ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਸੰਤੂਰ ਦੀ ਰੂਹ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਸ ਮਈ ਨੂੰ ਮੁੰਬਈ ਵਿਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਿਆ ਕਰਨਗੀਆਂ ਕਿ ਉਹ ਦਿਲ ’ਚ ਝਨਕਾਰ ਪੈਦਾ ਕਰਨ ਵਾਲੇ ਸੰਗੀਤਕਾਰ ਸਨ ਜਿਨ੍ਹਾਂ ਨੇ ਸੰਤੂਰ ਦੀ ਲੈਅ ਤੇ ਤਾਲ ਨਾਲ ਸੁਰ ਨੂੰ ਸਾਧਿਆ ਅਤੇ ਸੰਗੀਤ ਦੀ ਦੁਨੀਆ ਵਿਚ ਇਸ ਨੂੰ ਉੱਚਾ ਮੁਕਾਮ ਦਿਵਾਇਆ।
ਦਿੱਗਜ ਸੰਗੀਤਕਾਰ ਤੇ ਸੰਤੁੂਰ ਵਾਦਨ ਦਾ ਚਮਕਦਾ ਸਿਤਾਰਾ ਪੰਡਿਤ ਸ਼ਿਵ ਕੁਮਾਰ ਸ਼ਰਮਾ 84 ਵਰ੍ਹਿਆਂ ਦੀ ਉਮਰ ਵਿਚ ਉਸ ਵੇਲੇ ਇਸ ਦੁਨੀਆ ਤੋਂ ਰੁਖ਼ਸਤ ਹੋਏ ਹਨ ਜਦੋਂ ਅੱਜ ਭਾਵ ਪੰਦਰਾਂ ਤਾਰੀਖ਼ ਨੂੰ ਉਨ੍ਹਾਂ ਦਾ ਸ਼ੋਅ ਸੀ। ਉਹ ਉਮਰ ਨਾਲ ਸਬੰਧਿਤ ਕਈ ਬਿਮਾਰੀਆਂ ਤੋਂ ਪੀੜਤ ਸਨ ਅਤੇ ਦਿਲ ਦੇ ਦੌਰੇ ਕਾਰਨ ਉਹ ਚੱਲ ਵਸੇ।
1938 ਵਿਚ ਜੰਮੂ ਵਿਚ ਪੈਦਾ ਹੋਏ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ 13 ਵਰ੍ਹਿਆਂ ਦੀ ਉਮਰ ਵਿਚ ਹੀ ਸੰਤੂਰ ਅਤੇ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। 15 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਨੇ ਰੇਡੀਓ ਕਸ਼ਮੀਰ ’ਤੇ ਸੰਤੂਰ ਵਾਦਨ ਦਾ ਪ੍ਰੋਗਰਾਮ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿਚ ਉਹ ਇੰਨੇ ਮਕਬੂਲ ਹੋ ਗਏ ਕਿ ਦੁਨੀਆ ਭਰ ’ਚ ਸ਼ੋਅ ਅਤੇ ਫਿਲਮਾਂ ਕਾਰਨ ਉਸਤਾਦਾਂ ਦੀ ਸ਼੍ਰੇਣੀ ਵਿਚ ਆ ਗਏ। ਸ਼ਿਵ ਤੇ ਹਰੀ (ਪੰਡਿਤ ਹਰੀ ਪ੍ਰਸਾਦ ਚੌਰਸੀਆ) ਦੀ ਜੋੜੀ ਦੀ ਜੁਗਲਬੰਦੀ ’ਤੇ ਸਰੋਤੇ ਮੰਤਰ-ਮੁਗਧ ਹੋ ਜਾਂਦੇ ਸਨ।
ਪੰਡਿਤ ਸ਼ਿਵ ਕੁਮਾਰ ਸ਼ਰਮਾ ਸੰਤੂਰ ਨੂੰ ਹਮੇਸ਼ਾ ਰੂਹ ਦੀ ਖੁਰਾਕ ਤੇ ਤਾਜ਼ਗੀ ਦਾ ਸਰੋਤ ਮੰਨਦੇ ਸਨ। ਆਪਣੀਆਂ ਸਾਰੀਆਂ ਮੁਲਾਕਾਤਾਂ ਵਿਚ ਪੰਡਿਤ ਸ਼ਰਮਾ ਨੇ ਦੱਸਿਆ ਸੀ ਕਿ ਸੰਤੂਰ ਉਨ੍ਹਾਂ ਦੇ ਮਨ ਦਾ ਸਕੂਨ ਦਿੰਦੀ ਹੈ ਅਤੇ ਇਸ ਨੇ ਉਨ੍ਹਾਂ ਨੂੰ ਮੁੰਬਈ ਤੇ ਪੂਰੀ ਦੁਨੀਆ ਵਿਚ ਰੁਤਬਾ ਬਖ਼ਸ਼ਿਆ ਹੈ। ਇਹ ਰੱਬ ਦੀ ਦਾਤ ਹੈ। ਮੁਲਾਕਾਤ ਦੌਰਾਨ ਉਨ੍ਹਾਂ ਨੇ ਕਿਹਾ, ‘‘ਮੈਂ ਸਿਰਫ਼ 500 ਰੁਪਏ ਲੈ ਕੇ ਮੁੰਬਈ ਆਇਆ ਸੀ। ਮੈਂ ਜ਼ਿੰਦਗੀ ਦਾ ਜੂਆ ਖੇਡਿਆ ਸੀ ਤੇ ਪਾਸਾ ਸਿੱਧਾ ਪੈ ਗਿਆ। ਇਹ ਰੱਬ ਦੀ ਕ੍ਰਿਪਾ ਸੀ।’’
ਮੈਨੂੰ ਯਾਦ ਹੈ ਕਿ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੂਣੇ ਵਿਖੇ ਆਪਣੀ ਪੜ੍ਹਾਈ ਦੇ ਦਿਨਾਂ ਵਿਚ ਉਨ੍ਹਾਂ ਨੇ ਇਕ ਵਿਸ਼ੇਸ਼ ਰੂ-ਬ-ਰੂ ਵਿਚ ਕਿਹਾ ਸੀ, ‘‘ਜ਼ਿੰਦਗੀ ਮੇਰੇ ਲਈ ਕਦੇ ਵੀ ਆਸਾਨ ਨਹੀਂ ਰਹੀ ਪਰ ਮੈਂ ਵੀ ਕਦੇ ਹਾਰ ਨਹੀਂ ਮੰਨੀ। ਮੈਨੂੰ ਕਈ ਵਾਰੀ ਮੁੰਬਈ ਵਿਚ ਭੁੱਖਿਆਂ ਸੌਣਾ ਪਿਆ ਪਰ ਉਹ ਮੈਨੂੰ ਹੀ ਪਤਾ ਸੀ।’’ ਪੰਡਿਤ ਸ਼ਿਵ ਕੁਮਾਰ ਸ਼ਰਮਾ ਸਦਾ ਆਖਦੇ ਸਨ ਕਿ ਜ਼ਿੰਦਗੀ ਕਦੇ ਵੀ ਸਿੱਧੀ ਲੀਹ ’ਤੇ ਨਹੀਂ ਤੁਰਦੀ ਪਰ ਹਮੇਸ਼ਾ ਮਿਹਨਤ ਦੀ ਜਿੱਤ ਹੁੰਦੀ ਹੈ।
