ਕੇ.ਪੀ. ਸਿੰਘ
ਮੇਰੇ ਇੱਕ ਸਤਿਕਾਰਤ ਸੇਵਾਮੁਕਤ ਅਧਿਆਪਕ ਨੇ ਆਪਣੀ ਨੌਕਰੀ ਦੇ ਦੌਰਾਨ ਦੀ ਇੱਕ ਦਿਲਚਸਪ ਘਟਨਾ ਮੇਰੇ ਨਾਲ ਸਾਂਝੀ ਕੀਤੀ ਜੋ ਮੈਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਕਰੀਬ ਦਸ ਸਾਲ ਪਹਿਲਾਂ ਨੌਕਰੀ ਤੋਂ ਰਿਟਾਇਰ ਹੋਏ ਸੁਭਾਸ਼ ਚੰਦਰ ਨੇ ਦੱਸਿਆ ਕਿ ਜਿਸ ਸਰਕਾਰੀ ਸਕੂਲ ਵਿੱਚ ਉਹ ਪੜ੍ਹਾਉਂਦੇ ਸਨ ਉੱਥੋਂ ਦਾ ਚਪੜਾਸੀ ਨੇਕ ਚੰਦ ਸਿੱਧਾ ਜਿਹਾ ਵਿਅਕਤੀ ਸੀ। ਸਟਾਫ਼ ਵਿੱਚ ਉਸ ਨੂੰ ਭੋਲੇ ਬੰਦੇ ਵਜੋਂ ਜਾਣਿਆ ਜਾਂਦਾ ਸੀ। ਕਦੀ ਕਦਾਈਂ ਨੇਕ ਚੰਦ ਸਟਾਫ਼ ਮੈਂਬਰਾਂ ਕੋਲੋਂ 10-20 ਰੁਪਏ ਮੰਗ ਲੈਂਦਾ ਸੀ ਅਤੇ ਦੇਣ ਵਾਲਾ ਵੀ ਉਹ ਪੈਸੇ ਕਦੇ ਵਾਪਸ ਨਹੀਂ ਸੀ ਮੰਗਦਾ। ਦਰਅਸਲ, ਤਨਖ਼ਾਹ ਤਾਂ ਨੇਕ ਰਾਜ ਦੀ 25 ਹਜ਼ਾਰ ਦੇ ਕਰੀਬ ਸੀ ਪਰ ਜਦੋਂ ਵੀ ਉਸ ਨੂੰ ਤਨਖ਼ਾਹ ਮਿਲਦੀ ਉਹ ਪੂਰੀ ਦੀ ਪੂਰੀ ਘਰਵਾਲੀ ਦੇ ਹੱਥ ’ਤੇ ਧਰ ਦਿੰਦਾ। ਮਹੀਨਾ ਭਰ ਉਸ ਦੀ ਜੇਬ ਖ਼ਾਲੀ ਹੀ ਰਹਿੰਦੀ। ਏਨੀ ਹਿੰਮਤ ਨਾ ਕਰਦਾ ਕਿ ਘਰਵਾਲੀ ਕੋਲੋਂ ਸੌ-ਪੰਜਾਹ ਲੈ ਕੇ ਜੇਬ ਵਿੱਚ ਰੱਖ ਲਵੇ। ਇੱਕ ਦਿਨ ਨੇਕ ਚੰਦ ਨੇ ਸੁਭਾਸ਼ ਚੰਦਰ ਤੋਂ ਇਹ ਕਹਿ ਕੇ 10 ਰੁਪਏ ਦੀ ਮੰਗ ਕੀਤੀ ਕਿ ਅੱਜ ਉਸ ਦਾ ਦਿਲ ਸਕੂਲ ਦੇ ਬਾਹਰ ਲੱਗੀ ਰੇਹੜੀ ਤੋਂ ਬੰਦ-ਛੋਲੇ ਖਾਣ ਦਾ ਹੈ। ਸੁਭਾਸ਼ ਚੰਦਰ ਨੇ 10 ਦਾ ਨੋਟ ਕੱਢ ਕੇ ਨੇਕ ਰਾਜ ਨੂੰ ਸੌਂਪਦਿਆਂ ਕਿਹਾ ਕਿ ਬੰਦ-ਛੋਲੇ ਖਾਣ ਮਗਰੋਂ ਗੱਲ ਸੁਣ ਕੇ ਜਾਵੇ।
