ਰਾਮ ਸਵਰਨ ਲੱਖੇਵਾਲੀ
ਨਿੱਤ ਪਹੁ ਫੁਟਾਲਾ ਹੁੰਦਾ। ਹਨੇਰੇ ਨੂੰ ਚੀਰਦਾ। ਨਵੀਂ ਆਸ ਨਾਲ ਚਾਨਣ ਦੀ ਆਮਦ ਹੁੰਦੀ। ਪੰਛੀ ਪ੍ਰਾਣੀ ਜਾਗਦੇ। ਉਨ੍ਹਾਂ ਦੇ ਮਿੱਠੇ ਬੋਲ ਕੰਨਾਂ ਵਿਚ ਰਸ ਘੋਲਦੇ। ਉਗਮਦੇ ਸੂਰਜ ਦਾ ਸੁਨਿਹਰੀ ਰੰਗ ਦੇਖਦੇ। ਹਸਦੇ, ਚਹਿਚਹਾਉਂਦੇ ਪੌਣ ਨਾਲ ਗੱਲਾਂ ਕਰਦੇ। ਆਲ੍ਹਣਿਆਂ ਵਿਚੋਂ ਉਡਾਰੀ ਭਰਦੇ। ਜਿਊਣ ਦਾ ਪ੍ਰਤੀਕ ਬਣਦੇ। ਵਗਦੀ ਪੌਣ ਰੁੱਖਾਂ ਦੇ ਪੱਤਿਆਂ ਨੂੰ ਕਲਾਵੇ ਵਿਚ ਲੈਂਦੀ। ਮਨੁੱਖ ਆਪੋ-ਆਪਣੇ ਕੰਮਾਂ ਵੱਲ ਅਹੁਲਦੇ। ਚੌਂਕਿਆਂ ’ਚ ਚੁੱਲ੍ਹੇ ਬਲਣ ਲਗਦੇ। ਮਾਵਾਂ ਦੇ ਹੱਥਾਂ ਦਾ ਸੁਹਜ ਕਰਮ ਬਣਦਾ। ਕਿਰਤੀ ਖੇਤਾਂ ਦਾ ਰਸਤਾ ਫੜਦੇ। ਖੇਤਾਂ ਦੇ ਵੱਟਾਂ-ਬੰਨ੍ਹਿਆਂ ’ਤੇ ਕਿਰਤੀ ਕਦਮਾਂ ਦੀ ਦਸਤਕ ਹੁੰਦੀ।
ਜ਼ਿੰਦਗੀ ਦਾ ਨਵਾਂ ਪੰਨਾ ਖੁੱਲ੍ਹਦਾ ਜਿਸ ’ਤੇ ਹਰ ਮਨੁੱਖ ਆਪਣੇ ਕੰਮ ਨਾਲ ਆਪਣੀ ਪਛਾਣ ਬਣਾਉਂਦਾ। ਬਾਲ ਸਕੂਲਾਂ ਦੇ ਰਾਹ ਪੈਂਦੇ। ਮੁਲਾਜ਼ਮ ਆਪੋ-ਆਪਣੀ ਡਿਊਟੀ ਲਈ ਜਾਂਦੇ। ਕਿਰਤੀ ਕਾਮੇ ਕੰਮ ਦੀ ਤਲਾਸ਼ ਵਿਚ ਨਿਕਲਦੇ। ਮੁਸਾਫ਼ਿਰ ਆਪਣੀ ਮੰਜ਼ਿਲ ਵੱਲ ਤੁਰਦੇ। ਸੜਕਾਂ ’ਤੇ ਚਲਦੇ ਸਾਧਨ ਹਵਾ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇ। ਜ਼ਿੰਦਗੀ ਰੁਝੇਵਿਆਂ ਨਾਲ ਇੱਕਮਿੱਕ ਹੁੰਦੀ। ਘਰਾਂ ਦੀਆਂ ਸੁਆਣੀਆਂ ਕੰਮ ਸਾਂਭਦੀਆਂ। ਬਾਲਾਂ ਤੇ ਵੱਡਿਆਂ ਦਾ ਖਾਣ-ਪਾਣੀ ਨਾਲ ਬੰਨ੍ਹਦੀਆਂ।