ਮੈਨੂੰ ਯਾਦ ਹੈ ਕਿ ਚੰਡੀਗੜ੍ਹ ਦੂਰਦਰਸ਼ਨ ਵਿਖੇ ਇਕ ਮੁਲਾਕਾਤ ਵਿਚ ਉਨ੍ਹਾਂ ਨੇ ਬੜਾ ਤਿੱਖਾ ਸੱਚ ਵੀ ਬਿਆਨ ਕੀਤਾ ਸੀ- ‘‘ਮੈਂ ਇਕ ਸਾਧਨ ਤੇ ਸਾਧਕ ਹਾਂ। ਉਸ ਦੀ ਰਜ਼ਾ ਅਤੇ ਮਿਹਰਬਾਨੀ ਸਦਕਾ ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਉਹ ਖ਼ੁਦ ਮੇਰੇ ਪੋਟਿਆਂ ਵਿਚ ਮੌਜੂਦ ਹੁੰਦਾ ਹੈ। ਇਸ ਵਜਦ ਵਿਚ ਮੈਂ ਕੀ ਵਜਾਉਂਦਾ ਹਾਂ ਤੇ ਸੰਤੂਰ ਦੀ ਝਨਕਾਰ ’ਚ ਕੌਣ ਤਾੜੀਆਂ ਵਜਾਉਂਦਾ ਹੈ। ਇਹ ਅਦਭੁੱਤ ਹੈ। ਮੈਂ ਸ਼ਬਦਾਂ ’ਚ ਇਸ ਨੂੰ ਬਿਆਨ ਨਹੀਂ ਕਰ ਸਕਦਾ। ਇਹ ਮਾਂ ਸਰਸਵਤੀ ਦਾ ਵਰਦਾਨ ਹੈ ਜਿਸ ਨੂੰ ਮੈਂ ਆਪਣੇ ਹੱਥਾਂ ਵਿਚ ਮਹਿਸੂਸ ਕੀਤਾ ਹੈ।’’
ਹਿੰਦੀ ਫ਼ਿਲਮ ਸੰਸਾਰ ਬਾਰੇ ਉਹ ਬੜੀ ਸਾਫ਼ਗੋਈ ਨਾਲ ਕਹਿੰਦੇ ਸਨ ਕਿ ਉਹ ਇਸ ’ਤੇ ਸਮਾਂ ਬਰਬਾਦ ਨਹੀਂ ਕਰਦੇ। ਫਿਰ ਵੀ ਪੰਡਿਤ ਸ਼ਰਮਾ ਨੇ ਬੌਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਆਪਣੇ ਸੰਗੀਤ ਦਾ ਜਾਦੂ ਜਗਾਇਆ। 1955 ਵਿਚ ਆਈ ਫ਼ਿਲਮ ‘ਝਨਕ-ਝਨਕ ਪਾਇਲ ਬਾਜੇ’ ਰਾਹੀਂ ਉਹ ਫ਼ਿਲਮ ਉਦਯੋਗ ’ਚ ਆਏ। ਇਸ ਫ਼ਿਲਮ ’ਚ ਉਨ੍ਹਾਂ ਨੇ ਪਿੱਠਵਰਤੀ ਸੰਗੀਤ ਦਿੱਤਾ ਸੀ। ਸੰਤੂਰ ਦਾ ਇਹ ਜਾਦੂ ਅਜਿਹਾ ਬਿਖਰਿਆ ਕਿ ਸ਼ਿਵ ਕੁਮਾਰ ਸ਼ਰਮਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸ਼ਿਵ-ਹਰੀ ਦੀ ਜੋੜੀ ਨੇ ਉਹ ਸੰਗੀਤ ਦਿੱਤਾ ਜੋ ਅੱਜ ਵੀ ਅਮਰ ਹੈ। ਮਿਸਾਲ ਵਜੋਂ, ਚਾਂਦਨੀ ਫ਼ਿਲਮ ਦੇ ਗੀਤ ‘ਮੇਰੇ ਹਾਥੋਂ ਮੇਂ ਨੌਂ ਨੌਂ ਚੂੜੀਆਂ ਹੈਂ’ ’ਚ ਕਮਾਲ ਦਾ ਸੰਗੀਤ ਸੀ।
