ਸੁਖਦੇਵ ਸਿੰਘ ਭੂਪਾਲ
ਆਰਪੀ ਸਰਾਫ ਦਾ ਜਨਮ 28 ਫਰਵਰੀ, 1924 ਨੂੰ ਸਾਂਬਾ (ਜੰਮੂ ਕਸ਼ਮੀਰ) ਵਿਚ ਹੋਇਆ। ਉਨ੍ਹਾਂ ਮੁੱਢਲੀ ਵਿਦਿਆ ਸਥਾਨਕ ਪੱਧਰ ’ਤੇ ਹਾਸਿਲ ਕੀਤੀ ਅਤੇ ਉਚ ਵਿਦਿਆ ਹਾਸਲ ਕਰਨ ਲਈ ਲਾਹੌਰ ਦੀ ਪੰਜਾਬ ਯੂਨੀਵਰਸਿਟੀ ’ਚ ਦਾਖ਼ਲਾ ਲਿਆ ਜਿੱਥੋਂ ਉਨ੍ਹਾਂ 1946 ਵਿਚ ਐੱਮਏ (ਇਤਿਹਾਸ) ਦੀ ਡਿਗਰੀ ਹਾਸਿਲ ਕੀਤੀ। ਉਸ ਸਮੇਂ ਲਾਹੌਰ ਕਮਿਊਨਿਸਟ ਸਰਗਰਮੀਆਂ ਦਾ ਗੜ੍ਹ ਸੀ। ਇੱਥੇ ਹੀ ਉਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਦੀ ਚੇਟਕ ਲੱਗੀ। ਅਗਸਤ 1947 ਦੀ ਭਾਰਤ-ਪਾਕਿਸਤਾਨ ਵੰਡ ਸਮੇਂ ਉਹ ਲਾਹੌਰ ’ਚ ਹੀ ਸਨ ਤੇ ਉਸੇ ਸਾਲ ਅਕਤੂਬਰ ਮਹੀਨੇ ਜੰਮੂ ਆ ਗਏ। ਇੱਥੇ ਉਨ੍ਹਾਂ ਦਾ ਮੇਲ ਸ਼ਹੀਦ ਭਗਤ ਸਿੰਘ ਦੇ ਨੇੜਲੇ ਸਾਥੀ ਕਾਮਰੇਡ ਧਨਵੰਤਰੀ ਨਾਲ ਹੋਇਆ ਜੋ 10 ਸਾਲ ਕਾਲੇ ਪਾਣੀ ਦੀ ਸਜ਼ਾ ਕੱਟਣ ਤੋਂ ਬਾਅਦ ਜੰਮੂ ਆ ਗਏ ਸਨ। ਇੱਥੋਂ ਹੀ ਨੌਜਵਾਨ ਸਰਾਫ਼ ਦਾ ਸਿਆਸੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਆਰਪੀ ਸਰਾਫ ਅਤੇ ਸ਼ੇਖ ਮੁਹੰਮਦ ਅਬਦੁੱਲਾ, ਦੋਵੇਂ ਕਾਮਰੇਡ ਧਨਵੰਤਰੀ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨਾਂ ਦੇ ਪੱਕੇ ਸ਼ਾਗਿਰਦ ਬਣ ਚੁੱਕੇ ਸਨ।
ਭਾਰਤ-ਪਾਕਿ ਵੰਡ ਤੋਂ ਪਹਿਲਾਂ ਚਲਦੀ ਮੁਸਲਿਮ ਕਾਨਫਰੰਸ ਦਾ ਨਾਮ ਬਦਲ ਕੇ ਨੈਸ਼ਨਲ ਕਾਨਫਰੰਸ ਰੱਖਣਾ, ਉਸ ਦੇ ਝੰਡੇ ਦਾ ਰੰਗ ਲਾਲ ਅਤੇ ਵਿਚਕਾਰ ਹਲ ਦਾ ਨਿਸ਼ਾਨ ਪਾਉਣਾ, ਸ਼ੇਖ ਮੁਹੰਮਦ ਅਬਦੁੱਲਾ ਦੇ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਨਾਏ ਹੋਣ ਦੀ ਪੁਸ਼ਟੀ ਕਰਦਾ ਹੈ। ਨੈਸ਼ਨਲ ਕਾਨਫਰੰਸ ਦੇ ਮੈਂਬਰ ਵਜੋਂ ਸਰਾਫ ਜੰਮੂ ਕਸ਼ਮੀਰ ਦੀ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਚੁਣੇ ਗਏ। ਉਨਾਂ ਵਿਧਾਨ ਸਭਾ ਖ਼ੇਤਰ ਸਾਂਬਾ-ਬਿਸ਼ਨਾਹ ਤੋਂ 10 ਸਾਲ ਨੁਮਾਇੰਦਗੀ ਕੀਤੀ। ਨੋਟ ਕਰਨ ਵਾਲੀ ਗੱਲ ਹੈ ਕਿ ਕਸ਼ਮੀਰ ਖੇਤਰ ਵਿਚ ਕੋਈ ਜਾਤ ਪਾਤ ਦਾ ਭੇਦਭਾਵ ਨਹੀਂ ਸੀ ਕਿਉਂਕਿ ਵੱਡੀ ਆਬਾਦੀ ਇਸਲਾਮ ਨਾਲ ਸਬੰਧਤ ਸੀ ਪਰ ਜੰਮੂ ਖ਼ਿੱਤੇ ਵਿਚ ਜਾਤੀ ਭੇਦਭਾਵ ਬਹੁਤ ਜ਼ਿਆਦਾ ਸੀ ਜਿਸ ਨੂੰ ਘਟਾਉਣ ਲਈ ਉਨ੍ਹਾਂ ਇੱਕ ਅਸੈਂਬਲੀ ਖੇਤਰ ਤੋਂ ਦੋ ਨੁਮਾਇੰਦੇ ਚੁਣਨ ਦੀ ਤਜਵੀਜ਼ ਪਾਸ ਕਰਵਾਈ, ਭਾਵ ਇੱਕ ਜਨਰਲ ਮੈਂਬਰ ਅਤੇ ਦੂਜਾ ਅਨੁਸੂਚਿਤ ਜਾਤੀ ਲਈ। ਦੋਵਾਂ ਟਰਮਾਂ ਦੌਰਾਨ ਉਨ੍ਹਾਂ ਨਾਲ ਮਹਾਸ਼ਾ ਨਾਹਰ ਸਿੰਘ ਅਨੁਸੂਚਿਤ ਜਾਤੀ ਵਿਚੋਂ ਵਿਧਾਨ ਸਭਾ ਮੈਂਬਰ ਚੁਣੇ ਗਏ।
ਭਾਰਤ ਵਿਚ ਸਭ ਤੋਂ ਵੱਡਾ ਭੂਮੀ ਸੁਧਾਰ ਜੰਮੂ ਕਸ਼ਮੀਰ ਵਿਚ ਹੋਇਆ ਜਿਸ ਨੂੰ ਜੰਮੂ ਖੇਤਰ ਵਿਚ ਲਾਗੂ ਕਰਨ ਦੀ ਮੁੱਖ ਜ਼ਿੰਮੇਵਾਰੀ ਸਰਾਫ਼ ਨੇ ਨਿਭਾਈ। ਵੱਡੇ ਜਾਗੀਰਦਾਰਾਂ ਅਤੇ ਮੰਦਰਾਂ ਤੇ ਮੱਠਾਂ ਦੇ ਕਬਜ਼ੇ ਹੇਠਲੀ ਜ਼ਮੀਨ ਦਾ ਕੁਝ ਹਿੱਸਾ ਛੱਡ ਕੇ ਬਾਕੀ ਸਾਰੀ ਜ਼ਮੀਨ ਅਨਸੂਚਿਤ ਜਾਤੀਆਂ, ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਵਿਚ ਵੰਡ ਦਿੱਤੀ ਗਈ। ਜ਼ਮੀਨ ’ਤੇ ਹਲਵਾਹਕਾਂ ਦੇ ਤੁਰੰਤ ਕਬਜ਼ੇ ਦਿਵਾਏ ਗਏ। ਉਨ੍ਹਾਂ ਦਾ ਕੀਤਾ ਇੱਕ ਹੋਰ ਵੱਡਾ ਸੁਧਾਰ ਜੰਮੂ ਵਿਚ ਕਰਜ਼ਾ ਮੁਆਫੀ ਕਮਿਸ਼ਨ ਦੀ ਸਥਾਪਨਾ ਸੀ ਜਿਸ ਰਾਹੀਂ ਫੈਸਲਾ ਹੋਇਆ ਕਿ ਜਿਸ ਵੀ ਸ਼ਾਹੂਕਾਰ ਕੋਲ ਕਿਸੇ ਤੋਂ ਵੀ ਕਰਜ਼ਾ ਲੈਣ ਦਾ ਸਬੂਤ ਮਿਲ ਗਿਆ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ ਜਿਸ ਕਰ ਕੇ ਸ਼ਾਹੂਕਾਰਾਂ ਨੂੰ ਆਪਣੇ ਵਹੀ-ਖਾਤੇ ਸਾੜਨੇ ਪਏ।
