ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਲਾਈਆਂ ਪਾਬੰਦੀਆਂ ਕਾਰਨ ਜ਼ਿੰਦਗੀ ਦੀ ਗੱਡੀ ਇਕ ਵਾਰ ਤਾਂ ਲੀਹੋਂ ਲੱਥ ਗਈ। ਇਕ ਵਕਤ ਤਾਂ ਇਹੋ ਜਿਹਾ ਵੀ ਆਇਆ ਜਦੋਂ ਕੁਝ ਵਿਸ਼ੇਸ਼ ਮਹਿਕਮਿਆਂ ਨੂੰ ਛੱਡ ਕੇ ਸਾਰੇ ਅਦਾਰਿਆਂ ਦੇ ਦਰ ਬੰਦ ਹੋ ਗਏ। ਸਾਰੇ ਲੋਕ ਘਰਾਂ ‘ਚ ‘ਕੈਦ’ ਹੋ ਗਏ। ਹੁਣ ਭਾਵੇਂ ਕੁਝ ਛੋਟਾਂ ਕਾਰਨ ਰਾਹਤ ਜ਼ਰੂਰ ਮਿਲੀ ਹੈ ਪਰ ਵਿੱਦਿਅਕ ਅਦਾਰੇ ਅਜੇ ਵੀ ਬੰਦ ਹਨ। ਇਸੇ ਕਾਰਨ ਬੱਚੇ ਅੰਦਰੋ-ਅੰਦਰੀ ਭੁੱਜ ਰਹੇ ਹਨ ਅਤੇ ਚਿੜਚਿੜੇ ਜਿਹੇ ਹੋ ਗਏ ਹਨ।
ਘਰ ਦੀ ਇਸ ‘ਕੈਦ’ ਦੌਰਾਨ ਅਕੇਵਾਂ ਮਹਿਸੂਸ ਕਰਨ ਕਰ ਕੇ ਮੇਰੀ ਭਾਣਜੀ ਅਵਨੀਤ ਕੁਝ ਦਿਨਾਂ ਲਈ ਆਪਣੇ ਨਾਨਕੇ ਘਰ, ਭਾਵ ਸਾਡੇ ਕੋਲ ਆ ਗਈ। ਇਕ ਦਿਨ ਸਵੇਰ ਸਾਰ ਉੱਠਦਿਆਂ ਜ਼ੋਰਦਾਰ ਮੀਂਹ ਵਰ੍ਹ ਰਿਹਾ ਸੀ। ਅਸੀਂ ਮਾਸੀ-ਭਾਣਜੀ ਵਰ੍ਹਦਾ ਮੀਂਹ ਦੇਖ ਰਹੀਆਂ ਸਾਂ। ਪੰਜ ਵਰ੍ਹਿਆਂ ਦੀ ਅਵਨੀਤ ਇਕਦਮ ਬੋਲੀ, “ਮਾਸੀ, ਜੇ ਰੱਬ ਜੀ ਸੈਨੇਟਾਈਜ਼ਰ ਦਾ ਮੀਂਹ ਪਾ ਦੇਣ ਤਾਂ ਸਾਰਾ ਕਰੋਨਾ ਮੁੱਕ ਜਾਵੇ, ਹੈ ਨਾ?” ਉਸ ਨੇ ਮੇਰੇ ਕੋਲੋਂ ਹੁੰਗਾਰਾ ਮੰਗਿਆ ਸੀ। ਮੈਂ ਉਸ ‘ਨਿੱਕੀ’ ਦੀ ‘ਵੱਡੀ’ ਗੱਲ ਸੁਣ ਕੇ ਸੋਚਾਂ ਵਿਚ ਪੈ ਗਈ ਅਤੇ ਚੁੱਪਚਾਪ ਉਹਨੂੰ ਤੱਕਦੀ ਰਹੀ। ਫਿਰ ਉਹ ਜਿਵੇਂ ਭਰੀ ਪੀਤੀ ਆਪਣੇ ਦਿਲ ਦੀ ਭੜਾਸ ਕੱਢ ਰਹੀ ਹੋਵੇ, ਕਹਿਣ ਲੱਗੀ, “ਸਕੂਲ ਪਤਾ ਨਹੀਂ ਕਦੋਂ ਖੁੱਲ੍ਹਣਗੇ, ਬੋਰ ਹੋਏ ਪਏ ਹਾਂ। ਕਿਤੇ ਬਾਹਰ ਵੀ ਨਹੀਂ ਜਾ ਸਕਦੇ, ਨਾ ਖੇਡ ਸਕਦੇ ਆਂ। ਕਿੰਨਾ ਵਧੀਆ ਹੋਵੇ, ਜੇ ਲੌਕਡਾਊਨ ਖੁੱਲ੍ਹ ਜਾਵੇ, ਕਰੋਨਾ ਵੀ ਮੁੱਕ ਜਾਵੇ। ਫਿਰ ਤਾਂ ਨਾ ਮਾਸਕ ਪਾਉਣਾ ਪਵੇਗਾ ਅਤੇ ਨਾ ਸੈਨੇਟਾਈਜ਼ਰ ਲਾਉਣਾ ਪਵੇਗਾ।” ਉਹ ਵਿਚ ਵਿਚ ਹੁੰਗਾਰਾ ਮੰਗ ਰਹੀ ਸੀ, “ਹੈ ਨਾ, ਮਾਸੀ? ਆਪਾਂ ਪਹਿਲਾਂ ਵਾਂਗ ਮਾਰਕੀਟ ਜਾ ਸਕਾਂਗੇ ਅਤੇ ਆਈਸਕ੍ਰੀਮ ਵੀ ਖਾਵਾਂਗੇ ਤੇ ਬਹੁਤ ਸਾਰੀ ਮਸਤੀ ਵੀ ਤਾਂ ਕਰਾਂਗੇ।” ਉਸ ਦੀਆਂ ਗੱਲਾਂ ਸੁਣ ਕੇ ਬਹੁਤ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਇਸ ਸਮੇਂ ਦੌਰਾਨ ਵੱਡਿਆਂ ਨੂੰ ਤਾਂ ਸਿਰਫ਼ ਆਪਣੇ ਕਾਰੋਬਾਰਾਂ ਅਤੇ ਹੋਰ ਕੰਮ-ਧੰਦਿਆਂ ਦੀ ਫ਼ਿਕਰ ਸੀ ਪਰ ਬਾਲ ਮਨਾਂ ਉੱਤੇ ਕੀ ਬੀਤ ਰਹੀ ਸੀ! ਕਿਸੇ ਨੇ ਸੋਚਿਆ ਨਹੀਂ ਹੋਵੇਗਾ!!
ਲੌਕਡਾਊਨ ਦੌਰਾਨ ਵਾਪਰੀ ਇਕ ਹੋਰ ਘਟਨਾ ਚੇਤੇ ਆ ਗਈ। ਫੁੱਫੜ ਜੀ ਦੇ ਸੰਘ ਤੋਂ ਕੋਈ ਵੀ ਚੀਜ਼ ਥੱਲੇ ਨਹੀਂ ਉਤਰ ਰਹੀ ਸੀ, ਅਜਿਹਾ ਭੂਆ ਜੀ ਨੇ ਫੋਨ ਕਰ ਕੇ ਦੱਸਿਆ ਸੀ। ਕਰਫਿਊ ਹੋਣ ਕਾਰਨ ਆਪ ਜਾ ਕੇ ਉਨ੍ਹਾਂ ਦਾ ਹਾਲ-ਚਾਲ ਵੀ ਨਾ ਪੁੱਛ ਹੋਇਆ; ਬੱਸ, ਫੋਨ ਉੱਤੇ ਹੀ ਉਨ੍ਹਾਂ ਦੀ ਖ਼ਬਰ-ਸਾਰ ਲੈਂਦੇ ਰਹੇ। ਜਦੋਂ ਫੁੱਫੜ ਨੂੰ ਹਸਪਤਾਲ ਦਿਖਾਉਣ ਲਈ ਕਿਹਾ ਤਾਂ ਭੂਆ ਕਹਿਣ ਲੱਗੇ, “ਇਹ ਤਾਂ ਕਰੋਨਾ ਤੋਂ ਡਰਦੇ ਹਸਪਤਾਲ ਵੀ ਨਹੀਂ ਜਾਂਦੇ। ਕਹਿੰਦੇ, ਕਿਤੇ ਇਕਾਂਤਵਾਸ ਨਾ ਕਰ ਦੇਣ।” ਫੁੱਫੜ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਕਾਰਨ ਪਹਿਲਾਂ ਤਾਂ ਸਾਨੂੰ ਵੀ ਸ਼ੱਕ ਪਿਆ ਕਿ ਕਿਤੇ ਉਨ੍ਹਾਂ ਨੂੰ ਕਿਤਿਓਂ ਲਾਗ ਤਾਂ ਨਹੀਂ ਲੱਗ ਗਈ। ਫਿਰ ਜਦੋਂ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤਾਂ ਜਿਵੇਂ-ਕਿਵੇਂ ਹਸਪਤਾਲ ਲਿਜਾਣ ਲਈ ਰਾਜ਼ੀ ਕੀਤਾ। ਕਰਫਿਊ ਦੌਰਾਨ ਪੁਲੀਸ ਦੇ ਡੰਡਿਆਂ ਤੋਂ ਡਰਦਿਆਂ ਡਰਦਿਆਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਲੈ ਗਏ ਜਿਨ੍ਹਾਂ ਨੇ ਬਿਨਾਂ ਚੈੱਕ ਕੀਤਿਆਂ ਉਨ੍ਹਾਂ ਨੂੰ ਪੀਜੀਆਈ ਭੇਜ ਦਿੱਤਾ। ਪੀਜੀਆਈ ਗਏ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇੱਥੇ ਤਾਂ ਸਿਰਫ਼ ਕਰੋਨਾ ਵਾਲੇ ਮਰੀਜ਼ਾਂ ਦਾ ਹੀ ਇਲਾਜ ਹੁੰਦਾ ਹੈ।
