ਸੰਦੀਪ ਜਸਵਾਲ
ਗੱਲ ਤਾਂ ਅਚੰਭੇ ਵਾਲੀ ਜ਼ਰੂਰ ਹੈ ਪਰ ਸੱਚ ਹੈ ਕਿ ਮੇਰੇ ਜਨਮ ਸਮੇਂ ਬੀਬੀ ਜੋ ਮੇਰੀ ਤਾਈ ਵੀ ਹੈ ਤੇ ਮਾਸੀ ਵੀ, ਨੇ ਸਾਰੇ ਪਿੰਡ ਵਿਚ ਲੱਡੂ ਵੰਡੇ ਸਨ। ਉਹ ਮੈਨੂੰ ਅਕਸਰ ਆਖਦੀ ਕਿ ਤੇਰੇ ਜੰਮਣ ‘ਤੇ ਲੱਡੂ ਵੰਡੇ ਸੀ ਮੈਂ, ਸਾਰਾ ਪਿੰਡ ਕਹਿੰਦਾ ਸੀ ‘ਡਮਾਕ’ ਹਿੱਲ ਗਿਆ ਹੈ ਮੇਰਾ, ਕੁੜੀ ਦੇ ਜੰਮਣ ‘ਤੇ ਤਾਂ ਕੋਈ ਗੁੜ ਦੀ ਰੋੜੀ ਨਹੀਂ ਖਵਾਉਂਦਾ ਤੇ ਲੱਡੂ…! ਪਿੰਡ ਵਿਚ ਜਦੋਂ ਕਿਸੇ ਦੇ ਘਰ ਮੁੰਡਾ ਹੁੰਦਾ ਲਾਗੀ ਗੁੜ ਦੀ ਭੇਲੀ ਵੰਡਣ ਆਉਂਦਾ ਤਾਂ ਮੈਨੂੰ ਜਨਮ ਸਮੇਂ ਵੰਡੇ ਲੱਡੂਆਂ ਕਰਕੇ ਆਪਣਾ ਆਪਾ ਮਹਾਨ ਅਤੇ ਆਪਣੀ ਬੀਬੀ ਸਭ ਤੋਂ ਵੱਧ ਪਿਆਰੀ ਲਗਦੀ। ਜਿਵੇਂ ਹੀ ਥੋੜ੍ਹੀ ਵੱਡੀ ਹੋਈ ਤਾਂ ਅਹਿਸਾਸ ਹੋਇਆ ਕਿ ਇਹ ਬੀਬੀ ਦੀ ਕੋਈ ਜਾਗਰੂਕਤਾ ਜਾਂ ਮੇਰੇ ਨਾਲ ਪਿਆਰ ਵਾਲੀ ਗੱਲ ਨਹੀਂ ਸੀ ਸਗੋ ਇਕ ਤਰੀਕੇ ਦਾ ਮਾਣ ਸੀ; ਕਾਰਨ ਇਹ ਸੀ ਕਿ ਮੇਰੇ ਪਿਤਾ ਜੀ ਹੋਰੀਂ ਨੌਂ ਭਰਾ ਸਨ ਜਿਨ੍ਹਾਂ ਵਿਚੋਂ ਕਿਸੇ ਦੇ ਵੀ ਘਰ ਕੁੜੀ ਨਹੀਂ ਸੀ ਹੋਈ। ਮੇਰੀ ਭੂਆ ਨੌਂ ਭਰਾਵਾਂ ਦੀ ਇਕਲੌਤੀ ਭੈਣ ਸੀ, ਉਹ ਵੀ ਮਸਾਂ ਬਚੀ ਸੀ; ਇਸ ਕਰਕੇ ਸਾਰੇ ਉਸ ਨੂੰ ‘ਰਲੀ’ ਕਹਿ ਕੇ ਬੁਲਾਉਂਦੇ, ਮਤਲਬ ਜਿਹੜੀ ਭਰਾਵਾਂ ਨਾਲ ਰਲ ਗਈ ਹੋਵੇ ਪਰ ਜਦੋਂ ਮੈਥੋਂ ਬਾਅਦ ਮੇਰੀ ਭੈਣ ਪੈਦਾ ਹੋਈ ਤਾਂ ਇਹ ਮਾਣ ਬੀਬੀ ਲਈ ਮਿਹਣਾ ਬਣ ਗਿਆ। ਪਿੰਡ ਵਿਚੋਂ ਕਈਆਂ ਨੇ ਕਿਹਾ ਕਿ ਉਹਨੂੰ ਕਹੋ, ਬਰਫੀ ਵੰਡੇ ਹੁਣ!
ਦੋ ਧੀਆਂ ਦਾ ਜੰਮ ਪੈਣਾ ਬੀਬੀ ਲਈ ਹੀ ਨਹੀਂ, ਮੇਰੇ ਪਿਤਾ ਲਈ ਵੀ ਮਿਹਣਾ ਬਣ ਗਿਆ ਸੀ। ਉਨ੍ਹਾਂ ਦੀ ਨਜ਼ਰ ਵਿਚ ਮੇਰੇ ਪਿਤਾ ਅਲਗਰਜ਼ ਸਨ। ਮੈਂ ਅਕਸਰ ਆਪਣੇ ਤਾਏ ਤਾਈਆਂ ਨੂੰ ਇਹ ਕਹਿੰਦਿਆਂ ਸੁਣਦੀ- ਹੁਣ ਤਾਂ ਰੱਬ ਨੇ ਦੋ ਪੱਥਰ ਦੇ ਦਿੱਤੇ ਨੇ ਇਹਦੇ, ਅਜੇ ਵੀ ਨਹੀਂ ਸਮਝਦਾ। ਉਹ ਸਾਰੇ ਧੀਆਂ ਦੇ ਜਨਮ ਨੂੰ ਪਿਤਾ ਲਈ ਵੱਟਾ ਕਹਿੰਦੇ ਪਰ ਪਿਤਾ ਨੇ ਨਾ ਤਾਂ ਉਨ੍ਹਾਂ ਦੀ ਗੱਲ ਵੱਲ ਕਦੀ ਧਿਆਨ ਕੀਤਾ, ਤੇ ਨਾ ਹੀ ਕਦੇ ਕੁੜੀਆਂ ਦਾ ਬਾਪ ਹੋਣ ਕਰਕੇ ਆਪਣੇ ਆਪ ਨੂੰ ਹੀਣਾ ਸਮਝਿਆ। ਉਨ੍ਹਾਂ ਸਾਡੇ ਖਾਣ ਪਹਿਨਣ ’ਤੇ ਕਦੇ ਕੋਈ ਰੋਕ ਨਹੀਂ ਲਗਾਈ ਸਗੋਂ ਪੜ੍ਹਨ ਲਈ ਹਰ ਸਹੂਲਤ ਮੁਹੱਈਆ ਕਰਵਾਈ। ਬਾਕੀ ਟੱਬਰ ਵਿਚ ਮੇਰੇ ਤੇ ਮੇਰੀ ਭੈਣ ਦੇ ਦੋ ਗੁੱਤਾਂ ਕਰਨ, ਫ਼ਰਾਕ ਪਾਉਣ ਤੇ ਪੜ੍ਹਾਈ ਬਾਰ ਲਗਾਤਾਰ ਇਤਰਾਜ਼ ਹੁੰਦੇ ਰਹੇ। ਭੈਰੋਂਪੁਰੀਆਂ ਬਾਬਾ (ਪਿਤਾ ਦਾ ਮਾਸੜ) ਮੈਨੂੰ ਕੋਲ ਬੁਲਾ ਕੇ ਆਖਦਾ ਹੁੰਦਾ ਸੀ- ਕੁੜੇ ਆਪਣੀ ਮਾਂ ਨੂੰ ਕਿਹਾ ਕਰ, ਮੈਂ ਦੋ ਗੁੱਤਾਂ ਨਹੀਂ ਕਰਨੀਆਂ, ਇਕ ਗੁੱਤ ਕਰਿਆ ਕਰ, ਤੇ ਸਿਰ ਢਕ ਕੇ ਰੱਖਿਆ ਕਰ। ਇਹ ਉਦੋਂ ਦੀ ਗੱਲ ਹੈ ਜਦੋਂ ਮੇਰੀ ਉਮਰ ਸੱਤ ਅੱਠ ਸਾਲ ਸੀ ਤੇ ਇਨ੍ਹਾਂ ਗੱਲਾਂ ਦੇ ਅਰਥ ਮੇਰੀ ਸਮਝ ਤੋਂ ਪਰ੍ਹੇ ਸਨ।
