ਸ਼ਵਿੰਦਰ ਕੌਰ
ਦੂਰ ਦੀ ਰਿਸ਼ਤੇਦਾਰੀ ਵਿਚੋਂ ਮਿਲਣ ਇੱਕ ਪਰਿਵਾਰ ਘਰੇ ਆਇਆ ਹੋਇਆ ਸੀ। ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚੇ। ਛੋਟਾ ਤਿੰਨ ਕੁ ਸਾਲ ਤੇ ਦੂਜਾ ਕੋਈ ਛੇ ਸਾਲ ਦਾ ਸੀ। ਸ਼ਾਮ ਦਾ ਸਮਾਂ ਸੀ। ਸਾਹਮਣੇ ਪਾਰਕ ਵਿਚ ਬੱਚਿਆਂ ਨੇ ਪੂਰੀ ਰੌਣਕ ਲਾਈ ਹੋਈ ਸੀ। ਕੱਟਿਆ ਹੋਇਆ ਘਾਹ, ਕਿਆਰੀਆਂ ਵਿਚ ਤਰਤੀਬ ਨਾਲ ਲੱਗੇ ਬੂਟਿਆਂ ਤੇ ਖਿੜੇ ਰੰਗ ਬਰੰਗੇ ਫੁੱਲਾਂ ਨਾਲ ਖੇਡਦੇ ਫੁੱਲਾਂ ਵਰਗੇ ਬੱਚੇ ਅਤੇ ਚੰਗੀ ਤਰ੍ਹਾਂ ਸਾਫ਼ ਕੀਤਾ ਪਾਰਕ ਸੁਘੜ ਮਾਲੀ ਦੀ ਮਿਹਨਤ ਦੀ ਗਵਾਹੀ ਆਪ ਭਰ ਰਿਹਾ ਸੀ।
ਬਾਲਕੋਨੀ ਵਿਚ ਆ ਕੇ ਖੜ੍ਹੇ ਹੋਏ ਤਾਂ ਘਰ ਦੇ ਸਾਹਮਣੇ ਪਾਰਕ ਵਿਚ ਖੇਡਦੇ ਬੱਚਿਆਂ ਨੂੰ ਤੱਕ ਕੇ ਉਨ੍ਹਾਂ ਦਾ ਪੁੱਤਰ ਵੀ ਉੱਥੇ ਜਾਣ ਦੀ ਜਿ਼ੱਦ ਕਰਨ ਲੱਗਾ। ਬੱਚੇ ਨੂੰ ਜਿ਼ੱਦ ਕਰਦਾ ਦੇਖ ਮੈਂ ਕਿਹਾ, “ਚਲੋ ਆਪਾਂ ਇਹਨੂੰ ਪਾਰਕ ਵਿਚ ਗੇੜਾ ਲਵਾ ਲਿਆਉਂਦੇ ਆਂ।”
“ਨਾ ਜੀ, ਇਹ ਪੈਰਾਂ ਨੂੰ ਮਿੱਟੀ ਲਵਾ ਕੇ ਪੈਰ ਗੰਦੇ ਕਰ ਲਊ। ਅਹੁ ਦੇਖੋ ਝੂਲਿਆਂ ਤੇ ਪੀਂਘਾਂ ਥੱਲੇ ਕਿਵੇਂ ਮਿੱਟੀ ਇਕੱਠੀ ਹੋਈ ਹੈ। ਐਵੇਂ ਕੱਪੜੇ ਗੰਦੇ ਕਰ ਲਊਗਾ।”
ਮੀਂਹ ਪੈਣ ਕਰ ਕੇ ਸਾਰੇ ਪਾਰਕ ਵਿਚ ਵਾਹਵਾ ਸੰਘਣਾ ਘਾਹ ਉੱਗਿਆ ਹੋਇਆ ਸੀ। ਕਟਾਈ ਹੋਣ ਕਰ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪਾਰਕ ਵਿਚ ਹਰੇ ਰੰਗ ਦਾ ਗਲੀਚਾ ਵਿਛਿਆ ਹੋਵੇ। ਮੈਂ ਇੱਕ ਵਾਰ ਫਿਰ ਘਾਹ ਉੱਪਰ ਹੀ ਖੇਡਣ ਦੀ ਦਲੀਲ ਦੇ ਕੇ ਬੱਚੇ ਨੂੰ ਬੱਚਿਆਂ ਵਿਚ ਜਾ ਕੇ ਚਾਰ ਕਿਲਕਾਰੀਆਂ ਮਾਰ ਦੇਣ ਦੀ ਖੁਸ਼ੀ ਦਾ ਇਜ਼ਹਾਰ ਕਰ ਲੈਣ ਦੀ ਗੱਲ ਆਖੀ ਪਰ ਉਹ ਟੱਸ ਤੋਂ ਮੱਸ ਨਾ ਹੋਈ।