ਕੁਝ ਦੇਰ ਮਗਰੋਂ ਨੇਕ ਚੰਦ ਬੰਦ ਛੋਲੇ ਖਾ ਕੇ ਸੁਭਾਸ਼ ਚੰਦਰ ਕੋਲ ਪਹੁੰਚਿਆ। ਸੁਭਾਸ਼ ਹੋਰਾਂ ਉਸ ਦੇ ਮੋਢੇ ’ਤੇ ਹੱਥ ਰੱਖ ਸਲਾਹ ਦਿੱਤੀ ਕਿ ਉਹ ਜੋ ਟੀਚਰਾਂ ਕੋਲੋਂ ਦੂਜੇ ਚੌਥੇ 5-10 ਰੁਪਏ ਮੰਗਦਾ ਰਹਿੰਦਾ ਹੈ, ਇੰਜ ਨਾ ਕਰਿਆ ਕਰੇ। ਉਨ੍ਹਾਂ ਨੇਕ ਚੰਦ ਨੂੰ ਸਲਾਹ ਦਿੰਦਿਆਂ ਕਿਹਾ ਕਿ ਹੁਣ ਜਦੋਂ ਵੀ ਤਨਖ਼ਾਹ ਮਿਲੇ ਤਾਂ 2-3 ਹਜ਼ਾਰ ਵੱਖਰੇ ਰੱਖ ਲਵੇ ਅਤੇ ਬਾਕੀ ਘਰਵਾਲੀ ਨੂੰ ਦੇ ਦੇਵੇ। ਨਾਲ ਹੀ ਕਹਿ ਦੇਵੇ ਕਿ ਹੁਣ ਤਨਖ਼ਾਹ ਇੰਨੀ ਹੀ ਮਿਲਣੀ ਹੈ ਕਿਉਂਕਿ ਕੱਲ੍ਹ ਨੂੰ ਰਿਟਾਇਰ ਹੋਣ ਮਗਰੋਂ ਮਿਲਣ ਵਾਲੀ ਪੈਨਸ਼ਨ ਲਈ ਟੈਕਸ ਦੀ ਕਟੌਤੀ ਹੁੰਦੀ ਹੈ।
ਨੇਕ ਚੰਦ ਨੂੰ ਗੱਲ ਜਚ ਗਈ। ਕੁਝ ਦਿਨ ਮਗਰੋਂ ਮਹੀਨਾ ਮੁੱਕ ਗਿਆ ਅਤੇ ਨੇਕ ਚੰਦ ਨੂੰ ਤਨਖ਼ਾਹ ਮਿਲ ਗਈ। ਸੁਭਾਸ਼ ਚੰਦਰ ਨੇ ਨੇਕ ਚੰਦ ਨੂੰ ਯਾਦ ਕਰਵਾਇਆ ਕਿ ਓਵੇਂ ਹੀ ਕਰੇ ਜਿਵੇਂ ਉਸ ਨੂੰ ਆਖਿਆ ਸੀ। ਨੇਕ ਚੰਦ ਨੇ ਹਾਮੀ ਭਰ ਦਿੱਤੀ। ਅਗਲੇ ਦਿਨ ਸਕੂਲ ਪਹੁੰਚ ਕੇ ਸੁਭਾਸ਼ ਚੰਦਰ ਨੇ ਨੇਕ ਚੰਦ ਨੂੰ ਪੁੱਛਿਆ ਕਿ ਦੱਸੀ ਹੋਈ ਸਕੀਮ ਕੰਮ ਆ ਗਈ? “ਨਹੀਂ ਸਰ ਜੀ। ਗੱਲ ਬਣੀ ਨਹੀਂ।” ਨੇਕ ਚੰਦ ਨੇ ਢਿੱਲਾ ਜਿਹਾ ਮੂੰਹ ਬਣਾ ਕੇ ਜਵਾਬ ਦਿੱਤਾ।