ਉਨ੍ਹਾਂ ਦੀ ਮੌਤ ਨਾਲ ਸਾਂਝੀ ਵਿਰਾਸਤੀ ਸੰਗੀਤ ਪਰੰਪਰਾ ਦਾ ਇਕ ਸਿਤਾਰਾ ਅਸਤ ਹੋ ਗਿਆ। ‘ਚਾਂਦਨੀ’ ਤੇ ‘ਸਿਲਸਿਲਾ’ ਵਰਗੀਆਂ ਫ਼ਿਲਮਾਂ ਤੋਂ ਬਿਨਾਂ ਕਈ ਦਰਜਨ ਸੰਗੀਤਕ ਐਲਬਮਾਂ ਰਾਹੀਂ ਉਹ ਪੂਰੀ ਦੁਨੀਆ ਦੇ ਸੰਗੀਤ ਪ੍ਰੇਮੀਆਂ ਦੇ ਮਨਾਂ ’ਤੇ ਛਾਏ ਰਹੇ।
ਕਲਾ, ਸੰਗੀਤ ਵਿਚ ਅਦੁੱਤੀ ਯੋਗਦਾਨ ਲਈ ਉਨ੍ਹਾਂ ਨੂੰ ਅਨੇਕਾਂ ਪੁਰਸਕਾਰ ਵੀ ਦਿੱਤੇ ਗਏ। ਸ਼ਿਵ ਕੁਮਾਰ ਸ਼ਰਮਾ ਦਾ ਜਨਮ ਜੰਮੂ ਵਿਚ 13 ਜਨਵਰੀ 1938 ਨੂੰ ਪੰਡਿਤ ਉਮਾ ਦੱਤ ਸ਼ਰਮਾ ਦੇ ਘਰ ਵਿਚ ਹੋਇਆ। ਉਹ ਕਹਿੰਦੇ ਸਨ ਕਿ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਿਆਂ ਕਰਨ ਲਈ ਉਹ ਸੰਤੂਰ ਦੀ ਝਨਕਾਰ ਵਿਚ ਖੋ ਗਏ ਤੇ ਹੁਣ ਇਹ ਹੀ ਜ਼ਿੰਦਗੀ ਹੈ।
ਜੰਮੂ ਨਾਲ ਉਨ੍ਹਾਂ ਦੇ ਮਨ ਵਿਚ ਵਸਿਆ ਹੋਇਆ ਸੀ। ਆਪਣੇ ਜੰਮੂ ਪਰਵਾਸ ਦੇ ਦਿਨਾਂ ’ਚ ਮੈਨੂੰ ਕਈ ਵਾਰੀ ਉਨ੍ਹਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਜੋ ਮੇਰੇ ਲਈ ਅਦਭੁੱਤ ਸਮਾਂ ਸੀ ਪੰਡਿਤ ਜੀ ਦੀ ਵਿਰਾਸਤ ਦੀ ਸ਼ੁਰੂਆਤ ਨੂੰ ਸਮਝਣ ਲਈ। ਇੱਥੇ ਇਹ ਵਰਣਨਯੋਗ ਹੈ ਕਿ ਜੰਮੂ ਦੀ ਡੋਗਰੀ ਭਾਸ਼ਾ ਅਤੇ ਪੰਜਾਬੀ ਲਈ ਉਨ੍ਹਾਂ ਦੇ ਦਿਲ ਵਿਚ ਅਥਾਹ ਪਿਆਰ ਸੀ। ਡੋਗਰੀ ਭਾਸ਼ਾ ਦੀਆਂ ਪੁਰਾਣੀਆਂ ਲੋਕ-ਧੁਨਾਂ ਨੂੰ ਉਨ੍ਹਾਂ ਆਪਣੇ ਅੰਦਾਜ਼ ਵਿਚ ਸੰਤੂਰ ਦੀਆਂ ਸਵਰ ਲਹਿਰੀਆ ਦੀਆਂ ਬੰਦਿਸ਼ਾਂ ’ਚ ਲੈਅ ’ਚ ਪਰੋਇਆ ਸੀ ਜੋ ਹੈਰਾਨੀਜਨਕ ਪ੍ਰਯੋਗ ਸੀ।
