ਇਕਬਾਲ ਕੌਰ ਉਦਾਸੀ
ਲੋਕ ਕਵੀ ਸੰਤ ਰਾਮ ਉਦਾਸੀ ਲੁੱਟ, ਅਨਿਆਂ ਅਤੇ ਸਮਾਜਿਕ ਨਾ-ਬਰਾਬਰੀ ਖਿਲਾਫ ਉੱਠੀ ਵਿਚਾਰਧਾਰਾ ਦਾ ਅਟੁੱਟ ਅੰਗ ਸੀ। ਮਨੁੱਖੀ ਬਰਾਬਰੀ ਲਈ ਲੜੀ ਜਾ ਰਹੀ ਜੰਗ ਵਿਚ ਉਨ੍ਹਾਂ ਦੀ ਕਲਮ ਬਗਾਵਤ ਦਾ ਚਿੰਨ੍ਹ ਹੈ। 70ਵਿਆਂ ਦੇ ਦਹਾਕੇ ਵਿਚ ਇਨਕਲਾਬੀ ਉਭਾਰ ਸਦਕਾ ਜਦ ਸਮੁੱਚਾ ਸੰਸਾਰ ਪ੍ਰਭਾਵਿਤ ਹੋ ਰਿਹਾ ਸੀ ਤਾਂ ਉਦਾਸੀ ਦੀ ਕਲਮ ਵੀ ਇਸ ਤੋਂ ਅਭਿੱਜ ਨਾ ਰਹਿ ਸਕੀ। ਇਸ ਸਮੇਂ ਵਿਚ ਵੀਅਤਨਾਮੀ ਲੋਕਾਂ ਦਾ ਸੰਗਰਾਮ ਪੂਰੇ ਸਿਖ਼ਰ ’ਤੇ ਸੀ। ਯੂਰਪ ਵਿਚ ਫਰਾਂਸ ਦੇ ਕਿਰਤੀ ਪੂੰਜੀਵਾਦੀ ਨਿਜ਼ਾਮ ਖਿਲਾਫ਼ ਮੈਦਾਨ-ਏ-ਜੰਗ ਵਿਚ ਸਨ। ਭਾਰਤ ਅੰਦਰ ਪੈਦਾ ਹੋਈ ਕਿਸਾਨੀ ਬਗਾਵਤ ਪੂਰੇ ਦੇਸ਼ ਅੰਦਰ ਫੈਲ ਚੁੱਕੀ ਸੀ ਤਾਂ ਉਦਾਸੀ ਦੀ ਕਲਮ ਵਿਚਾਰਧਾਰਕ ਰੂਪ ਵਿਚ ਨਿਖੇੜਾ ਕਰਕੇ, ਕਿਰਤੀ ਲੋਕਾਂ ਦੀ ਆਵਾਜ਼ ਬਣ ਕੇ ਉਭਰੀ। ਸਾਹਿਤਕ ਬੌਧਿਕਤਾ ਜ਼ਰੀਏ ਉਦਾਸੀ ਨੇ ਲੋਕਾਂ ਅਤੇ ਜੋਕਾਂ ਵਿਚਲਾ ਪਾੜਾ ਬਾਖੂਬੀ ਸਮਝ ਲਿਆ ਸੀ। ਮੌਕਾਪ੍ਰਸਤੀ ਅਤੇ ਅਸੂਲ ਵਿਹੂਣੇ ਸਿਧਾਂਤ ਪੈਰਾਂ ਹੇਠ ਲਤਾੜਦਿਆਂ, ਉਨ੍ਹਾਂ ਨੇ ਜਮਾਤੀ ਘੋਲ ਨੂੰ ਹੀ ਲੋਕ ਮੁਕਤੀ ਦਾ ਆਧਾਰ ਮੰਨਿਆ। ਲੋਕ ਪੱਖੀ ਵਿਵਸਥਾ ਦੀ ਸਿਰਜਣਾ ਲਈ ਲੋਕਾਂ ਦੀ ਸਿਆਸੀ ਤਾਕਤ ਅਤੇ ਸਮਝ ਦੀ ਲੋੜ ਨੂੰ ਸਿਆਸੀ ਬਦਲ ਵਜੋਂ, ਉਦਾਸੀ ਵਰਗਾ ਕਵੀ ਹੀ ਮਹਿਸੂਸ ਕਰ ਸਕਦਾ ਹੈ:
ਹਾੜ੍ਹੀਆਂ ਦੇ ਹਾਣੀਉ ਤੇ ਸੌਣੀਆਂ ਦੇ ਸਾਥੀਉ ਵੇ,
ਕਰ ਲਵੋ ਦਾਤੀਆਂ ਤਿਆਰ।
ਚੁੱਕੋ ਵੇ ਹਥੌੜਿਆਂ ਨੂੰ ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਾਰ।
