ਸੁਪਿੰਦਰ ਸਿੰਘ ਰਾਣਾ
ਰਿਸ਼ਤੇਦਾਰੀ ’ਚੋਂ ਆਉਂਦਿਆਂ ਇਕਦਮ ਖ਼ਿਆਲ ਆਇਆ ਕਿ ਸੇਵਾਮੁਕਤ ਹੋਏ ਸਾਥੀ ਨੂੰ ਮਿਲਿਆਂ ਕਾਫ਼ੀ ਚਿਰ ਬੀਤ ਗਿਆ। ਕਾਰ ਉਸ ਦੇ ਘਰ ਵੱਲ ਮੋੜ ਦਿੱਤੀ। ਰਾਹ ਵਿਚ ਸੋਚਦਾ ਰਿਹਾ ਕਿ ਪਹਿਲਾਂ ਫੋਨ ਕਰ ਲੈਣਾ ਸੀ ਬਈ ਘਰ ਹੈ ਜਾਂ ਨਹੀਂ। ਫੇਰ ਸੋਚਿਆ ਜੋ ਹੋਊ ਦੇਖੀ ਜਾਊ। ਵੱਧ ਤੋਂ ਵੱਧ ਗੇੜ ਹੀ ਪਵੇਗਾ। ਸਾਥੀ ਦੇ ਘਰ ਦੇ ਸਾਹਮਣੇ ਕਾਰ ਖੜ੍ਹੀ ਕੀਤੀ। ਘੰਟੀ ਮਾਰੀ। ਅੰਦਰੋਂ ਉਹੀ ਨਿਕਲ ਆਇਆ। ਦੇਖ ਕੇ ਚਾਅ ਚੜ੍ਹ ਗਿਆ। ਜੱਫੀ ਪਾ ਲਈ। ਅੰਦਰ ਆਉਣ ਲਈ ਕਿਹਾ। ਕੁਝ ਚਿਰ ਮਗਰੋਂ ਉਸ ਦੀ ਪਤਨੀ ਵੀ ਆ ਗਈ। ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਜਵਾਬ ਦਿੰਦਿਆਂ ਘਰ ਦੀ ਰਾਜ਼ੀ ਖ਼ੁਸ਼ੀ ਪੁੱਛੀ। ਗੱਲਾਂ ਕਰਨ ਮਗਰੋਂ ਉਹ ਮੇਰੇ ਲਈ ਪਾਣੀ ਲੈ ਆਏ। ਆਖਣ ਲੱਗੇ, ‘‘ਉਂਜ ਤਾਂ ਆਇਆ ਨੀ ਹੋਵੇੇਂਗਾ ਇੱਧਰ। ਕਿਤੇ ਕੰਮ ਆਇਆ ਹੋਵੇਂਗਾ।’’ ਮੈਂ ਸਾਰੀ ਗੱਲ ਦੱਸ ਦਿੱਤੀ ਕਿ ਰਿਸ਼ਤੇਦਾਰੀ ’ਚ ਆਇਆ ਸੀ, ਅਚਾਨਕ ਮਿਲਣ ਦਾ ਮਨ ਕਰ ਆਇਆ। ਉਹ ਆਖਣ ਲੱਗੇ ਕਿ ‘ਜਿੱਦਣ ਦਾ ਤੁਹਾਡਾ ਵੀਰ ਸੇਵਾਮੁਕਤ ਹੋਇਆ ਏ ਪੁਰਾਣੇ ਮਿੱਤਰਾਂ ’ਚੋਂ ਬੱਸ ਤੂੰ ਹੀ ਅੱਜ ਮਿਲਣ ਆਇਆ ਏਂ; ਬਾਕੀ ਤਾਂ ਜਾਣੀ ਸਭ ਭੁੱਲ ਭੁਲਾ ਗਏ ਇਨ੍ਹਾਂ ਨੂੰ’। ਉਹ ਮੇਰੇ ਨਾਲੋਂ ਅੱਗੇ ਪੜ੍ਹਦਾ ਸੀ। ਉਸ ਦੇ ਇਕ ਧੀ ਤੇ ਪੁੱਤਰ ਸੀ। ਧੀ ਵਿਆਹ ਦਿੱਤੀ ਸੀ ਤੇ ਪੁੱਤਰ ਅਜੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਉਹ ਸੇਵਾਮੁਕਤ ਹੋ ਗਿਆ। ਉਸ ਦੀ ਪਤਨੀ ਵੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਈ ਸੀ।
ਥੋੜ੍ਹੀ ਦੇਰ ਬਾਅਦ ਚਾਹ ਆ ਗਈ। ਚਾਹ ਪੀਂਦਿਆਂ ਮੈਂ ਮੁੰਡੇ ਬਾਰੇ ਪੁੱਛਣ ਲੱਗਿਆ। ਉਹ ਦਿਖਾਈ ਨਹੀਂ ਦੇ ਰਿਹਾ ਸੀ। ਮਿੱਤਰ ਆਖਣ ਲੱਗਿਆ, ‘‘ਰੱਬ ਨੇ ਸ਼ਾਇਦ ਸਾਡੀ ਸੁਣ ਲਈ ਯਾਰ। ਤੇਰੇ ਭਤੀਜੇ ਨੂੰ ਚੰਡੀਗੜ੍ਹ ’ਚ ਸਰਕਾਰੀ ਨੌਕਰੀ ਮਿਲ ਗਈ। ਹੁਣ ਸਾਡੀਆਂ ਇੱਥੇ ਜੜ੍ਹਾਂ ਲੱਗ ਗਈਆਂ ਨੇ।’ ਮੈਂ ਪੁੱਛਿਆ, ‘‘ਤੁਸੀਂ ਪਹਿਲਾਂ ਕਿਹਾ ਸੀ ਕਿ ਉਸ ਦੀ ਕੈਨੇਡਾ ਤੋਂ ਆਫ਼ਰ ਲੈਟਰ ਆ ਗਈ ਤੇ ਹੁਣ ਪੈਸੇ ਭਰਨੇ ਹਨ।’’ ਉਹ ਆਖਣ ਲੱਗਿਆ, ‘‘ਯਾਰ, ਅਸੀਂ ਤਾਂ ਵੀਹ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਸਨ। ਸਾਲ ਦੀ ਕਾਲਜ ਦੀ ਫ਼ੀਸ। ਟਿਕਟ ਤੇ ਕੁਝ ਡਾਲਰ ਲੈ ਕੇ ਦੇ ਦਿੱਤੇ ਸਨ। ਫੇਰ ਭਾਈ ਰੱਬ ਦੀ ਮਿਹਰ ਹੋ ਗਈ। ਇਹਨੇ ਛੇ ਕੁ ਮਹੀਨੇ ਪਹਿਲਾਂ ਚੰਡੀਗੜ੍ਹ ’ਚ ਟੈਸਟ ਦਿੱਤਾ ਸੀ। ਉਸ ਵਿਚ ਇਸ ਦੀ ਚੋਣ ਹੋ ਗਈ। ਨਿਯੁਕਤੀ ਪੱਤਰ ਦੇ ਨਾਲ ਮੈਡੀਕਲ ਕਰਾਉਣ ਦੀ ਹਦਾਇਤ ਵਾਲਾ ਪੱਤਰ ਸਾਡੇ ਘਰ ਪਹੁੰਚ ਗਿਆ। ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸ਼ਾਮ ਨੂੰ ਅਸੀਂ ਦੋਵਾਂ ਨੇ ਆਪਣੇ ਲਾਡਲੇ ਨੂੰ ਚਿੱਠੀ ਬਾਰੇ ਦੱਸ ਦਿੱਤਾ। ਪਹਿਲਾਂ ਤਾਂ ਉਸ ਨੇ ਨੌਕਰੀ ਕਰਨ ਤੋਂ ਨਾਂਹ ਕਰ ਦਿੱਤੀ। ਜਦੋਂ ਅਸੀਂ ਕਿਹਾ ਕਿ ‘ਅਸੀਂ ਦੋਵੇਂ ਸਰਕਾਰੀ ਨੌਕਰੀ ਕਰਦੇ ਸਾਂ। ਸਾਰੀ ਉਮਰ ਸਾਡਾ ਵਧੀਆ ਗੁਜ਼ਾਰਾ ਹੋਇਆ। ਦੋ ਖਣ ਵੀ ਬਣ ਗਏ। ਹੁਣ ਪੈਨਸ਼ਨ ਲੱਗ ਗਈ। ਵਧੀਆ ਗੁਜ਼ਾਰਾ ਹੁੰਦਾ ਹੈ। ਅੱਗੇ ਸਾਨੂੰ ਤੇਰੀ ਲੋੜ ਪੈਣੀ ਹੈ। ਤੇਰੀ ਚੰਡੀਗੜ੍ਹੋਂ ਬਦਲੀ ਵੀ ਨਹੀਂ ਹੋਣੀ। ਮਕਾਨ ਬਣਾਉਣ ਦੀ ਹੁਣ ਤੈਨੂੰ ਕੋਈ ਲੋੜ ਨਹੀਂ। ਇਸ ਲਈ ਤੂੰ ਆਪਣੇ ਫ਼ੈਸਲੇ ਨੂੰ ਮੁੜ ਵਿਚਾਰ ਲੈ’। ਇਕ ਦੋ ਦਿਨ ਸੋਚਣ ਮਗਰੋਂ ਇਸ ਨੇ ਨੌਕਰੀ ਕਰਨ ਨੂੰ ਹਾਮੀ ਭਰ ਦਿੱਤੀ। ਅਸੀਂ ਸੁਖ ਦਾ ਸਾਹ ਲਿਆ। ਮੈਡੀਕਲ ਮਗਰੋਂ ਇਸ ਨੇ ਨੌਕਰੀ ਜੁਆਇਨ ਕਰ ਲਈ। ਫੇਰ ਅਸੀਂ ਏਜੰਟ ਨੂੰ ਵਿਦੇਸ਼ ਲਈ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ। ਪਹਿਲਾਂ ਤਾਂ ਉਹ ਨਾਂਹ ਨੁੱਕਰ ਕਰਦਾ ਰਿਹਾ। ਮਗਰੋਂ ਤਿੰਨ ਲੱਖ ਕੱਟ ਕੇ ਵਾਪਸ ਮੋੜ ਦਿੱਤੇ। ਅਸੀਂ ਫੇਰ ਵੀ ਰੱਬ ਦਾ ਸ਼ੁਕਰ ਮਨਾਇਆ। ਹੁਣ ਮੁੰਡਾ ਬਹੁਤ ਖ਼ੁਸ਼ ਹੈ। ਨੌਕਰੀ ਲੱਗੇ ਨੂੰ ਛੇ ਮਹੀਨੇ ਹੋ ਚੱਲੇ ਨੇ। ਅਸੀਂ ਤਾਂ ਹਰ ਸਮੇਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ। ਜੇ ਚੰਡੀਗੜ੍ਹ ਪ੍ਰਸ਼ਾਸਨ ਇਸ ਨੂੰ ਨੌਕਰੀ ਨਾ ਦਿੰਦਾ ਤਾਂ ਅਸੀਂ ਵੀ ਰੁਲ਼ ਜਾਣਾ ਸੀ। ਸ਼ਾਇਦ ਮਗਰੋਂ ਮਕਾਨ ਵੀ ਵੇਚਣਾ ਪੈ ਜਾਂਦਾ। ਹੁਣ ਚਲੋ ਵਧੀਆ ਜ਼ਿੰਦਗੀ ਲੰਘੇਗੀ। ਇਸ ਲਈ ਕੋਈ ਨੌਕਰੀ ਪੇਸ਼ੇ ਵਾਲੀ ਜਾਂ ਪੜ੍ਹੀ ਲਿਖੀ ਕੁੜੀ ਲੱਭ ਰਹੇ ਹਾਂ। ਜਿੱਦਣ ਮਿਲ ਗਈ ਵਿਆਹ ਨੂੰ ਦੇਰ ਨਹੀਂ ਲਾਉਣੀ।’’ ਮੈਂ ਕਿਹਾ, ‘‘ਇਹ ਤਾਂ ਬੜੀ ਵਧੀਆ ਖ਼ਬਰ ਸੁਣਾਈ ਹੈ। ਪਰ ਤੁਸੀਂ ਭਾਫ਼ ਹੀ ਨਹੀਂ ਕੱਢੀ। ਮੈਂ ਤਾਂ ਸੋਚਦਾ ਸੀ ਕਿ ਜਵਾਨ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੋਵੇਗਾ। ਤੁਸੀਂ ਤਾਂ ਦੋਵੇਂ ਜੀਅ ਛੁਪੇ ਰੁਸਤਮ ਨਿਕਲੇ।’’ ਉਹ ਦੋਵੇਂ ਉੱਚੀ-ਉੱਚੀ ਹੱਸਣ ਲੱਗ ਪਏ। ਮੈਂ ਆਪਣੇ ਭਤੀਜੇ ਬਾਰੇ ਫੇਰ ਪੁੱਛਿਆ ਕਿ ਉਹ ਕਿੱਥੇ ਹੈ। ਉਹ ਦੱਸਣ ਲੱਗੇ ਕਿ ਨਵੀਂ ਕਾਰ ਲਈ ਸੀ। ਉਸ ਦੀ ਸਰਵਿਸ ਕਰਵਾਉਣ ਗਿਆ ਹੈ। ਅਸੀਂ ਕਾਫ਼ੀ ਦੇਰ ਦਫ਼ਤਰਾਂ ਤੇ ਪਿੰਡ ਦੀਆਂ ਗੱਲਾਂ ਕਰਦੇ ਰਹੇ। ਮਗਰੋਂ ਉਹ ਕਹਿਣ ਲੱਗੇ, ‘‘ਸੇਵਾਮੁਕਤੀ ਮਗਰੋਂ ਬੰਦਾ ਇਕੱਲਾ ਰਹਿ ਜਾਂਦਾ ਹੈ। ਅਸੀਂ ਤਾਂ ਕਿਸੇ ਨੂੰ ਇਸ ਬਾਬਤ ਨਹੀਂ ਦੱਸਿਆ ਕਿਉਂਕਿ ਕੋਈ ਮਿਲਣ ਤਾਂ ਆਉਂਦਾ ਨਹੀਂ। ਨਾ ਹੀ ਕਿਸੇ ਨੇ ਫੋਨ ਕਰਕੇ ਰਾਜ਼ੀ ਖ਼ੁਸ਼ੀ ਪੁੱਛੀ। ਤੂੰ ਪਿੰਡ ਦਾ ਹੋਣ ਕਾਰਨ ਫੋਨ ਕਰ ਲੈਂਦਾ ਏਂ।’’ ਥੋੜ੍ਹੀ ਦੇਰ ਹੋਰ ਗੱਲਾਂ ਕਰਨ ਮਗਰੋਂ ਮੈਂ ਜਾਣ ਦੀ ਇਜਾਜ਼ਤ ਮੰਗੀ। ਉਨ੍ਹਾਂ ਕਿਹਾ ਕਿ ਤੈਨੂੰ ਦਸ ਕੁ ਮਿੰਟ ਹੋਰ ਬੈਠਣਾ ਪੈਣਾ ਏਂ। ਅਸੀਂ ਲੱਡੂਆਂ ਦਾ ਡੱਬਾ ਮੰਗਵਾਇਆ ਹੈ। ਜ਼ਰੂਰ ਲੈ ਕੇ ਜਾਣਾ।
