ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਮੈਂ, ਸੁਬ੍ਹਾ ਦਾ ਤਾਰਾ
ਮੈਂ ਸ਼ਾਮ ਦਾ ਤਾਰਾ
ਮੈਂ ਭਰਿਆ ਆਕਾਸ਼ ਸਮੇਂ ਦਾ ਸਾਰਾ,
ਸਿਤਾਰਿਆਂ ਨੂੰ ਪਕੜ ਬਿਖਰ ਜਾਵਾਂਗਾ ਆਕਾਸ਼ਗੰਗਾ ’ਚ
ਮੈਂ ਤਾਰਿਆਂ ਦੀ ਜੁਗਲਬੰਦੀ ’ਚ ਉੱਡ ਜਾਵਾਂਗਾ
ਇੱਕ ਦਿਨ…।
ਭਾਰਤੀ ਸਿਨੇਮਾ ਦਾ ਇੱਕ ਮਹਾਰਥੀ ਸੌਮਿੱਤਰ ਚੈਟਰਜੀ ਅਚਾਨਕ ਅਲਵਿਦਾ ਆਖ ਗਿਆ ਹੈ। ਸੌਮਿੱਤਰ ਚੈਟਰਜੀ ਦੇਸ਼ ਦੀਆਂ ਹੱਦਾਂ ਤੋਂ ਪਾਰ ਵਿਸ਼ਵ ਸਿਨੇਮਾ ਦਾ ਅਜਿਹਾ ਹਸਤਾਖ਼ਰ ਸੀ ਜਿਸ ਨੇ ਭਾਰਤੀ ਸਿਨੇਮਾ ਨੂੰ ਨਵੀਆਂ ਨਿਵੇਕਲੀਆਂ ਰਾਹਾਂ ਤੇ ਵਿਸ਼ਵ ਪੱਧਰ ’ਤੇ ਸਥਾਪਤ ਕੀਤਾ।
ਸੌਮਿੱਤਰ ਚੈਟਰਜੀ ਆਪਣੀਆਂ ਫ਼ਿਲਮਾਂ ਸਦਕਾ ਇੱਕ ਅਜਿਹੇ ਕਲਾਕਾਰ ਦੇ ਤੌਰ ’ਤੇ ਸਥਾਪਤ ਹੋ ਗਏ ਸਨ ਜੋ ਭਾਰਤੀ ਸਿਨੇਮਾ ਵਿੱਚ ਬਹੁਤ ਘੱਟ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਤਿੰਨ ਸੌ ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿੱਚੋਂ ਚੌਦਾਂ ਫ਼ਿਲਮਾਂ ਸਤਿਆਜੀਤ ਰੇਅ ਵਰਗੇ ਫ਼ਿਲਮਸਾਜ਼ ਨਾਲ ਕੀਤੀਆਂ। ਸੱਤਿਆਜੀਤ ਰੇਅ ਦੀ ਫਿਲਮ ਅਪੁਰ ਸੰਸਾਰ ਰਾਹੀਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੇ ਸੌਮਿੱਤਰ ਚੈਟਰਜੀ ਦੀਆਂ ਉਨ੍ਹਾਂ ਨਾਲ ਕੀਤੀਆਂ ਫ਼ਿਲਮਾਂ ਯਾਦਗਾਰੀ ਹਨ। ‘ਅਪੁਰ ਸੰਸਾਰ’ ਨਾਲ ਆਪਣੀ ਫ਼ਿਲਮੀ ਯਾਤਰਾ ਸ਼ੁਰੂ ਕਰਨ ਵਾਲੇ ਇਸ ਅਦਾਕਾਰ ਨੇ ਸੱਤਿਆਜੀਤ ਰੇਅ ਦੇ ਨਾਲ ਜਿੰਨਾ ਵੀ ਕੰਮ ਕੀਤਾ, ਉਹ ਪੂਰੀ ਦੁਨੀਆਂ ਵਿੱਚ ਵੇਖਿਆ ਤੇ ਸਰਾਹਿਆ ਗਿਆ।