ਮੌਜੂਦਾ ਆਰਥਿਕ, ਸਿਆਸੀ ਅਤੇ ਸਿਆਸੀ ਪ੍ਰਸੰਗ ਦੇ ਪ੍ਰਸੰਗ ਵਿਚ ਉਦਾਸੀ ਦੀ ਰਚਨਾਤਮਿਕ ਸਿਰਜਣਾ ਲਤਾੜੇ ਜਾ ਰਹੇ ਹਰ ਮਨੁੱਖ ਦੀ ਜਿ਼ੰਦਗੀ ਦੀ ਕਵਿਤਾ ਹੋ ਨਿੱਬੜੀ ਹੈ। ਅੱਜ ਵੀ ਹਰ ਸੰਘਰਸ਼ਸ਼ੀਲ ਪਿੜਾਂ ਅੰਦਰ ਉਨ੍ਹਾਂ ਦੇ ਗੀਤ ਗੂੰਜਦੇ ਹਨ। ਆਪਣੀ ਸਿਰਜਣਾ ਦੇ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਸਮਾਜਿਕ ਪੱਧਰ ਦੇ ਲੋਕ ਗੀਤਾਂ ਵਰਗੇ ਵਿਸ਼ੇ ਛੂਹੇ। ਆਪਣੇ ਆਲੇ-ਦੁਆਲੇ ਅਤੇ ਸਮਾਜ ਅੰਦਰ ਵਾਪਰ ਰਹੀ ਹਰ ਪੱਧਰ ਦੀ ਨਾ-ਬਰਾਬਰੀ ਦੀ ਮੁਖਲਾਫ਼ਤ ਨੇ ਉਨ੍ਹਾਂ ਨੂੰ ਲੋਕ ਪੱਖੀ/ਇਨਕਲਾਬੀ ਰਸਤੇ ਤੋਰਿਆ। ਜਮਾਤੀ ਨਜ਼ਰੀਏ ਰਾਹੀਂ ਜਾਤੀ ਵਿਤਕਰੇ ਨੂੰ ਆਪਣੀ ਸਮਝ ਦੀ ਕਸੌਟੀ ’ਤੇ ਤਰਾਸ਼ਿਆ। ਉਨ੍ਹਾਂ ਸਮਝ ਲਿਆ ਸੀ ਕਿ ਲੁੱਟ ਆਧਾਰਿਤ ਪ੍ਰਬੰਧ ਨੂੰ ਬਦਲਵੇਂ ਲੋਕ ਪੱਖੀ ਪ੍ਰਬੰਧ ਦੁਆਰਾ ਹੀ ਨੱਥ ਪਾਈ ਜਾ ਸਕਦੀ ਹੈ। ਉਦਾਸੀ ਕੇਵਲ ਲਿਖਣ ਅਤੇ ਗਾਉਣ ਵਾਲੇ ਮਹਿਜ਼ ਸਾਹਿਤਕਾਰ ਹੀ ਨਹੀਂ ਸਨ ਸਗੋਂ ਲੋਕ ਪੱਖੀ ਸਿਆਸਤ ਦੇ ਸਰਗਰਮ ਕਾਰਕੁਨ ਸਨ। ਉਨ੍ਹਾਂ ਬੇਜ਼ਮੀਨੇ ਕਿਰਤੀਆਂ ਦਾ ਦਰਦ ਬਿਆਨ ਕੀਤਾ। ਖੂਨ ਪਸੀਨਾ ਵਹਾ ਕੇ ਪੈਦਾ ਕੀਤੀ ਫਸਲ ਦਾ ਮੁੱਲ ਪੈਣ ਸਮੇਂ, ਕਿਰਤੀ ਦੀ ਜਾਤੀ ਤੇ ਜਮਾਤੀ ਹਾਲਤ ਨੂੰ ਉਦਾਸੀ ਦੀ ਨੇ ਨਿਖਾਰ ਕੇ ਪੇਸ਼ ਕੀਤਾ:
ਬੋਹਲਾਂ ਦੇ ਵਿਚਾਲੇ ਭੁੱਖੇ ਮਰੇ ਹੋਏ ਕਾਮੇ ਦੀ ਤਾਂ,
ਲਾਸ਼ ਵਿਚੋਂ ਕਾਹਤੋਂ ਆਉਂਦੀ ਬੋ,
ਕਿਹੜੇ ਕਿਹੜੇ ਖੇਤ ਤੇਰਾ ਡੁੱਲ੍ਹਿਆ ਨਾ ਖੂਨ,
ਹੋਇਆ ਕਿਹੜਾ ਕਿਹੜਾ ਬੂਟਾ ਨਹੀਂ ਗਿੱਚ ਵੇ।