… ਮੈਨੂੰ ਆਪਣਾ ਬਚਪਨ ਯਾਦ ਆ ਗਿਆ, ਜਦੋਂ ਰਿੜ੍ਹਨ ਲੱਗਣ ਤੋਂ ਲੈ ਕੇ ਸਾਰਾ ਬਚਪਨ ਮਿੱਟੀ ਵਿਚ ਖੇਡਦਿਆਂ ਬੀਤਿਆ ਸੀ। ਅਸੀਂ ਜਿੱਥੇ ਕਿਤੇ ਮਿੱਟੀ ਦਾ ਢੇਰ ਲੱਗਿਆ ਦੇਖਣਾ, ਝੱਟ ਉਸ ਵਿਚੋਂ ਗਿੱਲੀ ਮਿੱਟੀ ਕੱਢ ਕੇ ਪੈਰ ’ਤੇ ਥੱਪ ਥੱਪ ਘਰ ਬਣਾਉਣ ਲੱਗ ਜਾਣਾ। ਕਦੇ ਮਾਵਾਂ ਦੀ ਗੁੰਨ੍ਹ ਕੇ ਰੱਖੀ ਚੀਕਣੀ ਮਿੱਟੀ ਦੇ ਖਿਡੌਣੇ ਬਣਾਉਣ ਲੱਗ ਪੈਣਾ। ਨਾ ਕਦੇ ਘਰਦਿਆਂ ਨੇ ਮਿੱਟੀ ਨਾਲ ਖੇਡਣ ਤੋਂ ਵਰਜਿਆ ਸੀ ਤੇ ਨਾ ਹੀ ਮਿੱਟੀ ਨਾਲ ਗੰਦੇ ਹੋਣ ਦਾ ਡਰ ਸਤਾਉਂਦਾ ਸੀ।
ਅਸੀਂ ਮਿੱਟੀ ਤੋਂ ਬਣੇ ਕੱਚੇ ਘਰਾਂ ਵਿਚ ਹੀ ਰਹਿੰਦੇ ਰਹੇ ਸਾਂ। ਲਿੱਪੇ ਪੋਚੇ ਘਰਾਂ ਨੂੰ ਵਿਚ ਜਦੋਂ ਛੱਪੜ ਵਿਚੋਂ ਕੱਢ ਕੇ ਲਿਆਂਦੀ ਚੀਕਣੀ ਮਿੱਟੀ ਘੋਲ ਕੇ ਪਰੋਲਾ ਅੰਦਰ, ਬਾਹਰ ਕੰਧਾਂ ’ਤੇ ਮਾਰਿਆ ਜਾਂਦਾ ਸੀ ਤਾਂ ਉਸ ਵਿਚੋਂ ਆਉਂਦੀ ਮਿੱਟੀ ਦੀ ਮਹਿਕ ਅਜੇ ਵੀ ਦਿਲ ਦਿਮਾਗ ਵਿਚ ਵਸੀ ਹੋਈ ਹੈ।
ਕਿਰਤੀਆਂ ਦੇ ਬੱਚੇ ਤਾਂ ਅਜੇ ਵੀ ਮਿੱਟੀ ਵਿਚ ਰੁਲਦੇ ਪਲਦੇ ਹਨ। ਮਾਂ ਬਾਪ ਸਾਰਾ ਦਿਨ ਕੰਮ ਕਰਦੇ ਹਨ ਤੇ ਉਹ ਉੱਥੇ ਸਾਰਾ ਦਿਨ ਮਿੱਟੀ ਵਿਚ ਹੀ ਖੇਡਦੇ ਰਹਿੰਦੇ ਹਨ। ਸੜਕਾਂ ’ਤੇ ਕੰਮ ਕਰਦੀਆਂ ਲੱਖਾਂ ਔਰਤਾਂ ਸੜਕਾਂ ਕੰਢੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ, ਉੱਥੇ ਹੀ ਮਿੱਟੀ ਵਿਚ ਖੇਡਦੇ ਵੱਡੇ ਹੋ ਜਾਂਦੇ ਹਨ ਤੇ ਫਿਰ ਇੱਕ ਦਿਨ ਉਨ੍ਹਾਂ ਹੀ ਸੜਕਾਂ ’ਤੇ ਕੰਮ ਕਰਨ ਲੱਗ ਜਾਂਦੇ ਹਨ। ਆਧੁਨਿਕ ਵਿਗਿਆਨਕ ਖੋਜਾਂ ਮੁਤਾਬਿਕ ਮਿੱਟੀ ਸਾਡੀ ਰੋਗ ਨਾਲ ਲੜਨ ਦੀ ਸ਼ਕਤੀ ਦਾ ਵਿਕਾਸ ਕਰਦੀ ਹੈ। ਜੋ ਬੱਚੇ ਧੂੜ ਮਿੱਟੀ ਵਿਚ ਖੇਡਦੇ ਹਨ, ਉਹ ਬਿਮਾਰ ਹੋਣ ’ਤੇ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਜਲਦੀ ਤੰਦਰੁਸਤ ਹੋ ਜਾਂਦੇ ਹਨ ਜੋ ਮਿੱਟੀ ਨੂੰ ਛੋਂਹਦੇ ਤੱਕ ਨਹੀਂ।