ਸੌਮਿੱਤਰ ਚੈਟਰਜੀ ਇਕ ਹਰਫ਼ਨਮੌਲਾ ਸ਼ਖ਼ਸੀਅਤ ਸੀ। ਕਵੀ ਵਜੋਂ ਵੀ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਬਣਾਈ। ਉਹ ਸਟੇਜ ’ਤੇ ਕਵਿਤਾ ਪੜ੍ਹਦੇ ਸਨ ਤਾਂ ਇਉਂ ਲੱਗਦਾ ਸੀ ਜਿਵੇਂ ਸ਼ਬਦਾਂ ਦੇ ਰੰਗ ਤੇ ਨਵੇਂ ਕੋਲਾਜ ਸਿਰਜ ਰਹੇ ਹੋਣ।
ਚੈਟਰਜੀ ਨੇ ਸੱਤਿਆਜੀਤ ਰੇਅ ਦੀਆਂ ਉਨ੍ਹਾਂ ਫ਼ਿਲਮਾਂ ਵਿੱਚ ਕੰਮ ਕੀਤਾ ਜਿਹੜੀਆਂ ਕਲਾਕਾਰ ਲਈ ਚੁਣੌਤੀਪੂਰਨ ਭੂਮਿਕਾਵਾਂ ਵਾਲੀਆਂ ਸਨ। ਸੱਤਿਆਜੀਤ ਰੇਅ ਦੀਆਂ ਮਸ਼ਹੂਰ ਫ਼ਿਲਮਾਂ ਵਿਚ ਚੈਟਰਜੀ ਨੇ ਦੇਵੀ, ਅਬੀਜਨ, ਆਇਨ ਨ੍ਹੇਰ ਦਿਨ ਰਾਤਰੀ, ਘਰੇ ਬਾਹਰੇ, ਸ਼ਾਖਾ ਪ੍ਰਸ਼ਾਖਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਰੇਅ ਦੀ ਫਿਲਮ ‘ਅਪੁਰ ਸੰਸਾਰ’ ਦਾ ਅੱਪੂ ਦਾ ਕਿਰਦਾਰ ਕਿਸ ਨੂੰ ਭੁੱਲ ਸਕਦਾ ਹੈ। ਚੈਟਰਜੀ ਨੇ ਅਦਭੁੱਤ ਤਰੀਕੇ ਨਾਲ ਇਹ ਕਿਰਦਾਰ ਨਿਭਾਇਆ ਸੀ।
ਤੇਰਾਂ ਵਰ੍ਹਿਆਂ ਦੀ ਲਾਜਵਾਬ ਅਭਿਨੇਤਰੀ ਸ਼ਰਮੀਲਾ ਟੈਗੋਰ ਨੇ ਉਨ੍ਹਾਂ ਨਾਲ ਉਸ ਵੇਲੇ ਕੰਮ ਕੀਤਾ ਜਦੋਂ ਉਹ ਉਨੱਤੀ ਵਰ੍ਹਿਆਂ ਦੇ ਸਨ। ਉਹ ਯਾਦ ਕਰਦੀ ਹੋਈ ਕਹਿੰਦੀ ਹੈ ਕਿ ਉਹ ਇੰਨੇ ਦਿਲਕਸ਼ ਅਦਾਕਾਰ ਸਨ ਕਿ ਉਨ੍ਹਾਂ ਤੋਂ ਕੁਰਬਾਨ ਹੋਣ ਨੂੰ ਮਨ ਕਰਦਾ ਹੈ। ਬੰਗਾਲੀ ਫ਼ਿਲਮਾਂ ਦੀ ਵੱਡੀ ਸਟਾਰ ਅਭਿਨੇਤਰੀ ਤੇ ਨਿਰਦੇਸ਼ਕ ਅਪਰਨਾ ਸੇਨ ਨੇ ਚੈਟਰਜੀ ਬਾਰੇ ਆਪਣੀਆਂ ਯਾਦਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ, “ਉਹ ਆਪਣੀ ਤਰ੍ਹਾਂ ਦੇ ਨਿਵੇਕਲੇ ਅਜਿਹੇ ਕਲਾਕਾਰ ਸਨ ਜਿਨ੍ਹਾਂ ਨਾਲ ਕੰਮ ਕਰਨ ਨੂੰ ਹਮੇਸ਼ਾ ਦਿਲ ਵਿਚ ਵਲਵਲੇ ਉੱਠਦੇ ਸਨ। ਮੈਂ ਉਨ੍ਹਾਂ ਨੂੰ ਹਮੇਸ਼ਾ ਇਕ ਵੱਡੇ ਆਦਮੀ, ਇੱਕ ਵੱਡੇ ਬਜ਼ੁਰਗ ਸਮਝਿਆ ਹੈ।”
1935 ਵਿਚ ਕਲਕੱਤਾ ਵਿਚ ਪੈਦਾ ਹੋਏ ਚੈਟਰਜੀ ਦੇ ਸ਼ੁਰੂਆਤੀ ਵਰ੍ਹੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾ ਨਗਰ ਵਿਚ ਬੀਤੇ। ਉੱਥੋਂ ਹੀ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ। ਬਾਅਦ ਵਿਚ ਆਪਣੇ ਵਕੀਲ ਪਿਤਾ ਅਤੇ ਦਾਦਾ ਨਾਲ ਰਹਿ ਕੇ ਕਲਕੱਤਾ ਯੂਨੀਵਰਸਿਟੀ ਤੋਂ ਬੰਗਾਲੀ ਸਾਹਿਤ ਵਿਚ ਡਿਗਰੀ ਪ੍ਰਾਪਤ ਕੀਤੀ। ਚੈਟਰਜੀ ਨੇ ਹਮੇਸ਼ਾ ਲੋਕ ਪੱਖੀ ਕਿਰਦਾਰ ਨਿਭਾਏ ਅਤੇ ਲੋਕਾਂ ਵਿੱਚ ਆਮ ਆਦਮੀ ਦੀ ਤਰ੍ਹਾਂ ਘੁੰਮਦੇ ਰਹੇ। ਕਲਕੱਤਾ ਦੇ ਗੋਲਫ ਗ੍ਰੀਨ ਇਲਾਕੇ ਵਿਚ ਦੂਰਦਰਸ਼ਨ ਕਲਕੱਤਾ ਦੇ ਪਿਛਲੇ ਪਾਸੇ ਬਣੇ ਕੁਆਰਟਰਾਂ ਵਿਚ ਉਨ੍ਹਾਂ ਨੂੰ ਹਮੇਸ਼ਾ ਸਾਧਾਰਨ ਆਦਮੀ ਵਾਂਗ ਰਹਿੰਦਿਆਂ ਵਿਚਰਦਿਆਂ ਦੇਖਿਆ ਜਾ ਸਕਦਾ ਸੀ। ਖ਼ੁਦਦਾਰ ਤਬੀਅਤ ਦੇ ਮਾਲਕ ਚੈਟਰਜੀ ਨੇ ਦੋ ਵਾਰ ਪਦਮਸ੍ਰੀ ਸਨਮਾਨ ਵੀ ਠੁਕਰਾ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਨੇ ਪਦਮ ਭੂਸ਼ਨ, ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਹੋਰ ਮਾਣ ਸਨਮਾਨ ਵੀ ਪ੍ਰਾਪਤ ਕੀਤੇ।
2012 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਚੈਟਰਜੀ ਨੇ ਕਿਹਾ ਸੀ, ‘‘ਪੁਰਸਕਾਰ ਪ੍ਰਾਪਤ ਕਰਨਾ ਮੇਰੀ ਪ੍ਰਾਪਤੀ ਨਹੀਂ ਹੈ। ਲੋਕ ਮੈਨੂੰ ਯਾਦ ਕਰਨ ਤੇ ਮੇਰੀਆਂ ਫ਼ਿਲਮਾਂ ਦੇ ਕਿਰਦਾਰਾਂ ਨੂੰ ਯਾਦ ਕਰਦਿਆਂ ਹੀ ਮੈਨੂੰ ਯਾਦ ਕਰਨ।’’
