ਤਾਰੀਖ਼ 17 ਮਾਰਚ, 1988 ਰਾਤ ਦਾ ਪਹਿਲਾ ਪਹਿਰ ਵਕਤ ਕਰੀਬ 8 ਵਜੇ ਦਾ। ਸਾਥੀ ਜੈਮਲ ਸਿੰਘ ਪੱਡਾ ਘਰ ਦਾ ਬੂਹਾ ਲੰਘਣ ਲੱਗਦੇ ਹਨ। ਇੱਕ ਪੈਰ ਸਰਦਲ ਦੇ ਅੰਦਰ, ਇੱਕ ਬਾਹਰ ਤੇ ਮੌਤ ਝਪਟਦੀ ਹੈ। ਏਕੇ-47 ਦਾ ਫਾਇਰ ਹੁੰਦਾ ਹੈ। ਸਾਥੀ ਜੈਮਲ ਸਿੰਘ ਪੱਡਾ ਦੇ ਸਾਹਾਂ ਦੀ ਡੋਰ ਟੁੱਟ ਜਾਦੀ ਹੈ। ਸੁਖਦੇਵ ਸਿੰਘ ਝਾਮਕਾ ਗਰੁੱਪ ਨੇ ਉਨ੍ਹਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ। ਸਾਨੂੰ ਸਾਰਿਆਂ ਉਨ੍ਹਾਂ ਦੇ ਸਾਥੀਆਂ ਨੂੰ ਇਸ ਗੱਲ ਦਾ ਗਹਿਰਾ ਸਦਮਾ ਸੀ। ਸਾਥੀ ਜੈਮਲ ਸਿੰਘ ਪੱਡਾ ਦੀ ਸ਼ਹੀਦੀ ਤੋਂ ਬਾਅਦ ਤੀਜੀ ਰਾਤ ਅਸੀਂ ਸਾਰੇ ਕਾਮਰੇਡ ਦਰਸ਼ਨ ਖਟਕੜ, ਸ਼ਹੀਦ ਅਮਰੀਕ ਪਨਿਆੜ, ਸ਼ਹੀਦ ਮਲਕੀਤ ਸਿੰਘ ਚੀਮਾ ਤੇ ਮੇਰੇ ਤੋਂ ਇਲਾਵਾ ਕੁਝ ਹੋਰ ਸਾਥੀ ਵੀ ਲੱਖਣ ਕੇ ਪੱਡੇ ਇੱਕਠੇ ਸਾਂ। ਰਾਤ ਦੇ ਤੀਸਰੇ ਪਹਿਰ ਕਾਮਰੇਡ ਖਟਕੜ ਕਲਾਂ ਨੇ ਆਪਣੀ ਕਵਿਤਾ ‘ਖੱਤ ਲਿਖਿਆ ਕਰੀਂ’ ਸੁਣਾਈ ਸੀ:
ਤੂੰ ਬੂਹੇ ਤੇ ਦਸਤਕ ਦੇਵੇਂ/ ਮੇਰੇ ਹੱਥ ਕੁੰਡੇ ’ਤੇ ਸਰਕਣ/ ਸਾਹਾਂ ਦੀ ਦੂਰੀ ’ਤੇ ਆ ਕੇ/ ਮਨ ਦੀ ਧੜਕਣ/ ਦਿਲ ਦੀ ਧੜਕਣ ਸਾਂਝੀ ਹੋਵੇ/ ਪਰ ਕਲਜੋਗਣ ਆਣ ਬਨੇਰੇ ਉਪਰੋਂ ਝਪਟੇ/ ਸਾਹਾਂ ਦੀ ਦੂਰੀ ’ਤੇ ਆ ਕੇ ਸਾਹਾਂ ਦੀ ਥਾਂ/ ਰਾਹ ਸ਼ਮਸ਼ਾਨ ਦਾ ਸਾਂਝਾ ਹੋ ਜਾਏ/ ਸਾਹਾਂ ਦੀ ਦੂਰੀ ’ਤੇ ਆ ਕੇ।
ਕਾਮਰੇਡ ਜੈਮਲ ਸਿੰਘ ਪੱਡਾ ਦਾ ਜੱਦੀ ਪਿੰਡ ਲੱਖਣ ਕੇ ਪੱਡੇ ਜ਼ਿਲ੍ਹਾ ਕਪੂਰਥਲਾ ਹੈ। ਇੱਥੇ ਉਨ੍ਹਾਂ ਦਾ ਜਨਮ ਹੋਇਆ, ਇਥੇ ਹੀ ਉਹ ਪ੍ਰਵਾਨ ਚੜ੍ਹੇ ਅਤੇ ਇਥੇ ਹੀ ਉਹ ਸ਼ਹੀਦ ਹੋਏ। ਸ਼ਹੀਦ ਹੋਣ ਸਮੇਂ ਉਹ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਨ। ਇਨਕਲਾਬੀ ਮਾਸਕ ਪੱਤਰ ‘ਹਰਿਆਵਲ ਦਸਤਾ’ ਦੇ ਸੰਪਾਦਕ ਵੀ ਸਨ।
ਅੱਜ ਜਦੋਂ ਦਿੱਲੀ ਦੀਆਂ ਬਰੂਹਾਂ ’ਤੇ ਦੇਸ਼ ਦੇ ਕਿਸਾਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮੋਦੀ ਸਰਕਾਰ ਖਿਲਾਫ ਘੋਲ ਕਰ ਰਹੇ ਹਨ। 26 ਜਨਵਰੀ ਨੂੰ ਦਿੱਲੀ ਦੀ ਬਾਹਰੀ ਰਿੰਗ ਰੋਡ ’ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਮਾਰਚ ਕੀਤਾ ਜਾਣਾ ਸੀ। ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਲੱਖਾਂ ਟਰੈਕਟਰ ਦਿੱਲੀ ਮੋਰਚੇ ਵਿਚ ਪਹੁੰਚੇ ਸਨ। ਲੋਕਾਂ ਵਿੱਚ ਬੇਹੱਦ ਉਤਸ਼ਾਹ ਸੀ। ਅਲੋਕਾਰਾ ਜੋਸ਼। ਦਿੱਲੀ ਮੋਰਚਿਆਂ ’ਚ ਤਿਲ ਸੁੱਟਣ ਨੂੰ ਥਾਂ ਨਹੀ ਸੀ। ਉਸ ਸ਼ਾਂਤਮਈ ਮਾਰਚ ਨੂੰ ਸਟੇਟ ਤੇ ਉਸਦੀਆਂ ਏਜੰਸੀਆਂ ਨੇ ਜਿਵੇਂ ਰਾਹ ਤੋਂ ਭਟਕਾਇਆ, ਉਹ ਸਭ ਦੇ ਸਾਹਮਣੇ ਹੈ। ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋਈ, ਬਿਲਕੁਲ ਉਵੇਂ ਜਿਸ ਤਰ੍ਹਾਂ ਦਹਿਸ਼ਦਗਰਦੀ ਦੌਰ ’ਚ ਸਨਮਾਨਿਤ ਸਤਿਕਾਰਤ ਤੇ ਹਰਮਨ ਪਿਆਰੇ ਕਿਸਾਨ ਆਗੂਆਂ ਨੂੰ ਬਣਾਇਆ ਜਾਂਦਾ ਰਿਹਾ ਹੈ। ਇਸ ਤਰ੍ਹਾਂ ਹੀ ਸਮੇਂ ਦੀਆਂ ਸਰਕਾਰਾਂ ਵਲੋਂ ਕਿਸਾਨਾਂ ਨੂੰ ਆਗੂ ਰਹਿਤ ਕਰਨ ਅਤੇ ਆਪਸ ਵਿੱਚ ਲੜਾਉਣ ਦਾ ਵੀ ਯਤਨ ਕੀਤਾ ਗਿਆ। ਇਸ ਤੋਂ ਵੀ ਅੱਗੇ ਉਸ ਸਮੇਂ ਕਿਵੇਂ ਕਿਸਾਨ ਘੋਲਾਂ ਦੇ ਜੇਤੂ ਜਰਨੈਲਾਂ ਨੂੰ ਸ਼ਹੀਦ ਕੀਤਾ ਗਿਆ, ਇਹ ਸਭ ਪੰਜਾਬ ਦਾ ਇਤਿਹਾਸ ਹੈ।