ਉਨ੍ਹਾਂ ਦੇ ਦੇਹਾਂਤ ਕਾਰਨ ਸੰਗੀਤਕ ਸਫ਼ਾਂ ’ਚ ਬੇਹੱਦ ਉਦਾਸੀ ਹੈ। ਉਨ੍ਹਾਂ ਦੇ ਦੋ ਬੇਟੇ ਹਨ ਜਿਨ੍ਹਾਂ ’ਚੋਂ ਇਕ ਰਾਹੁਲ ਸੰਤੂਰ ਵਾਦਕ ਹੈ। 1996 ਤੋਂ ਉਹ ਕਦੇ-ਕਦੇ ਉਨ੍ਹਾਂ ਨਾਲ ਸੰਤੂਰ ਵਜਾਉਂਦਾ ਰਿਹਾ ਹੈ।
1955 ਦੀ ਵੀ. ਸ਼ਾਂਤਾਰਾਮ ਦੀ ਫ਼ਿਲਮ ‘ਝਨਕ-ਝਨਕ ਪਾਇਲ ਬਾਜੇ’ ਤੋਂ ਬਾਅਦ 1960 ਤੇ 1967 ਵਿਚ ਇਕ ਦਿਲਫ਼ਰੇਬ ਸੰਗੀਤ ਐਲਬਮ ‘ਕਾਲ ਦਿ ਵੈਲੀ’ ਨੇ ਪੂਰੀ ਦੁਨੀਆਂ ਵਿਚ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੂੰ ਪ੍ਰਸਿੱਧ ਕਰ ਦਿੱਤਾ ਸੀ। ਬਾਅਦ ਵਿਚ 1985 ’ਚ ਫ਼ਾਸਲੇ, 1989 ’ਚ ਚਾਂਦਨੀ ਤੇ 1991 ’ਚ ਲੰਮਹੇ ਵਰਗੀਆਂ ਸ਼ਾਨਦਾਰ ਫ਼ਿਲਮਾਂ ’ਚ ਸੰਗੀਤ ਵਿਸ਼ੇਸ਼ਕਰ ਸੰਤੂਰ ਦੀ ਜਗ੍ਹਾ ਬਣਾਈ। ਫਿਲਮ ‘ਡਰ’ ’ਚ ਵੀ ਉਨ੍ਹਾਂ ਸੰਗੀਤ ਦਿੱਤਾ ਸੀ।
ਉਨ੍ਹਾਂ ਦੇ ਸੰਗੀਤਕ ਲੰਮਹੇ ਤੇ ਸੰਤੂਰ ਦੀ ਝਨਕਾਰ ਸਦਾ ਅਮਰ ਰਹਿਣਗੇ ਕਿਉਂਕਿ ਉਨ੍ਹਾਂ ਵਰਗਾ ਕੋਈ ਹੋਰ ਨਹੀਂ ਹੈ। ਅੱਜ ਸੰਤੂਰ ਉਦਾਸ ਹੈ ਤੇ ਜੰਮੂ ਸਮੇਤ ਭਾਰਤ ਦੇ ਸੰਗੀਤਕ ਖੇਤਰ ਦਾ ਅਦਭੁੱਤ ਪ੍ਰਯੋਗ ਵੀ ਉਦਾਸ ਹੈ।
(ਲੇਖਕ ਉੱਘੇ ਬ੍ਰਾਡਕਾਸਟਰ ਤੇ ਦੂਰਦਰਸ਼ਨ ਦੇ ਉਪ ਮਹਾਨਿਦੇਸ਼ਕ ਰਹੇ ਹਨ)
ਸੰਪਰਕ: 94787-30156