ਸੌਮਿੱਤਰ ਚੈਟਰਜੀ ਇੱਕ ਅਜਿਹੇ ਕਲਾਕਾਰ ਸਨ ਜੋ ਅਦਾਕਾਰੀ ਕਰਦਿਆਂ ਕਵਿਤਾ ਲਿਖ ਸਕਦੇ ਸਨ ਅਤੇ ਕਵਿਤਾ ਲਿਖਦੇ ਹੋਏ ਅਦਾਕਾਰੀ ਕਰ ਸਕਦੇ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦੇ ਬਹੁਤ ਸਾਰੇ ਸ਼ੋਅ ਵੀ ਹੁੰਦੇ ਸਨ ਜਿਨ੍ਹਾਂ ਵਿੱਚ ਲੋਕ ਟਿਕਟ ਲੈ ਕੇ ਪਹੁੰਚਦੇ ਸਨ। ਉਨ੍ਹਾਂ ਬਾਰੇ ਇਹ ਮਸ਼ਹੂਰ ਸੀ ਕਿ ਉਹ ਇਕੱਲੇ ਬੰਗਾਲੀ ਸਿਨੇਮਾ ਦੇ ਹੀ ਕਲਾਕਾਰ ਨਹੀਂ ਸਨ ਸਗੋਂ ਭਾਰਤੀ ਸਿਨੇਮਾ ਦੀ ਵਿਸ਼ਵ ਪੱਧਰ ’ਤੇ ਵੀ ਪ੍ਰਤੀਨਿਧਤਾ ਕਰਦੇ ਸਨ।
ਦਰਅਸਲ, ਚੈਟਰਜੀ ਨੇ ਆਪਣੇ ਸਮਾਜ ਵਿੱਚ ਆਪਣੀ ਸਥਾਪਤੀ ਦਾ ਜਾਦੂ ਕੁਝ ਇਸ ਤਰ੍ਹਾਂ ਚਲਾਇਆ ਕਿ ਹਰ ਅਦਾ ’ਤੇ ਉਨ੍ਹਾਂ ਨੂੰ ਵੇਖਿਆ ਤੇ ਸੁਣਿਆ ਜਾ ਸਕਦਾ ਸੀ। ਉਹ ਇਕੋ ਵੇਲੇ ਇਕ ਮੈਗਜ਼ੀਨ ਵੀ ਕੱਢਦੇ ਸਨ ਅਤੇ ਕਈ ਵਾਰੀ ਉਸ ਦਾ ਸਰਵਰਕ ਵੀ ਤਿਆਰ ਕਰ ਦਿੰਦੇ ਸਨ।
ਹਰਫ਼ਨਮੌਲਾ ਸ਼ਖ਼ਸੀਅਤ ਦੇ ਮਾਲਕ ਚੈਟਰਜੀ ਉਹ ਕਲਾਕਾਰ ਸਨ ਜੋ ਕਦੇ ਕਦਾਈਂ ਹੀ ਪੈਦਾ ਹੁੰਦੇ ਹਨ। ਬੰਗਾਲੀ ਭਾਸ਼ਾਈ ਲੋਕ ਦਿਲੋਂ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਇਸੇ ਕਾਰਨ ਉਨ੍ਹਾਂ ਦੀ ਮੌਤ ’ਤੇ ਬੰਗਲਾਦੇਸ਼ ਵਿੱਚ ਵੀ ਉਦਾਸੀ ਪਸਰ ਗਈ ਸੀ।
ਸੌਮਿੱਤਰ ਚੈਟਰਜੀ ਬਾਰੇ ਇਹ ਵੀ ਪ੍ਰਸਿੱਧ ਸੀ ਕਿ ਉਹ ਆਮ ਲੋਕਾਂ ਦੇ ਨਾਇਕ ਸਨ ਅਤੇ ਉਨ੍ਹਾਂ ਨੇ ਆਮ ਲੋਕਤੰਤਰੀ ਮੁੱਦਿਆਂ ਨੂੰ ਉਭਾਰਨ ਵਾਲੀਆਂ ਫ਼ਿਲਮਾਂ ਹੀ ਕੀਤੀਆਂ। ਸੌਮਿੱਤਰ ਚੈਟਰਜੀ ਨੂੰ ਮਿਲਣਾ ਅਤੇ ਉਨ੍ਹਾਂ ਨਾਲ ਸੰਵਾਦ ਕਰਨਾ ਆਪਣੇ ਆਪ ਵਿਚ ਅਦਭੁੱਤ ਅਨੁਭਵ ਹੁੰਦਾ ਸੀ ਕਿਉਂਕਿ ਉਹ ਇਕ ਅਸਾਧਾਰਨ ਤੌਰ ’ਤੇ ਜ਼ਹੀਨ ਅਤੇ ਸਾਧਕ ਵਿਅਕਤੀ ਸਨ ਜੋ ਕਲਾ ਨਾਲ ਹੀ ਮੁਹੱਬਤ ਕਰਦਾ ਸੀ।
