ਅਧਿਆਪਕ ਨੂੰ ਉਸਤਾਦ, ਗਾਈਡ, ਫਿਲਾਸਫਰ ਤੋਂ ਲੈ ਕੇ ਗੁਰੂ ਤੱਕ ਦਾ ਰੁਤਬਾ ਦਿੱਤਾ ਗਿਆ ਹੈ ਕਿਉਂਕਿ ਗਿਆਨ ਦੀਆਂ ਪਰੰਪਰਾਵਾਂ ਅਤੇ ਵਿਧੀਆਂ ਨੂੰ ਅਧਿਆਪਕ ਨੇ ਹੀ ਨਵੀਂ ਪੀੜ੍ਹੀ ਅੰਦਰ ਸੰਚਾਰ ਕਰਨਾ ਹੁੰਦਾ ਹੈ। ਸਮਾਜ ਦੇ ਵੱਖ ਵੱਖ ਪੜਾਵਾਂ ਦੌਰਾਨ ਬੌਧਿਕ ਪੱਧਰ ’ਤੇ ਸਮਾਜਿਕ ਸਰੋਕਾਰਾਂ ਤੋਂ ਲੈ ਕੇ ਸਿਆਸੀ ਖੇਤਰ ਵਿਚ ਸਿੱਧੇ-ਅਸਿੱਧੇ ਰੂਪ ਵਿਚ ਵਿਦਿਅਕ ਸੰਸਥਾਵਾਂ ਰਾਹੀਂ ਤਬਦੀਲੀਆਂ ਹੁੰਦੀਆਂ ਹਨ। ਸ਼ਾਨਦਾਰ ਅਧਿਆਪਕਾਂ ਦੇ ਆਦਰਸ਼ ਬੁਨਿਆਦੀ ਤੌਰ ’ਤੇ ਚਾਰ ਸਿਧਾਂਤਾਂ ’ਤੇ ਖੜ੍ਹੇ ਹੁੰਦੇ ਹਨ- ਉਨ੍ਹਾਂ ਅੰਦਰ ਬੌਧਿਕ ਚੇਤਨਾ, ਸੁਹਜ ਨਾਲ ਅਗਾਂਹ ਤੱਕ ਸੋਚਣ ਦੀ ਸਮਰੱਥਾ, ਗਿਆਨ ਜਗਿਆਸਾ ਅਤੇ ਅਧਿਆਪਨ ਕਿੱਤੇ ਵਿਚ ਸੰਵੇਦਨਾ ਨਾਲ ਕਾਰਜ ਕਰਨਾ। ਇਸ ਖੇਤਰ ਵਿਚ ਜਿੰਨੀਆਂ ਵੀ ਗਿਆਨ ਪਰੰਪਰਾਵਾਂ ਵਿਕਸਿਤ ਹੋਈਆਂ, ਉਨ੍ਹਾਂ ਵਿਚ ਅਧਿਆਪਕਾਂ ਦਾ ਸੋਚਣ-ਅਮਲ ਸਿੱਖਿਆ ਦੇ ਆਦਰਸ਼ਾਂ ਉਪਰ ਆਧਾਰਿਤ ਹੁੰਦਾ ਹੈ ਜਿਸ ਨੂੰ ਵਿਦਿਆਰਥੀ ਦੇ ਬਹੁਪੱਖੀ ਵਿਕਾਸ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਧਿਆਪਕਾਂ ਦੀਆਂ ਖੂਬੀਆਂ ਵਿਚ ਹੋਰ ਅਜਿਹੇ ਪਹਿਲੂ ਹੁੰਦੇ ਹਨ ਜਿਨ੍ਹਾਂ ਵਿਚ ਆਪਣੇ ਵਿਸ਼ੇ ਵਿਚ ਮੁਹਾਰਤ ਸਿੱਖਣ ਦੀ ਚੇਟਕ, ਕਿੱਤੇ ਨਾਲ ਪਿਆਰ, ਬੌਧਿਕ ਵਿਕਾਸ, ਵਿਦਿਆਰਥੀਆਂ ਪ੍ਰਤੀ ਦਿਆਲੂ ਹੋਣਾ, ਅਧਿਆਪਨ ਦੌਰਾਨ ਕਲਾਤਮਿਕ ਕਾਰਜ, ਸ਼ਾਨਦਾਰ ਅਧਿਆਪਕਾਂ ਦੇ ਤੌਰ ’ਤੇ ਇਸ ਤਰ੍ਹਾਂ ਵਿਕਸਿਤ ਹੋਣਾ ਆਦਿ ਸ਼ਾਮਿਲ ਹਨ। ਅਧਿਆਪਕ ਵਿਦਿਆਰਥੀਆਂ ਦੇ ਚਾਰੇ ਪਾਸੇ ਦੀਆਂ ਖਿੜਕੀਆਂ ਖੋਲ੍ਹਦਾ ਹੈ ਜਿਨ੍ਹਾਂ ਰਾਹੀਂ ਵਿਦਿਆਰਥੀ ਅੰਦਰ ਹਰ ਪੱਖ ਤੋਂ ਗਿਆਨ ਸ਼ਾਮਲ ਹੁੰਦਾ ਹੈ।
ਅੱਜ ਜਦੋਂ ਅਸੀਂ ਅਧਿਆਪਕ ਦਿਵਸ ਮਨਾ ਰਹੇ ਹਾਂ ਤਾਂ ਡਾ. ਐੱਸ ਰਾਧਾਕ੍ਰਿਸ਼ਨਨ ਨੂੰ ਯਾਦ ਕਰਨਾ ਅਹਿਮ ਹੈ; ਉਨ੍ਹਾਂ ਸਿੱਖਿਆ ਦੇ ਸਵਾਲ ਬਾਰੇ ਕਿਹਾ ਸੀ ਕਿ ਸਿੱਖਿਆ ਚੰਦ ਅਮੀਰ ਲੋਕਾਂ ਲਈ ਹੀ ਨਹੀਂ ਹੁੰਦੀ, ਇਹ ਸਮਾਜ ਦੇ ਹਰ ਵਰਗ ਦਾ ਬੁਨਿਆਦੀ ਹੱਕ ਹੈ ਜਿਸ ਦੀ ਪੂਰਤੀ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਅਨੁਸਾਰ ਸਮੁੱਚੀ ਸਿੱਖਿਆ ਪ੍ਰਣਾਲੀ ਦੀ ਨਿਰਭਰਤਾ ਅਧਿਆਪਕਾਂ ਦੀ ਸਮੱਰਥਾ ਅਤੇ ਯੋਗਤਾ ਉਪਰ ਨਿਰਭਰ ਕਰਦੀ ਹੈ ਕਿਉਂਕਿ ਨੌਜਵਾਨਾਂ ਵਿਚ ਗਿਆਨ ਦਾ ਸੰਚਾਰ ਅਧਿਆਪਕਾਂ ਰਾਹੀਂ ਹੀ ਹੁੰਦਾ ਹੈ। ਅਧਿਆਪਕ ਹੀ ਪੁਰਾਤਨ ਗਿਆਨ ਦੀਆਂ ਹੱਦਬੰਦੀਆਂ ਤੋੜ ਕੇ ਵਿਦਿਆਰਥੀਆਂ ਲਈ ਅਗਾਂਹ, ਹੋਰ ਗਿਆਨ ਦੇ ਦਰਵਾਜ਼ੇ ਖੋਲ੍ਹਦੇ ਹਨ। ਇਸ ਕਰਕੇ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮਿਸ਼ਨ ਬਾਰੇ ਚੇਤਨ ਹੋਵੇ, ਆਪਣੇ ਵਿਸ਼ੇ ਨੂੰ ਪਿਆਰ ਕਰਦਾ ਹੋਵੇ ਅਤੇ ਆਪਣੇ ਅਧਿਆਪਨ ਨੂੰ ਸ਼ਾਨਦਾਰ ਬਣਾਉਣ ਲਈ ਕਾਰਜਸ਼ੀਲ ਰਹੇ। ਉਨ੍ਹਾਂ ਉਚੇਰੀ ਸਿੱਖਿਆ ਬਾਰੇ ਖਦਸ਼ਾ ਪ੍ਰਗਟ ਕਰਦਿਆਂ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ (1948-49) ਵਿਚ ਲਿਖਿਆ ਕਿ ਜੇ ਕਿਸੇ ਦੌਰ ਵਿਚ ਅਧਿਆਪਕ ਸਿਆਸਤਦਾਨ ਦੇ ਤੌਰ ’ਤੇ ਵਿਚਰਨ ਲੱਗ ਪਿਆ ਤਾਂ ਉਹ ਇਹ ਉਚੇਰੀ ਸਿੱਖਿਆ ਦੇ ਵਿਕਾਸ ਲਈ ਖਤਰੇ ਵਾਲੀ ਘੜੀ ਹੋਵੇਗੀ। ਉਨ੍ਹਾਂ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਸਮਰੱਥਾ ਭਰਪੂਰ ਅਧਿਆਪਕ ਕਿਤੇ ਹਾਸ਼ੀਏ ’ਤੇ ਨਾ ਧੱਕੇ ਜਾਣ। ਅਜੋਕੇ ਦੌਰ ’ਚ ਇਹ ਹੋਰ ਵੀ ਆਸਾਨ ਹੋ ਗਿਆ ਕਿਉਂਕਿ ਸਿਆਸੀ ਪਾਰਟੀਆਂ ਨੇ ਵਿਦਿਅਕ ਸੰਸਥਾਵਾਂ ਨੂੰ ਆਪਣੇ ਅਨੁਸਾਰ ਢਾਲ ਲਿਆ ਹੈ।
