ਪਵਨ ਕੁਮਾਰ ਕੌਸ਼ਲ
ਆਪਣੇ ਜੀਵਨ ਦੇ ਸਰਗਰਮ 75 ਸਾਲਾਂ ਤੋਂ ਉੱਪਰ ਦਾ ਜੀਵਨ ਕਮਿਊਨਿਸਟ ਲਹਿਰ ਅਤੇ ਮੁਲਕ ਦੀ ਦੱਬੀ ਕੁਚਲੀ ਜਨਤਾ ਲਈ ਸਮਰਪਿਤ ਕਰਨ ਵਾਲਾ ਅਤੇ 10 ਅਪਰੈਲ 1917 ਨੂੰ ਜਨਮਿਆ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ 27 ਮਈ 2013 ਦੀ ਰਾਤ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਸੀ। ਉਨ੍ਹਾਂ ਦਾ ਜੀਵਨ ਕਮਿਊਨਿਸਟ ਲਹਿਰ ਦਾ ਸੰਘਰਸ਼ਸ਼ੀਲ ਅਧਿਆਇ ਹੈ। ਉਹ ਵਿਗਿਆਨ ਦੇ ਵਿਦਿਆਰਥੀ ਸਨ ਅਤੇ ਉਸ ਸਮੇਂ ਉਨ੍ਹਾਂ ਦੇ ਜੀਵਨ ਅੰਦਰ ਪ੍ਰਸਿਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਵਿਕਾਸ ਸਿਧਾਂਤ (ਥਿਊਰੀ ਆਫ ਐਵੋਲੁਸ਼ਨ) ਨੇ ਸਿਫ਼ਤੀ ਤਬਦੀਲੀ ਲਿਆਂਦੀ।
1934 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਐੱਸਸੀ ਕਰਨ ਤੋਂ ਬਾਅਦ ਉਨ੍ਹਾਂ ਸਰਕਾਰੀ ਕਾਲਜ ਲਾਹੌਰ ਤੋਂ 1940 ਵਿਚ ਐੱਲਐੱਲਬੀ ਕਰ ਕੇ ਵਕਾਲਤ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਸਿਆਸੀ ਜੀਵਨ 1937 ਤੋਂ ਕਾਂਗਰਸੀ ਵਰਕਰ ਦੇ ਤੌਰ ਤੇ ਸ਼ੁਰੂ ਹੋ ਚੁੱਕਾ ਸੀ। ਪੜ੍ਹਾਈ ਦੌਰਾਨ ਹੀ ਉਹ ਕਿਸਾਨ ਲਹਿਰ ਨਾਲ ਜੁੜ ਗਏ ਸੀ। ਇਸੇ ਸਮੇਂ ਦੌਰਾਨ ਉਹ ਕਿਰਤੀ ਕਿਸਾਨ ਪਾਰਟੀ ਜੋ ਉਸ ਸਮੇਂ ਗੈਰ ਕਾਨੂੰਨੀ ਸੀ, ਦੇ ਸੰਪਰਕ ਵਿਚ ਆ ਗਏ ਅਤੇ ਉਨ੍ਹਾਂ ਨੂੰ ਇਸ ਦੀ ਕੇਂਦਰੀ ਆਰਗੇਨਾਈਜ਼ੇਸ਼ਨ ਵਿਚ ਲੈ ਲਿਆ ਗਿਆ। ਕਿਰਤੀ ਕਿਸਾਨ ਪਾਰਟੀ ਨੇ ਉਨ੍ਹਾਂ ਨੂੰ ਕਿਸਾਨ ਫਰੰਟ ਜਥੇਬੰਦ ਕਰਨ ਦੀ ਜਿ਼ੰਮੇਵਾਰੀ ਸੌਂਪੀ ਗਈ। ਉਨ੍ਹਾਂ ਵਕਾਲਤ ਵਿਚੇ ਹੀ ਛੱਡ ਕੇ ਕਿਸਾਨ ਮੋਰਚੇ ਉਤੇ ਕੁੱਲਵਕਤੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਇਸ ਤੋਂ ਬਾਅਦ ਫਿਰ ਉਨ੍ਹਾਂ ਤਾਉਮਰ ਪਿਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਕਿਰਤੀ ਕਿਸਾਨ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਰਲੇਵੇਂ ਵਿਚ ਅਹਿਮ ਭੂਮਿਕਾ ਨਿਭਾਈ।