ਵਿਰਾਸਤ ਚੋਂ ਮਿਲੀ ਸਾਹਿਤਕ ਅਤੇ ਸੰਘਰਸ਼ੀ ਚੇਤਨਾ ਦੀ ਚੇਟਕ ਨੇ ਉਦਾਸੀ ਦੀ ਕਲਮ ਨੂੰ ਲੋਕ ਵਿਰੋਧੀ ਵਰਤਾਰੇ ਖਿਲਾਫ਼ ਆਰ-ਪਾਰ ਦੀ ਲੜਾਈ ਦਾ ਹੋਕਾ ਦੇਣ ਲਈ ਪ੍ਰੇਰਿਆ। ਸੰਸਾਰ ਭਰ ਵਿਚ ਵਾਪਰ ਰਹੇ ਇਨਕਲਾਬੀ ਅੰਦੋਲਨਾਂ ਦਾ ਅਸਰ ਵੀ ਉਨ੍ਹਾਂ ’ਤੇ ਰਿਹਾ:
ਕੁੱਤੇ ਜਿਹੀ ਇਨਸਾਨ ਦੀ ਕਦਰ ਹੈ ਨਾ,
ਅੱਗੋਂ ਮੰਗਦੇ ਨੇ ਸਾਥੋਂ ਵਫਾਦਾਰੀ,
ਜਾਂ ਤਾਂ ਅਸੀਂ ਹੀ ਰਹਾਂਗੇ ਦੇਸ਼ ਅੰਦਰ,
ਜਾਂ ਫਿਰ ਰਹੇਗੀ ਏਥੇ ਸਰਮਾਏਦਾਰੀ।
ਜਦੋਂ ਉਦਾਸੀ ਸਮਾਜ ਦੀ ਕਾਇਆ-ਕਲਪ ਦਾ ਸੁਪਨਾ ਦੇਖ ਰਹੇ ਸੀ, ਉਦੋਂ ਉਨ੍ਹਾਂ ਦੀ ਸਾਹਿਤਕ ਸਿਰਜਣਾ ਨੇ ਬੁਲੰਦੀਆਂ ਛੂਹੀਆਂ। ਉਹਨਾਂ ਪੰਜਾਬ ਅੰਦਰ ਹਰੇ ਇਨਕਲਾਬ ਦੀ ਅਖੌਤੀ ਸਫਲਤਾ ਪਿਛੇ ਛੁਪੇ ਕਿਰਤੀ, ਕਿਸਾਨਾਂ ਦੇ ਹੁੰਦੇ ਘਾਣ ਅਤੇ ਖੂਨ ਪਸੀਨੇ ਦੀ ਕਮਾਈ ਹੜੱਪਣ ਦੇ ਵਰਤਾਰੇ ਨੂੰ ਬੜੀ ਬਾਰੀਕੀ ਨਾਲ ਜਾਣ ਲਿਆ ਸੀ। ਕਿਰਤੀ ਲੋਕਾਂ ਦੀ ਅਥਾਹ ਸ਼ਕਤੀ ਨੂੰ ਜਾਣ ਉਨ੍ਹਾਂ ਲਿਖਿਆ:
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ,
ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜ਼ਰਾ ਹੱਲਾ ਮਾਰੋ,
ਜ਼ਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ
ਲੋਕਾਂ ਦੇ ਜੁਝਾਰੂ ਅਤੇ ਅਣਥੱਕ ਕਵੀ ਨੂੰ ਜਿ਼ੰਦਗੀ ਦੀ ਕੋਈ ਵੀ ਸਮੱਸਿਆ ਡਾਵਾਂਡੋਲ ਨਾ ਕਰ ਸਕੀ ਸਗੋਂ ਉਹ ਪ੍ਰਤੀਬੱਧ ਲੇਖਕ ਵਜੋਂ ਸਥਾਪਿਤ ਹੋਏ। ਉਨ੍ਹਾਂ ਨੂੰ ਆਪਣੇ ਲੋਕਾਂ ਦੀ ਅਥਾਹ ਸ਼ਕਤੀ ਵਿਚ ਅਟੁੱਟ ਵਿਸ਼ਵਾਸ ਸੀ:
ਮੈਂ ਨਹੀਂ ਹੋਵਾਂਗਾ ਇਸ ਦਾ ਗਮ ਨਹੀਂ,
ਗੀਤ ਤਾਂ ਲੋਕਾਂ ਵਿਚ ਵਸਦੇ ਰਹਿਣਗੇ।