ਸਕੂਲ ਪੱਧਰ ਦੀ ਸਿੱਖਿਆ ਲਈ ਬਣੇ ਕੁਠਾਰੀ ਕਮਿਸ਼ਨ (1964-66) ਨੇ ਇਸ ਵਿਚਾਰ ਉਪਰ ਜ਼ੋਰ ਦਿੱਤਾ ਸੀ ਕਿ ਭਾਰਤ ਦੀ ਹੋਣੀ ਕਲਾਸ ਰੂਮਾਂ ਵਿਚ ਢਲਦੀ ਹੈ; ਜਿਸ ਕਿਸਮ ਦੇ ਕਲਾਸ ਰੂਮ ਹੋਣਗੇ, ਉਸ ਕਿਸਮ ਦਾ ਮੁਲਕ ਬਣੇਗਾ ਪਰ ਅੱਜ ਹਾਲ ਇਹ ਹੈ ਕਿ ਤਕਨਾਲੋਜੀ ਨੇ ਵਿਦਿਆਰਥੀ ਅਤੇ ਅਧਿਆਪਕ ਨੂੰ ਕਲਾਸ ਰੂਮ ਤੋਂ ਵੱਖ ਕਰ ਦਿੱਤਾ ਹੈ। ਪ੍ਰੋ. ਅਵਿਜੀਤ ਪਾਠਕ ਤਾਂ ਅੱਜ ਦੇ ਅਧਿਆਪਕ ਨੂੰ ‘ਟੈਕਨੋ ਅਧਿਆਪਕ’ ਕਹਿਣ ਤੱਕ ਚਲੇ ਗਏ ਹਨ। ਅਧਿਆਪਕ ਅਤੇ ਵਿਦਿਆਰਥੀ ਨੇ ਆਪਸੀ ਅਦਾਨ-ਪ੍ਰਦਾਨ ਰਾਹੀਂ ਜੋ ਸਾਂਝ ਪਾਉਣੀ ਸੀ, ਉਹ ਖੜੋਤ ਵਿਚ ਚਲੀ ਗਈ ਹੈ। ਇਸ ਕਰਕੇ ਹੁਣ ਅਧਿਆਪਕਾਂ ਨੂੰ ਬਦਲਦੇ ਸਭਿਆਚਾਰ ਦੇ ਪ੍ਰਸੰਗ ਵਿਚ ਮੁੜ ਸਿੱਧੇ ਰੂਪ ਵਿਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਜਿਹੇ ਹਾਲਾਤ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਅਧਿਆਪਨ ਕਾਰਜ ਮੁੜ ਲੀਹ ’ਤੇ ਪੈ ਸਕੇ।
ਪ੍ਰਸਿੱਧ ਮਨੋਵਿਗਿਆਨੀ ਜੌਹਨ ਹੋਲਟ ਨੇ ਆਪਣੇ ਖੋਜ ਕਾਰਜ ‘ਬੱਚੇ ਅਸਫਲ ਕਿਵੇਂ ਹੁੰਦੇ ਹਨ?’ ਵਿਚ ਦਰਜ ਕੀਤਾ ਹੈ ਕਿ ਅਧਿਆਪਕਾਂ ਦੀ ਜਿਸ ਕਿਸਮ ਦੀ ਸੰਵੇਦਨਸ਼ੀਲਤਾ ਬੱਚਿਆਂ ਲਈ ਚਾਹੀਦੀ ਹੈ, ਉਸ ਵਿਚ ਆਈ ਖੜੋਤ ਬੱਚਿਆਂ ਨੂੰ ਅਸਫਲ ਬਣਾ ਸਕਦੀ ਹੈ। ਇਸੇ ਤਰ੍ਹਾਂ ਉਨ੍ਹਾਂ ‘ਸਕੂਲ ਕਿਵੇਂ ਅਸਫਲ ਹੁੰਦੇ ਹਨ?’ ਵਿਚ ਦਰਜ ਕੀਤਾ ਹੈ ਕਿ ਜਿਸ ਪੱਧਰ ’ਤੇ ਨਵੀਂ ਉਡਾਰੀ ਵਿਦਿਆਰਥੀਆਂ ਨੇ ਕਿਸੇ ਸਮਾਜ ਵਿਚ ਭਰਨੀ ਹੁੰਦੀ ਹੈ, ਉਹ ਰੁਕ ਜਾਂਦੀ ਹੈ ਕਿਉਂਕਿ ਸਕੂਲ ਵਿਦਿਆਰਥੀ ਨੂੰ ਅਸਫਲ ਦਿਖਾਈ ਦੇਣ ਲੱਗਦੇ ਹਨ। ਅਜਿਹਾ ਕਰੋਨਾ ਦੌਰ ਤੋਂ ਬਾਅਦ ਵਿਦਿਆਰਥੀਆਂ ਨੂੰ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਲਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਉਹ ਜਗ੍ਹਾ ਨਹੀਂ ਜਾਪ ਰਹੀਆਂ ਜਿਹੜੀਆਂ ਉਨ੍ਹਾਂ ਦੇ ਗਿਆਨ ਵਿਚ ਪਾਸਾਰ ਕਰ ਸਕਣ।
ਵਿਦਿਆਰਥੀਆਂ ਦੇ ਰੂਪ ਵਿਚ ਦੇਸ਼ ਦਾ ਸਰਮਾਇਆ ਕਿਸ ਤਰ੍ਹਾਂ ਚਿੰਤਾ ਵਿਚ ਡੁੱਬਿਆ ਹੈ, ਇਹ ਤਰਾਸਦੀ ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ (2022) ਉਭਾਰ ਰਹੀ ਹੈ। ਇਸ ਵਿਚ ਤੱਥ ਉਭਰ ਕੇ ਸਾਹਮਣੇ ਆਏ ਹਨ ਕਿ ਮਹਾਰਾਸ਼ਟਰ ਵਿਚ 2021 ਵਿਚ 1834 ਵਿਦਿਆਰਥੀ, ਮੱਧ ਪ੍ਰਦੇਸ਼ ਵਿਚ 1308 ਅਤੇ ਤਾਮਿਲਨਾਡੂ ਵਿਚ 1246 ਵਿਦਿਆਰਥੀਆਂ ਨੇ ਵੱਖ ਵੱਖ ਕਾਰਨਾਂ ਕਰਕੇ ਆਤਮ-ਹੱਤਿਆ ਕਰ ਲਈ। ਇਹ ਭਿਆਨਕ ਤਰਾਸਦੀ ਦਰਸਾ ਰਹੀ ਹੈ ਕਿ ਕਿਸ ਕਿਸਮ ਦੇ ਭਿਆਨਕ ਸੰਕਟ ਵਿਚੋਂ ਸਾਡਾ ਵਿਦਿਆਰਥੀ ਗੁਜ਼ਰ ਰਿਹਾ ਹੈ। ਅਧਿਆਪਕਾਂ ਦੇ ਸੋਚਣ, ਚਿੰਤਨ ਅਤੇ ਸਰੋਕਾਰਾਂ ਦਾ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਤਰਾਸਦੀਆਂ ਨੂੰ ਕਿਵੇਂ ਘਟਾ ਸਕਦੇ ਹਾਂ। ਇਹ ਸਵਾਲ ਪੰਜਾਬ ’ਚ ਵੀ ਸੰਵੇਦਨਸ਼ੀਲਤਾ ਵਾਲੇ ਅਧਿਆਪਕਾਂ ਦੇ ਦਖ਼ਲ ਦੀ ਮੰਗ ਕਰਦਾ ਹੈ ਕਿਉਂਕਿ ਅੱਜ ਪੰਜਾਬ ਕਈ ਕਿਸਮ ਦੀਆਂ ਸਮਾਜਿਕ-ਸਭਿਆਚਾਰਕ ਤਰਾਸਦੀਆਂ ਵਿਚੋਂ ਗੁਜ਼ਰ ਰਿਹਾ ਹੈ ਜਿਨ੍ਹਾਂ ਦਾ ਪ੍ਰਭਾਵ ਹਰ ਵਿਦਿਅਕ ਸੰਸਥਾ ਉਪਰ ਪੈ ਰਿਹਾ ਹੈ।