ਖੇਤਾਂ ਵਿਚ ਖੜ੍ਹੀ ਫ਼ਸਲ ਕਾਮਿਆਂ ਦਾ ਖਿੜੇ ਮੱਥੇ ਸਵਾਗਤ ਕਰਦੀ। ਉਨ੍ਹਾਂ ਦੇ ਅੱਟਣਾਂ ਭਰੇ ਹੱਥ ਚੁੰਮਦੀ। ਸੰਵਾਦ ਕਰਦੀ ਪ੍ਰਤੀਤ ਹੁੰਦੀ- ‘ਤੁਹਾਡੇ ਆਸਰੇ ਹੀ ਜਿਊਂਦੇ ਹਾਂ। ਤੁਹਾਡਾ ਦਿੱਤਾ ਪਾਣੀ ਸਾਡੀਆਂ ਜੜ੍ਹਾਂ ਲਾਉਂਦਾ। ਸਿਰ ਉਠਾ ਕੇ ਖੜ੍ਹਨ ਦਾ ਸਬਬ ਬਣਦਾ। ਸਾਡੇ ਫੁੱਲ ਪੱਤਿਆਂ ਵਿਚ ਜਿਊਣ ਦਾ ਰੰਗ ਭਰਦਾ। ਅਸੀਂ ਤੁਹਾਡੇ ਹੱਥਾਂ ਵਿਚ ਪਲਦੇ, ਵੱਡੇ ਹੁੰਦੇ। ਫ਼ਸਲ ਦੇ ਰੂਪ ਵਿਚ ਮੰਡੀ ਦੀ ਵਸਤ ਬਣਦੇ। ਅੰਨ ਭੰਡਾਰ ਭਰਦੇ ਨਾ ਥਕਦੇ। ਸਾਡਾ ਵਪਾਰ ਕਰਨ ਵਾਲੇ ਤਰੱਕੀ ਦੀ ਪੌੜੀ ਚੜ੍ਹਦੇ ਜਾਂਦੇ। ਤੁਹਾਡੇ ਜਿਹੇ ਬੀਜਣ, ਵੱਢਣ ਵਾਲੇ ਤੰਗੀਆਂ ਤੁਰਸ਼ੀਆਂ ਝੱਲਦੇ। ਇਹ ਅਨਿਆਂ ਸਾਨੂੰ ਕਾਲੇ ਕਾਨੂੰਨਾਂ ਵਾਂਗ ਵਿਹੁ ਵਰਗਾ ਲਗਦਾ। ਤੁਹਾਡਾ ਸਬਰ, ਸਿਦਕ ਸਾਡੇ ਨਾਲ ਖੜ੍ਹਦਾ। ਅਸੀਂ ਤੁਹਾਡੇ ਚੰਗੇ ਦਿਨਾਂ ਦੀ ਆਸ ਨਾਲ ਜਿਊਂਦੇ।’
ਬੈਂਕਾਂ ਤੇ ਸਰਕਾਰੀ ਦਫਤਰਾਂ ਵਿਚ ਜ਼ਿੰਦਗੀ ਆਪਣੇ ਆਪ ’ਤੇ ਰਸ਼ਕ ਕਰਦੀ। ਸੁਖ ਸਹੂਲਤਾਂ ਮਾਣਦੀ। ਰੋਅਬ-ਦਾਬ ਨੂੰ ਨਾਲ ਰੱਖਦੀ। ਈਰਖਾ-ਹੰਕਾਰ ਨੂੰ ਸਿਰ ਚੜ੍ਹਾ ਬੋਲਦੀ। ਸਾਂਝ, ਸਹਿਯੋਗ, ਹਮਦਰਦੀ ਤੋਂ ਦੂਰ ਰਹਿੰਦੀ। ਕੰਮ ਨਾਲ ਮਤਲਬ ਉਸ ਦਾ ਧਰਮ ਹੁੰਦਾ। ਅਣਗਹਿਲੀ ਤੇ ਲਾਪਰਵਾਹੀ ਉਸ ਦੀ ਪਹਿਲੀ ਪਸੰਦ ਬਣਦੀ। ਅਫਸਰਸ਼ਾਹੀ ਦਾ ਨਖਰਾ ਸੱਤਵੇਂ ਅਸਮਾਨ ’ਤੇ ਰਹਿੰਦਾ।