ਉਹ ਇਨਕਲਾਬੀ ਆਦਰਸ਼ ਨੂੰ ਪ੍ਰਨਾਏ ਕਵੀ ਸਨ। ਸਮਾਜ ਅੰਦਰ ਵਾਪਰਦੇ ਹਰ ਵਰਤਾਰੇ ਨੂੰ ਉਹ ਜਾਤੀ/ਜਮਾਤੀ ਨਜ਼ਰੀਏ ਤੋਂ ਘੋਖਣ ਦੀ ਸਮਰੱਥਾ ਰੱਖਦੇ ਸੀ। ਉਨ੍ਹਾਂ ਦੀ ਕਵਿਤਾ ਕਦੇ ਵੀ ਇਨਕਲਾਬੀ ਲੱਫਾਜ਼ੀ ਦਾ ਸ਼ਿਕਾਰ ਨਹੀਂ ਹੋਈ। ਉਨ੍ਹਾਂ ਦੇ ਗੀਤ ਪੰਜਾਬ ਦੀ ਮਾਣਮੱਤੀ, ਲੋਕ ਪੱਖੀ ਪਰੰਪਰਾ ’ਤੇ ਆਧਾਰਿਤ ਹਨ ਜਿਨ੍ਹਾਂ ਵਿਚ ਕਿਰਤੀ ਲੋਕਾਂ ਦੇ ਮੁੜ੍ਹਕੇ ਦੀ ਮਹਿਕ ਹੈ, ਖੁਸ਼ੀਆਂ ਗਮੀਆਂ ਤੇ ਸੁਪਨੇ ਹਨ। ਉਦਾਸੀ ਦੀ ਕਵਿਤਾ ਅੱਜ ਵੀ ਉਨ੍ਹਾਂ ਲੋਕਾਂ ਵਿਚ ਜਿਊਂਦੀ ਹੈ ਜੋ ਬਿਹਤਰ ਭਵਿੱਖ ਲਈ ਯਤਨਸ਼ੀਲ/ਸੰਘਰਸ਼ਸ਼ੀਲ ਹਨ।
ਅੱਜ ਪੂਰਾ ਮੁਲਕ ਖਤਰਨਾਕ ਮੋੜ ’ਤੇ ਖੜ੍ਹਾ ਹੈ ਜਿਥੇ ਆਮ ਲੋਕਾਂ ਦਾ ਦਮ ਘੁਟ ਰਿਹਾ ਹੈ। ਉਹ ਲੁੱਟ ਅਤੇ ਦਾਬੇ ਦੇ ਨਿਜ਼ਾਮ ਤੋਂ ਮੁਕਤ ਨਹੀਂ ਹੋ ਰਹੇ। ਇਤਿਹਾਸ ਦੇ ਪਹੀਏ ਨੂੰ ਅੱਗੇ ਤੋਰਨ ਲਈ ਉਹ ਆਪਣੀ ਸ਼ਕਤੀ ਨੂੰ ਇੱਕ ਜੁੱਟ ਕਰਨ ਲਈ ਯਤਨਸ਼ੀਲ ਹਨ। ਕਿਰਤੀ ਵਿਹੜਿਆਂ ਅੰਦਰ ਸੂਰਜ ਮਘਣ ਦਾ ਸੁਪਨਾ ਸਾਕਾਰ ਕਰਨ ਲਈ ਲੋਕ ਪੱਖੀ ਘੋਲਾਂ ਦੀਆਂ ਕੜੀਆਂ/ਤੰਦਾਂ ਨੂੰ ਸੰਵਾਰ ਕੇ, ਉਹ ਲੋਕ ਪੱਖੀ ਵਿਵਸਥਾ ਦੀ ਸਿਰਜਣਾ ਕਰਨਾ ਲੋਚਦੇ ਹਨ। ਅਜਿਹੀ ਹਾਲਤ ਵਿਚ ਉਦਾਸੀ ਕਾਵਿ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਲੋਕਾਂ ਦੇ ਇਸ ਮਹਬਿੂਬ ਕਵੀ ਨੇ ਆਪਣੀ ਜਿ਼ੰਦਗੀ ਦੀ ਪ੍ਰਵਾਹ ਕੀਤੇ ਬਗੈਰ ਸਭ ਕੁਝ ਦਾਅ ਤੇ ਲਾ ਕੇ ਮਿਹਨਤੀ ਲੋਕਾਂ ਦੀ ਪੁੱਗਤ ਵਾਲਾ ਪ੍ਰਬੰਧ ਸਿਰਜਣ ਦਾ ਹੋਕਾ ਦਿੱਤਾ।
ਇਸ ਸਿਦਕ ਅਤੇ ਜਜ਼ਬੇ ਨੂੰ ਸਲਾਮ।
ਸੰਪਰਕ: 98157-23525