ਮਨੁੱਖ ਅਤੇ ਮਿੱਟੀ ਦਾ ਰਿਸ਼ਤਾ ਮਨੁੱਖੀ ਹੋਂਦ ਜਿਨ੍ਹਾ ਪੁਰਾਣਾ ਹੈ। ਮਨੁੱਖੀ ਸਰੀਰ ਲਈ ਜ਼ਰੂਰੀ ਮੰਨੇ ਜਾਂਦੇ ਪੰਜ ਤੱਤਾਂ ਵਿਚੋਂ ਮਿੱਟੀ ਇੱਕ ਹੈ। ਬੰਦੇ ਦਾ ਸਾਰਾ ਜੀਵਨ ਮਿੱਟੀ ਸੰਗ ਹੀ ਤਾਂ ਬੀਤਦਾ ਰਿਹਾ ਹੈ। ਬਚਪਨ ਵਿਚ ਮਿੱਟੀ ਦੇ ਘਰ ਬਣਾਉਂਦੇ, ਜੁਆਨ ਹੋ ਕੇ ਮਿੱਟੀ ਵਿਚ ਕੁਸ਼ਤੀਆਂ ਕਰਦੇ, ਕੌਡੀ ਖੇਡਦੇ ਆਪਣੀ ਜਵਾਨੀ ਦੇ ਜੌਹਰ ਦਿਖਾਉਂਦੇ ਰਹੇ ਹਨ। ਲੜਕੀਆਂ ਦੀਆਂ ਬਣਾਈਆਂ ਮਿੱਟੀ ਦੀਆਂ ਕਲਾਕ੍ਰਿਤਾਂ ਮੂੰਹੋਂ ਬੋਲਦੀਆਂ ਸਨ। ਉਨ੍ਹਾਂ ਦੇ ਬਣਾਏ ਹਾਰੇ, ਹਾਰੀਆਂ, ਬ੍ਹੋਈਏ ਅਤੇ ਹੋਰ ਅਨੇਕਾਂ ਵਸਤੂਆਂ ’ਤੇ ਕੀਤੀ ਕਲਾਕਾਰੀ ਦਾ ਮੁਕਾਬਲਾ ਹੀ ਕੀ ਹੈ। ਇਹ ਕਿਰਤੀ ਮਿੱਟੀ ਵਿਚ ਹੀ ਬੀਜ ਬੀਜਦੇ, ਫਸਲਾਂ ਪਾਲਦੇ, ਦਾਣੇ ਕੱਢਦੇ ਲੁਕਾਈ ਦਾ ਢਿੱਡ ਭਰਦੇ ਰਹੇ ਹਨ ਤੇ ਹੁਣ ਵੀ ਭਰ ਰਹੇ ਹਨ। ਮਿੱਟੀ ਇਨ੍ਹਾਂ ਦੇ ਜੀਵਨ ਨਿਰਬਾਹ ਦਾ ਹਿੱਸਾ ਹੈ।
ਇਸ ਮਿੱਟੀ ਨੂੰ ਮਾਂ ਦਾ ਦਰਜਾ ਦਿੰਦੇ ਇਸ ਮਿੱਟੀ ਦੇ ਜਾਏ ਮੁਲਕ ਨੂੰ ਵਿਦੇਸ਼ੀਆਂ ਤੋਂ ਮੁਕਤ ਕਰਾਉਣ ਲਈ ਹੱਸ ਹੱਸ ਜਾਨਾਂ ਵਾਰਦੇ ਰਹੇ। ਇਸ ਮਿੱਟੀ ਨੂੰ ਕਾਰਪੋਰੇਟਾਂ ਦੇ ਚੁਗਲ ਵਿਚੋਂ ਬਾਹਰ ਕੱਢਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਪਰਿਵਾਰਾਂ ਸਮੇਤ ਸਾਲ ਤੋਂ ਵੱਧ ਸਮਾਂ ਠੰਢੀਆਂ ਰਾਤਾਂ ਤੇ ਤਿੱਖੜ ਦੁਪਹਿਰਾਂ ਆਪਣੇ ਉੱਤੇ ਝੱਲਦੇ ਰਹੇ ਹਨ। ਮਿੱਟੀ ਅਤੇ ਮਨੁੱਖ ਦੀ ਸਾਂਝ ਉਨ੍ਹਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਰਹੀ ਹੈ।