ਕਿਸਾਨਾਂ ਵਿਚਕਾਰ ਜਥੇਬੰਦਕ ਕੰਮ ਕਰਨ ਦੇ ਨਾਲ ਨਾਲ ਕਾਮਰੇਡ ਲਾਇਲਪੁਰੀ ਨੇ ਪੰਜਾਬ ਦੀ ਕਿਸਾਨੀ ਲਈ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਉੱਪਰ ਲਗਾਏ ਖੁਸ਼ਹੈਸੀਅਤ ਟੈਕਸ ਵਿਰੁੱਧ ਸਫਲ ਘੋਲ ਲੜਿਆ। ਤਿਰਚੂਰ (ਕੇਰਲ) ਵਿਚ 2 ਅਪਰੈਲ 1961 ਨੂੰ ਹੋਏ ਕੁੱਲ ਹਿੰਦ ਕਿਸਾਨ ਸਭਾ ਦੇ ਇਜਲਾਸ ਅੰਦਰ ਉਹ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਚੁਣੇ ਗਏ ਅਤੇ 1968 ਤੱਕ ਇਸ ਅਹੁਦੇ ਤੇ ਰਹੇ।
ਸੀਪੀਆਈ ਦੀ 25 ਮੈਂਬਰੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਕਾਮਰੇਡ ਲਾਇਲਪੁਰੀ ਵੀ ਮੈਂਬਰ ਸਨ ਪਰ ਸੀਪੀਆਈ ਦੀ ਲਾਈਨ ਨੂੰ ਸਦਾ ਲਈ ਅਲਵਿਦਾ ਕਹਿੰਦੇ ਹੋਏ ਹੋਰ ਸਾਥੀਆਂ ਸਮੇਤ ਨਵੀਂ ਪਾਰਟੀ- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀਪੀਆਈ (ਐਮ) ਬਣਾਉਣ ਦਾ ਫੈਸਲਾ ਕੀਤਾ। ਸੀਪੀਆਈ (ਐਮ) ਦੀ ਪਹਿਲੀ ਪਾਰਟੀ ਕਾਂਗਰਸ 1964 ਵਿਚ ਕਲਕੱਤਾ ਵਿਖੇ ਹੋਈ ਅਤੇ ਉਹ ਪਾਰਟੀ ਪ੍ਰੋਗਰਾਮ ਤਿਆਰ ਕਰਨ ਵਾਲੀ ਖਰੜਾ ਕਮੇਟੀ ਦੇ 12 ਮੈਂਬਰਾਂ ਵਿਚੋ ਇੱਕ ਸਨ। ਉਹ ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਮੈਂਬਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਸਨ। ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਦੀ ਪਲੇਠੀ ਮੀਟਿੰਗ ਤੋਂ ਪਹਿਲਾਂ ਹੀ ਬਹੁਤੇ ਸਾਥੀ ਫੜੇ ਗਏ ਪਰ ਉਹ ਬਚ ਨਿਕਲੇ ਅਤੇ ਪਾਰਟੀ ਦੇ ਕਲੱਕਤਾ ਵਿਖੇ ਅੰਡਰ-ਗਰਾਊਂਡ ਦਫ਼ਤਰ ਚਲਾਉਣ ਅਤੇ ਪਾਰਟੀ ਅਖ਼ਬਾਰ ‘ਪੀਪਲਜ਼ ਡੈਮੋਕਰੇਸੀ’ ਸ਼ੁਰੂ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਹੁਣ ਸੀਪੀਆਈ (ਐਮ) ਦੀ ਲੀਡਰਸ਼ਿਪ ਸਾਹਮਣੇ ਸਪੱਸ਼ਟ ਚੈਲੰਜ ਸੀ ਕਿ ਕੀ ਉਹ 1964 ਦੇ ਪ੍ਰੋਗਰਾਮ ਦੀ ਸੇਧ ਤੇ ਪੱਕੀ ਖੜ੍ਹਦੀ ਹੈ? ਕੀ ਉਹ ਬੁਰਜੂਆਜ਼ੀ ਪਾਰਲੀਮਾਨੀ ਰਸਤੇ ਪ੍ਰਤੀ ਕ੍ਰਾਂਤੀਕਾਰੀ ਭੂਮਿਕਾ ਨਿਭਾਉਂਦੀ ਹੈ ਜਾਂ ਪਾਰਲੀਮਾਨੀ ਰਸਤੇ ਵੱਲ ਝੁਕ ਜਾਂਦੀ ਹੈ। ਪਾਰਟੀ ਦੀ ਭਾਰੂ ਲੀਡਰਸ਼ਿਪ ਨੇ ਪਾਰਟੀ ਨੂੰ ਪਾਰਲੀਮਾਨੀ ਰਸਤੇ ਵੱਲ ਮੋੜਾ ਦੇਣਾ ਸ਼ੁਰੂ ਕਰ ਦਿੱਤਾ। ਜਦੋਂ 1967 ਵਿਚ ਪੰਜਾਬ ਅੰਦਰ ਯੂਨਾਈਟਡ ਫਰੰਟ ਦੀ ਸਰਕਾਰ ਬਣੀ ਤਾਂ ਕਾਮਰੇਡ ਸੁਰਜੀਤ ਸੀਪੀਆਈ (ਐਮ) ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਕਾਮਰੇਡ ਲਾਇਲਪੁਰੀ ਵਲੋਂ ਪਾਰਟੀ ਪ੍ਰੋਗਰਾਮ ਦਾ ਹਵਾਲਾ ਦੇ ਕੇ ਇਸ ਪਹੁੰਚ ਦਾ ਵਿਰੋਧ ਕਰਨ ਤੇ ਕਾਮਰੇਡ ਸੁਰਜੀਤ ਨੂੰ ਪਿੱਛੇ ਹਟਣਾ ਪਿਆ ਪਰ ਸਰਕਾਰ ਚਲਾਉਣ ਲਈ ਬਣਾਈ ਤਾਲਮੇਲ ਕਮੇਟੀ ਜਿਸ ਵਿਚ ਜਨ ਸੰਘ (ਹੁਣ ਬੀਜੇਪੀ), ਸਵਤੰਤਰ ਪਾਰਟੀ, ਸੀਪੀਆਈ ਤੇ ਅਕਾਲੀ ਦਲ ਸ਼ਾਮਲ ਸਨ, ਦਾ ਕਨਵੀਨਰ ਬਣਨਾ ਮੰਨ ਲਿਆ। ਕਾਮਰੇਡ ਸੁਰਜੀਤ ਸਮੇਤ ਸੀਪੀਆਈ (ਐਮ) ਦੀ ਬਹੁਤੀ ਲੀਡਰਸ਼ਿਪ ਸਹਿਜੇ ਸਹਿਜੇ ਸਰਮਾਏਦਾਰੀ ਪਾਰਲੀਮਾਨੀ ਰਸਤੇ ਵੱਲ ਉਲਾਰ ਹੋ ਗਈ।
1982 ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਖਤਰਨਾਕ ਮੋੜ ਤੇ ਪੁੱਜ ਗਈ ਤਾਂ ਸੀਪੀਆਈ (ਐਮ) ਨੇ ਸੂਬੇ ਦੇ ਅਸਲ ਕਾਰਨਾਂ ਨੂੰ ਅੱਖੋਂ ਪਰੋਖੇ ਕਰਦਿਆਂ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ। ਕਾਮਰੇਡ ਲਾਇਲਪੁਰੀ ਨੇ ਇਸ ਲਾਈਨ ਦਾ ਖੁੱਲ੍ਹ ਕੇ ਵਿਰੋਧ ਕੀਤਾ ਅਤੇ ਜਨਵਰੀ 1985 ਵਿਚ ‘ਪੰਜਾਬ ਸਮੱਸਿਆ ਅਤੇ ਜਮਹੂਰੀ ਕੰਮ’ ਨਾਂ ਦਾ ਦਸਤਾਵੇਜ਼ ਛਾਪਿਆ। ਇਸ ਤੋਂ ਬਾਅਦ ਉਨ੍ਹਾਂ ਦਾ ਪਾਰਟੀ ਲੀਡਰਸ਼ਿਪ ਨਾਲ ਟਕਰਾ ਵਧਦਾ ਗਿਆ। ਫਿਰ ਉਨ੍ਹਾਂ ਨੂੰ ਸਾਰੇ ਕੁੱਲ ਹਿੰਦ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਜਦੋਂ ਸੀਪੀਆਈ (ਐਮ) ਨੇ ਆਪਣਾ 1951 ਵਾਲਾ ਦ੍ਰਿਸ਼ਟੀਕੋਣ ਤਿਆਗ ਦਿੱਤਾ, 1964 ਦੇ ਮੂਲ ਪਾਰਟੀ ਪ੍ਰੋਗਰਾਮ ਵਿਚ ਸੋਧ ਕਰ ਲਈ ਤਾਂ ਕਾਮਰੇਡ ਲਾਇਲਪੁਰੀ ਨੇ 1992 ਵਿਚ ਕਿਤਾਬਚਾ ‘ਸੀਪੀਆਈ (ਐਮ), ਕਾਂਗਰਸ ਅਤੇ ਸਟੇਟ’ ਲਿਖਿਆ।
ਸੀਪੀਆਈ (ਐਮ) ਦੇ 1964 ਦੇ ਬੁਨਿਆਦੀ ਪ੍ਰੋਗਰਾਮ ਦੇ ਆਧਾਰ ਉਤੇ ਪਾਰਟੀ ਨੂੰ ਮੁੜ ਇਨਕਲਾਬੀ ਲੀਹਾਂ ਤੇ ਲਿਆਉਣ ਲਈ 1992 ਵਿਚ ਪੰਜਾਬ ਅੰਦਰ ‘ਮਾਰਕਸੀ ਫੋਰਮ’ ਬਣਾਇਆ ਅਤੇ 1998 ਵਿਚ ਮਾਰਕਸੀ ਫੋਰਮ ਦਾ ਐੱਮਸੀਪੀਆਈ ਵਿਚ ਰਲੇਵਾਂ ਕਰ ਦਿੱਤਾ ਗਿਆ। ਬਾਅਦ ਵਿਚ ਉਹ ਐੱਮਸੀਪੀਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਚੁਣੇ ਗਏ। ਉਹ ਸੀਪੀਆਈ (ਐੱਮ) ਦੇ 1964 ਦੇ ਪ੍ਰੋਗਰਾਮ ਦੇ ਆਧਾਰ ਤੇ ਕਮਿਊਨਿਸਟ ਗਰੁਪਾਂ ਦੇ ਏਕੀਕਰਨ ਲਈ ਯਤਨਸ਼ੀਲ ਰਹੇ। ਇਸੇ ਕੜੀ ਵਿਚ ਕੇਰਲ, ਪੰਜਾਬ ਅਤੇ ਹੋਰ ਥਾਵਾਂ ਦੇ ਕਮਿਊਨਿਸਟ ਗਰੁਪਾਂ ਦੇ ਏਕੀਕਰਨ ਨੂੰ ਲੈ ਕੇ 17 ਤੋਂ 20 ਸਤੰਬਰ, 2006 ਵਿਚ ਚੰਡੀਗੜ੍ਹ ਵਿਚ ਕੁੱਲ ਹਿੰਦ ਏਕਤਾ ਕਾਨਫੰਰਸ ਰਾਹੀਂ ਐੱਮਸੀਪੀਆਈ (ਯੂ) ਬਣਾਈ ਗਈ ਜਿਸ ਦੇ ਉਹ ਕੁੱਲ ਹਿੰਦ ਜਨਰਲ ਸਕੱਤਰ ਚੁਣੇ ਗਏ ਅਤੇ ਇਸ ਪਦ ਉੱਪਰ ਉਹ ਆਪਣੀ ਉਮਰ ਦੇ ਆਖਰੀ ਪਲਾਂ ਤੱਕ ਰਹੇ।
ਕਾਮਰੇਡ ਲਾਇਲਪੁਰੀ ਨੇ 2010 ਵਿਚ ਆਪਣੀ ਜੀਵਨ ਕਥਾ ‘ਮੇਰਾ ਜੀਵਨ ਮੇਰਾ ਯੁੱਗ’ ਲਿਖੀ। ਇਸ ਜੀਵਨੀ ਤੋਂ ਪਤਾ ਲਗਦਾ ਹੈ ਕਿ ਕਮਿਊਨਿਸਟ ਕਿਹੋ ਜਿਹਾ ਹੁੰਦਾ ਹੈ। ਸਾਡੇ ਵਲੋਂ ਕਾਮਰੇਡ ਲਾਇਲਪੁਰੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੁਆਰਾ ਦਰਸਾਏ ਰਾਹ ਉੱਪਰ ਚੱਲਣ ਦਾ ਪ੍ਰਣ ਕਰੀਏ।
ਸੰਪਰਕ: 98550-04500