ਚੈਟਰਜੀ ਦੀ ਸਿਨੇਮਾ ਦੀ ਯਾਤਰਾ ਫ਼ਿਲਮਾਂ ਤੱਕ ਮਹਿਦੂਦ ਨਹੀਂ ਸਗੋਂ ਉਹ ਅਸਲ ਵਿਚ ਸਟੇਜ ਦੇ ਕਲਾਕਾਰ ਸਨ। ਉਨ੍ਹਾਂ ਨੇ ਸਟੇਜ ਨਾਲ ਪਿਆਰ ਤੋੜ ਨਿਭਾਇਆ। ਕੋਲਕਾਤਾ ਦਾ ਇੰਡੀਅਨ ਕੌਫ਼ੀ ਹਾਊਸ ਉਨ੍ਹਾਂ ਦਾ ਐਤਵਾਰੀ ਪੱਕਾ ਅੱਡਾ ਸੀ ਜਿੱਥੇ ਉਹ ਆਮ ਲੋਕਾਂ ਤੇ ਆਪਣੇ ਦੋਸਤਾਂ ਨੂੰ ਮਿਲਦੇ ਸਨ ਅਤੇ ਠਹਾਕੇ ਲਾ ਲਾ ਹੱਸਦੇ ਸਨ।
‘ਅਪੁਰ ਸੰਸਾਰ’ ਤੋਂ ਸ਼ੁਰੂ ਹੋਈ ਅਦਾਕਾਰੀ ਦੀ ਇਹ ਯਾਤਰਾ ਚੈਟਰਜੀ ਦੇ ਆਖ਼ਰੀ ਸਮੇਂ ਤੱਕ ਜਾਰੀ ਰਹੀ। ਉਨ੍ਹਾਂ ਦੀਆਂ ਮੁੱਖ ਫ਼ਿਲਮਾਂ ਵਿੱਚ ਸੋਨਾਰ ਕੇਲਾ, ਘਰ ਬਾਹਰੇ, ਅਬੀਜਨ, ਚਾਰੂਲਤਾ ਆਦਿ ਮਸ਼ਹੂਰ ਫ਼ਿਲਮਾਂ ਸ਼ਾਮਲ ਹਨ ਜਿਨ੍ਹਾਂ ਨੇ ਭਾਰਤੀ ਸਿਨੇਮਾ ਦੇ ਫ਼ਿਲਮ ਇਤਿਹਾਸ ਨੂੰ ਨਵਾਂ ਮੁਹਾਂਦਰਾ ਬਖ਼ਸ਼ਿਆ। ਭਾਵੇਂ ਹੁਣ ਉਹ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੇ ਮਸ਼ਹੂਰ ਨਾਟਕ ਨੀਲਕੰਠ, ਘੱਟਕ ਵਿਦੇਸ਼ੀ ਤੇ ਫੇਰਾ ਵਰਗੇ ਸਟੇਜ ਸ਼ਾਹਕਾਰ ਹਮੇਸ਼ਾ ਚੈਟਰਜੀ ਨੂੰ ਸਾਡੇ ਵਿਚਕਾਰ ਜ਼ਿੰਦਾ ਰੱਖਣਗੇ।
ਆਪਣੀਆਂ ਮੁਲਾਕਾਤਾਂ ਵਿਚ ਚੈਟਰਜੀ ਨੇ ਹਮੇਸ਼ਾ ਆਪਣੇ ਦੁੱਖ ਦਰਦ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਿਆਂ ਆਪਣੀ ਕਵਿਤਾ ਦੀਆਂ ਲਹਿਰੀਆਂ ਨੂੰ ਜ਼ਿੰਦਾ ਰੱਖਿਆ। ਉਹ ਠੀਕ ਆਖਦੇ ਸਨ ਕਿ ਮੈਂ ਸ਼ਬਦਾਂ ਨੂੰ ਜ਼ਿੰਦਾ ਰੱਖਿਆ ਹੈ ਤੇ ਮੇਰੇ ਸ਼ਬਦ ਮੈਨੂੰ ਜ਼ਿੰਦਾ ਰੱਖਣਗੇ। ਜ਼ਿੰਦਗੀ ਦੇ ਗਹਿਰੇ ਅਰਥਾਂ ਨੂੰ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨ ਵਾਲੇ ਚੈਟਰਜੀ ਰੂਹਾਨੀ ਸ਼ਖ਼ਸੀਅਤ ਸਨ। ਸਟੇਜ ਦਾ ਨਾਟਕ ਹੋਵੇ ਜਾਂ ਫ਼ਿਲਮ ਦਾ ਪਰਦਾ ਜਾਂ ਸਟੇਜੀ ਕਵਿਤਾ, ਉਨ੍ਹਾਂ ਦਾ ਜਾਦੂ ਸਭ ਪਾਸੇ ਛਾ ਜਾਂਦਾ ਸੀ ਜੋ ਸਦਾ ਦਰਸ਼ਕਾਂ, ਸਰੋਤਿਆਂ ਅਤੇ ਪਾਠਕਾਂ ਦੇ ਸਿਰ ਚੜ੍ਹ ਬੋਲੇਗਾ।
ਸੰਪਰਕ: 94787-30156