ਬ੍ਰਹਮਜਗਦੀਸ਼ ਸਿੰਘ
ਪ੍ਰੋ. ਪ੍ਰੀਤਮ ਸਿੰਘ (1918-2008) ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਏ ਮਿਸ਼ਨਰੀ ਅਧਿਆਪਕ ਅਤੇ ਵਿਦਵਾਨ ਸਨ। ਉਨ੍ਹਾਂ ਨੂੰ ਆਪਣੇ ਮੁਢਲੇ ਜੀਵਨ ਵਿਚ ਬਹੁਤ ਸਾਰੀਆਂ ਆਰਥਿਕ ਅਤੇ ਹੋਰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਮਾਤਾ ਜੀ ਜਸਵੰਤ ਕੌਰ (ਵੀਰਾਂਵਾਲੀ) ਨੇ ਜੀਵਨ ਦੀ ਹਰ ਕਠਿਨਾਈ ਸਹਾਰ ਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਨ੍ਹਾਂ ਨੂੰ ਐੱਮਏ (ਅੰਗਰੇਜ਼ੀ ਤੇ ਫ਼ਾਰਸੀ) ਕਰਵਾਈ। ਆਪਣੀ ਅਸਾਧਾਰਨ ਪ੍ਰਤਿਭਾ ਕਾਰਨ ਉਹ ਜਿਸ ਵੀ ਕਾਲਜ ਵਿਚ ਗਏ, ਉਥੋਂ ਦੀ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਪ੍ਰਾਧਿਆਪਕ ਵਜੋਂ ਪ੍ਰਵਾਨ ਕੀਤਾ। ਆਪ ਦੋਆਬਾ ਕਾਲਜ ਜਲੰਧਰ ਵਿਚ ਪੰਜਾਬੀ ਵਿਭਾਗ ਦੇ ਮੁਖੀ (1941-42) ਅਤੇ ਸਿੱਖ ਨੈਸ਼ਨਲ ਕਾਲਜ ਵਿਚ ਪੰਜਾਬੀ ਅਤੇ ਫ਼ਾਰਸੀ ਵਿਭਾਗ ਦੇ ਮੁਖੀ (1942-47) ਰਹੇ। ਆਜ਼ਾਦੀ ਮਗਰੋਂ ਕੁਝ ਸਮਾਂ ਆਰਐੱਸਡੀ ਕਾਲਜ ਫਿਰੋਜ਼ਪੁਰ ਵਿਖੇ ਅਧਿਆਪਨ-ਕਾਰਜ ਕੀਤਾ। ਦੋ ਵਰ੍ਹੇ (1948-50) ਪੰਜਾਬੀ ਪਬਲੀਕੇਸ਼ਨ ਬਿਊਰੋ, ਸ਼ਿਮਲਾ ਵਿਖੇ ਸੰਪਾਦਕ ਰਹੇ ਅਤੇ ਜਦੋਂ ਮਹਿੰਦਰਾ ਕਾਲਜ ਪਟਿਆਲਾ ਵਿਚ ਐੱਮਏ ਪੰਜਾਬੀ ਦਾ ਕੋਰਸ ਸ਼ੁਰੂ ਹੋਇਆ ਤਾਂ ਇੱਥੇ ਲਗਭਗ 14 ਵਰ੍ਹੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ =ਸੇਵਾਵਾਂ ਨਿਭਾਈਆਂ।
ਇੰਨੇ ਵਰ੍ਹੇ ਮਹਿੰਦਰਾ ਕਾਲਜ ਵਿਖੇ ਕੰਮ ਕਰਦੇ ਰਹਿਣ ਕਾਰਨ ਆਪ ਦੇ ਨਾਮ ਨਾਲ ‘ਪਟਿਆਲਾ’ ਪਦ ਪੱਕੇ ਤੌਰ ਉੱਤੇ ਜੁੜ ਗਿਆ। ਇਸ ਜੋੜ (ਵਿਸ਼ੇਸ਼ਣ) ਦਾ ਇੱਕ ਕਾਰਨ ਇਹ ਵੀ ਬਣਿਆ ਕਿ ਪੰਜਾਬੀ ਵਿਚ ਬਹੁਤ ਸਾਰੇ ਵਿਦਵਾਨਾਂ ਦਾ ਨਾਮ ਪ੍ਰੀਤਮ ਸਿੰਘ ਸੀ ਜਿਸ ਕਾਰਨ ਗੱਲਬਾਤ ਕਰਨ ਸਮੇਂ ਪੁੱਛਣਾ ਪੈਂਦਾ ਸੀ, ਕਿਹੜਾ ਪ੍ਰੀਤਮ ਸਿੰਘ? ‘ਪਟਿਆਲਾ’ ਵਿਸ਼ੇਸ਼ਣ ਜੁੜਨ ਨਾਲ ਇਹ ਸਵਾਲ ਕਰਨ ਦੀ ਲੋੜ ਨਾ ਰਹੀ। ਇਸ ਤੋਂ ਪਹਿਲਾਂ ਖਾਲਸਾ ਕਾਲਜ ਵਿਚ ਉਨ੍ਹਾਂ ਨੂੰ ਪ੍ਰੀਤਮ ਸਿੰਘ ‘ਘੰਟਾ ਘਰ’ ਦੇ ਹਵਾਲੇ ਨਾਲ ਯਾਦ ਕੀਤਾ ਜਾਂਦਾ ਸੀ, ਕਿਉਂਕਿ ਉਹ ਹੋਸਟਲ ਦੇ ਵੱਡੇ ਗੁੰਬਦ ਹੇਠ ਬਣੇ ਗਲਿਆਰੇ ਜਿਸ ਦੇ ਬਾਹਰ ਵੱਡਾ ਕਲਾਕ ਲੱਗਾ ਹੁੰਦਾ ਸੀ, ਉਥੇ ਰਹਿੰਦੇ ਸਨ।
ਮਹਿੰਦਰਾ ਕਾਲਜ ਵਿਚ ਆ ਕੇ ਆਪ ਨੇ ਮਹਿਸੂਸ ਕੀਤਾ ਕਿ ਆਮ ਲੋਕ ਪੰਜਾਬੀ ਦੇ ਪ੍ਰੋਫੈਸਰਾਂ ਨੂੰ ਬਣਦੀ ਇੱਜ਼ਤ ਨਹੀਂ ਸਨ ਦਿੰਦੇ ਕਿਉਂਕਿ ਉਨ੍ਹਾਂ ਦੇ ਅਧਿਐਨ ਦਾ ਖੇਤਰ ਕਾਫ਼ੀ ਸੀਮਤ ਜਿਹਾ ਹੁੰਦਾ ਸੀ। ਪ੍ਰੋ. ਪ੍ਰੀਤਮ ਸਿੰਘ ਆਪਣੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਾਹਿਤ ਪੜ੍ਹਨ ਲਈ ਉਤਸ਼ਾਹਤ ਕਰਦੇ ਰਹਿੰਦੇ ਸਨ। ਡਾ. ਦਲੀਪ ਕੌਰ ਟਿਵਾਣਾ, ਡਾ. ਕਰਮਜੀਤ ਸਿੰਘ, ਹਰਿੰਦਰ ਸਿੰਘ ਮਹਬਿੂਬ, ਨਵਤੇਜ ਭਾਰਤੀ ਅਤੇ ਕੁਲਵੰਤ ਗਰੇਵਾਲ ਵਰਗੇ ਵਿਦਵਾਨ ਉਨ੍ਹਾਂ ਦੇ ਵਿਦਿਆਰਥੀ ਸਨ। ਆਪ ਐੱਮਏ ਦੀ ਹਰ ਕਲਾਸ ਵਿਚ ਦੋ ਪੀਰੀਅਡ ਇਕੱਠੇ ਲੈਂਦੇ ਸਨ ਕਿਉਂਕਿ ਆਪ ਜੋ ਵਿਸ਼ਾ ਛੋਂਹਦੇ ਸਨ, ਉਹ ਇੱਕ ਪੀਰੀਅਡ ਵਿਚ ਮੁਕੰਮਲ ਨਹੀਂ ਸੀ ਹੁੰਦਾ।
ਆਪ ਨੇ ਆਪਣੀ ਰਿਹਾਇਸ਼ ‘ਅਰਵਿੰਦ’ ਪ੍ਰੀਤਨਗਰ ਪਟਿਆਲਾ ਵਿਚ ਲੋਅਰ ਮਾਲ ਉਪਰ ਬਣਾਈ ਹੋਈ ਸੀ। ਨਾਲ ਹੀ ਡਾ. ਗੰਡਾ ਸਿੰਘ ਦੀ ਕੋਠੀ ਸੀ। ਆਪ ਦੀ ਕੋਠੀ ਦੇ ਪਿਛਲੇ ਪਾਸੇ ਛੋਟੇ ਜਿਹੇ ਮਕਾਨ ਵਿਚ ਪੜ੍ਹਨ-ਲਿਖਣ ਦੇ ਸ਼ੌਕੀਨ ਵਿਦਿਆਰਥੀਆਂ ਦਾ ਟਿਕਾਣਾ ਬਣਿਆ ਹੋਇਆ ਸੀ ਜਿਸ ਨੂੰ ਭੂਤਵਾੜਾ ਕਹਿੰਦੇ ਸਨ। ਪ੍ਰੋ. ਸਾਹਿਬ ਭੂਤਾਂ ਦੇ ਮੁੱਖ ਆਚਾਰੀਆ ਸਨ ਤੇ ਲਾਲੀ ਬਾਬਾ (ਪ੍ਰੋ. ਹਰਦਿਲਜੀਤ ਸਿੰਘ) ਮਹਾਂਭੂਤ ਸੀ। ਮੈਂ 1964-65 ਵਿਚ ਉਸ ਭੂਤਵਾੜੇ ਦੇ ਦਰਸ਼ਨ ਕੀਤੇ। ਉਸ ਵਕਤ ਇਹ ਕੇਂਦਰ ਲਗਭਗ ਉਜੜ ਚੁੱਕਾ ਸੀ ਪਰ ਮੈਨੂੰ ਚਾਰ-ਪੰਜ ਵਰ੍ਹੇ ਇਸ ਕੇਂਦਰ ਦੇ ਮਹਾਂਭੂਤ ਬਾਬੇ ਲਾਲੀ ਦੀ ਸੰਗਤ ਵਿਚ ਰਹਿਣ ਦਾ ਮੌਕਾ ਜ਼ਰੂਰ ਪ੍ਰਾਪਤ ਹੋਇਆ ਜਿਸ ਦਾ ਮੈਨੂੰ ਬਹੁਤ ਲਾਭ ਹੋਇਆ। 1963 ਵਿਚ ਪ੍ਰੋ. ਸਾਹਿਬ ਪ੍ਰਿੰਸੀਪਲ ਬਣ ਕੇ ਫ਼ਰੀਦਕੋਟ ਆ ਗਏ ਤੇ ਆਉਂਦਿਆਂ ਹੀ ਇੱਥੇ ਐੱਮਏ ਪੰਜਾਬੀ ਦਾ ਪੋਸਟ-ਗਰੈਜੂਏਟ ਵਿਭਾਗ ਖੋਲ੍ਹ ਦਿੱਤਾ।
ਆਰਥਿਕ ਔਕੜਾਂ ਕਾਰਨ ਮੈਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਤਾਂ ਨਾ ਪੜ੍ਹ ਸਕਿਆ ਪਰ ਭੂਤਵਾੜੇ ਦੇ ਪ੍ਰਭਾਵ ਕਾਰਨ ਮੈਨੂੰ ਲਿਖਣ-ਪੜ੍ਹਨ ਤੇ ਸੋਚਣ-ਸਮਝਣ ਦੀ ਜਾਚ ਆ ਗਈ। ਇੱਕ ਵਾਰ ਸਿਰਫ਼ ਮੇਰਾ ਇੱਕ ਪੇਪਰ ਪੜ੍ਹ ਕੇ ਉਨ੍ਹਾਂ ਨੇ ਮੇਰਾ ਨਾਮ ਰਿਸਰਚ ਸਕਾਲਰ ਵਜੋਂ ਤਜਵੀਜ਼ ਕਰ ਦਿੱਤਾ। ਇਨ੍ਹਾਂ ਦੋ-ਤਿੰਨ ਵਰ੍ਹਿਆਂ ਵਿਚ ਮੇਰੇ ਅੰਦਰ ਅਜਿਹੇ ਸਾਹਿਤਕ ਸੰਸਕਾਰ ਪੈਦਾ ਹੋ ਗਏ ਜੋ ਮੇਰੇ ਸਾਹਿਤਕ ਜੀਵਨ ਵਿਚ ਬਹੁਤ ਕਾਰਗਰ ਸਿੱਧ ਹੋਏ। ਇਸ ਪਿੱਛੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਸ਼ੇਖ਼ ਫ਼ਰੀਦ ਦੀ ਭਾਲ’ ਪੁਸਤਕ ਵਿਚ ਉਨ੍ਹਾਂ ਨੇ ਮੇਰੇ ਕੋਲੋਂ ਉਚੇਚਾ ਇੱਕ ਲੇਖ ‘ਬਾਬਾ ਫ਼ਰੀਦ ਅਤੇ ਫ਼ਰੀਦਕੋਟ’ ਲਿਖਵਾ ਕੇ ਮਾਣ ਬਖਸ਼ਿਆ।
ਪ੍ਰੋ. ਪ੍ਰੀਤਮ ਸਿੰਘ ਜੀ ਨੇ ਸਰਕਾਰੀ ਸੇਵਾ ਤੋਂ ਮੁਕਤੀ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਵੀ ਕਈ ਦੁਰਲੱਭ ਪੁਸਤਕਾਂ ਦਾ ਸੰਪਾਦਨ ਕੀਤਾ ਅਤੇ ਅਨੇਕ ਹਵਾਲਾ ਪੁਸਤਕਾਂ ਵੀ ਲਿਖੀਆਂ। ‘ਅਹੀਆਪੁਰ ਵਾਲੀ ਪੋਥੀ’, ‘ਕੀਮਿਆਇ ਸਆਦਤ (ਅਨੁ: ਪਾਰਸ ਭਾਗ), ਨਿਰਮਲ ਸੰਪਰਦਾਇ, ਪੂਰਨ ਵਾਲਾ ਸ਼ਾਸਤਰੀ, ਸ਼ਾਹ ਬਹਿਰਾਮ ਕ੍ਰਿਤ ਇਮਾਮ ਬਖ਼ਸ਼, ਮੂਰਤਾਂ, ਝਰੋਖੇ, ਕੱਚੀਆਂ ਪੱਕੀਆਂ ਦੇ ਭਾਅ (ਸ੍ਵੈ ਜੀਵਨੀ) ਆਪ ਦੀਆਂ ਕੁਝ ਬਹੁ-ਚਰਚਿਤ ਮਿਆਰੀ ਪੁਸਤਕਾਂ ਹਨ। ਆਪ ਦਾ ਸਭ ਤੋਂ ਵੱਡਾ ਕਾਰਜ ਪੰਜਾਬੀ ਦੀਆਂ ਮਿਆਰੀ ਹੱਥ ਲਿਖਤਾਂ ਦੀ ਭਾਲ ਅਤੇ ਇਨ੍ਹਾਂ ਦਾ ਸੰਪਾਦਨ ਕਰਨਾ ਸੀ। ਹੱਥ ਲਿਖਤਾਂ ਦੇ ਰੂਪ ਵਿਚ ਪੰਜਾਬੀ ਸਾਹਿਤ ਦੀ ਭਾਲ ਵਿਚ ਆਪ ਨੇ ਪੂਰਾ ਉਤਰੀ ਭਾਰਤ ਗਾਹ ਮਾਰਿਆ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਵੱਖ ਵੱਖ ਡੇਰਿਆਂ ਤੱਕ ਪਹੁੰਚਣ ਲਈ ਸੜਕੀ ਆਵਾਜਾਈ ਵੀ ਬੜੀ ਘੱਟ ਹੁੰਦੀ ਸੀ, ਆਪ ਨੂੰ ਕਈ ਵਾਰ ਪੈਦਲ ਤੁਰਨਾ ਪਿਆ। ਬਾਈਸਾਈਕਲ ਆਪ ਦੀ ਮਨਭਾਉਂਦੀ ਸਵਾਰੀ ਹੁੰਦੀ ਸੀ। ਡੇਰਿਆਂ ’ਚੋਂ ਮਿਲੀਆਂ ਪੁਸਤਕਾਂ ਦੇ ਲੇਖਕਾਂ ਅਤੇ ਤਿੱਥ-ਤਰੀਕਾਂ ਨੂੰ ਤਾਂ ਆਪ ਨੇ ਸੰਪਾਦਕ ਕਰ ਕੇ ਸਾਂਭ ਲਿਆ ਸੀ।
ਅਜੋਕੇ ਪੂੰਜੀਵਾਦੀ ਯੁੱਗ ਵਿਚ ਪ੍ਰੋ. ਪ੍ਰੀਤਮ ਸਿੰਘ ਵਰਗਾ ਸਿਦਕੀ ਤੇ ਸਮਰਪਿਤ ਵਿਦਵਾਨ ਕਿੱਥੋਂ ਲੱਭੇਗਾ? ਸਾਡੇ ਯੁੱਗ ਵਿਚ ਹਰ ਕੰਮ ਕਿਸੇ ਮੁਨਾਫ਼ੇ ਦੀ ਝਾਕ ਵਿਚ ਕੀਤਾ ਜਾਂਦਾ ਹੈ, ਜਦੋਂਕਿ ਪੰਜਾਬੀ ਸਾਹਿਤ ਦੇ ਭੁੱਲੇ-ਵਿਸਰੇ ਲੇਖਕਾਂ ਅਤੇ ਰਚਨਾਵਾਂ ਦੀ ਸਾਂਭ-ਸੰਭਾਲ ਦਾ ਕੰਮ ਅਲੂਣੀ ਸਿਲ ਚੱਟਣ ਵਾਂਗ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਪੁੱਤਰ ਡਾ. ਜੈਰੂਪ ਸਿੰਘ ਅਤੇ ਧੀ ਡਾ. ਹਰਸ਼ਿੰਦਰ ਕੌਰ ਨੇ ਪੰਜਾਬ ਵਿਚ ਵਿਗਿਆਨਕ ਸਿੱਖਿਆ ਦੀ ਘਾਟ ਅਤੇ ਬਾਲ-ਚਕਿਤਸਾ ਦੇ ਨਾਲ ਨਾਲ ਸਭਿਆਚਾਰ ਦੀ ਪੁਣ-ਛਾਣ ਦਾ ਕਾਰਜ ਸੰਭਾਲਿਆ ਹੋਇਆ ਹੈ। ਪ੍ਰੋ. ਪ੍ਰੀਤਮ ਸਿੰਘ ਪੰਜਾਬੀ ਸਾਹਿਤ ਅਤੇ ਬੋਲੀ ਦੇ ਵਿਕਾਸ ਨੂੰ ਸਮਰਪਿਤ ਉਚ-ਦੁਮਾਲੜੀ ਸ਼ਖਸੀਅਤ ਸਨ ਜਿਨ੍ਹਾਂ ਉਪਰ ਅਸੀਂ ਜਿੰਨਾ ਵੀ ਮਾਣ ਕਰ ਸਕੀਏ, ਥੋੜ੍ਹਾ ਹੈ।
ਸੰਪਰਕ: 98760-52136