ਮੇਰੇ ਮਾਤਾ ਪਿਤਾ ਨੇ ਮੈਨੂੰ ਬੜੇ ਚਾਅ ਨਾਲ ਸਕੂਲ ਪੜ੍ਹਨ ਭੇਜਿਆ। ਸਕੂਲੀ ਪੜ੍ਹਾਈ ਤੋਂ ਬਾਅਦ ਜਦੋਂ ਚੰਡੀਗੜ੍ਹ ਦੇ ਸਰਕਾਰੀ ਕਾਲਜ ਦਾਖਲਾ ਲਿਆ ਤਾਂ ਸਾਰੇ ਟੱਬਰ ਨੇ ਇਤਰਾਜ਼ ਕੀਤਾ ਪਰ ਮੇਰੇ ਮਾਪਿਆਂ ਨੇ ਉਨ੍ਹਾਂ ਦੀਆਂ ਗੱਲਾਂ ਅਣਸੁਣੀਆਂ ਕਰ ਮੈਨੂੰ ਕਾਲਜ ਭੇਜਿਆ। ਪਹਿਲੇ ਦਿਨ ਜਦੋਂ ਘਰੋਂ ਬੱਸ ਸਟਾਪ ਵੱਲ ਤੁਰੀ ਤਾਂ ਰਸਤੇ ਵਿਚ ਜੀਤ ਤਾਏ ਅਤੇ ਪੋਸਤੀ ਵੀਰ ਨੇ ਰੋਕ ਲਿਆ। ਉਨ੍ਹਾਂ ਕਿਤਾਬਾਂ ਵਾਲੇ ਬੈਗ ਵੱਲ ਦੇਖਿਆ ਤੇ ਕਿਹਾ, “ਤੇਰੇ ਮਾਂ ਬਾਪ ਨੇ ਤਾਂ ਸਾਡੀ ਨਹੀਂ ਸੁਣੀ, ਦੇਖੀਂ ਸਾਡੀਆਂ ਪੱਗਾਂ ਦਾ ਖਿਆਲ ਰੱਖੀਂ। ਚਾਲੀ ਜੀਆਂ ਦਾ ਕੋੜਮਾ ਹੈ ਸਾਡਾ, ਬੰਨੇ-ਚੰਨੇ ਬੋਲਣ ਜੋਗਾ ਰਹਿ ਜੇ ਬੱਸ!” ਸੁਣਦਿਆਂ ਸਾਰ ਲੱਗਾ, ਜਿਵੇਂ ਇਸ ਚਿਤਾਵਨੀ ਨੇ ਮੇਰੇ ਪੈਰ ਥਾਏਂ ਜਕੜ ਲਏ ਹੋਣ ਪਰ ਉਦੋਂ ਹੀ ਪਿਤਾ ਦਾ ਦਿੱਤਾ ਸਬਕ ਯਾਦ ਆਇਆ- “ਜੀਅ ਲਾ ਕੇ ਪੜ੍ਹੀਂ ਪੁੱਤ। ਕਿਤਾਬਾਂ ਹੀ ਬੰਦੇ ਨੂੰ ਜਿਊਣਾ ਸਿਖਾਉਂਦੀਆਂ, ਗਿਆਨ ਹੀ ਬੰਦੇ ਦਾ ਆਪਣਾ ਹੁੰਦਾ ਜਿਸ ਨੂੰ ਨਾ ਕੋਈ ਧੱਕੇ ਨਾਲ ਵੰਡਾ ਸਕਦਾ, ਨਾ ਚੋਰੀ ਕਰ ਸਕਦਾ। ਜਿੰਨਾ ਮਰਜ਼ੀ ਪੜ੍ਹ ਲੈ, ਮੇਰੇ ਵੱਲੋਂ ਖੁੱਲ੍ਹੀ ਛੁੱਟੀ ਹੈ।” ਇਹ ਗੱਲ ਯਾਦ ਆਉਂਦਿਆ ਹੀ ਲੱਗਾ ਜਿਵੇਂ ਪੈਰਾਂ ਦੀ ਜਕੜਨ ਖੁੱਲ੍ਹ ਗਈ ਹੋਵੇ। ਉਨ੍ਹਾਂ ਨੂੰ ਬਿਨਾ ਕੁਝ ਕਹੇ ਮੈਂ ਚੁੱਪ ਚਾਪ ਆਪਣੇ ਰਾਹ ਤੁਰ ਪਈ; ਤੇ ਕਾਲਜ ਪੈਰ ਧਰਦਿਆਂ ਮਹਿਸੂਸ ਜ਼ਰੂਰ ਹੋਇਆ ਜਿਵੇਂ ਚਾਲੀ ਜੀਆਂ ਦਾ ਕੋੜਮਾਂ ਮੇਰੇ ਨਾਲ ਹੀ ਕਾਲਜ ਦਾਖਲ ਹੋ ਗਿਆ ਹੋਵੇ!
