ਕਰਨੈਲ ਸਿੰਘ ਸੋਮਲਰਮਜਾਨ
ਰਮਜਾਨ ਕੌਣ ਸੀ? ਮੇਰੇ ਪਿੰਡ ਕਲੌੜ ਦੇ ਦੋ-ਤਿੰਨ ਮੁਸਲਮਾਨ ਸੱਜਣਾਂ ਨੇ ਸੰਤਾਲੀ ’ਚ ਪਾਕਿਸਤਾਨ ਹਿਜਰਤ ਕਰਨ ਨਾਲੋਂ ਆਪਣੇ ਇਸ ਪਿੰਡ ਵਿਚ ਰਹਿਣ ਨੂੰ ਤਰਜੀਹ ਦਿੱਤੀ। ਇਨ੍ਹਾਂ ਵਿਚੋਂ ਇੱਕ ਰਮਜਾਨ ਸੀ। ਉਦੋਂ ਉਹ ਉਡਾਰ ਨਹੀਂ ਸੀ ਹੋਇਆ ਪਰ ਹੁੰਦੜਹੇਲ ਸੀ। ਸਾਡੇ ਪਿੰਡ ਵੱਢ-ਟੁੱਕ ਦੀ ਕੋਈ ਵਾਰਦਾਤ ਨਹੀਂ ਸੀ ਹੋਈ; ਤਿੰਨ-ਚਾਰ ਕਿਲੋਮੀਟਰ ਦੂਰ ਕਮਾਲੀ-ਦਬ੍ਹਾਲੀ ਪਿੰਡਾਂ ’ਚ ਖ਼ੌਫ਼ਨਾਕ ਤੇ ਸ਼ਰਮਨਾਕ ਘਟਨਾਵਾਂ ਹੋਈਆਂ ਸਨ। ਨੇੜੇ ਦੇ ਕਈ ਹੋਰ ਪਿੰਡਾਂ ਵਿਚ ਵੀ ਲੁੱਟਾਂ-ਖੋਹਾਂ ਹੋਈਆਂ ਸਨ। ਸੋ, ਪਿੰਡ ਵਾਲਿਆਂ ਨੇ ਰਮਜਾਨ ਨੂੰ ਉਨ੍ਹਾਂ ਵੇਲਿਆਂ ਦੇ ਕਹਿਰ ਤੋਂ ਬਚਾਉਣ ਲਈ ‘ਉੱਤਮ ਸਿੰਘ’ ਦਾ ਨਾਂ ਦੇ ਦਿੱਤਾ ਸੀ। ਫਿਰ ਕੋਈ ਉਸ ਨੂੰ ਉਹਦੇ ਮਾਪਿਆਂ ਦੇ ਰੱਖੇ ‘ਰਮਜਾਨ’ ਨਾਂ ਨਾਲ ਬੁਲਾਉਂਦਾ ਤੇ ਕੋਈ ਹੱਲਿਆਂ ਵੇਲੇ ਦਿੱਤੇ ਸਿੱਖੀ ਨਾਂ ਵਾਲੇ ਨਾਂ ਨਾਲ। ਉਹ ਬੜਾ ਪਿਆਰਾ ਗੱਭਰੂ ਸੀ। ਉਸ ਦੇ ਹਾਣੀ ਉਸ ਦੇ ਸਾਹੀਂ ਜਿਊਂਦੇ ਸਨ। ਉਹ ਉਨ੍ਹਾਂ ਦਾ ਆਪਣਾ ਸੀ, ਨਾਂ ਭਾਵੇਂ ਕੋਈ ਵੀ ਹੋਵੇ!
ਪਹਿਲਾਂ ਉਹ ਕਿਸੇ ਦੇ ਡੰਗਰ ਚਾਰਦਾ ਸੀ; ਫਿਰ, ਜਿਵੇਂ ਪਿੰਡ ਦੇ ਕਈ ਬੰਦੇ ਰੁਜ਼ਗਾਰ ਦੀ ਭਾਲ ਵਿਚ ਦਿੱਲੀ, ਕਲਕੱਤੇ ਆਦਿ ਵੱਡੇ ਸ਼ਹਿਰਾਂ ’ਚ ਜਾਂਦੇ ਸਨ, ਰਮਜਾਨ ਵੀ ਆਪਣੇ ਕਿਸੇ ਹਾਣੀ ਨਾਲ ਦਿੱਲੀ ਚਲਿਆ ਗਿਆ। ਉੱਥੇ ਉਹ ਟੈਕਸੀ ਡਰਾਈਵਰ ਬਣ ਗਿਆ। ਉਹ ਪੱਗ ਬੰਨ੍ਹਦਾ ਤੇ ਦਾੜ੍ਹੀ ਥੋੜ੍ਹੀ ਥੋੜ੍ਹੀ ਕੱਟਦਾ ਸੀ। ਫਿਰ 1984 ਵਿਚ ਜੋ ਕੁਝ ਦਿੱਲੀ ਵਿਚ ਹੋਇਆ, ਉਹ ਉਸ ਦੀ ਭੇਟ ਚੜ੍ਹਦਾ ਚੜ੍ਹਦਾ ਮਸੀਂ ਬਚਿਆ। ਤਦ ਉਹ ਪਿੰਡ ਦੇ ਹੋਰ ਕਈ ਬੰਦਿਆਂ ਵਾਂਗ ਪਿੰਡ ਆ ਗਿਆ। ਉਸ ਨੇ 1947 ਵਿਚ ਆਪਣੀ ਜਾਨ-ਬਚਾਈ ਲਈ ਸਿੱਖੀ ਨਾਂ ਕਬੂਲ ਲਿਆ ਸੀ; ਐਪਰ 1984 ਵਿਚ ਉਹ ਆਪਣੀ ਇਸੇ ਦਿੱਖ ਤੋਂ ਭੈਅ-ਭੀਤ ਹੋਇਆ ਲੁਕਦਾ ਫਿਰਦਾ ਸੀ। ਖ਼ੈਰ, ਕਿਵੇਂ ਨਾ ਕਿਵੇਂ ਉਹ ‘ਆਪਣੇ’ ਪਿੰਡ ਮੁੜ ਆਇਆ ਪਰ ਹੁਣ ਉਹ ਕਾਫ਼ੀ ਟੁੱਟ ਚੁੱਕਾ ਸੀ ਤੇ ਉਦਾਸ ਰਹਿਣ ਲੱਗ ਪਿਆ ਸੀ।
ਰਮਜਾਨ ਨੇ ਵਿਆਹ ਨਹੀਂ ਸੀ ਕਰਵਾਇਆ ਸੀ ਜਾਂ ਹੋਇਆ ਨਹੀਂ ਸੀ। ਨਾ ਕੋਈ ਅੱਗਾ-ਪਿੱਛਾ ਸੀ, ਨਾ ਕੋਈ ਘਰ-ਘਾਟ। ਕੋਈ ਜ਼ਮੀਨ-ਜਾਇਦਾਦ ਵੀ ਨਹੀਂ ਸੀ। ਇੱਕ ਲੇਖੇ ਉਸ ਦਾ ਕੋਈ ਸੰਬੰਧੀ ਇਸ ਪਿੰਡ ਵਿਚ ਨਹੀਂ ਸੀ। ਫਿਰ ਵੀ ਉਹ ਆਪਣੇ ਇਸ ਪਿੰਡ ਦੀ ਬੁੱਕਲ ਵਿਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਉਸ ਦੇ ਮੁਹੱਬਤੀਆਂ ਦੇ ਘਰ ਉਸ ਦੇ ਆਪਣੇ ਹੀ ਤਾਂ ਸਨ! ਜਿਗਰੀ ਦੋਸਤੀ ਕਿਸੇ ਮਜ਼੍ਹਬੀ ਪਛਾਣ ਦੀ ਮੁਹਤਾਜ ਨਹੀਂ ਹੁੰਦੀ। ਇਹ ਤਾਂ ਇਨਸਾਨੀਅਤ ਦੇ ਬੂਟੇ ਉੱਤੇ ਖਿੜਿਆ ਮਹਿਕਾਂ ਦਿੰਦਾ ਫੁੱਲ ਹੁੰਦਾ ਹੈ। ਇਸੇ ਕਰ ਕੇ ਉਹ ਬਿਪਤਾ ਵੇਲੇ ਹੋਰ ਕਿਸੇ ਪਾਸੇ ਨਹੀਂ ਗਿਆ, ਸਿੱਧਾ ਪਿੰਡ ਆ ਗਿਆ ਸੀ। ਰਮਜਾਨ ਨੇ ਆਪਣੀ ਉਮਰ ਦੇ ਅਖੀਰਲੇ ਦਿਨ ਪਿੰਡ ਵਿਚ ਆਪਣੇ ਮੁਹੱਬਤੀਆਂ ਕੋਲ ਬਿਤਾਏ। ਹੁਣ ਉਸ ਤੋਂ ਕੋਈ ਕੰਮ ਨਹੀਂ ਸੀ ਹੁੰਦਾ। ਸਰੀਰ ਲਿੱਸਾ ਹੋ ਗਿਆ ਸੀ। ਇਸ ਪੜਾਅ ਉੱਤੇ ਉਸ ਨੂੰ ਸਾਂਭਣ ਵਾਲੇ ਪਰ ਬੜੇ ਸਨ। ਸਾਰਾ ਪਿੰਡ ਉਸ ਦਾ ਆਪਣਾ ਸੀ। ਉਹ 2003 ਦੇ ਅਖ਼ੀਰ ਜਾਂ 2004 ਦੇ ਸ਼ੁਰੂ ਵਿਚ ਆਪਣੀ ਪਹਿਲੀ ਨਾਂ-ਬਦਲੀ ਤੋਂ 56-57 ਸਾਲਾਂ ਪਿੱਛੋਂ ਪੂਰਾ ਹੋ ਗਿਆ। … ਚੇਤੇ ਆਉਂਦਾ ਹੈ, ਉਹ ਡੰਗਰ ਚਾਰਦਾ ਹੋਇਆ ਬਾਂਸਰੀ ਵਜਾਉਂਦਾ ਹੁੰਦਾ ਸੀ। ਤੰਦਰੁਸਤ ਹੋਣ ਕਰ ਕੇ ਸੋਹਣੀ ਫੱਬਤ ਸੀ। ਕਿਸੇ ਨਾਲ ਵੈਰ-ਵਿਰੋਧ ਨਹੀਂ ਸੀ। ਉਹ ਤਾਂ ਮੁਹੱਬਤ ਜਿਊਂਦਾ ਸੀ। ਜਦੋਂ ਦਿੱਲੀ ਰਹਿਣ ਲੱਗ ਪਿਆ ਤਾਂ ਛੋਟੇ ਵੱਡੇ ਵਕਫ਼ਿਆਂ ਪਿੱਛੋਂ ਪਿੰਡ ਜ਼ਰੂਰ ਆਉਂਦਾ ਸੀ। ਤਦ ਸਾਰੇ ਇੱਕ ਦੂਜੇ ਨੂੰ ਦੱਸਦੇ- ‘ਬਈ ਰਮਜਾਨ ਆਇਆ ਹੋਇਆ ਹੈ’।
ਹੁਣ ਜਦੋਂ ਖੱਤਰੀ ਪਰਿਵਾਰ ਦੇ ਇੱਕ ਸੱਜਣ ਅਸ਼ੋਕ ਕੁਮਾਰ ਨੇ ਅੱਗੇ ਹੋ ਕੇ ਪਿੰਡ ਦੀ ਬਹੁਤ ਪੁਰਾਣੀ ਮਸਜਿਦ, ਕੁਰਬਾਨ ਸ਼ਾਹ ਦੇ ਮਜ਼ਾਰ ਅਤੇ ਉਸ ਦੇ ਆਲੇ-ਦੁਆਲੇ ਦੀ ਪੁਰਾਣੀ ਸ਼ਾਨ ਬਹਾਲ ਕਰ ਦਿੱਤੀ, ਤਦ ਜਾਪਿਆ, ਇਹ ਸੱਚਮੁੱਚ ਰਮਜਾਨ ਦਾ ਪਿੰਡ ਹੈ। ਇੱਥੇ ਪੁਰਾਣੇ ਵਕਤਾਂ ਵਿਚ ਕੋਈ ਕੁਰਬਾਨ ਸ਼ਾਹ ਨਾਂ ਦਾ ਦਰਵੇਸ਼ ਹੋਇਆ ਸੀ। ਉਸ ਦਾ ਮਜ਼ਾਰ ‘ਤਕੀਏ’ ਵਿਚ ਹੈ। ਸਾਰਾ ਪਿੰਡ ਕੁਰਬਾਨ ਸ਼ਾਹ ਨੂੰ ਮੰਨਦਾ ਹੈ। ਇਸ ਪਿੰਡ ਵਿਚ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ ਵੀ ਪਏ ਸਨ। ਫਿਰ ਇਸੇ ਪਿੰਡ ਵਿਚ ਸਿੰਘ ਸਭਾ ਲਹਿਰ ਦੇ ਥੰਮ੍ਹ ਮੰਨੇ ਜਾਂਦੇ ਗਿਆਨੀ ਦਿੱਤ ਸਿੰਘ ਜਨਮੇ ਸਨ। ਧਾਰਮਿਕ ਕੱਟੜਤਾ ਫਿਰ ਇਸ ਪਿੰਡ ਨੂੰ ਕਿਵੇਂ ਛੁਹ ਸਕਦੀ ਹੈ? ਸ਼ਾਇਦ ਇਸੇ ਸਦਕੇ ਇਹ ਪਿੰਡ ਰਮਜਾਨ ਨੂੰ ਆਪਣਾ ਲਗਦਾ ਸੀ ਤੇ ਪਿੰਡ ਉਸ ਨੂੰ ਆਪਣਾ ਮੰਨਦਾ ਸੀ।
ਪਿੰਡ ਦਾ ਇੱਕ ਹੋਰ ਮੁਸਲਮਾਨ ਵੀ ਸੰਤਾਲੀ ਦੀ ਮਜ਼੍ਹਬੀ ਜਨੂਨ ਦੀ ਹਨੇਰੀ ਵੇਲੇ ਪਾਕਿਸਤਾਨ ਨੂੰ ਨਾ ਜਾ ਕੇ ਇੱਥੇ ਹੀ ਰਿਹਾ। ਉਸ ਦੀ ਜਾਨ ਦੇ ਬਚਾਉ ਲਈ ਹੀ ਉਸ ਦਾ ਨਾਂ ‘ਰਾਮ ਸਿੰਘ’ ਰੱਖ ਦਿੱਤਾ ਗਿਆ। ਉਹ ਖੇਤ-ਮਜ਼ਦੂਰੀ ਕਰਦਾ ਸੀ। ਉਹ ਰਾਤ ਨੂੰ ਆਪਣੇ ਬਣਾਏ ਕੋਠੜੇ ਵਿਚ ਆ ਬਿਸਰਾਮ ਕਰਦਾ। ਉਹ 2005 ਵਿਚ ਪੂਰਾ ਹੋਇਆ। ਉਮਰ ਦੇ ਅਖੀਰਲੇ ਸਾਲਾਂ ਵਿਚ ਉਸ ਨੂੰ ਇੱਕ ਕਿਰਸਾਨ ਪਰਿਵਾਰ ਨੇ ਆਪਣੇ ਘਰ ਰੱਖ ਕੇ ਪੂਰੀ ਸਾਂਭ-ਸੰਭਾਲ ਤੇ ਸੇਵਾ ਕੀਤੀ। ਇਉਂ ਪਿੰਡ ਦਾ ਮਾਨਵੀ ਕਿਰਦਾਰ ਬੁਲੰਦ ਰਿਹਾ ਹੈ। ਇੱਥੇ ਕਿਸੇ ਨੂੰ ਸਿੱਖ, ਹਿੰਦੂ ਜਾਂ ਮੁਸਲਮਾਨ ਕਹਿ ਕੇ ਪਰਸਪਰ ਰਿਸ਼ਤਿਆਂ ਵਿਚ ਲਕੀਰ ਖਿੱਚਣੀ ਅਣਹੋਣੀ ਲਗਦੀ ਸੀ।
ਸੰਪਰਕ: 88476-47101