ਡਾ. ਕ੍ਰਿਸ਼ਨ ਕੁਮਾਰ ਰੱਤੂ
ਹੁਣ ਜਦੋਂ ਆਪਣੀਆਂ ਯਾਦਾਂ ਦੇ ਝਰੋਖੇ ਵਿਚੋਂ ਮੈਂ ਬਲਵੰਤ ਮੋਰੇਸ਼ਵਰ ਪੁਰੰਦਰੇ ਬਾਰੇ ਸੋਚਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਉਹ ਮਹਾਂ ਨਾਇਕ ਸਨ। ਉਨ੍ਹਾਂ ਨੇ ਲੋਕਾਂ ਦੇ ਨਾਇਕਾਂ ਨੂੰ ਭਾਰਤੀ ਰੰਗਮੰਚ ਤੇ ਅਜਿਹੇ ਸ਼ਾਹਕਾਰ ਰੂਪ ਵਿਚ ਪੇਸ਼ ਕੀਤਾ ਹੈ ਕਿ ਉਹ ਜਨ ਜੀਵਨ ਦਾ ਇਤਿਹਾਸ ਹੋ ਗਏ।
ਪੁਰੰਦਰੇ ਸੱਚਮੁੱਚ ਧਰਤੀ ਨਾਲ ਜੁੜੇ ਹੋਏ ਰੰਗਮੰਚ ਦੇ ਸ਼ਾਹਕਾਰ ਸ਼੍ਰੋਮਣੀ ਨਾਟਕਕਾਰ ਸਨ। ਉਨ੍ਹਾਂ ਸਿ਼ਵਾਜੀ ਦੇ ਇਤਿਹਾਸ ਨੂੰ ਮਹਾਰਾਸ਼ਟਰ ਦੇ ਘਰ ਘਰ ਤਕ ਪੁਚਾਇਆ। ਭਾਰਤੀ ਰੰਗਮੰਚ ਤੇ ਇਤਿਹਾਸ ਵਿਚ ਉਹ ਧੁਰ ਅੰਦਰੋਂ ਲੇਖਕ, ਇਤਿਹਾਸਕਾਰ ਤੇ ਨਾਟਕਕਾਰ ਵਜੋਂ ਪ੍ਰਸਿੱਧ ਸਨ। ਉਨ੍ਹਾਂ ਦਾ ਜਾਣਾ ਭਾਰਤੀ ਰੰਗਮੰਚ ਦੀ ਅਜਿਹੀ ਸ਼ਖ਼ਸੀਅਤ ਦਾ ਵਿਦਾ ਹੋਣਾ ਹੈ ਜਿਸ ਦੀ ਘਾਟ ਨੂੰ ਪੂਰਿਆਂ ਨਹੀਂ ਕੀਤਾ ਜਾ ਸਕਦਾ।
ਬਲਵੰਤ ਮੋਰੇਸ਼ਵਰ ਪੁਰੰਦਰੇ ਨੇ ਬਹੁਤ ਛੋਟੀ ਉਮਰ ਵਿਚ ਹੀ ਸਿ਼ਵਾਜੀ ਦੇ ਰਾਜ ਪ੍ਰਬੰਧ ਬਾਰੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬਾਅਦ ਵਿਚ ਉਨ੍ਹਾਂ ਨੇ ਇਨ੍ਹਾਂ ਕਹਾਣੀਆਂ ਨੂੰ ‘ਧਿਆਨਗਿ’ ਨਾਮਕ ਪੁਸਤਕ ਵਿਚ ਇਕੱਠਾ ਕੀਤਾ। ਉਨ੍ਹਾਂ ਦੀਆਂ ਹੋਰ ਬੇਹੱਦ ਚਰਚਿਤ ਕਿਤਾਬਾਂ ਵਿਚ ‘ਰਾਜਾ ਸਿ਼ਵ ਛਤਰਪਤੀ’ ਅਤੇ ‘ਕੇਸਰੀ’ ਹਨ। ਪੂਰੀ ਦੁਨੀਆ ਵਿਚ ਧੁੰਮ ਮਚਾਉਣ ਵਾਲਾ ਨਾਟਕ ‘ਜਾਣਤਾ ਰਾਜਾ’ ਜੋ ਉਨ੍ਹਾਂ ਨੇ 1980 ਵਿਚ ਲਿਖਿਆ। ਇਸ ਸ਼ਾਹਕਾਰ ਨਾਟਕ ਨੂੰ ਹੁਣ ਤਕ ਪੂਰੇ ਭਾਰਤ ਵਿਚ ਪੁਸ਼ਕਰ, ਆਗਰਾ, ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਇਕ ਹਜ਼ਾਰ ਤੋਂ ਜਿ਼ਆਦਾ ਵਾਰ ਦਿਖਾਇਆ ਜਾ ਚੁੱਕਾ ਹੈ। ਵਰਨਣਯੋਗ ਹੈ ਕਿ ਇਸ ਇਤਿਹਾਸਕ ਨਾਟਕ ਵਿਚ ਹਾਥੀ, ਘੋੜੇ ਤੇ ਵੱਡੀ ਗਿਣਤੀ ਵਿਚ ਕਲਾਕਾਰ ਭਾਗ ਲੈਂਦੇ ਰਹੇ ਹਨ। ਇਹ ਨਾਟਕ ਸਿ਼ਵਾਜੀ ਨੂੰ ਮਰਾਠਾ ਸਮਾਜ ਨਾਲ ਸਿੱਧੇ ਰੂਪ ਵਿਚ ਜੋੜਦਾ ਹੈ।
ਮਰਾਠਾ ਸਮਾਜ ਦੇ ਸ਼੍ਰੋਮਣੀ ਲੇਖਕ ਪੁਰੰਦਰੇ ਸਿ਼ਵਾਜੀ ਨੂੰ ਆਪਣੀ ਜਿ਼ੰਦਗੀ ਦਾ ਅਹਿਮ ਅੰਗ ਮੰਨਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿ਼ਵਾਜੀ ਨੇ ਨੌਜਵਾਨਾਂ, ਵਿਸ਼ੇਸ਼ ਕਰ ਮਰਾਠਾ ਸਮਾਜ ਨੂੰ ਨਵੀਂ ਰੌਸ਼ਨੀ ਦਿੱਤੀ ਹੈ।
ਬਲਵੰਤ ਮੋਰੇਸ਼ਵਰ ਪੁਰੰਦਰੇ ਜੋ ਬਾਲਾ ਸਾਹਿਬ ਪੁਰੰਦਰੇ ਦੇ ਨਾਮ ਨਾਲ ਪ੍ਰਸਿੱਧ ਹਨ, ਦਾ ਜਨਮ 29 ਜੁਲਾਈ 1922 ਨੂੰ ਸਵਾਬ ਪੁਣੇ (ਮਹਾਰਾਸ਼ਟਰ) ਵਿਚ ਹੋਇਆ। ਉਹ ਅਜਿਹੇ ਜਨੂਨੀ ਕਲਾਕਾਰ ਸਨ ਜਿਨ੍ਹਾਂ ਨੇ ਰੰਗਮੰਚ ਨੂੰ ਜੀਵਿਆ। ਨੜਿੱਨਵੇਂ ਸਾਲਾਂ ਦੇ ਪੁਰੰਦਰੇ ਨੇ ਜਿ਼ੰਦਗੀ ਨੂੰ ਰੰਗਮੰਚ ਲਈ ਸਮਰਪਿਤ ਕਰ ਦਿੱਤਾ ਸੀ। ਉਹਨਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਕਲਾਕਾਰ ਪਤਨੀ ਅਤੇ ਧੀ ਤੇ ਦੋਵੇਂ ਪੁੱਤਰ ਵੀ ਰੰਗਮੰਚ ਨੂੰ ਸਮਰਪਿਤ ਹਨ। ਅੱਜ ਉਹ ਰੰਗਮੰਚ ਅਤੇ ਸਾਹਿਤ ਵਿਚ ਸਥਾਪਿਤ ਨਾਮ ਹਨ।
ਉਨ੍ਹਾਂ ਦੇ ਨਾਟਕਾਂ ਦੇ ਹਜ਼ਾਰਾਂ ਮੰਚਨ ਮਹਾਰਾਸ਼ਟਰ ਦੇ ਪਿੰਡ ਪਿੰਡ ਵਿਚ ਹੋਏ ਅਤੇ ਉਨ੍ਹਾਂ ਇਤਿਹਾਸਕ ਨਾਟਕਕਾਰ ਵਜੋਂ ਆਪਣੀ ਹੋਂਦ ਮਹਾਰਾਸ਼ਟਰ ਦੇ ਸਮਾਜ ਵਿਚ ਮਹਿਸੂਸ ਕਰਵਾਈ।