ਜਨਤਕ ਥਾਵਾਂ ’ਤੇ ਕੰਮ ਕਰਦੇ ਮਗਨਰੇਗਾ ਕਾਮੇ। ਚੁਣੇ ਹੋਏ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਦੀ ਹਾਜ਼ਰੀ ਭਰਦੇ। ਸੜਕਾਂ, ਗਲੀਆਂ ਸਾਫ਼ ਕਰਦੇ। ਗੁਆਚ ਗਏ ਸੁਫ਼ਨਿਆਂ ਦੀ ਤਲਾਸ਼ ਵਿਚ ਰਹਿੰਦੇ। ਨਾ-ਬਰਾਬਰੀ ਦੇ ਮੁਕਾਬਲੇ ਮਾਵਾਂ ਨੂੰ ਬੱਠਲਾਂ ਦਾ ਬੋਝ ਕੱਖਾਂ ਸਮਾਨ ਲਗਦਾ। ਉਹ ਕੰਮ ਨੂੰ ਆਪਣਾ ਇਸ਼ਟ ਸਮਝਦੀਆਂ। ਕਾਮੇ ਸੜਕਾਂ ’ਤੇ ਬੈਠ ਰੋਟੀ ਚਾਹ ਖਾਂਦੇ ਪੀਂਦੇ। ਸਿਦਕ, ਸਿਰੜ ਨੂੰ ਅੰਗ ਸੰਗ ਰੱਖਦੇ। ਆਪਣੇ ਸਰਕਾਰੀ ਸਮਾਰਟ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਵਿਚੋਂ ਭਵਿੱਖ ਦੇਖਦੇ। ਚਲਦੇ ਕੰਮ ਵਿਚ ਸਰਪੰਚ ਦਾ ਗੇੜਾ ਵੋਟ ਰਾਜਨੀਤੀ ਦੀ ਯਾਦ ਦਿਵਾਉਂਦਾ। ਕਾਮੇ ਦਿਨ ਭਰ ਸਖ਼ਤ ਕੰਮ ਕਰ ਕੇ ਚੰਗੇ ਦਿਨਾਂ ਦੀ ਆਸ ਨਾਲ ਘਰ ਪਰਤਦੇ।
ਮੁਸਾਫਿ਼ਰ ਢੋਂਦੀਆਂ ਸਰਕਾਰੀ ਬੱਸਾਂ ਮੁਫ਼ਤ ਸਫ਼ਰ ਦੀ ਸਿਆਸਤ ਨੂੰ ਕੋਸਦੀਆਂ। ਤੂੜੀ ਵਾਂਗ ਭਰ ਤੁਰਦੀਆਂ, ਦਿਨ ਭਰ ਸੜਕਾਂ ਦਾ ਨਾਪ ਲੈਂਦੀਆਂ। ਅੱਗੇ ਪਿੱਛੇ ਲੱਗੇ ਸਰਕਾਰੀ ਪ੍ਰਚਾਰ ਦੇ ਫਲੈਕਸ ਚੁੱਕੀ ਫਿਰਦੀਆਂ। ਸਰਕਾਰ ਦੀਆਂ ਰੈਲੀਆਂ ਵਿਚ ਮਜਬੂਰ, ਬੇਵੱਸ ਕਿਰਤੀਆਂ ਦੀ ਭੀੜ ਜੁਟਾਉਂਦੀਆਂ। ਆਪਣੇ ਨਾਲ ਠੇਕੇ ’ਤੇ ਕੰਮ ਕਰਦੇ ਕਾਮਿਆਂ ਦੀ ਹੋਣੀ ’ਤੇ ਝੂਰਦੀਆਂ। ਮੁਸਾਫ਼ਿਰਾਂ ਨੂੰ ਮੰਜ਼ਿਲਾਂ ’ਤੇ ਪੁੱਜਦਾ ਕਰਦੀਆਂ। ਟੋਲ ਪਲਾਜ਼ਿਆਂ ਵਾਲੀਆਂ ਸੜਕਾਂ ’ਤੇ ਤੁਰਦੀਆਂ। ਸਬਕ ਦਾ ਪਾਠ ਪੜ੍ਹਾਉਂਦੀਆਂ- ਮੰਜ਼ਿਲ ਪਾਉਣ ਲਈ ਲਗਾਤਾਰ ਤੁਰਨਾ ਪੈਂਦਾ, ਔਕੜਾਂ ਨਾਲ਼ ਮੱਥਾ ਲਾਉਣਾ ਪੈਂਦਾ; ਹਨੇਰੇ ਨਾਲ ਜੰਗ ਤੋਂ ਬਾਅਦ ਹੀ ਸਵੇਰ ਆਉਂਦੀ।