1953 ’ਚ ਸ਼ੇਖ ਮੁਹੰਮਦ ਅਬਦੁੱਲਾ ਨੂੰ ਸਦਰ-ਏ-ਰਿਆਸਤ ਡਾ. ਕਰਨ ਸਿੰਘ ਦੇ ਹੁਕਮਾਂ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਸਰਾਫ, ਸਰਕਾਰ ਦੀ ਇਸ ਗੈਰ-ਜਮਹੂਰੀ ਕਾਰਵਾਈ ਦਾ ਵਿਰੋਧ ਕਰਦੇ ਸਨ ਪਰ ਉਹ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਸਨ। ਜਦੋਂ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਪਾਰਟੀ ਨੇ ਸਾਫ ਕਹਿ ਦਿੱਤਾ ਕਿ ਜੇ ਸ਼ੇਖ ਅਬਦੁੱਲਾ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਤਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਜਾਵੇਗਾ। ਕਈ ਸਾਲਾਂ ਬਾਅਦ ਸਰਾਫ ਨੇ ਇਕਬਾਲ ਕੀਤਾ ਕਿ ਉਨ੍ਹਾਂ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੀ ਜ਼ਮੀਰ ਦੀ ਆਵਾਜ਼ ਦੇ ਉਲਟ ਜਾ ਕੇ ਪਾਰਟੀ ਦਾ ਫੈਸਲਾ ਮੰਨਿਆ ਸੀ। 1958 ਵਿਚ ਉਨ੍ਹਾਂ ਡੈਮੋਕ੍ਰੇਟਿਕ ਨੈਸ਼ਨਲ ਕਾਨਫਰੰਸ ਬਣਾਈ। ਉਨ੍ਹਾਂ ਹਫਤਾਵਾਰੀ ਮੈਗਜ਼ੀਨ ‘ਜੰਮੂ ਸੰਦੇਸ਼’ ਦਾ 1969 ਤੱਕ ਸੰਪਾਦਨ ਕੀਤਾ। 1964 ਵਿਚ ਜਦੋਂ ਸੀਪੀਆਈ ਵਿਚ ਫੁੱਟ ਪਈ ਤਾਂ ਕੌਮੀ ਕੌਂਸਲ ਦੇ 32 ਮੈਂਬਰਾਂ ਨਾਲ ਇੱਕਮੱਤ ਹੋ ਕੇ ਉਨ੍ਹਾਂ ਸੀਪੀਆਈ (ਐੱਮ) ਦਾ ਗ਼ਠਨ ਕੀਤਾ ਅਤੇ ਨਵ ਗਠਿਤ ਪਾਰਟੀ ਦੀ ਕੇਂਦਰੀ ਕਮੇਟੀ ਵਿਚ ਸ਼ਾਮਲ ਹੋਏ। 1966 ਵਿਚ ਚੀਨ ਦੀ ਹਮਾਇਤ ਕਰਨ ਦੇ ਦੋਸ਼ ਹੇਠ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਿਹਾਈ ਤੋਂ ਬਾਅਦ ਉਹ 1967 ਵਿਚ ਉੱਠੀ ਨਕਸਲਬਾੜੀ ਲਹਿਰ ਨਾਲ ਜੁੜ ਗਏ ਅਤੇ ਮਗਰੋਂ ਸੀਪੀਆਈ (ਐੱਮਐੱਲ) ਦੇ ਪੋਲਿਟ ਬਿਊਰੋ ਮੈਂਬਰ ਬਣੇ ਤੇ ਗੁਪਤਵਾਸ ਹੋ ਗਏ। 1971 ਵਿਚ ਉਹ ਵਿਜੈਪੁਰ (ਜੰਮੂ) ਤੋਂ ਗ੍ਰਿਫਤਾਰ ਕਰ ਲਏ ਗਏ ਅਤੇ ਲਗਾਤਾਰ ਦੋ ਸਾਲ ਤਸੀਹਾ ਕੇਂਦਰ ਵਿਚ ਰੱਖਿਆ ਗਿਆ।