2008 ਵਿਚ ਉਨ੍ਹਾਂ ਦੀਆਂ ਰਚਨਾਵਾਂ ਤੇ ਆਧਾਰਿਤ ਨਾਟਕ ‘ਰਾਜਾ ਛਤਰਪਤੀ ਸਿ਼ਵਾਜੀ’ ਟੈਲੀਵਿਜ਼ਨ ਤੇ ਕਈ ਸਾਲ ਚੱਲਦਾ ਰਿਹਾ। ਪੁਰੰਦਰੇ ਨੂੰ ਮਰਾਠਾ ਸਮਾਜ ਅਤੇ ਸਮੁੱਚੇ ਭਾਰਤ ਵੱਲੋਂ ਇਤਿਹਾਸਕ ਯੋਗਦਾਨ ਬਦਲੇ ਮਾਣ-ਸਨਮਾਨਾਂ ਵੀ ਨਵਾਜਿਆ ਗਿਆ। ਇਨ੍ਹਾਂ ਵਿਚ ਭਾਰਤ ਸਰਕਾਰ ਦਾ ਪਦਮ ਵਿਭੂਸ਼ਣ ਅਤੇ ਕਾਲੀਦਾਸ ਰੰਗਮੰਚ ਸਨਮਾਨ ਵਿਸ਼ੇਸ਼ ਤੌਰ ਤੇ ਜਿ਼ਕਰਯੋਗ ਹਨ।
ਮੈਨੂੰ ਫਖਰ ਹੈ ਕਿ ਮੈਨੂੰ ਉਨ੍ਹਾਂ ਨਾਲ ਕਈ ਵਾਰ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਕਈ ਨਾਟਕ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਚੰਗੀ ਤਰ੍ਹਾਂ ਦੇਖਿਆ ਹੈ। ਆਪਣੀਆਂ ਮੁਲਾਕਾਤਾਂ ਵਿਚ ਉਹ ਧੁਰ ਅੰਦਰੋਂ ਸਾਧਾਰਨ ਲੋਕਾਂ ਨਾਲ ਜੁੜੇ ਹੋਏ ਸਨ। ਉਹ ਅਜਿਹੇ ਰੰਗਕਰਮੀ ਸਨ ਜੋ ਧਰਤੀ ਨਾਲ ਜੁੜੇ ਨਾਇਕ ਦੀ ਕਥਾ ਬਿਆਨ ਕਰਦਾ ਹੈ।
ਉਨ੍ਹਾਂ ਦੇ ਇਸ ਦੁਨੀਆ ਤੋਂ ਵਿਦਾ ਹੋਣ ਨਾਲ ਭਾਰਤੀ ਰੰਗਮੰਚ ਨੂੰ ਜੋ ਘਾਟਾ ਪਿਆ ਹੈ, ਉਹ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਅਸਲ ਵਿਚ ਉਹ ਲੋਕ-ਮਨਾਂ ਤੇ ਸਿੱਧਾ ਪ੍ਰਭਾਵ ਪਾਉਣ ਵਾਲੇ ਜਨ ਨਾਟ ਕਰਮੀ ਸਨ। ਇਸ ਤੋਂ ਵੀ ਵੱਡੀ ਗੱਲ, ਉਹ ਲੋਕਾਂ ਦੇ ਨਾਇਕ ਦੇ ਤੌਰ ਤੇ ਛਾ ਗਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਇੰਜ ਲੱਗਦਾ ਹੈ ਜਿਵੇਂ ਭਾਰਤੀ ਰੰਗਮੰਚ ਦਾ ਪਰਦਾ ਡਿਗ ਗਿਆ ਹੈ ਤੇ ਹਨੇਰਾ ਹੋ ਗਿਆ ਹੈ। ਜਿ਼ੰਦਗੀ ਦੇ ਜ਼ਮੀਨੀ ਨਾਟਕਕਾਰ ਸਨ ਬਲਵੰਤ ਮੋਰੇਸ਼ਵਰ ਪੁਰੰਦਰੇ।
ਸੰਪਰਕ: 94787-30156