ਨਵਦੀਪ ਸਿੰਘ ਗਿੱਲ
ਰੌਜਰ ਫੈਡਰਰ (ਸਵਿਟਜ਼ਰਲੈਂਡ) ਟੈਨਿਸ ਖੇਡ ਦੇ ਮਹਾਨਤਮ ਖਿਡਾਰੀਆਂ ਵਿਚੋਂ ਇਕ ਹੈ। ਲੇਵਰ ਕੱਪ ਤੋਂ ਬਾਅਦ 41 ਵਰ੍ਹਿਆਂ ਦੀ ਉਮਰੇ ਉਸ ਦੇ ਖੇਡ ਤੋਂ ਸੰਨਿਆਸ ਲੈਣ ਨਾਲ ਪੁਰਸ਼ ਟੈਨਿਸ ਵਿਚ ਇਕ ਯੁੱਗ ਦਾ ਅੰਤ ਹੋ ਗਿਆ। ਉਹਨੇ ਆਪਣੇ ਖੇਡ ਜੀਵਨ ਵਿਚ 20 ਗਰੈਂਡ ਸਲੈਮ ਜਿੱਤੇ ਜੋ ਰਾਫੇਲ ਨਡਾਲ (22) ਤੇ ਨੋਵਾਕ ਜੋਕੋਵਿਚ (21) ਤੋਂ ਬਾਅਦ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲਿਆਂ ਦੀ ਸੂਚੀ ਵਿਚ ਹੈ। ਉਹਨੇ ਅੱਠ ਵਾਰ ਵਿੰਬਲਡਨ, ਛੇ ਵਾਰ ਆਸਟਰੇਲੀਅਨ ਓਪਨ, ਪੰਜ ਵਾਰ ਯੂਐੱਸ ਓਪਨ ਤੇ ਇਕ ਵਾਰ ਫਰੈਂਚ ਓਪਨ ਜਿੱਤਿਆ ਹੈ। ਓਲੰਪਿਕ ਖੇਡਾਂ ਵਿਚ ਉਸ ਨੇ ਸਿੰਗਲਜ਼ ਵਿਚ ਚਾਂਦੀ ਅਤੇ ਡਬਲਜ਼ ਵਿਚ ਸੋਨੇ ਦਾ ਤਮਗਾ ਜਿੱਤਿਆ। 22 ਵਰ੍ਹਿਆਂ ਦੀ ਉਮਰੇ ਸੰਸਾਰ ਦਾ ਨੰਬਰ ਇਕ ਖਿਡਾਰੀ ਬਣਨ ਵਾਲਾ ਫੈਡਰਰ 37ਵੇਂ ਵਰ੍ਹੇ ਵੀ ਟੈਨਿਸ ਦਾ ਨੰਬਰ ਇਕ ਖਿਡਾਰੀ ਸੀ ਜੋ ਸਭ ਤੋਂ ਵੱਡੀ ਉਮਰ ਵਿਚ ਨੰਬਰ ਇਕ ਬਣਨ ਦਾ ਰਿਕਾਰਡ ਸੀ।
ਫੈਡਰਰ ਇਕਲੌਤਾ ਖਿਡਾਰੀ ਹੈ ਜਿਸ ਨੇ ਦੋ ਗਰੈਂਡ ਸਲੈਮ- ਵਿੰਬਲਡਨ ਤੇ ਯੂਐੱਸ ਓਪਨ, ਲਗਾਤਾਰ ਪੰਜ ਪੰਜ ਵਾਰ ਜਿੱਤਿਆ। ਤਿੰਨ ਵਾਰ ਉਹ ਇਕ ਸਾਲ (2006, 2007 ਤੇ 2009) ਵਿਚ ਚਾਰੇ ਗਰੈਂਡ ਸਲੈਮ ਦੇ ਫਾਈਨਲ ਖੇਡਿਆ। ਲਗਾਤਾਰ 10 ਵਾਰ ਗਰੈਂਡ ਸਲੈਮ ਫਾਈਨਲ ਖੇਡੇ। ਉਹ ਕੁੱਲ 310 ਹਫਤੇ ਸੰਸਾਰ ਦਾ ਨੰਬਰ ਇਕ ਖਿਡਾਰੀ ਰਿਹਾ ਜਿਸ ਵਿਚੋਂ ਉਹ 2004 ਤੋਂ 2008 ਤੱਕ 237 ਹਫਤੇ ਲਗਾਤਾਰ ਨੰਬਰ ਇਕ ਬਣਨ ਦਾ ਰਿਕਾਰਡ ਵੀ ਬਣਾਇਆ। ਫੈਡਰਰ 2002 ਤੋਂ 2021 ਤੱਕ 968 ਹਫਤੇ ਚੋਟੀ ਦੇ 10 ਖਿਡਾਰੀਆਂ ਵਿਚ ਸ਼ੁਮਾਰ ਰਿਹਾ। ਆਂਦਰੇ ਅਗਾਸੀ, ਪੀਟ ਸੈਂਪਰਾਸ, ਲੈਟਿਨ ਹਿਊਟ, ਐਂਡੀ ਰੌਡਿਕ, ਮਾਰਕ ਫਿਲੌਪਸਿਸ, ਗੋਰਾਨੇ ਇਵਾਨੇਸਵਿਚ ਦੇ ਜ਼ਮਾਨੇ ਵਿਚ 2000 ਦੇ ਸ਼ੁਰੂਆਤੀ ਦਹਾਕੇ ਵਿਚ ਫੈਡਰਰ ਨੂੰ ਵੱਡੇ ਖਿਡਾਰੀਆਂ ਤੋਂ ਚੁਣੌਤੀ ਮਿਲੀ ਅਤੇ ਆਪਣੀ ਖੇਡ ਦੇ ਸਿਖਰ ਦੌਰਾਨ ਰਫਾਲ ਨਡਾਲ ਅਤੇ ਫਿਰ ਨੋਵਾਕ ਜੋਕੋਵਿਚ ਤੇ ਐਂਡੀ ਮਰੇ ਜਿਹੇ ਖਿਡਾਰੀ ਉਸ ਦੇ ਮੁਕਾਬਲੇ ਵਿਚ ਨਿੱਤਰੇ।
ਫੈਡਰਰ ਆਪਣੀ ਤੇਜ਼ ਤਰਾਰ ਸਰਵਿਸ, ਬੈਂਕਹੈਂਡ ਰਿਟਰਨ, ਬਾਲ ਸਪਿੰਨ ਕਰਵਾਉਣ ਦੀ ਕਲਾ ਅਤੇ ਜ਼ਬਰਦਸਤ ਸਮੈਸ਼ ਲਈ ਜਾਣਿਆ ਜਾਂਦਾ ਰਹੇਗਾ। ਆਪਣੀ ਜ਼ਬਰਦਸਤ ਫਿਟਨੈਸ ਸਦਕਾ ਉਹ ਆਪਣੇ ਤੋਂ ਅੱਧੀ ਉਮਰ ਦੇ ਖਿਡਾਰੀਆਂ ’ਤੇ ਵੀ ਭਾਰੂ ਪੈ ਜਾਂਦਾ ਸੀ।
8 ਅਗਸਤ 1981 ਨੂੰ ਜਨਮੇ ਫੈਡਰਰ ਨੇ 1999 ਵਿਚ ਆਪਣਾ ਪਹਿਲਾ ਗਰੈਂਡ ਸਲੈਮ ਖੇਡਿਆ। 2003 ਵਿਚ ਉਸ ਨੇ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ। 2004 ਦਾ ਵਰ੍ਹਾ ਉਸ ਲਈ ਖਾਸ ਰਿਹਾ ਜਦੋਂ ਉਸ ਨੇ ਇਕੋ ਸਾਲ ਚਾਰ ਵਿਚੋਂ ਤਿੰਨ ਗਰੈਡ ਸਲੈਮ (ਆਸਟਰੇਲੀਅਨ ਓਪਨ, ਵਿੰਬਲਡਨ ਤੇ ਯੂਐੱਸ ਓਪਨ) ਆਪਣੀ ਝੋਲੀ ਪਾਏ। 