ਮਨਮੋਹਨ ਸਿੰਘ ਦਾਊਂ
ਪੰਜਾਬੀ ਪੱਤਰਕਾਰੀ ਵਿਚ ਹਰਮਨ-ਪਿਆਰਤਾ ਖੱਟਣ ਵਾਲੇ ਸ਼ੰਗਾਰਾ ਸਿੰਘ ਭੁੱਲਰ ਦਾ ਜਨਮ 9 ਜਨਵਰੀ, 1946 ਨੂੰ ਪਿੰਡ ਭੁੱਲਰ, ਨੇੜੇ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਵੱਸਣ ਸਿੰਘ ਤੇ ਮਾਤਾ ਕਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਪ੍ਰਾਇਮਰੀ ਵਿੱਦਿਆ ਪਿੰਡ ਦੇ ਸਕੂਲ ਤੋਂ ਗ੍ਰਹਿਣ ਕੀਤੀ। ਮੈਟ੍ਰਿਕ ਖ਼ਾਲਸਾ ਹਾਈ ਸਕੂਲ ਬਟਾਲਾ ਤੋਂ, ਬੀਏ ਬੇਰਿੰਗ ਕ੍ਰਿਸ਼ਚਨ ਕਾਲਜ ਬਟਾਲਾ ਤੋਂ ਕੀਤੀ। ਐਮਏ ਪੰਜਾਬੀ ਭਾਗ ਪਹਿਲਾ ਲਾਇਲਪੁਰ ਕਾਲਜ ਜਲੰਧਰ ਤੋਂ ਅਤੇ ਐਮਏ ਫਾਈਨਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1968 ’ਚ ਕੀਤੀ। ਇਸੇ ਦੌਰਾਨ ਬਰਜਿੰਦਰ ਸਿੰਘ (ਮੁੱਖ ਸੰਪਾਦਕ ਅਜੀਤ) ਨਾਲ ਦੋਸਤੀ ਗੰਢੀ ਗਈ।
ਮੁਢਲੀ ਨੌਕਰੀ ਬਤੌਰ ਪੰਜਾਬੀ ਲੈਕਚਰਾਰ ਆਰੀਆ ਕਾਲਜ ਲੁਧਿਆਣਾ ਕੀਤੀ, ਫਿਰ ਗੌਰਮਿੰਟ ਕਾਲਜ ਲੁਧਿਆਣਾ ਕੁਝ ਸਮਾਂ ਲੰਘਿਆ। ਉਪਰੰਤ ਸਰਕਾਰੀ ਕਾਲਜ ਬਠਿੰਡਾ ਸੇਵਾ ਦਾ ਮੌਕਾ ਮਿਲਿਆ। ਲੈਕਚਰਾਰ ਦੀ ਨੌਕਰੀ ਛੱਡ ‘ਨਵਾਂ ਜ਼ਮਾਨਾ’ ਜਲੰਧਰ ਵਿਖੇ ਪੱਤਰਕਾਰੀ ’ਚ ਪ੍ਰਵੇਸ਼ ਕੀਤਾ। ਜਲੰਧਰ ਛੱਡ ਕੇ ਦਸੰਬਰ 1970 ’ਚ ਦਿੱਲੀ ‘ਅਭੀਤ’ ਅਖ਼ਬਾਰ ਵਿਚ ਜਾ ਲੱਗਿਆ। ਦਿੱਲੀ ਰਹਿੰਦਿਆਂ ਪੰਜਾਬੀ ਸੱਜਣਾਂ ਨਾਲ ਵਾਹਵਾ ਮੇਲ-ਮਿਲਾਪ ਵਧਿਆ। ਉੱਥੇ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਵੱਲੋਂ ਆਰੰਭ ਕੀਤੇ ਅਖ਼ਬਾਰ ‘ਜਥੇਦਾਰ’ ਵਿਚ ਕੁਝ ਸਮਾਂ ਗੁਜ਼ਾਰਿਆ। ਦਿੱਲੀ ਸਰਕਾਰੀ ਅਖ਼ਬਾਰ ਵਿਚ ਬਤੌਰ ਸੰਪਾਦਕ ਸੇਵਾਵਾਂ ਨਿਭਾਈਆਂ। ਦਿੱਲੀ ਤੋਂ ਸਰਕਾਰੀ ਨੌਕਰੀ ਛੱਡ ਕੇ ਪਹਿਲੀ ਅਪਰੈਲ, 1982 ਨੂੰ ‘ਪੰਜਾਬੀ ਟ੍ਰਿਬਿਊਨ’ ਵਿਚ ਸਹਾਇਕ ਸੰਪਾਦਕ ਵਜੋਂ ਬਰਜਿੰਦਰ ਸਿੰਘ (ਹਮਦਰਦ) ਨਾਲ ਮੋਢਾ ਜੋੜ ਲਿਆ। ‘ਪੰਜਾਬੀ ਟ੍ਰਿਬਿਊਨ’ ਦੀ ਚੜ੍ਹਤ ਦੇ ਨਗਾਰੇ ਵੱਜਣ ਲੱਗੇ ਤੇ ਇਸ ਦੌਰਾਨ ਡਾ. ਮਹਿੰਦਰ ਸਿੰਘ ਰੰਧਾਵਾ ਜੋ ਟ੍ਰਿਬਿਊਨ ਟਰੱਸਟ ਦੇ ਮੈਂਬਰ ਤੇ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਸਨ, ਨਾਲ ਸੰਪਰਕ ਹੋਇਆ। ਡਾ. ਰੰਧਾਵਾ ਦੀ ਸਵੈ-ਜੀਵਨੀ ਪੁਸਤਕ ‘ਆਪ ਬੀਤੀ’ ਲਿਖਣ-ਲਿਖਵਾਉਣ ਲਈ ਸਹਿਯੋਗ ਦਿੱਤਾ। ਉਦੋਂ ਦਿੱਲੀ ਅਖ਼ਬਾਰ ਵਾਲੇ ਆਪ ਨੂੰ ਫਾਰਗ ਕਰਨਾ ਨਹੀਂ ਸੀ ਚਾਹੁੰਦੇ। ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਸਿਫਾਰਸ਼ ਰਾਹੀਂ ਅਸਤੀਫ਼ਾ ਮਨਜ਼ੂਰ ਕਰਵਾਇਆ। ਇਸ ਦੌਰਾਨ ਸ਼ੰਗਾਰਾ ਸਿੰਘ ਭੁੱਲਰ ਦਾ ਮਿੱਤਰੀ-ਮੰਡਲ ਵਧਦਾ ਗਿਆ ਤੇ ਪਰਿਵਾਰਕ ਜ਼ਿੰਮੇਵਾਰੀਆਂ ਵੀ। ਮੁਹਾਲੀ ਸ਼ਹਿਰ ’ਚ ਪੱਕਾ ਵਾਸਾ ਕਰਨ ਦਾ ਫ਼ੈਸਲਾ ਕਰ ਕੇ, ਘਰ ਬਣਾਉਣ ਦੀ ਇੱਛਾ ਵੀ ਪ੍ਰਬਲ ਹੋ ਗਈ।
‘ਪੰਜਾਬੀ ਟ੍ਰਿਬਿਊਨ’ ’ਚ ਬਤੌਰ ਸੰਪਾਦਕ 2006 ਤੱਕ ਸੇਵਾਵਾਂ ਨਿਭਾਈਆਂ ਤੇ ਇਸ ਕਾਰਜ-ਕਾਲ ਦੌਰਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ 1998 