1973 ਤੋਂ 1977 ਤੱਕ ਉਨ੍ਹਾਂ ‘ਕਿਉਂ ਭਾਰਤੀ ਇਨਕਲਾਬ ਅਜੇ ਤੱਕ ਆਪਣੇ ਟੀਚੇ ਪ੍ਰਾਪਤ ਨਹੀਂ ਕਰ ਸਕਿਆ?’, ‘ਵਿਗਿਆਨਕ ਦਵੰਦਵਾਦ’ ‘ਮੌਜੂਦਾ ਭਾਰਤੀ ਸਮਾਜ’, ‘ਭਾਰਤੀ ਜਮਹੂਰੀ ਇਨਕਲਾਬ ਦੀ ਸਥਿਤੀ’, ‘ਭਾਰਤੀ ਸਟੇਟ, ਜਮਾਤਾਂ, ਰਾਜਨੀਤਕ ਪਾਰਟੀਆਂ ਅਤੇ ਇਨਕਲਾਬ ਦਾ ਖਾਸਾ’, ‘ਭਾਰਤੀ ਸਮਾਜ’ ਆਦਿ ਕਿਤਾਬਾਂ ਦੀ ਰਚਨਾ ਕੀਤੀ। ਸਚਾਈ ਦੀ ਖੋਜ ਵਿਚ ਉਨ੍ਹਾਂ ਕ੍ਰਾਂਤੀਕਾਰੀ ਵਿਚਾਰ, ਸਰਵਹਾਰਾ ਵਿਚਾਰ, ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਵਿਊਪੁਆਇੰਟ, ਨੇਚਰ-ਹਿਊਮਨ ਸੈਂਟਰਿਕ ਵਿਊਪੁਆਇੰਟ ਰਸਾਲਿਆਂ ਦਾ ਸੰਪਾਦਨ ਕੀਤਾ।
ਆਰਪੀ ਸਰਾਫ ਜ਼ਿੰਦਗੀ ਭਰ ਹਕੀਕਤ ਨੂੰ ਨੇੜਿਉਂ ਜਾਣਨ ਦੀ ਕੋਸ਼ਿਸ ਕਰਦੇ ਰਹੇ। ਮਾਓ ਜ਼ੇ-ਤੁੰਗ ਦੀ ਮੌਤ ਤੋਂ ਬਾਅਦ ਉਨ੍ਹਾਂ ਦੁਨੀਆ ਦੀ ਕਮਿਊਨਿਸਟ ਲਹਿਰ ਦੀਆਂ ਘਾਟਾਂ/ਕਮਜ਼ੋਰੀਆਂ ਜਾਂ ਇੱਕਪਾਸੜ ਪਹੁੰਚ ਨੂੰ ਪੜਤਾਲਣ ਦਾ ਬੀੜਾ ਚੁੱਕਿਆ। ਹੀਗਲ ਤੇ ਮਾਰਕਸ ਦੇ ਸਮੇਂ ਦੌਰਾਨ ਪਦਾਰਥ ਅਤੇ ਚੇਤਨਾ ਦੇ ਸਬੰਧਾਂ ਦੀ ਚਲਦੀ ਬਹਿਸ ਨੂੰ ਉਨ੍ਹਾਂ ਇਸ ਤਰ੍ਹਾਂ ਸਮੇਟਿਆ ਕਿ ਪਦਾਰਥ ਅਤੇ ਚੇਤਨਾ ਨੂੰ ਇੱਕ ਦੂਸਰੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਅਸਲ ਵਿਚ ਕੁਦਰਤ ਤੇ ਮਨੁੱਖੀ ਸਮਾਜ ਦੇ ਵਰਤਾਰਿਆਂ ਦਰਮਿਆਨ ਹੁੰਦੀ ਅੰਤਰ-ਕਿਰਿਆ ਦਾ ਪਹਿਲੂ ਹੀ ਸਮਾਜਿਕ ਤਬਦੀਲੀ ਅਤੇ ਵਿਕਾਸ ਨੂੰ ਤੈਅ ਕਰਦਾ ਹੈ। ਆਪਣੀ ਇਸ ਦਾਰਸ਼ਨਿਕ ਪਹੁੰਚ ਦੇ ਆਧਾਰ ’ਤੇ ਹੀ ਉਨ੍ਹਾਂ ਅੱਗੇ ਚੱਲ ਕੇ ਕਿਹਾ ਕਿ ਕੁਦਰਤੀ ਅਤੇ ਮਨੁੱਖੀ ਸਰੋਤ ਹੀ ਮਨੁੱਖੀ ਸਮਾਜ ਦੀ ਪੂੰਜੀ ਬਣਦੇ ਹਨ, ਧਨ-ਦੌਲਤ ਨਹੀਂ। 