ਦੋ-ਤਿੰਨ ਦਿਨ ਖੱਜਲ-ਖੁਆਰ ਹੋਣ ਅਤੇ ਸਿਹਤ ਜ਼ਿਆਦਾ ਵਿਗੜਨ ਤੇ ਮੁਹਾਲੀ ਦੇ ਕਿਸੇ ਪ੍ਰਾਈਵੇਟ ਹਸਪਤਾਲ ਲੈ ਗਏ। ਉਨ੍ਹਾਂ ਨੇ ਵੀ ਪਹਿਲਾਂ ਕਰੋਨਾ ਦਾ ਟੈਸਟ ਕਰਾਉਣ ਲਈ ਆਖਿਆ। ਜਦੋਂ ਫੇਜ਼ ਛੇ ਦੇ ਸਰਕਾਰੀ ਹਸਪਤਾਲ ਵਿਚ ਕਰੋਨਾ ਦਾ ਟੈਸਟ ਕਰਵਾਇਆ ਤਾਂ ਟੈਸਟ ਨੈਗੇਟਿਵ ਆਉਣ ਕਾਰਨ ਸਭ ਨੇ ਇਕ ਵਾਰ ਤਾਂ ਸੁੱਖ ਦਾ ਸਾਹ ਲਿਆ। ਫਿਰ ਜਦੋਂ ਪ੍ਰਾਈਵੇਟ ਹਸਪਤਾਲ ਵਿਚ ਟੈਸਟ ਕੀਤੇ ਗਏ ਤਾਂ ਗਲੇ ਦਾ ਕੈਂਸਰ ਨਿਕਲਿਆ। ਇਸ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਉੱਥੇ ਕੀਮੋਥੈਰੇਪੀ ਨੇ ਉਨ੍ਹਾਂ ਦੀ ਹਾਲਤ ਹੋਰ ਵੀ ਪਤਲੀ ਕਰ ਦਿੱਤੀ। ਹਾਲਤ ਜ਼ਿਆਦਾ ਗੰਭੀਰ ਹੋਣ ਤੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਵੀ ਰੱਖਣਾ ਪਿਆ। ਹਫ਼ਤੇ ਭਰ ਦੀ ਜਦੋ-ਜਹਿਦ ਮਗਰੋਂ ਆਖ਼ਰਕਾਰ ਉਨ੍ਹਾਂ ਦਮ ਤੋੜ ਦਿੱਤਾ।
ਮੇਰੇ ਗੁੰਮ-ਸੁੰਮ ਮਨ ਅੰਦਰ ਇਕ ਲਹਿਰ ਜਿਹੀ ਘੁੰਮ ਗਈ। ਲੌਕਡਾਊਨ ਨੇ ਬੱਚਿਆਂ ਦੀ ਮਾਸੂਮੀਅਤ ਮਧੋਲ ਸੁੱਟੀ। ਦੂਜੇ, ਸਰਕਾਰਾਂ ਦੀ ਨਾਅਹਿਲੀਅਤ ਕਾਰਨ ਹਸਪਤਾਲਾਂ ਨੇ ਬੂਹੇ ਭੇੜ ਲਏ, ਤੇ ਸਿੱਟੇ ਵਜੋਂ ਬਜ਼ੁਰਗ ਤੇ ਬਿਮਾਰ ਕਿੰਨੇ ਖੱਜਲ ਹੋਏ, ਤੇ ਕਈ ਤਾਂ ਸਦਾ ਲਈ ਤੁਰ ਗਏ। ਇਕ ਦਿਨ ਜਦੋਂ ਇਹ ਖਬਰ ਪੜ੍ਹੀ ਕਿ ਤਾਲਾਬੰਦੀ ਕਾਰਨ ਹਸਪਤਾਲਾਂ ਅੰਦਰ ਡਿਪਰੈਸ਼ਨ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਤਾਂ ਉਹੀ ਲਹਿਰ ਜਿਹੀ ਫਿਰ ਮਨ ਅੰਦਰ ਘੁੰਮ ਗਈ…। ਕਾਸ਼! ਅਵਨੀਤ ਦੇ ਸੋਚਣ ਵਾਂਗ ਪਹਿਲਾਂ ਹੀ ਕਿਤੇ ਸੈਨੇਟਾਈਜ਼ਰ ਦਾ ਮੀਂਹ ਪੈ ਜਾਂਦਾ!
ਸੰਪਰਕ: harpreetkaur.ptribune@gmail.com