2007 ਵਿਚ ਉਹਨੇ ਜਿੱਥੇ ਤਿੰਨ ਗਰੈਂਡ ਸਲੈਮ ਜਿੱਤਣ ਵਾਲਾ ਇਤਿਹਾਸ ਦੁਹਰਾਇਆ, ਉਥੇ ਬਾਕੀ ਰਹਿੰਦੇ ਇਕਲੌਤੇ ਗਰੈਡ ਸਲੈਮ ਫਰੈਂਚ ਓਪਨ ਦੇ ਫਾਈਨਲ ਤੱਕ ਦਾਖਲਾ ਪਾਇਆ। ਇਹ ਉਹ ਦੌਰ ਸੀ ਜਦੋਂ ਫੈਡਰਰ ਆਪਣੀ ਖੇਡ ਦੀ ਚੋਟੀ ’ਤੇ ਸੀ ਅਤੇ ਉਸ ਨੂੰ ਮੁਕਾਬਲਾ ਦੇਣ ਲਈ ਰਾਫੇਲ ਨਡਾਲ ਪੂਰੇ ਜਲੌਅ ਵਿਚ ਸੀ। ਮਿੱਟੀ ਵਾਲੀ ਸਤਹ ਫਰੈਂਚ ਓਪਨ ਨੂੰ ਫੈਡਰਰ ਲਈ ਕਿਸੇ ਵੇਲੇ ਟੇਢੀ ਖੀਰ ਮੰਨਿਆ ਜਾ ਰਿਹਾ ਸੀ। ਬਾਕੀ ਗਰੈਂਡ ਸਲੈਮ ਮੁਕਾਬਲਿਆਂ ਵਿਚ ਫੈਡਰਰ ਨਡਾਲ ਉਪਰ ਭਾਰੂ ਪੈਂਦਾ, ਫਰੈਂਚ ਓਪਨ ਵਿਚ ਨਡਾਲ ਬਾਜ਼ੀ ਮਾਰ ਜਾਂਦਾ।
2006 ਅਤੇ 2007 ਵਿਚ ਫੈਡਰਰ ਚਾਰੇ ਗਰੈਂਡ ਸਲੈਮ ਮੁਕਾਬਲਿਆਂ ਦੇ ਫਾਈਨਲ ਵਿਚ ਪੁੱਜਿਆ ਜਿਨ੍ਹਾਂ ਵਿਚੋਂ ਛੇ ਵਿਚ ਜਿੱਤ ਹਾਸਲ ਕੀਤੀ। 2005 ਦੇ ਵਿੰਬਲਡਨ ਤੋਂ 2007 ਦੇ ਯੂਐੱਸ ਓਪਨ ਤੱਕ ਉਹ ਲਗਾਤਾਰ 10 ਗਰੈਂਡ ਸਲੈਮ ਫਾਈਨਲ ਮੁਕਾਬਲਿਆਂ ਵਿਚ ਖੇਡਿਆ। 2008 ਵਿਚ ਉਹ ਫਰੈਂਚ ਓਪਨ ਤੇ ਵਿੰਬਲਡਨ ਦੇ ਫਾਈਨਲ ਹਾਰਨ ਤੋਂ ਬਾਅਦ ਪੇਈਚਿੰਗ ਓਲੰਪਿਕਸ ਵਿਚ ਵੀ ਮੈਡਲ ਜਿੱਤਣ ਤੋਂ ਖੁੰਝ ਗਿਆ ਪਰ ਸਾਲ ਦੇ ਅਖੀਰ ਵਿਚ ਲਗਾਤਾਰ ਪੰਜਵੀਂ ਵਾਰ ਯੂਐੱਸ ਓਪਨ ਜਿੱਤ ਕੇ ਫੈਡਰਰ ਨੇ ਵਾਪਸੀ ਕੀਤੀ। 2009 ਵਿਚ ਉਹ ਹੋਰ ਤਕੜਾ ਹੋ ਕੇ ਸਾਹਮਣੇ ਆਇਆ, ਚਾਰੇ ਗਰੈਂਡ ਸਲੈਮ ਫਾਈਨਲ ਖੇਡੇ ਅਤੇ ਪਹਿਲੀ ਵਾਰ ਫਰੈਂਚ ਓਪਨ ਜਿੱਤ ਕੇ ਚਾਰੇ ਗਰੈਡ ਸਲੈਮ ਜਿੱਤਣ ਦਾ ਰਿਕਾਰਡ ਬਣਾਇਆ। ਵਿੰਬਲਡਨ ਵਿਚ ਵੀ ਉਸ ਨੇ ਛੇਵਾਂ ਖਿਤਾਬ ਜਿੱਤਿਆ। 2010 ਦਾ ਪਹਿਲਾ ਗਰੈਂਡ ਸਲੈਮ ਆਸਟਰੇਲੀਅਨ ਓਪਨ ਵੀ ਫੈਡਰਰ ਨੇ ਆਪਣੀ ਝੋਲੀ ਪਾਇਆ।
ਫਿਰ ਉਮਰ ਦੇ ਤਿੰਨ ਦਹਾਕਿਆਂ ਨੂੰ ਢੁੱਕੇ ਫੈਡਰਰ ਨੂੰ ਨਡਾਲ, ਜੋਕੋਵਿਚ ਤੇ ਐਂਡੀ ਮਰੇ ਦੀ ਤਿੱਕੜੀ ਤੋਂ ਕਰੜੀ ਚੁਣੌਤੀ ਮਿਲਣ ਲੱਗੀ। ਜਾਪਣ ਲੱਗਿਆ, 2003 ਤੋਂ 2010 ਤੱਕ ਕੁੱਲ 16 ਗਰੈਂਡ ਸਲੈਮ ਜਿੱਤਣ ਵਾਲੇ ਫੈਡਰਰ ਦੇ ਗਰੈਂਡ ਸਲੈਮ ਜਿੱਤਣ ਉਪਰ ਵਿਰਾਮ ਲੱਗ ਗਿਆ। 2010 ਵਿਚ 16ਵਾਂ ਗਰੈਡ ਸਲੈਮ ਜਿੱਤਣ ਤੋਂ ਬਾਅਦ 17ਵਾਂ ਖਿਤਾਬ ਜਿੱਤਣ ਲਈ ਫੈਡਰਰ ਨੂੰ 10 ਗਰੈਂਡ ਸਲੈਮ ਮੁਕਾਬਲਿਆਂ ਦੀ ਉਡੀਕ ਕਰਨੀ ਪਈ। 2011 ਵਿਚ ਉਸ ਦੇ ਹੱਥ ਇਕ ਵੀ ਗਰੈਂਡ ਸਲੈਮ ਨਾ ਆਇਆ, ਸਿਰਫ ਫਾਈਨਲ ਵੀ ਫਰੈਂਚ ਓਪਨ ਦਾ ਖੇਡਿਆ। 2012 ਵਿਚ ਫੈਡਰਰ ਨੇ 7ਵਾਂ ਵਿੰਬਲਡਨ ਅਤੇ 17ਵਾਂ ਕਰੀਅਰ ਗਰੈਂਡ ਸਲੈਮ ਜਿੱਤ ਕੇ ਫੈਡਰਰ ਨੇ ਸਬੂਤ ਦਿੱਤਾ ਕਿ ਉਸ ਵਿਚ ਦਮ-ਖਮ ਹੈ। ਇਸ ਤੋਂ ਬਾਅਦ ਫੈਡਰਰ ਦਾ ਖੇਡ ਜੀਵਨ ਨੀਵਾਣ ਵੱਲ ਜਾਣ ਲੱਗਾ ਅਤੇ ਲਗਾਤਾਰ ਚਾਰ ਸਾਲ (2013, 2014, 2015 ਤੇ 2016) ਉਹ ਕੋਈ ਵੀ ਗਰੈਂਡ ਸਲੈਮ ਨਹੀਂ ਜਿੱਤ ਸਕਿਆ। ਇਸ ਦੌਰਾਨ ਦੋ ਵਾਰ ਵਿੰਬਲਡਨ ਤੇ ਇਕ ਵਾਰ ਯੂਐੱਸ ਓਪਨ ਦੇ ਫਾਈਨਲ ਵਿਚ ਵੀ ਹਾਰ ਮਿਲੀ; ਇਹ ਤਿੰਨੇ ਫਾਈਨਲ ਉਹ ਜੋਕੋਵਿਚ ਹੱਥੋਂ ਹਾਰਿਆ। ਆਸਟਰੇਲੀਅਨ ਤੇ ਫਰੈਂਚ ਓਪਨ ਵਿਚ ਤਾਂ ਉਸ ਦੀ ਚੁਣੌਤੀ ਪਹਿਲਾਂ ਹੀ ਖਤਮ ਹੋਣ ਲੱਗੀ। ਗੋਡੇ ਦੀ ਸਰਜਰੀ ਕਾਰਨ ਫੈਡਰਰ ਦੀਆਂ ਸੰਭਾਵਨਾਵਾਂ ਹੋਰ ਮੱਧਮ ਪੈਣ ਲੱਗੀਆਂ। 2016 ਵਿਚ ਤਾਂ ਉਹ ਫਰੈਂਚ ਓਪਨ ਅਤੇ ਯੂਐੱਸ ਓਪਨ ਵਿਚ ਹਿੱਸਾ ਵੀ ਨਾ ਲੈ ਸਕਿਆ।
2017 ਵਿਚ ਫੈਡਰਰ ਨੇ ਸਾਲ ਦਾ ਪਹਿਲਾ ਹੀ ਗਰੈਂਡ ਸਲੈਮ ਆਸਟਰੇਲੀਅਨ ਓਪਨ ਜਿੱਤ ਕੇ ਪੰਜ ਸਾਲ ਦਾ ਸੋਕਾ ਤੋੜਿਆ। ਫਰੈਂਚ ਓਪਨ ਤੋਂ ਉਹ ਬਾਹਰ ਰਿਹਾ। ਵਿੰਬਲਡਨ ਵਿਚ ਨਡਾਲ, ਜੋਕੋਵਿਚ ਤੇ ਮਰੇ ਦੀਆਂ ਹਾਰਾਂ ਨਾਲ ਉਲਟ-ਫੇਰਾਂ ਵਾਲੇ ਇਸ ਟੂਰਨਾਮੈਂਟ ਵਿਚ ਮਾਰਕ ਸਿਲਿਚ ਤੇ ਸੈਮ ਕੁਏਰੀ ਦੋ ਨਵੇਂ ਸਿਤਾਰੇ ਬਣ ਕੇ ਉਭਰੇ ਪਰ ਫੈਡਰਰ ਇਸ ਵਾਰ ਵੱਖਰੇ ਰੌਂਅ ਵਿਚ ਸੀ। ਫਾਈਨਲ ਵਿਚ ਸਿਲਿਚ ਉਸ ਮੂਹਰੇ ਟਿਕ ਨਾ ਸਕਿਆ। ਦੂਜੇ ਸੈਟ ਵਿਚ 0-3 ਨਾਲ ਪਿਛੜਨ ’ਤੇ ਸਿਲਿਚ ਦੇ ਹੰਝੂ ਫੈਡਰਰ ਮੂਹਰੇ ਉਸ ਦੀ ਬੇਵਸੀ ਜ਼ਾਹਰ ਕਰ ਰਹੇ ਸਨ। ਫੈਡਰਰ ਨੇ 19ਵਾਂ ਗਰੈਂਡ ਸਲੈਮ ਖਿਤਾਬ ਜਿੱਤਿਆ। ਫੈਡਰਰ ਤੋਂ ਪਹਿਲਾਂ ਆਰਥਰ ਐਸ਼ ਨੇ 1976 ਵਿਚ 32 ਸਾਲ ਦੀ ਉਮਰ ਵਿਚ ਵਿੰਬਲਡਨ ਜਿੱਤਿਆ ਸੀ, ਫੈਡਰਰ ਨੇ ਤਕਰੀਬਨ 36 ਸਾਲ ਦੀ ਉਮਰੇ (35 ਸਾਲ 342 ਦਿਨ) ਵਿੰਬਲਡਨ ਜਿੱਤ ਕੇ ਸਭ ਤੋਂ ਵੱਡੀ ਉਮਰ ਦੇ ਚੈਂਪੀਅਨ ਦਾ ਰਿਕਾਰਡ ਬਣਾ ਲਿਆ। ਉਹ ਦੂਜਾ ਖਿਡਾਰੀ ਬਣ ਗਿਆ ਜਿਸ ਨੇ ਬਿਨਾ ਕੋਈ ਸੈੱਟ ਹਾਰੇ ਵਿੰਬਲਡਨ ਜਿੱਤਿਆ ਹੋਵੇ। ਇਸ ਤੋਂ ਪਹਿਲਾਂ 1976 ਵਿਚ ਬੋਔਨ ਬੋਰਗ ਨੇ ਇਹ ਕਾਰਨਾਮਾ ਕੀਤਾ ਸੀ। ਫੈਡਰਰ ਦਾ ਆਪਣੇ ਕਰੀਅਰ ਵਿਚ ਇਹ ਦੂਜਾ ਗਰੈਂਡ ਗਲੈਮ ਹੈ ਜਿਹੜਾ ਬਿਨਾ ਕੋਈ ਸੈੱਟ ਹਾਰੇ ਜਿੱਤਿਆ। ਇਸ ਤੋਂ ਪਹਿਲਾਂ 2007 ਵਿਚ ਆਸਟਰੇਲੀਅਨ ਓਪਨ ਜਿੱਤਿਆ ਸੀ।
ਫੈਡਰਰ ਨੇ ਆਪਣਾ 20ਵਾਂ ਗਰੈਂਡ ਸਲੈਮ 2018 ਵਿਚ ਆਸਟਰੇਲੀਅਨ ਓਪਨ ਜਿੱਤਿਆ। 2019 ਵਿਚ ਵਿੰਬਲਡਨ ਦਾ ਫਾਈਨਲ ਖੇਡਿਆ ਜੋ ਉਸ ਦਾ ਆਖਰੀ ਗਰੈਂਡ ਸਲੈਮ ਫਾਈਨਲ ਸੀ। ਫੈਡਰਰ ਨੇ ਆਪਣੇ ਕਰੀਅਰ ਦੌਰਾਨ ਕੁੱਲ 31 ਗਰੈਂਡ ਸਲੈਮ ਫਾਈਨਲ ਖੇਡੇ ਜੋ ਜੋਕੋਵਿਚ ਦੇ 32 ਫਾਈਨਲਾਂ ਤੋਂ ਬਾਅਦ ਦੂਜੇ ਨੰਬਰ ਉਤੇ ਹੈ। ਫੈਡਰਰ ਨੇ ਇਕ ਵਾਰ ਡੇਵਿਸ ਕੱਪ ਅਤੇ ਤਿੰਨ ਵਾਰ ਹੋਪਮੈਨ ਕੱਪ ਵੀ ਜਿੱਤਿਆ ਹੈ। ਉਹ ਪੰਜ ਪੰਜ ਵਾਰ ਆਈਟੀਐੱਫ ਸੰਸਾਰ ਚੈਂਪੀਅਨ ਤੇ ਏਟੀਪੀ ਪਲੇਅਰ ਆਫ ਦਾ ਯੀਅਰ ਵੀ ਰਿਹਾ। ਉਹਨੇ ਆਪਣੇ ਕਰੀਅਰ ਵਿਚ 1526 ਸਿੰਗਲਜ਼ ਤੇ 223 ਡਬਲਜ਼ ਮੈਚ ਖੇਡੇ। ਗਰੈਂਡ ਸਲੈਮ ਵਿਚ ਉਸ ਨੇ 369 ਮੈਚ ਜਿੱਤੇ (ਜੇਤੂ ਦਰ 86%)। ਗਰਾਸ ਕੋਰਟ ਉਤੇ 65 ਜਿੱਤਾਂ ਨਾਲ ਓਪਨ ਈਰਾ ਵਿਚ ਉਸ ਦਾ ਸਭ ਤੋਂ ਵੱਧ ਜਿੱਤਾਂ ਦਾ ਰਿਕਾਰਡ ਹੈ ਅਤੇ ਹਾਰਡ ਕੋਰਟ ਉਤੇ 56 ਜਿੱਤਾਂ ਨਾਲ ਆਲ ਟਾਈਮ ਸਭ ਤੋਂ ਵੱਧ ਜਿੱਤਾਂ ਦਾ ਰਿਕਾਰਡ ਹੈ।
ਸੰਪਰਕ: 97800-36216