90ਵਿਆਂ ਤੋਂ ਬਾਅਦ ਉਹ ਇਸ ਸਿੱਟੇ ’ਤੇ ਪਹੁੰਚੇ ਕਿ ਮਨੁੱਖੀ ਸਮਾਜ ਸਾਹਮਣੇ ਦੋ ਬੁਨਿਆਦੀ ਸਮੱਸਿਆਵਾਂ- ਕੁਦਰਤੀ ਵਾਤਾਵਰਨ ਦੀ ਬਰਬਾਦੀ ਅਤੇ ਮਨੁੱਖੀ ਸਮਾਜ ਦਾ ਚੌਤਰਫ਼ਾ ਸੰਕਟ ਮੂੰਹ ਅੱਡੀ ਖੜ੍ਹੀਆਂ ਹਨ ਜਿਨ੍ਹਾਂ ਦਾ ਮੂਲ ਕਾਰਨ ਮੌਜੂਦਾ ਕਾਰਪੋਰੇਟ ਪੂੰਜੀਵਾਦੀ ਪ੍ਰਬੰਧ ਹੈ। ਉਨ੍ਹਾਂ ਮਨੁੱਖ ਦੇ ਚਰਿੱਤਰ ਨੂੰ ਜੈਵ-ਸਮਾਜਿਕ ਅੰਗਦੇ ਹੋਏ ਅਜਿਹੇ ਪ੍ਰਬੰਧ ਦੀ ਲੋੜ ’ਤੇ ਜ਼ੋਰ ਦਿੱਤਾ ਜੋ ਕੁਦਰਤ ਤੇ ਇਨਸਾਨ ਪੱਖੀ ਹੋਵੇ। ਇਸ ਮੰਤਵ ਲਈ ਉਨ੍ਹਾਂ ਕੁਦਰਤ ਤੇ ਮਨੁੱਖ ਪੱਖੀ ਲੋਕ ਲਹਿਰ ਉਸਾਰਨ ’ਤੇ ਜ਼ੋਰ ਦਿੱਤਾ।
ਸਰਾਫ਼ ਨੇ 24 ਜੂਨ 2009 ਨੂੰ ਆਖਰੀ ਸਾਹ ਲਿਆ ਅਤੇ ਆਪਣੇ ਪਿੱਛੇ ਆਪਣਾ ਦਰਸ਼ਨ ਤੇ ਸਮਾਜਿਕ ਵਿਕਾਸ ਦਾ ਮਾਡਲ, ਇਸ ਦੀਆਂ ਤਰਜੀਹਾਂ (ਵਾਤਾਵਰਨ ਤੇ ਮਨੁੱਖੀ ਸਮਾਜ) ਅਤੇ ਅਸੂਲ ਛੱਡ ਗਏ ਜੋ ਚੌਤਰਫ਼ਾ ਸੰਕਟਾਂ ਦਾ ਸਾਹਮਣਾ ਕਰ ਰਹੇ ਸਮਾਜ ਲਈ ਅਨਮੋਲ ਖਜ਼ਾਨਾ ਹੈ। ਜੰਮੂ ਕਸ਼ਮੀਰ ਸਮੇਤ ਦੁਨੀਆ ਦੇ ਹਰ ਮਸਲੇ ਉਤੇ ਉਨ੍ਹਾਂ ਜਨਤਕ ਤੌਰ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਵਿਚ ਖਾੜਕੂ ਲਹਿਰ ਬਾਰੇ ਉਨ੍ਹਾਂ ਦਾ ਮੱਤ ਸੀ ਕਿ ਇਹ ਲਹਿਰ ਭਾਰਤੀ ਸਟੇਟ ਵਲੋਂ ਆਮ ਕਰ ਕੇ ਪੰਜਾਬੀਆਂ, ਤੇ ਖਾਸ ਕਰ ਕੇ ਸਿੱਖਾਂ ਨਾਲ ਵਿਤਕਰੇ ਭਰੀ ਨੀਤੀ ਦੀ ਉਪਜ ਹੈ। ਇਸ ਲਈ ਉਨ੍ਹਾਂ ਖਾੜਕੂ ਲਹਿਰ ਦੀਆਂ ਕਮਜ਼ੋਰੀਆਂ ’ਤੇ ਉਂਗਲ ਧਰਦਿਆਂ ਭਾਰਤ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਲੜ ਰਹੀਆਂ ਸਾਰੀਆਂ ਧਿਰਾਂ (ਸਮੇਤ ਖਾੜਕੂਆਂ) ਨਾਲ ਗੱਲਬਾਤ ਕਰ ਕੇ ਮਸਲੇ ਦਾ ਸ਼ਾਂਤੀਪੂਰਵਕ ਹੱਲ ਕੱਢਿਆ ਜਾਵੇ।
ਸੰਪਰਕ: 99153-42232