ਡਾ. ਕੁਲਦੀਪ ਸਿੰਘ
ਦੁਨੀਆਂ ਦੇ ਇਤਿਹਾਸ ਵਿਚ ਕਈ ਸ਼ਖ਼ਸੀਅਤਾਂ ਵਾਰ-ਵਾਰ ਯਾਦ ਕੀਤੀਆਂ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਦੇ ਵਿਚਾਰਾਂ ਵਿਚ ਇਸ ਕਿਸਮ ਦੀ ਤਾਜ਼ਗੀ ਸਮੋਈ ਹੁੰਦੀ ਹੈ ਜਿਹੜੀ ਪੀੜਾਂ ਭਰੇ ਦੌਰ ਵਿਚੋਂ ਲੰਘਣ ਲਈ ਕੋਈ ਚਾਨਣ ਦੀ ਕਿਰਨ ਪ੍ਰਦਾਨ ਕਰਦੀ ਹੈ। ਬੰਗਾਲ ਦੀ ਧਰਤੀ ਵਿਚੋਂ 19ਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਪੈਦਾ ਹੋਈ ਬਹੁ-ਪਰਤੀ ਤੇ ਬਹੁ-ਦਿਸ਼ਾਵੀ ਸ਼ਖ਼ਸੀਅਤ ਗੁਰੂਦੇਵ ਰਾਬਿੰਦਰ ਨਾਥ ਟੈਗੋਰ (07 ਮਈ 1861-06 ਅਗਸਤ 1941) ਨੇ ਵਹਿਮਾਂ-ਭਰਮਾਂ, ਜਾਤੀ ਤੇ ਜਮਾਤੀ ਵਿਤਕਰਿਆਂ ਅਤੇ ਅੰਗਰੇਜ਼ਾਂ ਦੁਆਰਾ ਬੇਪਨਾਹ ਕੀਤੀ ਜਾਂਦੀ ਲੁੱਟ-ਖਸੁੱਟ ਦੇ ਦੌਰ ਵਿਚ ਨਵੀਂ ਰੌਸ਼ਨੀ ਪ੍ਰਦਾਨ ਕੀਤੀ ਸੀ। ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਤੀਆਂ ਦੇ ਨਾਲ-ਨਾਲ ਪਰਿਵਾਰਕ ਤ੍ਰਾਸਦੀਆਂ ਜਿਨ੍ਹਾਂ ਵਿਚ ਛੋਟੀ ਉਮਰ ਵਿਚ ਹੀ ਮਾਂ ਦਾ ਸਾਇਆ ਖ਼ਤਮ ਹੋ ਜਾਣਾ ਆਦਿ ਰਾਹੀਂ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਨੇ ਵਿਕਸਤ ਹੋਣਾ ਸ਼ੁਰੂ ਕੀਤਾ। ਭੈੜੀਆਂ ਸਥਿਤੀਆਂ ਨਾਲ ਜੂਝਦੇ ਹੋਏ ਉਨ੍ਹਾਂ ਦੀ ਬੇਹੱਦ ਮਾਨਵੀ ਗੁਣਾਂ ਅਤੇ ਸੰਵੇਦਨਾਵਾਂ ਵਾਲੀ ਵੱਡੀ ਵਿਰਾਸਤ ਲਿਖਤਾਂ ਦੇ ਰੂਪ ਵਿਚ ਸਾਡੇ ਸਨਮੁੱਖ ਹੈ।
ਉਨ੍ਹਾਂ ਦੀ ਸਮੁੱਚੀ ਲਿਖਤ ਵਿਚ ਦੁਨੀਆ ਭਰ ਦੇ ਵਿਦਵਾਨਾਂ ਤੋਂ ਲੈ ਕੇ ਭਾਰਤੀ ਪਰੰਪਰਾਵਾਂ ਦੀ ਹਰੇਕ ਉਹ ਲਿਖਤ ਹਿੱਸਾ ਹੈ ਜਿਹੜੀ ਸਮੁੱਚੇ ਮਾਨਵੀ ਇਤਿਹਾਸ ਦੀਆਂ ਪਰਤਾਂ ਨੂੰ ਸਮੋਈ ਬੈਠੀ ਹੈ। ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਸ਼ਖ਼ਸੀਅਤ ਅਜਿਹੀ ਹੈ ਕਿ ਕੋਈ ਲੇਖਕ ਜਾਂ ਪਾਠਕ ਉਨ੍ਹਾਂ ਵਿਚੋਂ ਕਵੀ ਮਨ ਕੱਢ ਲੈਂਦਾ ਹੈ, ਕੋਈ ਸਿੱਖਿਆ ਸ਼ਾਸਤਰੀ ਦੀ ਖੋਜ ਕਰ ਲੈਂਦਾ ਹੈ, ਕੋਈ ਦਾਰਸ਼ਨਿਕ ਦੇ ਤੌਰ ’ਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਕੋਈ ਵੱਡਾ ਨਾਟਕਕਾਰ ਦਾ ਖ਼ਿਤਾਬ ਦੇ ਦਿੰਦਾ ਹੈ, ਕੋਈ ਗਲਪਕਾਰ ਦੇ ਨਜ਼ਰੀਏ ਤੋਂ ਦੇਖਦਾ ਹੈ, ਕੋਈ ਭਾਰਤੀ ਸਾਹਿਤ ਦੀਆਂ ਪਰੰਪਰਾਵਾਂ ਵਿਚ ਇਕ ਸੁਧਾਰਕ ਦੇ ਤੌਰ ’ਤੇ ਦੇਖਦਾ ਹੈ, ਕੋਈ ਜੀਵਨ, ਰਾਜਨੀਤੀ, ਕਲਾਕਾਰ ਅਤੇ ਸਾਹਿਤ ਦੇ ਆਲੋਚਕ ਵਿਦਵਾਨ ਦੇ ਤੌਰ ’ਤੇ ਦੇਖਦਾ ਹੈ। ਸ਼ਾਂਤੀ ਨਿਕੇਤਨ ਸਬੰਧੀ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੇ ਇਹ ਵਿਚਾਰ ਸਨ ਕਿ ਮੈਂ ਇਸ ਦੇ ਨਾਮ ਵਿਚ ਇੰਟਰਨੈਸ਼ਨਲ ਇਸ ਕਰਕੇ ਜੋੜਦਾ ਹਾਂ ਤਾਂ ਕਿ ਜਦੋਂ ਪੂਰਬ ਅਤੇ ਪੱਛਮ ਦੇ ਵਿਦਵਾਨ ਇਕਜੁੱਟ ਹੋ ਕੇ ਇੱਥੇ ਬੈਠਿਆ ਕਰਨਗੇ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਰੇਗਾ ਕਿ ਅਸੀਂ ਸਾਰੇ ਧਰਮਾਂ ਅਤੇ ਸੱਭਿਆਚਾਰਾਂ ਦੀਆਂ ਵਿਰਾਸਤਾਂ ਅਤੇ ਪਰੰਪਰਾਵਾਂ ਨੂੰ ਇਕ ਕਰਕੇ ਅਮਲੀ ਰੂਪ ਵਿਚ ਆਧੁਨਿਕ ਸੰਸਾਰ ਦੀ ਸਿਰਜਣਾ ਕਰਾਂਗੇ। ਇਸੇ ਕਰਕੇ ਤਾਂ ਵਿਸ਼ਵ ਭਾਰਤੀ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਮਾਟੋ 1918 ਵਿਚ, ‘ਸੰਸਾਰ ਇਕ ਆਲ੍ਹਣਾ ਹੈ’ ਦਰਜ ਕੀਤਾ ਗਿਆ ਹੈ।
ਗੁਰੂਦੇਵ ਰਾਬਿੰਦਰ ਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਵਿਚ ਭਾਰਤ ਦੇ ਸਭ ਧਰਮਾਂ ਦੇ ਇਤਿਹਾਸ, ਸਾਹਿਤ ਅਤੇ ਉਨ੍ਹਾਂ ਦੀ ਫ਼ਿਲਾਸਫ਼ੀ ਨਾਲ ਸਬੰਧਿਤ ਲਿਖਤਾਂ ਦਾ ਅਧਿਐਨ ਕਰਨ ਅਤੇ ਇਸ ਦੇ ਨਾਲ ਹੀ ਦੁਨੀਆ ਭਰ ਦੀਆਂ ਵੱਖ-ਵੱਖ ਗਿਆਨ ਦੀਆਂ ਦ੍ਰਿਸ਼ਟੀਆਂ ਨੂੰ ਸੁਮੇਲ ਕੇ ਭਵਿੱਖ ਦੇ ਮਾਨਵੀ ਮਨੁੱਖ ਦੀ ਸਿਰਜਣਾ ਲਈ ਨਵੇਂ ਕਿਸਮ ਦੀ ਧਰਾਤਲ ਖੜ੍ਹੀ ਕਰਨ ਦਾ ਕਾਰਜ ਕੀਤਾ। ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀਆਂ ਲਿਖਤਾਂ ਦਾ ਦੁਨੀਆ ਭਰ ਦੀਆਂ ਜ਼ੁਬਾਨਾਂ ਵਿਚ ਅਨੁਵਾਦ ਵੱਖ-ਵੱਖ ਖੇਤਰਾਂ ਦੇ ਵੱਡੇ ਵਿਦਵਾਨਾਂ ਨੇ ਕੀਤਾ ਹੈ। ਜਿਨ੍ਹਾਂ ਰਾਹੀਂ ਬੰਗਾਲ ਦੀ ਮਿੱਟੀ ਵਿਚ ਸਮੋਈ ਹੋਈ ਇਸ ਸ਼ਖ਼ਸੀਅਤ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਜਿਨ੍ਹਾਂ ਤੋਂ ਸਪੱਸ਼ਟ ਝਲਕ ਮਿਲਦੀ ਹੈ ਕਿ ਕਿਉਂ ਭੈੜੀ ਤੋਂ ਭੈੜੀ ਸਥਿਤੀ ਵਿਚ ਵੀ ਬੰਗਾਲੀਆਂ ਦੀ ਇਹ ਵੱਡੀ ਵਿਰਾਸਤ ਇਤਿਹਾਸਕ ਭੂਮਿਕਾ ਨਿਭਾ ਦਿੰਦੀ ਹੈ। ਅੱਜ ਜਦੋਂ ਦੇਸ਼ ਵਿਚ ਕਾਲਾ ਦੌਰ ਚੱਲ ਰਿਹਾ ਹੈ, ਉਸ ਵੇਲੇ ਦੀਦੀ ਦੀ ਆਵਾਜ਼ ਨੇ ਮੁੜ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਭੌਇੰ ਉੱਤੇ ਗੌਰਵ ਕਰਵਾ ਦਿੱਤਾ ਹੈ। ਅਜੋਕੇ ਸਮੇਂ ਉਨ੍ਹਾਂ ਦੀਆਂ ਕਵਿਤਾਵਾਂ ਦੀ ਕਿਤਾਬ ‘ਮੌਜੀ ਪਰਿੰਦੇ’ ਦਾ ਅਨੁਵਾਦ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਾਜੇਸ਼ ਲਿਖਦੇ ਨੇ, ਟੈਗੋਰ ਵਿਚ ਸੰਵੇਦਨਤਾ, ਚਿੰਤਨ, ਕਲਪਨਾ ਅਤੇ ਇਕ ਅਜਿਹੀ ਵਿਧੀ ਹੈ ਜਿਸ ਵਿਚ ਕਈ ਕਿਸਮ ਦਾ ਸੰਗੀਤ ਹੈ, ਤੁਫ਼ਾਨਾਂ ਵਾਂਗ ਨਾਦ ਕਰਨ ਦੀ ਸਮਰੱਥਾ ਹੈ, ਫੁੱਲ ਦਾ ਸੂਰਜ ਨਾਲ ਗੱਲਬਾਤ ਕਰਨ ਦਾ ਚਿੰਤਨ ਹੈ, ਇਸ ਕਰਕੇ ਨਹਿਰ ਨੂੰ ਇੰਜ ਸੋਚਣਾ ਚੰਗਾ ਲੱਗਦਾ ਹੈ ਕਿ ਨਦੀਆਂ ਉਸ ਨੂੰ ਪਾਣੀ ਦੇਣ ਲਈ ਹੁੰਦੀਆਂ ਹਨ। ਅਜਿਹੀ ਅਜ਼ੀਮ ਸ਼ਖ਼ਸੀਅਤ ਨੂੰ ਯਾਦ ਕਰਨ ਹਿੱਤ ਪੰਜਾਬੀ ਯੂਨੀਵਰਸਿਟੀ, ਪਟਿਆਲਾ 160ਵੀਂ ਜੀਵਨ ਵਰ੍ਹੇਗੰਢ ਮੌਕੇ ਉੱਤੇ ਕੌਮਾਂਤਰੀ ਪੱਧਰ ਦਾ ਸੈਮੀਨਾਰ ਕਰਵਾ ਰਹੀ ਹੈ। ਅਸੀਂ ਉਨ੍ਹਾਂ ਦਾ ਜਨਮ ਦਿਨ ਉਸ ਸਮੇਂ ਮਨਾ ਰਹੇ ਹਾਂ ਜਦੋਂ ਇਤਿਹਾਸ ਅਜਿਹੀਆਂ ਸ਼ਖ਼ਸੀਅਤਾਂ ਨੂੰ ਮੁੜ ਯਾਦ ਰੱਖਣ ਅਤੇ ਉਨ੍ਹਾਂ ਵਿਚੋਂ ਭਵਿੱਖ ਦੇ ਨੈਣ-ਨਕਸ਼ ਤਰਾਸ਼ਣ ਲਈ ਕੋਈ ਨਵੇਂ ਟੈਗੋਰਾਂ ਦੀ ਪੀੜ੍ਹੀ ਵਿਚ ਸ਼ਾਮਲ ਹੋਣ ਦੀ ਮੰਗ ਕਰਦਾ ਹੈ।
ਸੰਪਰਕ: 98151-15429