ਵਿਚ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਨਾਲ ਸਨਮਾਨ ਪ੍ਰਾਪਤ ਕੀਤਾ। ਕੁਝ ਸਮਾਂ ‘ਦੇਸ਼-ਵਿਦੇਸ਼ ਟਾਈਮਜ਼’ ਅਖ਼ਬਾਰ ਦੇ ਮੋਢੀ ਸੰਪਾਦਕ ਰਹੇ, ਫਿਰ ‘ਪੰਜਾਬੀ ਜਾਗਰਣ’ ਜਲੰਧਰ ਦੇ ਮੋਢੀ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਕੇ ਅਖ਼ਬਾਰ ਨੂੰ ਪੱਕੇ ਪੈਰੀਂ ਕਰ ਵਿਖਾਇਆ। ਮੁਹਾਲੀ ਤੋਂ ਜਲੰਧਰ ਆਉਣਾ-ਜਾਣਾ ਔਖਾ ਲੱਗਣ ਲੱਗਿਆ। ਅਖ਼ਰਕਾਰ ਦਸੰਬਰ 2017 ਤੋਂ ‘ਰੋਜ਼ਾਨਾ ਸਪੋਕਸਮੈਨ’ ਦੀ ਐਡੀਟਰੀ ਸੰਭਾਲ ਲਈ ਤੇ ਆਖ਼ਰੀ ਸਾਹਾਂ ਦੀ ਪੂੰਜੀ ਤੱਕ ਪੱਤਰਕਾਰੀ ਲਈ ਜੁਟੇ ਰਹੇ।
ਆਪ ਜਿਸ ਵੀ ਅਖ਼ਬਾਰ ਵਿਚ ਰਹੇ, ਆਪਣੇ ਮਿਲਾਪੜੇ ਸੁਭਾਅ ਕਰ ਕੇ ਹਮਜੋਲੀਆਂ ਨਾਲ ਦੋਸਤੀ ਪੂਰਦੇ ਰਹੇ। ਇਸ ਤੋਂ ਬਿਨਾਂ ਪੰਜਾਬੀ ਰਸਾਲਿਆਂ ਤੇ ਅਖ਼ਬਾਰਾਂ ਵਿਚ ਵੀ ਪੰਜਾਬ ਦੇ ਮਸਲਿਆਂ ਬਾਰੇ ਸਪਸ਼ਟ ਤੇ ਸਰਲ-ਸ਼ੈਲੀ ਵਿਚ ਕਾਲਮ-ਨਵੀਸੀ ਕਰਦੇ ਰਹੇ। ਆਪ ਦੀ ਸੁੰਦਰ ਤੇ ਕਲਾਤਮਿਕ ਹੱਥ-ਲਿਖਤ ਮਨ ਨੂੰ ਭਾਉਂਦੀ ਸੀ। ਆਪ ਦੀ ਚਾਰ ਸਮਾਚਾਰ-ਪੱਤਰਾਂ ਵਿਚ ਸੰਪਾਦਕ ਵਜੋਂ ਸੇਵਾ ਨਿਭਾਉਣੀ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਭਾਵੇਂ ਆਪ ਨੂੰ ਏਅਰਫੋਰਸ, ਪੁਲੀਸ ਤੇ ਕਈ ਹੋਰ ਮਹਿਕਮਿਆਂ ਵਿਚ ਨੌਕਰੀ ਦੇ ਮੌਕੇ ਮਿਲਦੇ ਰਹੇ, ਪਰ ਪੰਜਾਬੀ ਪੱਤਰਕਾਰੀ ਨੂੰ ਹੀ ਤਰਜੀਹ ਦੇਣੀ ਵਧੇਰੇ ਯੋਗ ਸਮਝਿਆ। ਸਮੇਂ-ਸਮੇਂ ਆਪ ਨੂੰ ਕਈ ਅਦਾਰਿਆਂ ਵੱਲੋਂ ਮਾਣ-ਸਨਮਾਨ ਮਿਲਦੇ ਰਹੇ।