ਸ਼ਹੀਦ ਹੋਣ ਸਮੇਂ ਸਾਥੀ ਜੈਮਲ ਸਿੰਘ ਪੱਡਾ ਦੀ ਉਮਰ ਕਰੀਬ 44-45 ਸਾਲ ਸੀ। ਇਸ ਛੋਟੀ ਜਿਹੀ ਉਮਰ ਵਿੱਚ ਉਨ੍ਹਾਂ ਵਲੋਂ ਲੜੇ ਗਏ ਰਾਜਨੀਤਿਕ ਤੇ ਜਨਤਕ ਘੋਲਾਂ ਦੀ ਲਿਸਟ ਬੜੀ ਲੰਮੀ ਹੈ। ਪਰ ਜੇ ਉਨ੍ਹਾਂ ਦੇ ਪ੍ਰਮੁੱਖ ਘੋਲਾਂ ਦੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ 1972ਵਿਆਂ ਵਿਚ ਚੱਲੇ ਮੋਗਾ ਘੋਲ ਨੂੰ ਕਪੂਰਥਲਾ ਵਿੱਚ ਅਗਵਾਈ ਦੇਣ ’ਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਰਹੀ। ਪੰਜਾਬ ਸਟੂਡੈਂਟ ਯੂਨੀਅਨ ਵਲੋਂ ਨਡਾਲਾ ’ਚ ਕੀਤੇ ਮੁਜ਼ਾਹਰੇ ’ਚ, ਨਡਾਲੇ ਕਾਲਜ ਮੁਜ਼ਾਹਰੇ ਤੋਂ ਬਾਅਦ ਉਹ ਪੁਲੀਸ ਦੇ ਢਾਹੇ ਚੜ੍ਹ ਗਏ। ਪੁਲੀਸ ਨੇ ਉਨ੍ਹਾਂ ਨੂੰ ਪੂਰੀ ਤਸੱਲੀ ਨਾਲ ਕੁੱਟਿਆ। ਇੱਕ ਉਮਰੋਂ ਹੌਲਾ ਬੱਚਾ ਵੀ ਉਨ੍ਹਾਂ ਨਾਲ ਕੁੱਟ ਖਾਂਦਾ ਰਿਹਾ। ਕਾਮਰੇਡ ਪੱਡਾ ਨੇ ਪੂਰੇ ਸਿਦਕ ਤੇ ਸਿਰੜ ਨਾਲ ਪੁਲੀਸ ਦੀਆਂ ਡਾਂਗਾਂ ਆਪਣੇ ਸਰੀਰ ਉਪੱਰ ਝੱਲੀਆਂ। ਸ਼ਾਇਦ ਉਦੋ ਹੀ ਉਨ੍ਹਾਂ ਦੇ ਮਨ ਵਿਚਚ ‘ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ’ ਗ਼ਜ਼ਲ ਦੀਆਂ ਸਤਰਾਂ ਪੁੰਗਰ ਪਈਆਂ। ਪਿਛੋਂ ਜਾ ਕੇ ਉਨ੍ਹਾਂ ਪੂਰੀ ਗ਼ਜ਼ਲ ਲਿਖੀ ਜੋ ਬਹੁਤ ਹਰਮਨ ਪਿਆਰੀ ਹੋਈ:
ਸੱਚ ਦੇ ਸੰਗਰਾਮ ਨੇ ਹਰਨਾ ਨਹੀਂ/ ਜਦੋਂ ਜ਼ਾਲਮ ਕਲੇਜੇ ਦਾ ਰੁੱਗ ਭਰਦਾ ਹੈ/ ਇਹ ਧਰਤੀ ਮਾਂ ਹੈ ਸਦਮੇ ’ਚ ਗਸ਼ ਨਹੀਂ ਖਾਂਦੀ/ ਇਹ ਸਦਾ ਸੁਹਾਗਣ ਹੈ ਇਹ ਕੁੱਖ ਦਾ ਨੂਰ ਨਹੀਂ ਮਰਦਾ/ ਇਹਦੀ ਗੋਦ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ।
