਈ ਹੋਰ ਜੀਅ ਆਪਣੇ ਸਾਰੇ ਸੁੱਖ ਤੇ ਖ਼ੁਸ਼ੀਆਂ ਦੂਜੇ ਜੀਆਂ ਲਈ ਵਾਰ ਦਿੰਦਾ ਹੈ। ਦੋਵੇਂ, ਜ਼ਿਆਦਤੀਆਂ ਜਾਇਜ਼ ਨਹੀਂ। ਇਕ ਦੂਜਿਆਂ ਪ੍ਰਤੀ ਨਿਰਦੈਤਾ ਭਾਵ ਰੱਖਦਾ ਹੈ, ਦੂਜਾ ਆਪਣੇ ਪ੍ਰਤੀ।
ਨਸ਼ਿਆਂ ਦੀ ਵਰਤੋਂ ਤੋਂ ਬੇਹਾਲ ਕਿੰਨੇ ਹੀ ਪਰਵਾਹ ਨਹੀਂ ਕਰਦੇ ਕਿ ਉਨ੍ਹਾਂ ਦਾ ਸਰੀਰ ਪਹਿਲਾਂ ਹੀ ਖੋਖਲਾ ਹੋ ਚੁੱਕਾ ਹੈ। ਫਿਰ ਵੀ ਉਹ ਨਸ਼ੇ ਦੀ ਤੇਜ਼ ਤੋਂ ਤੇਜ਼ ਡੋਜ਼ ਲਈ ਜਾਂਦੇ ਹਨ। ਨਾ ਆਪਣੀ ਗ਼ਰਕਦੀ ਹਾਲਤ ਦੀ ਪਰਵਾਹ ਤੇ ਨਾ ਆਪਣੇ ਪਰਿਵਾਰ ਦੀ ਕੋਈ ਸੁਰਤ। ਮਨੁੱਖ ਦਾ ਆਪਣੇ ਨਾਲ ਅਤੇ ਆਪਣਿਆਂ ਨਾਲ ਵਤੀਰਾ ਕਿਹੋ ਜਿਹਾ ਹੈ, ਇਸ ਨਾਲ ਨਿਸ਼ਚਿਤ ਹੁੰਦਾ ਹੈ ਕਿ ਉਸ ਸਮਾਜ ਵਿਚ ਸੁੱਖ-ਸ਼ਾਂਤੀ ਕਿਸ ਕਦਰ ਹੋਵੇਗੀ। ਵੈਸੇ, ਪਸ਼ੂਆਂ, ਪਰਿੰਦਿਆਂ, ਹੋਰ ਜੀਵਾਂ ਤੇ ਕੁਦਰਤ ਪ੍ਰਤੀ ਸਾਡੀ ਸੋਚ ਜਾਂ ਪਹੁੰਚ ਵੀ ਇਸੇ ਦਾਇਰੇ ਵਿਚ ਆਉਂਦੀ ਹੈ। ਮਨੁੱਖ ਦਾ ਰਵੱਈਆ ਨਿਸ਼ਚਿਤ ਕਰਦਾ ਹੈ ਕਿ ਅਸੀਂ ਕਿੰਨੇ ਕੁ ਸੁਖੀ, ਖ਼ੁਸ਼ੀ ਤੇ ਅਨੰਦ ਵਿਚ ਰਹਿ ਸਕਦੇ ਹਾਂ।
ਇਸ ਧਰਤੀ ਉੱਤੇ ਮਨੁੱਖ ਸਭ ਤੋਂ ਵੱਧ ਨਿਰਦਈ ਹੈ। ਕੌਣ ਸਹਿੰਦਾ ਹੈ ਉਸ ਦੀ ਨਿਰਦੈਤਾ? ਆਮ ਤੌਰ ‘ਤੇ ਨਿਤਾਣੀ ਹਾਲਤ ਵਿਚ ਰਹਿੰਦੇ ਮਨੁੱਖ ਜਿਵੇਂ, ਇਸਤਰੀਆਂ, ਅਨਪੜ੍ਹ ਤੇ ਸਾਧਨਹੀਣ ਕਾਮੇ, ਜਾਤ-ਪਾਤ ਤੇ ਹੋਰ ਦੁਰ-ਧਾਰਨਾਵਾਂ ਦੇ ਸ਼ਿਕਾਰ ਲੋਕ, ਕਈ ਹਾਲਤਾਂ ਵਿਚ ਅਸਹਾਇ ਬੱਚੇ ਵੀ ਸ਼ਾਮਲ ਹਨ। ਅਤਿ ਦੀ ਗ਼ਰੀਬੀ ਵਿਚ ਰਹਿੰਦੇ ਲੋਕ ਵੀ ਦੂਜਿਆਂ ਦੀ ਨਿਰਦੈਤਾ ਦਾ ਸ਼ਿਕਾਰ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਜ਼ੁਲਮ ਸਹਿਣਾ ਸਿਆਣਪ ਨਹੀਂ। ਕਈ ਤਰ੍ਹਾਂ ਦੇ ਜ਼ੁਲਮਾਂ ਨੂੰ ਵੇਖ ਦੂਜੇ ਵੀ ਅਣਦੇਖੀ ਕਰੀ ਜਾਂਦੇ ਹਨ। ਕੋਈ ਸਮਾਂ ਸੀ ਕਿ ਅਧਿਆਪਕ ਦੇ ਹੱਥ ਵਿਚ ਡੰਡਾ ਹੁੰਦਾ ਸੀ। ਉਹ ਵਿਦਿਆਰਥੀ ਨੂੰ ਸਜ਼ਾ ਦਿੰਦਿਆਂ ਸਮਝਦਾ ਸੀ ਕਿ ਇਹ ਉਸ ਦੇ ਭਲੇ ਦੀ ਗੱਲ ਹੈ।
ਮਨੁੱਖ ਖੇਤੀਬਾੜੀ ਅਤੇ ਢੋਆ-ਢੁਆਈ ਲਈ ਵਰਤੇ ਜਾਂਦੇ ਪਸ਼ੂਆਂ ਨੂੰ ਸਿਧਾਉਣ ਲਈ ਉਨ੍ਹਾਂ ਨੂੰ ਕੁੱਟਣ-ਮਾਰਨ ਤੇ ਹੋਰ ਭੈਅ ਪੈਦਾ ਕਰਦੇ ਤਰੀਕੇ ਵਰਤਦੇ ਸਨ। ਕਿਸੇ ਦੇ ਮਨ ਵਿਚ ਅਧੀਨਗੀ ਦੀ ਭਾਵਨਾ ਬਿਠਾਉਣ ਲਈ ਜੋ ਵੀ ਸਖ਼ਤ ਤਰੀਕਾ ਵਰਤਿਆ ਜਾਂਦਾ, ਸਮਾਜ ਉਸ ਉੱਤੇ ਕਿੰਤੂ ਨਹੀਂ ਸੀ ਕਰਦਾ। ਇਸ ਲਿਹਾਜ਼ ਨਾਲ ਮਨੁੱਖ ਦਾ ਨਿਰਦਈ ਹੋਣਾ ਜਾਇਜ਼ ਠਹਿਰਾਇਆ ਜਾਂਦਾ। ਘਰ ਦਾ ਮੁਖੀ ਜਦੋਂ ਘਰ ਵੜਦਾ ਤਾਂ ਸਾਰੇ ਜੀ ਦੁਬਕ ਜਾਂਦੇ, ਥਰ ਥਰ ਕੰਬਦੇ। ਅੱਜ ਖ਼ੁਸ਼ੀ ਅਤੇ ਖ਼ੁਸ਼ਹਾਲੀ ਲਈ ਵਕਾਲਤ ਕਰਦਿਆਂ ਆਖਿਆ ਜਾਂਦਾ ਹੈ ਕਿ ਪਰਿਵਾਰਕ ਰਿਸ਼ਤੇ ਸਜੀਵ ਹੋਣ, ਪਿਆਰ ਤੇ ਸਤਿਕਾਰ ਉਨ੍ਹਾਂ ਦੀ ਸ਼ਕਤੀ ਹੋਵੇ। ਸਹਿਣਸ਼ੀਲਤਾ, ਆਪਣੇ ਤੋਂ ਵੱਖਰੇ ਵਿਹਾਰ ਤੇ ਵਿਚਾਰ ਨੂੰ ਪਰਵਾਨ ਕਰਦਿਆਂ ਸਹਿਣਸ਼ੀਲਤਾ ਵਿਖਾਈ ਜਾਵੇ। ਬੀਤੇ ਸਮੇਂ ਦੀਆਂ ਕਥਾ-ਕਹਾਣੀਆਂ ਵਿਚ ਇਹ ਮਿੱਥ ਵੀ ਸੁਣੀ-ਸੁਣਾਈ ਜਾਂਦੀ ਸੀ ਕਿ ਫਲਾਣੇ ਰਾਜੇ ਦੇ ਰਾਜ ਵਿਚ ਸਾਰੇ ਸੁਖੀ ਸਨ, ਜਾਨਵਰ ਤੇ ਪਰਿੰਦੇ ਵੀ। ਸ਼ੇਰ ਤੇ ਬੱਕਰੀ ਇਕੋ ਘਾਟ ਉੱਤੇ ਪਾਣੀ ਪੀਂਦੇ ਸਨ। ਰਾਜੇ ਦੀ ਸਿਫ਼ਤ ਉਸ ਦੇ ਕੋਮਲ-ਦਿਲ ਤੇ ਦਇਆਵਾਨ ਕਰ ਕੇ ਕੀਤੀ ਜਾਂਦੀ ਸੀ। ਨਿਰਦੈਤਾ ਲੁਕਵੇਂ ਰੂਪ ਵਿਚ ਵੀ ਹੁੰਦੀ ਹੈ। ਕਮਜ਼ੋਰ ਧਿਰ ਦੀ ਲੁੱਟ-ਖਸੁੱਟ, ਮਾਨਸਿਕ ਤੇ ਸਰੀਰਿਕ ਸ਼ੋਸ਼ਣ, ਦੰਗੇ-ਫਸਾਦ, ਜੰਗ ਤੇ ਹੋਰ ਰੂਪਾਂ ਵਿਚ ਤਬਾਹੀ ਮਨੁੱਖ ਦੀ ਰਾਖਸ਼ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ। ਕਿਸੇ ਵੀ ਰੂਪ ਵਿਚ ਨਿਰਦੈਤਾ ਉਸ ਦੀ ਇਖ਼ਲਾਕੀ ਗਿਰਾਵਟ ਦਰਸਾਉਂਦੀ ਹੈ।
ਸੰਪਰਕ: 98141-57137