ਉਸ ਦੇ ਹਮਜੋਲੀਆਂ ’ਚੋਂ ਸ਼ਮਸ਼ੇਰ ਸਿੰਘ ਸੰਧੂ ਦਾ ਆਖਿਆ ਚੇਤੇ ਆਉਂਦਾ ਹੈ, ਜਦੋਂ ਉਹ ਮਹਿਫ਼ਿਲ ’ਚ ਭੁੱਲਰ ਨੂੰ ਯਾਦ ਕਰਦਿਆਂ ਕਹਿੰਦੈ: ‘‘ਚੱਜ ਦਾ ਬੰਦਾ, ਸਭ ਦਾ ਬੰਦਾ।’’
ਮੈਂ ਕਦੇ ਭੁੱਲਰ ਨੂੰ ਦੂਜਿਆਂ ਨਾਲ ਔਖੇ ਹੁੰਦੇ ਨਹੀਂ ਵੇਖਿਆ। ਅਸਲ ਵਿਚ ਭੁੱਲਰ ਨਿੱਘ ਤੇ ਨਿੱਜ ਦੀ ਹੱਥ-ਘੁੱਟਣੀ ਦਾ ਬਿੰਬ ਸੀ। ਮਿੱਠੀਆਂ-ਖੱਟੀਆਂ ਗੱਲਾਂ ਕਰਨ ਤੇ ਦੂਜਿਆਂ ਬਾਰੇ ਚੰਗਾ-ਚੰਗਾ ਕਹਿਣ ਵਾਲਾ। ਉਸ ਦੀ ਮਿਲਾਪੜੀ ਸ਼ਖ਼ਸੀਅਤ ਮਨ ਨੂੰ ਭਾਉਂਦੀ ਸੀ। ਉਸ ਦੀ ਨਿਰਮਾਣਤਾ ’ਚ ਕਦੇ ਹੋਛਾਪਣ ਨਹੀਂ ਸੀ ਹੁੰਦਾ। ਆਪਣੇ ਲਿਖੇ ਵੱਖ-ਵੱਖ ਵਿਸ਼ਿਆਂ ਦੀ ਕਿਤਾਬ ਛਪਵਾਉਣੀ ਚਾਹੁੰਦਾ ਸੀ, ਪਰ ਇੱਛਾ-ਪੂਰਤੀ ਨਾ ਕਰ ਸਕਿਆ। ਉਸ ਦੀ ਇਹ ਵੀ ਇੱਛਾ ਸੀ ਕਿ ਮੁਹਾਲੀ ਵਿਖੇ ਡਾ. ਐਮ.ਐਸ. ਰੰਧਾਵਾ ਦੇ ਨਾਮ ’ਤੇ ਕੋਈ ਆਡੀਟੋਰੀਅਮ ਬਣੇ, ਕੋਈ ਕਿਤਾਬਾਂ ਦੀ ਵੱਡੀ ਦੁਕਾਨ ਹੋਵੇ ਤਾਂ ਜੋ ਪੁਸਤਕ ਸਭਿਆਚਾਰ ਵਿਗਸਤ ਹੋ ਸਕੇ। ਇਸ ਸਬੰਧੀ ਮੇਰੇ ਨਾਲ ਕਈ ਯੋਜਨਾਵਾਂ ਵੀ ਬਣਾਈਆਂ। ਸ਼ੰਗਾਰਾ ਸਿੰਘ ਭੁੱਲਰ ਯਾਰਾਂ ਦਾ ਯਾਰ, ਮਿੱਤਰ-ਸਨੇਹੀ, ਸੂਝਵਾਨ ਤੇ ਸਫਲ ਸੰਪਾਦਕ, ਨੇਕ-ਇਨਸਾਨ, ਸੁਘੜ-ਸਿਆਣਾ ਗ੍ਰਹਿਸਥੀ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮੁਦਈ ਸੀ। ਆਪਣੀ ਬਿਮਾਰੀ ਨੂੰ ਨਾ ਦੱਸਦਿਆਂ, ਚੁੱਪ-ਚੁਪੀਤੇ 11 ਦਸੰਬਰ, 2019 ਨੂੰ ਉਸ ਦਾ ਤੁਰ ਜਾਣਾ, ਅਧੂਰੇ ਸੁਪਨਿਆਂ ਦੀ ਕਹਾਣੀ ਵਰਗਾ ਜਾਪਦਾ ਹੈ।
ਸੰਪਰਕ: 98151-23900