ਕਾਲਾ ਸੰਘਿਆਂ ਕਪੂਰਥਲਾ ਕਿਸਾਨ ਘੋਲ ਵਿਚ ਵੀ ਉਨ੍ਹਾਂ ਦਾ ਵਿਸ਼ੇਸ਼ ਰੋਲ ਰਿਹਾ। ਸਾਲ 1974 ਵਿਚ ਕਿਰਤੀ ਕਿਸਾਨ ਸਭਾ ਪੰਜਾਬ ਅਤੇ ਵਾਹੀਕਾਰਾ ਯੂਨੀਅਨ ਵਲੋਂ ਡੀਜ਼ਲ ਦੀ ਥੁੜ੍ਹ ਵਿਰੁੱਧ ਸਾਰੇ ਪੰਜਾਬ ਵਿੱਚ ਸਾਂਝਾ ਘੋਲ ਲੜਿਆ ਗਿਆ। 20 ਫਰਵਰੀ 1974 ਨੂੰ ਵਾਹੀਕਾਰ ਯੂਨੀਅਨ ਦੇ ਆਗੂ ਪਿਆਰਾ ਸਿੰਘ ਗਾਲਬਿ ਕਲਾਂ ਅਤੇ ਕਪੂਰਥਲਾ ਵਿਖੇ ਕਿਰਤੀ ਕਿਸਾਨ ਸਭਾ ਦਾ ਕਾਰਕੁੰਨ ਦੀਪਾ ਕਿਲਾ ਮੁਹੱਲਾ ਕਪੂਰਥਲਾ, ਜਿਸ ਦੀ ਜ਼ਮੀਨ ਡੋਗਰਾਂਵਾਲ ਸੀ ਪੁਲੀਸ ਫਾਇਰਿੰਗ ਵਿੱਚ ਸ਼ਹੀਦ ਹੋ ਗਏ। ਕਪੂਰਥਲਾ ਵਿੱਚ ਅੱਧੀ ਦਰਜਨ ਕਿਸਾਨ ਪੁਲੀਸ ਗੋਲੀਆਂ ਨਾਲ ਜ਼ਖਮੀ ਹੋ ਗਏ। ਇਸ ਮੁਜ਼ਾਹਰੇ ਦੀ ਅਗਵਾਈ ਵੀ ਜੈਮਲ ਸਿੰਘ ਪੱਡਾ ਨੇ ਕੀਤੀ ਸੀ।
80ਵਿਆਂ ਵਿੱਚ ਐਮਰਜੈਂਸੀ ਤੋਂ ਬਾਅਦ ਜਦੋਂ ਰੂਪੋਸ਼ੀ ਪਿੱਛੋਂ ਖੁੱਲੇ ਰੂਪ ਵਿੱਚ ਵਿਚਰਨ ਲੱਗੇ ਤਾਂ ਕਪੂਰਥਲਾ ’ਚ ਅਬਾਦਕਾਰਾਂ ਦਾ ਘੋਲ ਉਨ੍ਹਾਂ ਦੀ ਅਗਵਾਈ ’ਚ ਲੜਿਆ ਗਿਆ। ਸਰਕਾਰੀ ਜ਼ਮੀਨ ਦੀ ਬੋਲੀ ਰੋਕ ਕੇ ਜ਼ਮੀਨਾਂ ਦਾ ਕਬਜ਼ਾ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਦਿਵਾਇਆ। ਉਸ ਸਮੇਂ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਨੇ ਅਫਸਰਾਂ ਤੇ ਰਾਜਨੀਤੀਵਾਨਾਂ ਦੀਆਂ ਦਰਿਆਵਾਂ ਦੇ ਕੰਢਿਆਂ ’ਤੇ ਕਬਜ਼ਾਈਆਂ ਜ਼ਮੀਨਾਂ ਦਾ ਪਤਾ ਕਰਨ ਲਈ ਹਰਚੰਦ ਸਿੰਘ ਅਗਵਾਈ ’ਚ ਕਮੇਟੀ ਬਣਾਈ ਸੀ, ਜਿਸ ਨੇ ਕਾਫੀ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਸੀ। ਬਾਕੀ ਥਾਵਾਂ ’ਤੇ ਪਤਾ ਨਹੀਂ ਉਨ੍ਹਾਂ ਜ਼ਮੀਨਾਂ ਦਾ ਕੀ ਬਣਿਆ ਪਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਦੇਸਲ ਵਿੱਚ ਇੱਕ ਬ੍ਰਿਗੇਡੀਅਰ ਦੀ 100 ਏਕੜ ਸਰਪਲਸ ਜ਼ਮੀਨ ਪਿੰਡ ਦੇਸਲ ਵਿੱਚ ਬਗੈਰ ਕਿਸੇ ਜਾਤੀ ਵਿਤਕਰੇ ਦੇ 25 