ਮੈਂ ਕਿਹਾ, ‘‘ਇੰਜ ਚੰਗਾ ਨਹੀਂ ਲੱਗਦਾ। ਕਿਸੇ ਦਿਨ ਤੁਸੀਂ ਸਮਾਂ ਕੱਢ ਕੇ ਆਇਓ। ਨਾਲ ਮੁੁੰਡੇ ਨੂੰ ਵੀ ਲਿਆਇਓ। ਫੇਰ ਚਾਹੇ ਇਕ ਦੀ ਥਾਂ ਦੋ ਡੱਬੇ ਲੈ ਆਇਓ।’’ ਉਹ ਨਾ ਮੰਨੇ। ਕਹਿਣ ਲੱਗੇ, ‘‘ਆਵਾਂਗੇ ਜ਼ਰੂਰ। ਫੇਰ ਵੀ ਡੱਬਾ ਲੈ ਕੇ ਆਵਾਂਗੇ।’’ ਇੰਨੇ ਨੂੰ ਕੋਈ ਡੱਬਾ ਫੜਾ ਗਿਆ। ਉਨ੍ਹਾਂ ਮੈਨੂੰ ਦਿੱਤਾ। ਮੈਂ ਮੱਥੇ ਨਾਲ ਲਾਇਆ। ਉਨ੍ਹਾਂ ਤੋਂ ਇਜਾਜ਼ਤ ਲਈ ਤੇ ਜਲਦੀ ਆਉਣ ਲਈ ਕਿਹਾ। ਗੱਲਾਂ ਵਿਚ ਸਮੇਂ ਦਾ ਪਤਾ ਹੀ ਨਾ ਲੱਗਿਆ। ਬਾਹਰ ਆਇਆ ਤਾਂ ਸੂਰਜ ਢਲ ਚੁੱਕਿਆ। ਕਾਰ ਸਿੱਧੀ ਆਪਣੇ ਘਰ ਨੂੰ ਪਾ ਲਈ। ਰਾਹ ਵਿਚ ਸੋਚਦਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਕਈ ਵਿਭਾਗਾਂ ਦੀਆਂ ਅਨੇਕਾਂ ਅਸਾਮੀਆਂ ਕੱਢੀਆਂ ਸਨ। ਕਈਆਂ ਅਸਾਮੀਆਂ ਦੇ ਪੇਪਰ ਹੋ ਚੁੱਕੇ ਨੇ। ਕਈਆਂ ਦਾ ਨਤੀਜਾ ਆ ਗਿਆ। ਨਵੀਂ ਸਰਕਾਰ ਨੇ ਐੱਸਐੱਸਐੱਸ ਬੋਰਡ ਭੰਗ ਕਰ ਦਿੱਤਾ ਹੈ। ਹੁਣ ਪਤਾ ਨਹੀਂ ਨੌਜਵਾਨਾਂ ਦਾ ਕੀ ਬਣੇਗਾ। ਇਨ੍ਹਾਂ ’ਚੋਂ ਸ਼ਾਇਦ ਕਈ ਮੇਰੇ ਭਤੀਜੇ ਵਾਂਗ ਵਿਦੇਸ਼ ਦੀ ਫ਼ੀਸ ਭਰੀ ਬੈਠੇ ਹੋਣਗੇ ਤੇ ਕਈਆਂ ਨੇ ਨਤੀਜਾ ਆਉਣ ਤੋਂ ਪਹਿਲਾਂ ਵਿਦੇਸ਼ਾਂ ਨੂੰ ਤੁਰ ਵੀ ਪੈਣਾ ਹੈ। ਸ਼ਾਲਾ! ਇੱਥੇ ਨੌਕਰੀਆਂ ਮਿਲਣ ਸਦਕਾ ਉਨ੍ਹਾਂ ਸਾਰੇ ਧੀਆਂ-ਪੁੱਤਾਂ ਦੇ ਮਾਪਿਆਂ ਦੀ ਜੜ੍ਹਾਂ ਪੰਜਾਬ ’ਚ ਹੀ ਲੱਗੀਆਂ ਰਹਿਣ। ਇਹ ਸੋਚਦਿਆਂ ਘਰ ਕਦੋਂ ਆ ਗਿਆ ਪਤਾ ਹੀ ਨਾ ਲੱਗਿਆ।
ਸੰਪਰਕ: 98152-33232