ਦੂਈਸ਼ੇਨ ਦੇ ਸੰਗੀ ਸਾਥੀ ਸਕੂਲਾਂ, ਕਾਲਜਾਂ ਵਿਚ ਚੇਤਨਾ ਦੇ ਦੀਪ ਬਣ ਜਗਦੇ। ਸਫਲਤਾ ਦਾ ਰਾਹ ਨਾਪਣ ਲਈ ਸਖ਼ਤ ਮਿਹਨਤ ਦਾ ਸਬਕ ਦਿੰਦੇ; ਸਮਝਾਉਂਦੇ- ‘ਸੰਘਰਸ਼ਾਂ ਬਿਨਾ ਕੁਝ ਹਾਸਲ ਨਹੀਂ ਹੁੰਦਾ। ਖੇਤ ਹੋਵੇ, ਫੈਕਟਰੀ ਜਾਂ ਵਿੱਦਿਅਕ ਅਦਾਰੇ; ਹਰ ਥਾਂ ਹੱਕ ਲੈਣ ਲਈ ਡਟਣਾ ਪੈਂਦਾ।’ ਪੰਜਾਬ ਦੀਆਂ ਧੀਆਂ ਨੂੰ ਗ਼ਦਰੀ ਗ਼ੁਲਾਬ ਕੌਰ ਤੇ ਦੁਰਗਾ ਭਾਬੀ ਦੀ ਵਿਰਾਸਤ ਦੱਸਦੇ। ਨਰੋਏ ਸਮਾਜ ਦੀ ਗੱਲ ਛੇੜਦੇ। ਉਨ੍ਹਾਂ ਦੇ ਚਾਨਣ ਰੰਗੇ ਬੋਲ ਜੁਆਨ ਦਿਲਾਂ ਨੂੰ ਟੁੰਬਦੇ। ਸਿੱਖਿਆ ਭਵਿੱਖ ਦੇ ਵਾਰਸਾਂ ਦੇ ਮਨ ਮਸਤਕ ’ਤੇ ਚਾਨਣ ਦੀ ਦਸਤਕ ਦਿੰਦੀ।
ਸ਼ਹੀਦ ਭਗਤ ਸਿੰਘ ਦੇ ਸਨੇਹੀ ਬੋਘੇ ਵਰਗੇ ਸਵੇਰ ਸ਼ਾਮ ਸੜਕਾਂ ’ਤੇ ਸਫ਼ਾਈ ਦੀ ਇਬਾਰਤ ਲਿਖਦੇ। ਘਰਾਂ ਦਾ ਕੂੜਾ-ਕਰਕਟ ਚੁੱਕਦੇ। ਗਲੀਆਂ, ਬਾਜ਼ਾਰਾਂ ਵਿਚ ਸਾਫ਼ ਸਫ਼ਾਈ ਕਰਦੇ। ਵੱਡਿਆਂ ਦੀ ਵਗਾਰ ਝੱਲਦੇ। ਸੀਵਰੇਜ ਦੇ ਬਦਬੂਦਾਰ ਗਟਰਾਂ ਵਿਚ ਉਤਰਨ ਦਾ ਦਰਦ ਹੰਢਾਉਂਦੇ। ਖੁਸ਼ੀ, ਗ਼ਮ ਦੇ ਸਮਾਗਮਾਂ ਵਿਚ ਸੱਭਿਅਕ ਲੋਕਾਂ ਵੱਲੋਂ ਖਿਲਾਰਿਆ ਕੂੜਾ ਸਾਂਭਦੇ ਪਰ ਸਵੱਛ ਭਾਰਤ ਦੇ ਸਮਾਗਮਾਂ ਵਿਚ ਕਿਧਰੇ ਨਜ਼ਰ ਨਾ ਆਉਂਦੇ। ਨਾ-ਬਰਾਬਰੀ ਤੇ ਵਿਤਕਰੇ ਝੱਲਦੇ ਪ੍ਰਬੰਧ ਦਾ ਕੁਹਜ ਜੱਗ-ਜ਼ਾਹਿਰ ਕਰਦੇ। ਫਿਰ ਵੀ ਆਸਾਂ ਦੀ ਤੰਦ ਨਾ ਬਿਖਰਨ ਦਿੰਦੇ।
ਕਿਸਮਤ ਕਰਮਾਂ ਦੀ ਛਾਂ ਹੇਠ ਗੂੜ੍ਹੀ ਨੀਂਦ ਸੁੱਤੇ ਲੋਕ ਅਗਿਆਨਤਾ ਦੇ ਹਨੇਰੇ ਵਿਚ ਭਟਕਦੇ। ਸੁੱਖਣਾਂ, ਅਰਦਾਸਾਂ ਵਿਚੋਂ ਸਫਲਤਾ ਤੇ ਖੁਸ਼ੀਆਂ ਭਾਲਦੇ। ਦੂਜੇ ਬੰਨੇ ਲੋਕਾਂ ਨੂੰ ਜਗਾਉਂਦੇ ਤਰਕਸ਼ੀਲ ਕਾਮੇ; ਨਾਟਕਾਂ, ਗੀਤਾਂ ਤੇ ਪੁਸਤਕਾਂ ਨਾਲ ਚੇਤਨਾ ਦਾ ਚਾਨਣ ਬਿਖੇਰਦੇ। ਜ਼ਿੰਦਗੀ ਦੇ ਸਾਊ ਪੁੱਤ ਜਾਪਦੇ। ਲੇਖਕ, ਕਲਾਕਾਰ ਤੇ ਰੰਗਕਰਮੀ ਚਾਨਣ ਦੇ ਰਾਹ ਦੀ ਪੈੜ ਬਣਦੇ। ਜ਼ਿੰਦਗੀ ਸਿਰ ਉਠਾ ਕੇ ਤੁਰਦੀ। ਦਿਨ ਰਾਤ ਹੱਕਾਂ ਹਿਤਾਂ ਦੀ ਜਾਗ ਲਾਉਂਦੇ। ਕਿਰਤੀ, ਕਾਮਿਆਂ ਨੂੰ ਜਗਾਉਂਦੇ। ਅਨਿਆਂ ਖ਼ਿਲਾਫ਼ ਸੰਘਰਸ਼ਾਂ ਦੇ ਰਾਹ ਤੁਰਦੇ। ਭਗਤ, ਸਰਾਭੇ ਤੇ ਗ਼ਦਰੀ ਬਾਬਿਆਂ ਦੀ ਵਿਰਾਸਤ ’ਤੇ ਪਹਿਰਾ ਦਿੰਦੇ। ਜ਼ਿੰਦਗੀ ਆਪਣੇ ਅਜਿਹੇ ਸਰਵਣ ਪੁੱਤਰ ਧੀਆਂ ’ਤੇ ਰਸ਼ਕ ਕਰਦੀ।
ਨਿੱਤ ਨਵੇਂ ਉਤਸ਼ਾਹ ਨਾਲ ਮੰਜ਼ਿਲ ਦਾ ਰਾਹ ਫੜਦੇ। ਔਕੜਾਂ ਵਿਚ ਵੀ ਆਸਾਂ ਦੇ ਦੀਵੇ ਜਗਾ ਕੇ ਰੱਖਦੇ। ਹਰ ਪਹੁ ਫੁਟਾਲਾ ਉਨ੍ਹਾਂ ਲਈ ਨਵੀਆਂ ਉਮੰਗਾਂ ਦਾ ਪ੍ਰਤੀਕ ਹੁੰਦਾ। ਹਮੇਸ਼ਾ ਕੁਝ ਨਵਾਂ, ਅਨੂਠਾ ਕਰਨ ਲਈ ਤਤਪਰ ਰਹਿੰਦੇ। ਅਜਿਹੇ ਸਾਹਸੀ, ਸਿਦਕਵਾਨ, ਸੱਚੇ, ਸਮਰਪਿਤ, ਸੁਘੜ-ਸਿਆਣੇ, ਸਿਰੜੀ ਤੇ ਸਾਝਾਂ ਪਾਲਣ ਵਾਲੇ ਮਨੁੱਖ ਜ਼ਿੰਦਗੀ ਦੇ ਸ਼ਾਹ ਅਸਵਾਰ ਅਖਵਾਉਂਦੇ ਜਿਨ੍ਹਾਂ ਦੀਆਂ ਪੈੜਾਂ ਉਜਲੇ ਭਵਿੱਖ ਦੇ ਰਾਹਾਂ ਵਿਚ ਰੌਸ਼ਨੀ ਬਣਦੀਆਂ ਹਨ।
ਸੰਪਰਕ: 95010-06626