ਪਰਿਵਾਰਾਂ ਨੂੰ 4-4 ਏਕੜ ਬਣਾ ਕੇ ਵੰਡੀ ਗਈ ਸੀ। ਇਸ ਘੋਲ ਵਿੱਚ ਸ਼ਹੀਦ ਸਾਥੀ ਮਲਕੀਤ ਸਿੰਘ ਚੀਮਾ, ਸਾਥੀ ਬਲਵਿੰਦਰ ਸਿੰਘ ਬਾਜਵਾ, ਸਾਥੀ ਮਹਿੰਦਰ ਸਿੰਘ ਪੱਡਾ, ਸਾਥੀ ਮਾਸਟਰ ਗੁਰਦੇਵ ਸਿੰਘ, ਮਰਹੂਮ ਕਾਮਰੇਡ ਟੇਕ ਸਿੰਘ ਟੱਕਰ ਅਤੇ ਰਘਬੀਰ ਸਿੰਘ ਮਹਿਰਵਾਲਾ ਦੀ ਵਿਸ਼ੇਸ਼ ਭੂਮਿਕਾ ਸੀ।
ਪੈਪਸੂ ਦੇ ਮੁਜ਼ਾਹਰਾ ਘੋਲ ਤੋਂ ਬਾਅਦ ਦੁਆਬੇ ’ਚ ਸਰਪਲਸ ਜ਼ਮੀਨ ਵੰਡਣ ਦਾ ਇਹ ਪਹਿਲਾ ਕੇਸ ਸੀ। ਆਗੂ ਕੋਈ ਜੋਤਸ਼ੀ ਨਹੀਂ ਹੁੰਦੇ ਪਰ ਉਨ੍ਹਾਂ ਦੇ ਤਜਰਬੇ ਭਵਿੱਖਬਾਣੀ ਨੂੰ ਸੱਚ ਸਾਬਿਤ ਕਰਦੇ ਹਨ। ਉਨ੍ਹਾਂ ਦੀ ਜਥੇਬੰਦੀ ਉਨ੍ਹਾਂ ਦੇ ਜਾਣ ਤੋਂ ਬਾਅਦ ਇਲਾਕੇ ਵਿੱਚ ਡੂੰਘੀਆਂ ਪੈੜਾਂ ਪਾ ਰਹੀ ਹੈ ਤਾਂ ਮੈਂ ਸਮਝਦਾ ਹਾਂ ਕੇ ਉਨ੍ਹਾਂ ਦੀ ਭਵਿੱਖਬਾਣੀ ਇੰਨ ਬਿੰਨ ਸੱਚ ਹੋ ਰਹੀ ਹੈ। ਜਥੇਬੰਦੀ ਦੀ ਅਗਵਾਈ ਵਿੱਚ ਉਨ੍ਹਾਂ ਦੇ ਵਾਰਿਸਾਂ ਵਲੋਂ ਹਜ਼ਾਰਾਂ ਟਰੈਕਟਰਾਂ ਦੇ ਮਾਰਚ ਕੱਢੇ ਜਾ ਰਹੇ ਹਨ। ਦਰਿਆਵਾਂ ਦੇ ਕੰਢਿਆਂ ਤੋਂ ਰੇਤ ਮਾਫੀਆ ਭਜਾਏ ਜਾ ਰਹੇ ਹਨ। ਲੋਕਾਂ ਦੀ ਜ਼ਮੀਨ ਮਾਲ ਦੀ ਰਾਖੀ ਕੀਤੀ ਗਈ ਹੈ।
ਕਾਮਰੇਡ ਪੱਡਾ ਨਾਲ ਲੰਮਾਂ ਸਮਾਂ ਨਿੱਜੀ ਵਾਹ ਰਿਹਾ। ਉਨ੍ਹਾਂ ਨਾਲ ਬੜੀਆਂ ਯਾਦਾਂ ਹਨ। ਉਹ ਬਹੁਤ ਪਿਆਰੀ ਸ਼ਖ਼ਸੀਅਤ ਸਨ। ਜਦੋਂ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਮੈਂ ਆਪਣੀਆਂ ਯਾਦਾਂ ਸਾਂਝੀਆਂ ਕਰ ਰਿਹਾ ਹਾਂ ਤਾਂ ਮੈਨੂੰ ਲੱਗਦਾ ਹੈ ਕੇ ਉਹ ਕਿਤੇ ਨਹੀਂ ਗਏ। ਇੱਥੇ ਹੀ ਕਿਤੇ ਸਾਡੇ ਘੋਲਾਂ ਨੂੰ ਅਗਵਾਈ ਦੇ ਰਹੇ ਹਨ। ‘ਪੈਰ ਮੰਜ਼ਲਾਂ ਨੂੰ ਵਧਦੇ ਰਹਿਣਗੇ, ਰਾਜ਼ੀਨਾਮਾ ਵਕਤ ਨਾਲ ਕਰਨਾ ਨਹੀਂ।’
ਸੰਪਰਕ: 98785-00567