ਕਮਲਜੀਤ ਸਿੰਘ ਬਨਵੈਤ
ਉਹ ਮਸਾਂ ਸੱਠਾਂ ਨੂੰ ਟੱਪਿਆ ਹੋਣਾ। ਜਦੋਂ ਉਹ ਆਪਣੇ ਬਚਪਨ ਵੇਲੇ ਦੀਆਂ ਤੰਗੀਆਂ-ਤੁਰਸ਼ੀਆਂ ਦੀ ਗੱਲ ਕਰਦਾ ਤਾਂ ਇਉਂ ਲੱਗਦਾ ਜਿਵੇਂ ਉਹ ਹੋਰ ਜਹਾਨ ਦੀਆਂ ਬਾਤਾਂ ਪਾਉਂਦਾ ਹੋਵੇ। ਉਹ ਜਦੋਂ ਦੱਸਦਾ ਕਿ ਉਹਦਾ ਬਾਪੂ ਵਾਂਢੇ ਤੋਂ ਵਾਪਸ ਆ ਕੇ ਸਾਈਕਲ ਨੂੰ ਰੱਸਾ ਪਾ ਕੇ ਛੱਤ ਦੇ ਗਾਡਰਾਂ ਨਾਲ ਬੰਨ੍ਹ ਲੈਂਦੇ ਸਨ, ਉਹ ਸਵੇਰੇ ਨੌਂ ਵਜੇ ਸਕੂਲ ਜਾਣ ਤੋਂ ਪਹਿਲਾਂ ਖੇਤਾਂ ਤੋਂ ਦੋ ਗੇੜੇ ਪੱਠਿਆਂ ਦੇ ਢੋਹ ਲੈਂਦਾ ਸੀ ਤਾਂ ਸੁਣਨ ਵਾਲੇ ਸੋਚਾਂ ਵਿਚ ਡੁੱਬ ਜਾਂਦੇ।
ਫਿਰ ਕਦੇ ਕਦੇ ਇਹ ਵੀ ਦੱਸਦਾ ਹੁੰਦਾ ਕਿ ਉਹਦੀ ਕੋਈ ਭੈਣ ਨਹੀਂ ਸੀ। ਮਾਂ ਬਿਮਾਰ ਰਹਿੰਦੀ ਸੀ। ਇਸ ਕਰਕੇ ਦਸਵੀਂ ਤੱਕ ਵੱਡੇ ਤੜਕੇ ਉਹ ਹਵੇਲੀ ਜਾ ਕੇ ਗੋਹਾ-ਕੂੜਾ ਵੀ ਕਰ ਆਉਂਦਾ ਸੀ। ਬਿਮਾਰ ਬੇਬੇ ਦੇ ਕੱਪੜੇ ਧੋਣ ਤੋਂ ਲੈ ਕੇ ਘਰ ਦੇ ਵਿਹੜੇ ਦੀ ਲਿਪਾਈ ਬਗੈਰਾ ਕੁੜੀਆਂ ਵਾਂਗ ਆਪਣੇ ਵੱਡੇ ਭਰਾ ਨਾਲ ਰਲ ਕੇ ਕਰਨ ਵਿਚ ਉਹਨੇ ਕਦੇ ਸ਼ਰਮ ਨਹੀਂ ਸੀ ਮੰਨੀ। ਸਟਿੱਚਲੋਨ ਦੀ ਉਨਾਭੀ ਪੈਂਟ ਉਹਨੂੰ ਉਦੋਂ ਮਿਲੀ ਜਦੋਂ ਉਹ ਕਾਲਜ ਵਿਚ ਵਿਦਿਆਰਥੀ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਸੀ।
ਵੱਡਾ ਹੋਇਆ ਤਾਂ ਪਿੰਡ ਤੋਂ 25 ਕਿਲੋਮੀਟਰ ਦੂਰ ਪੈਂਦੇ ਕਾਲਜ ਵਿਚ ਉਹਨੇ ਦਾਖਲਾ ਲੈ ਲਿਆ। ਉਦੋਂ ਦਿਨ ਵਿਚ ਉਹਦੇ ਪਿੰਡੋਂ ਬੱਸ ਇੱਕ ਅੱਧੀ ਵਾਰ ਹੀ ਲੰਘਦੀ ਸੀ। ਇਸ ਕਰਕੇ ਕਾਲਜ ਨੂੰ ਉਹ ਸਾਈਕਲ ਉੱਤੇ ਜਾਂਦਾ। ਬੀਏ ਕਰਦਿਆਂ ਨੌਕਰੀ ਦੀ ਭਾਲ ਵਿਚ ਉਹ ਚੰਡੀਗੜ੍ਹ ਪੁੱਜ ਗਿਆ। ਸਰਕਾਰੀ ਨੌਕਰੀ ਨਾ ਮਿਲੀ ਤਾਂ ਹਾਰ ਹੰਭ ਕੇ ਉਹਨੇ ਕੋਠੀਆਂ ਨੂੰ ਰੰਗ-ਰੋਗਨ ਦਾ ਕੰਮ ਸ਼ੁਰੂ ਕਰ ਲਿਆ। ਇਸ ਦਾ ਇਹ ਫਾਇਦਾ ਹੋਇਆ ਕਿ ਉਸ ਅੰਦਰ ਚਿਰਾਂ ਤੋਂ ਸੁੱਤਾ ਪਿਆ ਚਿੱਤਰਕਾਰ ਜਾਗ ਪਿਆ। ਚੰਡੀਗੜ੍ਹ ਹੋਰ ਫੈਲਿਆ ਤਾਂ ਨਾਲ ਦੀ ਨਾਲ ਉਹਦਾ ਕੰਮ ਵਧ ਗਿਆ। ਉਹਨੇ ਪੇਂਟ ਦੀ ਠੇਕੇਦਾਰੀ ਛੇੜ ਲਈ। ਹੁਣ ਉਹਦਾ ਆਪਣਾ ਦਫ਼ਤਰ ਸੀ ਜਿੱਥੇ ਉਹ ਵਿਹਲੇ ਵੇਲੇ ਰੰਗਾਂ ਵਾਲੇ ਬੁਰਸ਼ ਘਸਾ ਕੇ ਆਪਣਾ ਸ਼ੌਕ ਪੂਰਾ ਕਰ ਲੈਂਦਾ। ਉਹਨੇ ਇੱਕ ਅਲੱਗ ਕਮਰੇ ਵਿਚ ਕਈ
ਚਿੱਤਰ ਬਣਾ ਕੇ ਘਰਦਿਆਂ ਤੋਂ ਲੁਕੋਏ ਹੋਏ ਸਨ। ਹੌਲੀ ਹੌਲੀ ਉਹਦਾ ਸ਼ੌਕ ਇੰਨਾ ਵਧ ਗਿਆ ਕਿ ਉਹਦੇ ਬੇਨਾਮ ਕਾਰਟੂਨ ਅਖ਼ਬਾਰਾਂ ਵਿਚ ਛਪਣ ਲੱਗ ਪਏ। ਕਲਾ ਦੇ ਪ੍ਰਸੰਸਕਾਂ ਨੇ ਉਹਨੂੰ ਲੱਭ ਲਿਆ ਸੀ।
ਉਂਝ, ਘਰ ਵਿਚ ਬੱਚਿਆਂ ਲਈ ਉਹ ਅਜੇ ਵੀ ਰੰਗ-ਰੋਗਨ ਕਰਨ ਵਾਲਾ ਸੀ। ਉਹਦਾ ਪੁੱਤ ਅਤੇ ਬਹੂ ਠੇਕੇਦਾਰੀ ਵਾਲੀ ਕਮਾਈ ਤਾਂ ਫੜ ਲੈਂਦੇ ਪਰ ਕਦੇ ਬਾਪੂ ਦੀ ਮਿਹਨਤ ਦੇ ਸਦਕੇ ਨਹੀਂ ਸੀ ਗਏ। ਪਤਨੀ ਲਈ ਉਹ ਸ਼ੁਰੂ ਤੋਂ ਹੀ ਬਾਦਸ਼ਾਹ ਰਿਹਾ।
ਇਕ ਦਿਨ ਕੀ ਹੋਇਆ ਕਿ ਉਹ ਆਪਣੇ ਦਫ਼ਤਰੋਂ ਪਰਤਿਆ ਤਾਂ ਡਰਾਇੰਗ ਰੂਮ ਦੇ ਮੇਜ਼ ਉੱਤੇ ਉਹਦੇ ਪੋਤੇ ਦੇ ਸਕੂਲ ਦੇ ਇਨਾਮ ਵੰਡ ਸਮਾਰੋਹ ਦੇ ਸੱਦੇ ਵਾਲਾ ਕਾਰਡ ਉਹਦੀ ਨਜ਼ਰੀਂ ਪੈ ਗਿਆ। ਉਹਨੇ ਕਾਰਡ ਅਜੇ ਹੱਥ ਵਿਚ ਫੜਿਆ ਹੀ ਸੀ ਕਿ ਰਸੋਈ ਵਿਚ ਪੋਤਰੇ ਦੀਆਂ ਮਾਂ ਨਾਲ ਗੱਲਾਂ ਕੰਨੀਂ ਪੈ ਗਈਆਂ। ਪੋਤਰਾ ਮਾਂ ਨੂੰ ਵਰਜ ਰਿਹਾ ਸੀ- “ਇਨਾਮ ਵੰਡ ਸਮਾਰੋਹ ਉੱਤੇ ਮੰਮਾ ਆਪ ਹੀ ਜਾਣਾ, ਦਾਦਾ ਹਮਾਰੇ ਸਟੇਟਸ ਕਾ ਨਹੀਂ।”
ਅਗਲੇ ਪਲ ਘਰ ਦੀ ਘੰਟੀ ਵੱਜਦੀ ਹੈ। ਬਾਈਕ ਉੱਤੇ ਆਇਆ ਨੌਜਵਾਨ ਹੱਥ ਵਿਚ ਸੱਦਾ ਪੱਤਰ ਫੜੀ ਖੜ੍ਹਾ ਹੈ। ਉਹਨੇ ਠੇਕੇਦਾਰ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਨੇ ਮਿਹਨਤ ਕਰਕੇ ਆਪਣਾ ਨਾਂ ਕਮਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ। ਤੁਸੀਂ ਉਨ੍ਹਾਂ ਵਿਚੋਂ ਇੱਕ ਹੋ, ਜ਼ਰੂਰ ਆਉਣਾ। ਠੇਕੇਦਾਰ ਨੇ ਬਗੈਰ ਸੋਚਿਆਂ ਹਾਮੀ ਭਰ ਦਿੱਤੀ।
ਇਨਾਮ ਵੰਡ ਸਮਾਰੋਹ ਦੇ ਦਿਨ ਪੋਤਰਾ ਆਪ ਦਾਦੇ ਦੀ ਉਂਗਲੀ ਫੜ ਕੇ ਸਕੂਲ ਦੀ ਗਰਾਊਂਡ ਵਿਚ ਲੱਗੇ ਪੰਡਾਲ ਵੱਲ ਤੁਰ ਰਿਹਾ ਸੀ। ਉਹਨੇ ਦਾਦੇ ਵੱਲ ਉੱਪਰ ਗਰਦਨ ਚੁੱਕ ਕੇ ਦੇਖਿਆ, “ਦਾਦਾ ਜੀ, ਆਪ ਕਾ ਤੋ ਸਟੇਟਸ ਹੀ ਬੜਾ ਹੈ, ਅਬ ਸਕੂਲ ਮੇਂ ਮੇਰੀ ਟੌਹਰ ਹੋਗੀ।”
ਸੰਪਰਕ: 98147-34035