ਅਰਵਿੰਦਰ ਜੌਹਲ
ਅਖ਼ਬਾਰ ਦਾ ਆਖਰੀ ਐਡੀਸ਼ਨ ਦੇਣ ਬਾਅਦ ਮੈਂ ਜਦੋਂ ਦਫਤਰ ਦੀ ਕੈਬ ਵਿਚ ਘਰ ਵੱਲ ਤੁਰੀ ਤਾਂ ਸਾਢੇ ਗਿਆਰਾਂ ਤੋਂ ਉਤੇ ਦਾ ਵੇਲਾ ਸੀ। ਅਖਬਾਰ ਦੀ ਮਾਨਸਿਕ ਤੌਰ ’ਤੇ ਥਕਾ ਦੇਣ ਵਾਲੀ ਡਿਊਟੀ ਦੇ ਬਾਵਜੂਦ ਘਰ ਪੁੱਜਦਿਆਂ ਹੀ ਮੈਂ ਯੂ-ਟਿਊਬ ਉਤੇ ਕਿਸਾਨ ਅੰਦੋਲਨ ਨਾਲ ਸਬੰਧਤ ਵੀਡੀਓਜ਼ ’ਤੇ ਤੈਰਦੀ ਨਜ਼ਰ ਮਾਰ ਰਹੀ ਸੀ ਕਿ ਅਚਾਨਕ ਕਿਸੇ ਵੀਡੀਓ ’ਤੇ ਮੇਰੇ ਤੋਂ ਟੱਚ ਹੋ ਗਿਆ। ਕਿਸੇ ਯੂ-ਟਿਊਬ ਚੈਨਲ ’ਤੇ ਮਰਦ-ਔਰਤ ਦੋ ਐਂਕਰ ਕਿਸਾਨਾਂ ਨਾਲ ਸਬੰਧਤ ਕਿਸੇ ਗੀਤ ’ਤੇ ਰੀਐਕਸ਼ਨ ਦੇ ਰਹੇ ਸਨ। ਮਹਿਲਾ ਐਂਕਰ ਕਾਫੀ ਭਾਵੁਕ ਨਜ਼ਰ ਆ ਰਹੀ ਸੀ। ਉਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ, ‘‘…ਕਮਾਲ ਦਾ ਗੀਤ ਹੈ। ਇਹ ਗੀਤ ਸੁਣ ਕੇ ਤਾਂ ਮੈਂ ਬਹੁਤ ਇਮੋਸ਼ਨਲ ਹੋ ਗਈ ਹਾਂ। ਕਿੰਨਾ ਵਧੀਆ ਗੀਤ ਹੈ। ਮੇਰੇ ਕੋਲ ਤਾਰੀਫ਼ ਕਰਨ ਲਈ ਅਲਫਾਜ਼ ਨਹੀਂ।’’ ਉਸ ਦੇ ਚਿਹਰੇ ਤੋਂ ਇਹ ਸਾਫ ਪੜ੍ਹਿਆ ਜਾ ਰਿਹਾ ਸੀ ਕਿ ਭਾਵਨਾਵਾਂ ਬਿਆਨ ਕਰਨ ਲਈ ਸ਼ਬਦ ਉਸ ਦਾ ਸਾਥ ਨਹੀਂ ਸਨ ਦੇ ਰਹੇ। ਉਹ ਵਾਰ-ਵਾਰ ਲਹਿੰਦੇ ਪੰਜਾਬ ਦੇ ਭਰਾਵਾਂ ਦਾ ਸ਼ੁਕਰੀਆ ਅਦਾ ਕਰ ਰਹੀ ਸੀ ਜਿਨ੍ਹਾਂ ਪੰਜਾਬ ਦੇ ਦਿੱਲੀ ਮੋਰਚੇ ’ਤੇ ਡਟੇ ਆਪਣੇ ਵੀਰਾਂ ਦੀ ਹਮਾਇਤ ’ਚ ਇਹ ਗੀਤ ਲਿਖਿਆ/ਗਾਇਆ ਸੀ। ਐਂਕਰ ਦੀ ਭਾਵੁਕਤਾ ਨੇ ਉਸ ਗੀਤ ਬਾਰੇ ਮੇਰੀ ਉਤਸੁਕਤਾ ਬਹੁਤ ਵਧਾ ਦਿੱਤੀ। ਗੀਤ ਬਾਰੇ ਆਪਣੀ ਟਿੱਪਣੀ ਖਤਮ ਕਰਨ ਮਗਰੋਂ ਉਸ ਨੇ ਅਨਾਊਂਸ ਕੀਤਾ ਕਿ ਉਹ ਹੁਣ ਲਹਿੰਦੇ ਪੰਜਾਬ ਦੇ ਨੌਜਵਾਨ ਗਾਇਕਾਂ ਵੱਲੋਂ ਗਾਇਆ ਗੀਤ ਦਰਸ਼ਕਾਂ ਨਾਲ ਸਾਂਝਾ ਕਰੇਗੀ। ਸਕਰੀਨ ’ਤੇ ਗੀਤ ਸ਼ੁਰੂ ਹੁੰਦਿਆਂ ਪਹਿਲਾਂ ‘ਪੰਜਾਬ’ ਲਿਖਿਆ ਉਭਰਿਆ ਤੇ ਇਕ ਨੌਜਵਾਨ ਦੀ ਸੰਬੋਧਨੀ ਲਹਿਜੇ ’ਚ ਆਵਾਜ਼ ਗੂੰਜੀ:
ਚੜ੍ਹਦਾ ਸਿਆਲ ਲੈਂਦੇ ਮੌਤ ਨਾਲ ਫੇਰੇ,
ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ।
ਨਾਲ ਹੀ ਦਿੱਲੀ ਵੱਲ ਕੂਚ ਕਰਦੇ ਸੰਘਰਸ਼ੀ ਕਿਸਾਨਾਂ ਅਤੇ ਪੁਲੀਸ ਵੱਲੋਂ ਉਨ੍ਹਾਂ ’ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਦਾ ਦ੍ਰਿਸ਼ ਸਕਰੀਨ ’ਤੇ ਉੱਭਰਿਆ। ਕੁਝ ਪਲਾਂ ਮਗਰੋਂ ਸਕਰੀਨ ’ਤੇ ਇੱਕ ਅੱਧਖੜ੍ਹ ਉਮਰ ਦੇ ਕਿਸਾਨ ਦਾ ਚਿਹਰਾ ਨਜ਼ਰੀਂ ਪੈਂਦਾ ਹੈ, ਜਿਸ ਦੀਆਂ ਅੱਖਾਂ ’ਚ ਹੰਝੂ ਨੇ ਤੇ ਪਿੱਛੇ ਗੀਤ ਦੇ ਬੋਲ ਸੁਣਾਈ ਦਿੰਦੇ ਨੇ:
ਪੰਜਾਲੀਆਂ ’ਤੇ ਬਣ ਤਣ ਹੋਇਆ ਜੋ ਜਵਾਨ, ਅੱਜ ਆਖਦੇ ਕਿਸਾਨ ਅਤਿਵਾਦੀ ਹੋ ਗਿਆ,
ਆਵਦੇ ਖੇਤਾਂ ’ਚ ਸੋਚ ਕੇ ਗੁਲਾਮੀ, ਸਾਡਾ ਇਹ ਕਿਸਾਨ ਜਜ਼ਬਾਤੀ ਹੋ ਗਿਆ
ਗੀਤ ਦਾ ਪ੍ਰਭਾਵ ਏਨਾ ਤਿੱਖਾ ਤੇ ਵੇਗਮਈ ਹੈ ਕਿ ਸੁਣਦਿਆਂ ਤੁਹਾਨੂੰ ਨਹੀਂ ਪਤਾ ਲਗਦਾ ਕਿ ਕਦੋਂ ਤੁਹਾਡੀਆਂ ਅੱਖਾਂ ਦੇ ਕੋਏ ਸਿੰਮਣ ਲੱਗਦੇ ਨੇ। ਗੀਤ ਸੁਣ ਕੇ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਗੀਤ ਮੈਨੂੰ ਚੰਗਾ ਲੱਗਿਆ। ਮੈਂ ਇਕ ਵਾਰੀ ਫਿਰ ਉਹੀ ਗੀਤ ਸੁਣਿਆ, ਇਸ ਤੋਂ ਬਾਅਦ ਫਿਰ ਪਤਾ ਨਹੀਂ ਕਿੰਨੀ ਵਾਰ ਮੈਂ ਵਾਰ-ਵਾਰ ਉਹੀ ਗੀਤ ਸੁਣਿਆ। ਇਸ ਦੇ ਨਾਲ ਹੀ ਇਨ੍ਹਾਂ ਲਹਿੰਦੇ ਪੰਜਾਬ ਦੇ ਗਾਇਕਾਂ ਤੇ ਗੀਤਕਾਰਾਂ ਦੀ ਇੰਟਰਵਿਊ ਵਾਲੀਆਂ ਵੀਡੀਓਜ਼ ਵੀ ਆਉਣ ਲੱਗੀਆਂ ਜਿਸ ਤੋਂ ਪਤਾ ਲੱਗਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਆਏ ਇਸ ਗੀਤ ਨੂੰ ਹੁਣ ਤਕ ਇੱਕ ਮਿਲੀਅਨ ਤੋਂ ਵੱਧ ਦਰਸ਼ਕ ਵੇਖ/ਸੁਣ ਚੁੱਕੇ ਹਨ। ਇਹ ਗੀਤ ਵੱਕਾਰ ਭਿੰਡਰ, ਸ਼ਹਿਜ਼ਾਦ ਸਿੱਧੂ, ਮਨਸੂਰ ਚਿਸ਼ਤੀ, ਇਜਾਜ਼ ਘੱਗ, ਏ.ਆਰ. ਵੱਟੂ ਨੇ ਗਾਇਆ ਹੈ ਅਤੇ ਬੋਲ ਲਿਖੇ ਨੇ ਕੁਲਜਿੰਦਰ ਕਾਲਕਟ ਤੇ ਡੇਰੇਆਲਾ ਨੇ ਤੇ ਸੰਗੀਤ ਮਹਿਮੂਦ ਜੇ ਨੇ ਦਿੱਤਾ ਹੈ। ਇਸ ਗੀਤ ਨਾਲ ਜੁੜੇ ਸਾਰੇ ਨੌਜਵਾਨਾਂ ਦੇ ਪਰਿਵਾਰ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਨੇ। ਇੰਟਰਵਿਊ ’ਚ ਇਨ੍ਹਾਂ ’ਚੋਂ ਇਕ ਨੌਜਵਾਨ ਦਾ ਕਹਿਣਾ ਸੀ ਕਿ ਉਸ ਨੂੰ ਪਤਾ ਹੈ ਕਿਵੇਂ ਉਸ ਦਾ ਅੱਬਾ ਸਾਰਾ ਦਿਨ ਖੇਤਾਂ ’ਚ ਮਿੱਟੀ ਨਾਲ ਮਿੱਟੀ ਹੁੰਦਾ ਹੈ ਜਿਸ ਕਰ ਕੇ ਉਹ ਕਿਸਾਨਾਂ ਦੇ ਦੁੱਖ-ਦਰਦ ਨੂੰ ਮਹਿਸੂਸ ਕਰ ਸਕਦਾ ਹੈ। ਉਸ ਨੇ ਕਿਹਾ, ‘‘ਜਦੋਂ ਇਹ ਵਡੇਰੇ ਬਾਬੇ ਆਪਣਾ ਹੱਕ ਲੈਣ ਲਈ ਦਿੱਲੀ ਰਵਾਨਾ ਹੋਏ ਤਾਂ ਉਸ ਨੇ ਦੇਖਿਆ ਕਿ ਇਸ ਮੋਰਚੇ ’ਚ ਸ਼ਾਮਲ ਕਿਸੇ ਬਜ਼ੁਰਗ ਦੇ ਹੱਥ ਕੱਟੇ ਹੋਏ ਸਨ ਅਤੇ ਕਿਸੇ ਦੀਆਂ ਲੱਤਾਂ ਨਹੀਂ ਸਨ ਪਰ ਫਿਰ ਵੀ ਏਨੀ ਠੰਢ ਵਿਚ ਉਹ ਆਪਣੇ ਹੱਕਾਂ ਲਈ ਸੰਘਰਸ਼ ’ਤੇ ਡਟੇ ਹੋਏ ਸਨ। ਉਨ੍ਹਾਂ ਦੀ ਬੇਵੱਸੀ ਦੇਖ ਮੈਨੂੰ ਖ਼ੁਦ ਰੋਣ ਆਉਣ ਲੱਗਾ। ਮੈਨੂੰ ਲੱਗਿਆ ਕਿ ਇਨ੍ਹਾਂ ਬਾਬਿਆਂ ਦਾ ਹੌਸਲਾ ਬੰਨ੍ਹਾਉਣ ਅਤੇ ਇਨ੍ਹਾਂ ਦੀ ਹਮਾਇਤ ਲਈ ਕੁਝ ਕਰਨਾ ਚਾਹੀਦਾ ਹੈ। ਜੇ ਤੁਸੀਂ ਇਨਸਾਨ ਹੋ ਤਾਂ ਕਿਸੇ ਹੋਰ ਦਾ ਦੁੱਖ ਵੀ ਤੁਹਾਨੂੰ ਮਹਿਸੂਸ ਹੁੰਦਾ ਹੈ।’’
ਉਨ੍ਹਾਂ ਦੱਸਿਆ ਕਿ ਜਦੋਂ ਚੜ੍ਹਦੇ ਪੰਜਾਬ ਦੇ ਸੰਘਰਸ਼ੀਆਂ ਨੂੰ ਹੌਸਲਾ ਦੇਣ ਲਈ ਉਨ੍ਹਾਂ ਇਕ ਗੀਤ ਦੀ ਵਿਉਂਤ ਵਿਉਂਤੀ ਤਾਂ ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਕਿਤੇ ਭਾਰਤ ਦਾ ‘ਗੋਦੀ ਮੀਡੀਆ’ ਇਸ ਵਿਚ ਪਾਕਿਸਤਾਨੀ ਸਾਜ਼ਿਸ਼ ਵਾਲਾ ਕੋਈ ਐਂਗਲ ਨਾ ਕੱਢ ਲਵੇ ਕਿਉਂਕਿ ਪਹਿਲਾਂ ਹੀ ਗੋਦੀ ਮੀਡੀਆ ਮੋਰਚੇ ’ਤੇ ਡਟੇ ਕਿਸਾਨਾਂ ਨੂੰ ਅਤਿਵਾਦੀ ਦੱਸਦਾ ਰਿਹਾ ਸੀ। ਇਸੇ ਲਈ ਉਨ੍ਹਾਂ ਗੀਤ ਲਿਖਣ ਵੇਲੇ ਖ਼ਾਸ ਇਸ ਗੱਲ ਦਾ ਧਿਆਨ ਰੱਖਿਆ ਕਿ ਇਸ ਵਿਚ ਭਾਰਤ-ਪਾਕਿਸਤਾਨ ਦੀ ਗੱਲ ਨਾ ਕਰਕੇ ਦੋਹਾਂ ਪਾਸਿਆਂ ਦੇ ਪੰਜਾਬ ਦੀ ਗੱਲ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਦੋਹੀਂ ਪਾਸੇ ਦੀ ਬੋਲੀ ਰਹਿਣ-ਸਹਿਣ ਤੇ ਵਿਰਸਾ ਇੱਕੋ ਜਿਹਾ ਹੈ ਜੋ ਜਜ਼ਬਾਤੀ ਸਾਂਝ ਦਾ ਆਧਾਰ ਹੈ ਤੇ ਇਹੋ ਸਾਂਝ ਇਨ੍ਹਾਂ ਬੋਲਾਂ ’ਚ ਧੜਕਦੀ ਹੈ:
ਸਾਡੇ ਖ਼ੂਨ ’ਚ ਵੱਸਦਾ ਪੰਜਾਬ ਬੋਲਦਾ ,
ਕੀ ਐ ਚੜ੍ਹਦਾ ਪੰਜਾਬ, ਕੀ ਐ ਲਹਿੰਦਾ ਵੀਰਿਆ
ਇਨ੍ਹਾਂ ਮੁੰਡਿਆਂ ’ਚੋਂ ਇਕ ਨੇ ਦੱਸਿਆ ਕਿ ਉਸ ਦੇ ਬਾਬੇ ਨੇ ਜਦੋਂ ਉਸ ਦਾ ਗੀਤ ਦੇਖਿਆ ਤੇ ਸੁਣਿਆ ਤਾਂ ਉਸ ਨੇ ਖ਼ੁਸ਼ ਹੁੰਦਿਆਂ ਭਾਵੁਕ ਹੋ ਕੇ ਕਿਹਾ, ‘ਤੁਸੀਂ ਤਾਂ ਵਿਛੜਿਆ ਪੰਜਾਬ ਮਿਲਾ ਦਿੱਤਾ।’
ਇਨ੍ਹਾਂ ਮੁੰਡਿਆਂ ਦੀਆਂ ਗੱਲਾਂ ਸੁਣ ਕੇ ਇਹ ਨਹੀਂ ਲੱਗਦਾ ਕਿ ਵੰਡ ਹੋਇਆਂ 72 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਕਿ ਵੰਡ ਦਾ ਦਰਦ ਇਨ੍ਹਾਂ ਆਪਣੇ ਸੀਨੇ ’ਤੇ ਨਹੀਂ ਹੰਢਾਇਆ, ਕਿ ਏਧਰਲੇ ਤੇ ਓਧਰਲੇ ਦੁੱਖ ਦਰਦ ਕਿੰਨੇ ਸਾਂਝੇ ਨੇ। ਇਹ ਗੀਤ ਸੁਣਦਿਆਂ ਜੇ ਤੁਸੀਂ ਕੁਝ ਪਲ ਲਈ ਅੱਖਾਂ ਬੰਦ ਕਰ ਲਓ ਤਾਂ ਲੱਗਦੈ ਇਹ ਤਾਂ ਤੁਹਾਡੇ ਆਪਣੇ ਪੁੱਤ ਨੇ, ਸਾਂਝੇ ਦਰਦਾਂ ਤੇ ਸਾਂਝੇ ਦੁੱਖਾਂ ਨੂੰ ਸਮਝਣ ਵਾਲੇ। ਜਿਸ ਮੋਰਚੇ ਨੂੰ ਦਿੱਲੀ ਨਾ ਵੜਨ ਦਿੱਤਾ ਗਿਆ, ਉਸ ਦੀ ਚੀਸ ਕਦੋਂ ਵਾਹਗੇ ਦਾ ਗੇਟ ਅਤੇ ਸੈਂਕੜੇ ਮੀਲ ਲੰਮੀ ਕੰਡਿਆਲੀ ਤਾਰ ਟੱਪ ਗਈ, ਪਤਾ ਵੀ ਨਾ ਲੱਗਾ।
ਇਹ ਤਾਂ ਸ਼ਾਇਦ ਕਿਸੇ ਸੋਚਿਆ ਹੀ ਨਹੀਂ ਸੀ ਕਿ ਇਹ ਕਿਸਾਨੀ ਅੰਦੋਲਨ ਹੱਦਾਂ ਤੇ ਸਰਹੱਦਾਂ ਪਾਰ ਕਰਕੇ ਦਿਲਾਂ ਦੇ ਦਰਦ ਵੰਡਾਉਣ ਲੱਗੇਗਾ।
ਸੰਪਰਕ: 98554-20229