ਪਰਦੇਸ ਗਏ ਧੀਆਂ ਪੁੱਤਾਂ ਨੂੰ ਜਨਮ ਭੋਇੰ ਦੀ ਮਿੱਟੀ ਦੀ ਯਾਦ ਹੀ ਵਾਪਸ ਮੁੜ ਫੇਰਾ ਪਾਉਣ ਨੂੰ ਮਜਬੂਰ ਕਰਦੀ ਹੈ। ਹੁਣ ਤਾਂ ਸੁੰਦਰਤਾ ਅਤੇ ਰੋਗਾਂ ਦੇ ਇਲਾਜ ਲਈ ਵੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਕੁਦਰਤੀ ਇਲਾਜ ਦੇ ਰੂਪ ਵਿਚ ਮੱਡਥਰੈਪੀ ਦੀ ਗੱਲ ਤੁਰੀ ਹੋਈ ਹੈ। ਆਧੁਨਿਕ ਯੁੱਗ ਦੇ ਹਾਣੀ ਆਪਣੇ ਹੱਥ, ਪੈਰ ਲਬਿੜਨ ਦੇ ਡਰੋਂ ਖੁਦ ਅਤੇ ਬੱਚਿਆਂ ਨੂੰ ਮਿੱਟੀ ਛੂਹਣ ਤੋਂ ਡਰਦੇ ਹਾਂ! ਆਖ਼ਰ ਸਭ ਨੇ ‘ਮਾਟੀ ਮਾਟੀ ਹੋਈ ਏਕ’ ਵਾਂਗ ਮਿੱਟੀ ਵਿਚ ਮਿਲ ਜਾਣਾ ਹੈ। ਬਾਬਾ ਫਰੀਦ ਜੀ ਨੇ ‘ਫਰੀਦਾ ਖਾਕੁ ਨਾ ਨਿੰਦੀਐ ਖਾਕੁ ਜੇਡੁ ਨ ਕੋਇ॥ ਜੀਵਦਿਆ ਪੈਰਾ ਤਲੈ ਮੁਇਆ ਓਪਰਿ ਹੋਇ॥’ ਉਚਾਰ ਕੇ ਮਿੱਟੀ ਦੀ ਮਹਾਨਤਾ ਦਰਸਾਈ। ਉਹ ਕਹਿੰਦੇ ਹਨ ਕਿ ਮਿੱਟੀ ਦਾ ਮੁੱਲ ਅਸੀਂ ਦੇ ਹੀ ਨਹੀਂ ਸਕਦੇ। ਅਸੀਂ ਹਮੇਸ਼ਾ ਇਸ ਦੇ ਕਰਜ਼ਦਾਰ ਰਹਿੰਦੇ ਹਾਂ, ਇਹ ਜਿਊਂਦਿਆਂ ਦੇ ਪੈਰਾਂ ਹੇਠ ਨਿਮਾਣੀ ਹੋ ਕੇ ਰਹਿੰਦੀ ਹੈ ਤੇ ਮੋਇਆ ਉੱਪਰ ਪਰਦਾ ਕਰਦੀ ਹੈ।
ਇਹ ਮਿੱਟੀ ਮਹਿਕਾਂ ਵੰਡਦੀ ਰਹੇਗੀ। ਪੰਜਾਬੀ ਜਨ-ਜੀਵਨ ਦੇ ਰੋਮ ਰੋਮ ਵਿਚ ਇਸ ਦੀ ਮਹਿਕ ਸਮਾਈ ਰਹੇਗੀ ਅਤੇ ਉਹ ਹਮੇਸ਼ਾ ਇਸ ਮਿੱਟੀ ਦੀ ਸਲਾਮਤੀ ਦੀ ਦੁਆ ਕਰਦੇ ਰਹਿਣਗੇ। ਉੱਘੇ ਸ਼ਾਇਰ ਸਰਦਾਰ ਅੰਜੁਮ ਨੇ ਲਿਖਿਆ ਹੈ:
ਕਰੋ ਦੁਆ ਕਦੇ ਇਸ ਮਿੱਟੀ ’ਤੇ ਉਹ ਮੌਸਮ ਨਾ ਆਵੇ,
ਇਸ ’ਚੋਂ ਉਗਿਆ ਹਰ ਕੋਈ ਸੂਰਜ ਕਾਲ਼ਖ ਹੀ ਬਣ ਜਾਵੇ।
ਰੱਬ ਦੇ ਘਰ ’ਚੋਂ ਅੰਜੁਮ ਆਈ ਇਹ ਚਿੱਠੀ ਹੈ।
ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਹੈ।
ਸੰਪਰਕ: 76260-63596