ਬੀਏ ਕਰਕੇ ਯੂਨੀਵਰਸਿਟੀ ਪੁੱਜੀ ਤਾਂ ਇਕ ਵਾਰ ਫਿਰ ਮਾਤਾ-ਪਿਤਾ ਨੂੰ ਸਾਰਿਆਂ ਦੇ ਸਾਹਮਣੇ ਕਿਸੇ ਕਸੂਰਵਾਰ ਵਾਂਗ ਪੇਸ਼ ਹੋਣਾ ਪਿਆ। ਉਨ੍ਹਾਂ ਨੂੰ ਬੁਲਾ ਕੇ ਸਮਝਾਇਆ ਗਿਆ- ਕਿ ਚੌਦਾਂ-ਪੰਦਰਾਂ ਜਮਾਤਾਂ ਪੜ੍ਹ ਗਈ ਹੈ ਕੁੜੀ, ਹੁਣ ਕੋਈ ਮੁੰਡਾ ਦੇਖੋ ਤੇ ਵਿਆਹ ਕਰਨ ਦੀ ਸੋਚੋ। ਨਾਲ ਹੀ ਗਿਆਨ ਦਾ ਸਬੂਤ ਦਿੰਦਿਆਂ ਕਿਹਾ, ਜਿਥੇ ਕੁੜੀ ਨੂੰ ਪੜ੍ਹਨ ਲਈ ਭੇਜਣ ਲੱਗੇ ਹੋ, ਉਥੇ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਨੇ, ਹੋਰ ਨਾ ਕਿਤੇ ਕੋਈ…। ਪਿਤਾ ਨੇ ਟੋਕਿਆ, “ਟੱਬਰ ਦਾ ਕੋਈ ਹੋਰ ਜੀਅ ਤਾਂ ਪਹੁੰਚਿਆ ਨਹੀਂ ਐਥੋਂ ਤੱਕ। ਪੜ੍ਹਦੀ ਹੈ ਕੁੜੀ ਤਾਂ ਪੜ੍ਹ ਲੈਣ ਦਿਓ।” ਫਿਰ ਉਨ੍ਹਾਂ ਦੀ ਆਵਾਜ਼ ਥੋੜ੍ਹਾ ਖਰਵੀਂ ਹੋ ਗਈ, “ਪੜ੍ਹਾਈ ਦਾ ਕਾਹਦਾ ਮਿਹਣਾ, ਜੇ ਕੋਈ ਉਲਾਂਭਾ ਆਇਆ ਤਾਂ ਕਿਹੋ।” ਇਹ ਸੁਣ ਕੇ ਸਾਰੇ ਚੁੱਪ ਹੋ ਗਏ। ਕਾਫੀ ਦੇਰ ਤੱਕ ਕੋਈ ਸਾਹਮਣੇ ਆ ਕੇ ਤਾਂ ਕੁਝ ਨਾ ਬੋਲਿਆ ਪਰ ਅੱਗੇ ਪਿੱਛੇ ਚਰਚਾ ਚਲਦੀ ਰਹੀ।
ਐੱਮਫਿਲ ਕਰਨ ਲੱਗੀ ਤਾਂ ਇੱਕ ਦਿਨ ਤਾਇਆ ਜੀ ਨੇ ਪੁਛਿਆ, “ਪੁੱਤ ਜਮਾਤਾਂ ਤਾਂ ਸਾਰੀਆਂ ਮੁੱਕ ਗਈਆਂ, ਹੁਣ ਕੋਈ ਕੋਰਸ-ਕੂਰਸ ਕਰ ਲੈਣਾ ਸੀ।” ਮੈਂ ਉਨ੍ਹਾਂ ਦੀ ਆਵਾਜ਼ ਵਿਚਲੀ ਨਰਮਾਈ ਤੇ ਰਸਨਾਈ ਮਹਿਸੂਸ ਕਰਦਿਆਂ ਬੋਲੀ, “ਕੋਰਸ ਹੀ ਹੈ ਇਹ ਤਾਇਆ ਜੀ।” ਕਹਿੰਦੇ, “ਕਾਹਦਾ ਕੋਰਸ? ਕਿਹੜੀ ਨੌਕਰੀ ਮਿਲੂ ਇਸ ਤੋਂ ਬਾਅਦ? ਮੈਂ ਕਿਹਾ, “ਕਾਲਜ ਵਿਚ ਪੜ੍ਹਾਉਣ ਦੀ।” ਉਹ ਇਕਦਮ ਬੋਲੇ, “ਅੱਛਾ ਅੱਛਾ! ‘ਪ੍ਰੋਫੈਸਰੀ ਦਾ ਕੋਰਸ’ ਕਹਿ ਫਿਰ। ਉਸ ਤੋਂ ਬਾਅਦ ਸਾਰਾ ਟੱਬਰ ਬੰਨੇ-ਚੰਨੇ ਤੇ ਰਿਸ਼ਤੇਦਾਰਾ ਨੂੰ ਮਾਣ ਨਾਲ ਆਖਣ ਲੱਗਾ ਕਿ ਸਾਡੀ ਕੁੜੀ ਪ੍ਰੋਫੈਸਰੀ ਦਾ ਕੋਰਸ ਕਰਦੀ ਹੈ ਚੰਡੀਗੜ੍ਹ। ਮਹਿਸੂਸ ਕੀਤਾ ਕਿ ਉਨ੍ਹਾਂ ਦੀ ਸੋਚ ਤਾਂ ਨਹੀਂ ਪਰ ਰਵੱਈਆ ਜ਼ਰੂਰ ਬਦਲ ਗਿਆ ਸੀ।
ਲਗਭਗ ਢਾਈ ਦਹਾਕੇ ਗੁਜ਼ਰ ਗਏ ਇਨ੍ਹਾਂ ਗੱਲਾਂ ਨੂੰ ਪਰ ਹੁਣ ਵੀ ਮੇਰੀ ਸੋਚ ਵਿਚ ਉਹ ਸਭ ਕੁਝ ਕੰਡਾ ਬਣ ਕੇ ਚੁਭਿਆ ਪਿਆ ਹੈ ਕਿਉਂਕਿ ਮੈਨੂੰ ਸਾਲ ਵਿਚ ਦੋ ਦੋ ਇਮਤਿਹਾਨ ਪਾਸ ਕਰਨੇ ਪਏ। ਇੱਕ ਅਕਾਦਮਿਕ ਤੇ ਦੂਜਾ ਟੱਬਰ ਦੀ ਮਾਣ-ਮਰਿਆਦਾ ਵਾਲਾ ਜਿਸ ਲਈ ਨਾ ਕੋਈ ਸਿਲੇਬਸ ਸੀ, ਨਾ ਹੀ ਕੋਈ ਕਿਤਾਬ। ਪਤਾ ਨਹੀਂ ਸੀ ਹੁੰਦਾ ਕਿ ਕਿਹੜਾ ਸਵਾਲ ਕਿਧਰੋਂ ਪੁੱਛ ਲਿਆ ਜਾਵੇ।
ਕਈ ਵਾਰ ਮਨ ਕਰਦਾ ਹੈ, ਇਕ ਵਾਰ ਉਨ੍ਹਾਂ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਪੁੱਛਾਂ ਕਿ ਜਿਹੜੇ ਲੱਡੂ ਮੇਰੀ ਮਾਂ ਟੱਬਰ ਦੇ ਘਰਾਂ ਵਿਚ ਮੇਰੇ ਪਾਸ ਹੋਣ ’ਤੇ ਵੰਡਦੀ ਹੁੰਦੀ ਸੀ, ਉਨ੍ਹਾਂ ਨੂੰ ਕੋਈ ਖਾਂਦਾ ਵੀ ਹੁੰਦਾ ਸੀ? ਜਾਂ ਫਿਰ ਸੁੱਟ ਦਿੰਦੇ ਸਨ ਪਸ਼ੂਆਂ ਅੱਗੇ! ਜਿਵੇਂ ਮੇਰੇ ਜਨਮ ਸਮੇਂ ਵੰਡੇ ਲੱਡੂ ਮੇਰੇ ‘ਬੜੇ ਤਾਏ’ ਨੇ ਨਹੀਂ ਸੀ ਖਾਧੇ।
ਸੰਪਰਕ: 98728-77417