“ਕਿਉਂ ਕੀ ਗੱਲ ਹੋਈ? ਹਿੰਮਤ ਨਹੀਂ ਪਈ ਤੇਰੀ ਏਦਾਂ ਝੂਠ ਬੋਲਣ ਦੀ?” ਸੁਭਾਸ਼ ਚੰਦਰ ਨੇ ਸੋਚਿਆ ਕਿ ਭੋਲੇ ਬੰਦੇ ਕੋਲੋਂ ਝੂਠ ਨਹੀਂ ਬੋਲਿਆ ਗਿਆ ਹੋਣਾ। “ਨਹੀਂ ਸਰ। ਝੂਠ ਬੋਲਣ ਵਾਲੀ ਤਾਂ ਗੱਲ ਹੀ ਨਹੀਂ। ਮੈਂ ਤਾਂ ਘਰਵਾਲੀ ਨੂੰ ਤੁਹਾਡੀ ਕਹੀ ਗੱਲ ਬੜੇ ਹੀ ਪਿਆਰ ਨਾਲ ਸਮਝਾਈ ਪਰ ਉਹ ਤਾਂ ਭੜਕ ਗਈ। ਕਹਿੰਦੀ ਕਿਹੜਾ ਟੁੱਟ ਪੈਣਾ ਮਾਸਟਰ ਏ ਸਕੂਲ ਵਿੱਚ ਜਿਹੜਾ ਤੈਨੂੰ ਅਜਿਹੀ ਕੁਮੱਤ ਦੇਂਦਾ। ਨਾਂ ਪੁੱਛਦੀ ਸੀ ਤੁਹਾਡਾ।” ਨੇਕ ਚੰਦ ਮਾਸੂਮੀਅਤ ਨਾਲ ਬੋਲਿਆ। “ਦੱਸਿਆ ਤਾਂ ਨਹੀਂ ਮੇਰਾ ਨਾਂ?” ਸੁਭਾਸ਼ ਚੰਦਰ ਨੇ ਘਬਰਾਉਂਦਿਆਂ ਕਿਹਾ। “ਨਹੀਂ ਸਰ ਜੀ। ਨਾਂਅ ਤਾਂ ਨਹੀਂ ਲਿਆ ਮੈਂ ਤੁਹਾਡਾ। ਏਨਾ ਹੀ ਕਿਹਾ ਕਿ ਸਕੂਲ ਦੇ ਇੱਕ ਸਰ ਜੀ ਨੇ ।” ਨੇਕ ਚੰਦ ਬੋਲਿਆ।
“ਨੇਕ ਚੰਦਾ ਹੁਣ ਮੁੜ ਨਾ ਇਸ ਬਾਰੇ ਗੱਲ ਕਰੀਂ ਆਪਣੀ ਘਰਵਾਲੀ ਨਾਲ ਤੇ ਨਾ ਹੀ ਮੇਰੇ ਨਾਲ। ਮੇਰੇ ਕੋਲੋਂ ਲੈ ਲਿਆ ਕਰ ਪਹਿਲਾਂ ਵਾਂਗ 10-20 ਜਦੋਂ ਤੈਨੂੰ ਲੋੜ ਹੋਵੇ।” ਸੁਭਾਸ਼ ਚੰਦਰ ਨੇ ਜੇਬ ’ਚੋਂ 20 ਰੁਪਏ ਦਾ ਨੋਟ ਨੇਕ ਚੰਦ ਨੂੰ ਫੜਾਉਂਦਿਆਂ ਕਿਹਾ “ਜਾ ਯਾਰ, ਬਾਹਰੋਂ ਸ਼ਿਕੰਜਵੀ ਦੇ ਦੋ ਗਿਲਾਸ ਲਿਆ। ਦੋਵੇਂ ਪੀਂਦੇ ਹਾਂ।” ਨੇਕ ਚੰਦ ਸ਼ਿਕੰਜਵੀ ਲੈਣ ਚਲਾ ਗਿਆ ਅਤੇ ਸੁਭਾਸ਼ ਹੋਰਾਂ ਕੰਨਾਂ ਨੂੰ ਹੱਥ ਲਾਉਂਦਿਆਂ ਖ਼ੁਦ ਨੂੰ ਆਖਿਆ “ਵਾਅਦਾ ਕਰ ਸੁਭਾਸ਼, ਅਗਾਂਹ ਤੋਂ ਸਿਰਫ਼ ਵਿਦਿਆਰਥੀਆਂ ਨੂੰ ਹੀ ਗਿਆਨ ਵੰਡੇਂਗਾ।”
ਸੰਪਰਕ:- 98765-82500