ਸਮਾਜ ਵਿਚ ਸਮੇਂ ਸਮੇਂ ਅਜਿਹੇ ਦੌਰ ਆਉਂਦੇ ਹਨ ਕਿ ਵਿਦਿਅਕ ਅਤੇ ਬੌਧਿਕ ਪਰੰਪਰਾਵਾਂ ਵਿਚ ਖੜੋਤ ਆ ਜਾਂਦੀ ਹੈ। ਅਜੋਕੇ ਦੌਰ ਵਿਚ ਇਹ ਕਈ ਗੁਣਾਂ ਵਧ ਗਈ ਹੈ ਕਿਉਂਕਿ ਮੰਡੀ ਦੀਆਂ ਲੋੜਾਂ ਅਨੁਸਾਰ ਵਿਦਿਆ ਹੁਣ ਖਰੀਦਣ ਅਤੇ ਵੇਚਣ ਵਾਲੀ ਵਸਤੂ ਬਣਾ ਦਿੱਤੀ ਗਈ ਹੈ। ਅਧਿਆਪਕਾਂ ਨੂੰ ਸਿਰਫ਼ ਤੇ ਸਿਰਫ਼ ਕੁਝ ਤਕਨੀਕਾਂ ਸਿਖਾਉਣ ਅਤੇ ਸਿੱਖਣ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ; ਇਥੋਂ ਤੱਕ ਕਿ ਨਵੀਂ ਸਿੱਖਿਆ ਨੀਤੀ-2020 ਵਿਚ ਅਧਿਆਪਕ ਨੂੰ ‘ਤਕਨੀਕੀ ਕਿਸਮ ਦਾ ਪ੍ਰੇਰਕ’ (facilitator) ਹੀ ਦਰਸਾਇਆ ਗਿਆ ਹੈ। ਇਸ ਤੋਂ ਵੀ ਅਗਾਂਹ ਉਸ ਦੀ ਆਰਥਿਕ ਲੁੱਟ ਇਸ ਪੱਧਰ ਤੱਕ ਕੀਤੀ ਜਾ ਰਹੀ ਹੈ। ਉਹ ਮੁਢਲੇ ਵਰ੍ਹਿਆਂ ਦੌਰਾਨ ਤੁਛ ਜਿਹੀ ਤਨਖਾਹ ਨਾਲ ਗੁਜ਼ਾਰਾ ਕਰਨ ਤੱਕ ਸੀਮਤ ਕਰ ਦਿੱਤੇ ਗਏ ਹਨ ਹਾਲਾਂਕਿ ਸਾਰੇ ਸਿੱਖਿਆ ਕਮਿਸ਼ਨਾਂ ਨੇ ਅਧਿਆਪਨ ਕਾਰਜ ਦੇ ਮੁਢਲੇ ਵਰ੍ਹਿਆਂ ਵਿਚ ਸ਼ਾਨਦਾਰ ਵੇਤਨ ਦੀ ਵਕਾਲਤ ਕੀਤੀ ਹੈ। ਵਿਡੰਬਨਾ ਇਹ ਹੈ ਕਿ ਹੌਲੀ ਹੌਲੀ ਸ਼ਾਨਦਾਰ ਦਿਮਾਗਾਂ ਨੇ ਇਸ ਕਿੱਤੇ ਤੋਂ ਕੰਨੀਂ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਅਜੋਕੇ ਦੌਰ ਦੀ ਚਿੰਤਾ ਤੇ ਚਿੰਤਨ ਦਾ ਸਵਾਲ ਵੀ ਹੈ। ਹੁਣ ਤਾਂ ਪੰਜਾਬ ਵਿਚੋਂ ਵੱਡੀ ਪੱਧਰ ’ਤੇ ਵਿਦਿਆਰਥੀ ਮੁਲਕ ਨੂੰ ‘ਅਲਵਿਦਾ’ ਕਹਿ ਰਹੇ ਹਨ। ਅਜਿਹੀ ਹਾਲਾਤ ਵਿਚ ਅਧਿਆਪਕ ਵਰਗ ਨੂੰ ਵਿਦਿਅਕ ਪਹਿਲਕਦਮੀਆਂ ਲਈ ਤਨਦੇਹੀ ਨਾਲ ਕੁੱਦਣਾ ਹੋਵੇਗਾ ਤਾਂ ਕਿ ਸਿਫਤੀ ਤਬਦੀਲੀ ਕੀਤੀ ਜਾ ਸਕੇ।
ਸੰਪਰਕ: 98151-15429