ਜਨਮ ਦਿਨ ’ਤੇ ਵਿਸ਼ੇਸ਼
ਡਾ. ਸਤਿੰਦਰ ਪਾਲ ਸਿੰਘ
ਆਜ਼ਾਦੀ ਤੋਂ ਪਹਿਲਾਂ ਰਿਆਸਤ ਫਰੀਦਕੋਟ ਛੋਟੀ ਜਿਹੀ ਰਿਆਸਤ ਸੀ। ਰਿਆਸਤ ਦੀ ਜਨਤਾ ਆਜ਼ਾਦੀ ਦੀ ਲਹਿਰ ਵਿਚ ਪੰਜਾਬ ਦੀਆਂ ਦੂਜੀਆਂ ਰਿਆਸਤਾਂ ਵਿਚੋਂ ਮੂਹਰਲੀ ਕਤਾਰ ਵਿਚ ਸੀ। ਫਰੀਦਕੋਟ ਦੇ ਲੋਕ, ਪਰਜਾ ਮੰਡਲ ਦੇ ਝੰਡੇ ਹੇਠ ਆ ਚੁੱਕੇ ਸਨ। 1939 ਵਿਚ ਪਰਜਾ ਮੰਡਲ ਦੀ ਨੀਂਹ ਰੱਖੀ ਗਈ ਜਿਸ ਦੇ ਪਹਿਲੇ, ਭਾਵ ਬਾਨੀ ਪ੍ਰਧਾਨ ਬਾਬਾ ਦਿਆਲ ਸਿੰਘ ਕੋਟਕਪੂਰਾ ਸਨ। ਬਾਬਾ ਦਿਆਲ ਸਿੰਘ ਦੀਆਂ ਕੁਰਬਾਨੀਆਂ ਦਾ ਇਤਿਹਾਸ ਬਹੁਤ ਲੰਮਾ ਹੈ; ਆਓ, ਅੱਜ 5 ਅਗਸਤ ਨੂੰ ਉਨ੍ਹਾਂ ਦੇ 136ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ’ਤੇ ਝਾਤ ਮਾਰੀਏ।
ਬਾਬਾ ਦਿਆਲ ਸਿੰਘ ਦਾ ਜਨਮ ਪਿੰਡ ਸ਼ੇਰ ਸਿੰਘ ਵਾਲਾ ਵਿਚ 5 ਅਗਸਤ 1885 ਵਿਚ ਹੋਇਆ। ਬਚਪਨ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਚਲਾ ਗਿਆ, ਮਾਂ ਪੰਜਾਬ ਕੌਰ ਦੀ ਸਹਾਇਤਾ ਨਾਲ ਖੇਤੀ ਸ਼ੁਰੂ ਕੀਤੀ। ਆਪਣਾ ਸਿਆਸੀ ਜੀਵਨ 1923 ’ਚ ਜੈਤੋ ਵਾਲੇ ਮੋਰਚੇ ਵਿਚ ਭਾਗ ਲੈ ਕੇ ਸ਼ੁਰੂ ਕੀਤਾ। ਅਕਾਲੀ ਦਲ ਉੱਤੇ ਪਾਬੰਦੀ ਲੱਗੀ ਤਾਂ ਉਹ 1935 ਵਿਚ ਆਕਾਲੀ ਜਥਾ ਫਰੀਦਕੋਟ ਦੇ ਖਜ਼ਾਨਚੀ ਬਣੇ। 1937 ਵਿਚ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸੇ ਸਾਲ ਕੈਦ ਕੱਟੀ। 1938 ਵਿਚ ਪੰਜਾਬ ਕਾਂਗਰਸ ਵੱਲੋਂ ਲੁਧਿਆਣਾ ਵਿਚ ਪੰਡਿਤ ਨਹਿਰੂ ਦੀ ਪ੍ਰਧਾਨਗੀ ਹੇਠ ਕਾਨਫਰੰਸ ਹੋਈ ਜਿਸ ਦੀ ਸਵਾਗਤੀ ਕਮੇਟੀ ’ਚ ਬਾਬਾ ਜੀ ਸ਼ਾਮਿਲ ਹੋਏ। ਰਾਜਾ ਫਰੀਦਕੋਟ ਨੇ ਇਸ ਨੂੰ ਚੁਣੌਤੀ ਸਮਝਿਆ; ਇਸ ਪਿੱਛੋਂ ਫਰੀਦਕੋਟ ਪੁਲੀਸ ਦਾ ਤਸ਼ੱਦਦ ਸ਼ੁਰੂ ਹੋ ਗਿਆ। ਐੱਸਪੀ ਅਜੈਬ ਸਿੰਘ ਪੱਖੀਵਾਲ, ਇੰਸਪੈਕਟਰ ਕਿਹਰ ਸਿੰਘ, ਥਾਣੇਦਾਰ ਗੁਰਦਿੱਤ ਸਿੰਘ ਦੀ ਵਿਸ਼ੇਸ਼ ਡਿਊਟੀ ਲਾਈ ਗਈ ਕਿ ਬਾਬਾ ਜੀ ਦੀਆਂ ਸਰਗਰਮੀਆਂ ’ਤੇ ਨਿਗ੍ਹਾ ਰੱਖੀ ਜਾਵੇ। ਜਨਵਰੀ 1938 ਨੂੰ ਕੋਟਕਪੂਰਾ ਥਾਣੇ ਵਿਚ 24 ਘੰਟੇ ਕਾਠ ਵਿਚ ਰੱਖਿਆ ਗਿਆ। ਜੁਲਾਈ 1939 ਨੂੰ 2 ਸਾਲ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ। ਫਿਰ ਜੇਲ੍ਹ ਦੇ ਨਿਯਮ ਤੋੜਨ ਕਰ ਕੇ ਸਜ਼ਾ 9 ਮਹੀਨੇ ਵਧਾ ਦਿੱਤੀ। ਇਸ ਸਮੇਂ ਗਿਆਨੀ ਜ਼ੈਲ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਬਾਬਾ ਜੀ ਨੂੰ ਸਭ ਤੋਂ ਖ਼ਤਰਨਾਕ ਕੈਦੀ ਸਮਝਿਆ ਜਾਂਦਾ ਸੀ। ਜੇਲ੍ਹ ਵਿਚ ਇਤਨਾ ਭੈੜਾ ਵਰਤਾਉ ਕੀਤਾ ਜਾਂਦਾ ਸੀ ਜਿਸ ਕਾਰਨ ਇਨ੍ਹਾਂ ਦਾ ਸੱਜਾ ਗੁੱਟ ਟੁੱਟ ਗਿਆ। ਰੋਸ ਵਜੋਂ ਬਾਬਾ ਜੀ ਨੇ 23 ਦਿਨ ਦੀ ਲੰਮੀ ਭੁੱਖ ਹੜਤਾਲ ਕੀਤੀ।
ਕੁਝ ਦਿਨਾਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਫਿਰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਡੰਡਾ ਬੇੜੀ ਦੀ 2 ਹਫਤਿਆਂ ਦੀ ਸਖਤ ਸਜ਼ਾ ਅਤੇ 15 ਦਿਨ ਖੜ੍ਹੀ ਚੱਕੀ ਦੀ ਸਜ਼ਾ ਸੁਣਈ ਗਈ। ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਰਹੀ ਪਰ ਉਹ ਆਪਣੇ ਇਰਾਦੇ ਉੱਤੇ ਸਦਾ ਦ੍ਰਿੜ ਰਹੇ। ਜੇਲ੍ਹ ਵਿਚ ਉਨ੍ਹਾਂ 15 ਦਿਨ ਦੀ ਫਿਰ ਭੁੱਖ ਹੜਤਾਲ ਰੱਖੀ। ਇਸ ਵਾਰ ਕੈਦੀਆਂ ਦੀ ਬਗਾਵਤ ਦੇ ਡਰ ਤੋਂ ਬਾਬਾ ਜੀ ਨੂੰ ਫਾਂਸੀ ਵਾਲੀ ਕੋਠੜੀ ਵਿਚ ਰੱਖਿਆ ਗਿਆ। ਮਾਰਚ 1940 ਵਿਚ ਸਿਆਸੀ ਕੈਦੀਆਂ ਨੂੰ ਭੈੜੀ ਖੁਰਾਕ ਦਿੱਤੇ ਜਾਣ ਖ਼ਿਲਾਫ਼ ਭੁੱਖ ਹੜਤਾਲ ਕੀਤੀ; ਇਸ ਭੁੱਖ ਹੜਤਾਲ ਦੌਰਾਨ ਵੀ ਆਪ ਨੂੰ 8 ਘੰਟੇ ਖੜ੍ਹੀ ਹੱਥਕੜੀ ਲਗਾਈ ਜਾਂਦੀ। 33 ਮਹੀਨੇ ਬਾਅਦ ਰਿਹਾਅ ਕੀਤਾ ਗਿਆ। 28 ਅਪਰੈਲ 1946 ਨੂੰ ਝੰਡਾ ਸੱਤਿਆਗ੍ਰਹਿ ਸ਼ੁਰੂ ਕੀਤਾ। ਬਾਬਾ ਦਿਆਲ ਸਿੰਘ ਨੂੰ ਕੌਂਸਲ ਆਫ ਐਕਸ਼ਨ ਦਾ ਪ੍ਰਧਾਨ ਬਣਾਇਆ। ਰਿਆਸਤ ’ਚ ਕਾਂਗਰਸੀ ਝੰਡਾ ਲਹਿਰਾਉਣ ’ਤੇ ਪਾਬੰਦੀ ਸੀ। ਸੱਤਿਆਗ੍ਰਹਿ ਫਿਰੋਜ਼ਪੁਰ ਤੋਂ ਸ਼ੁਰੂ ਹੋਇਆ। ਪਹਿਲੇ ਜਥੇ ਵਿਚ ਬਾਬਾ ਦਿਆਲ ਸਿੰਘ, ਸੰਤ ਰਾਮ ਵਕੀਲ ਨਾਭਾ, ਹੀਰਾ ਸਿੰਘ ਭੱਠਲ, ਸ਼੍ਰੀਰਾਮ ਸਿੰਗਲ ਸ਼ਾਮਿਲ ਹੋਏ। ਜਥੇ ਨੇ ਝੰਡੇ ਉੱਤੇ ਲੱਗੀ ਪਾਬੰਦੀ ਦੀਆਂ ਧੱਜੀਆਂ ਉਡਾ ਦਿੱਤੀਆਂ ਪਰ ਚਿੱਟ-ਕੱਪੜੀਏ ਪੁਲੀਸ ਵਾਲਿਆਂ ਨੇ ਪੱਥਰ ਮਾਰ ਮਾਰ ਕੇ ਬਾਬਾ ਜੀ ਨੂੰ ਬੇਹੋਸ਼ ਕਰ ਦਿੱਤਾ। ਇਸ ਪਿੱਛੋਂ ਆਜ਼ਾਦੀ ਦੇ ਪਰਵਾਨਿਆਂ ਨੂੰ ਰੋਹ ਚੜ੍ਹ ਗਿਆ। ਫਰੀਦਕੋਟ ਜੇਲ੍ਹ ਸੱਤਿਆਗ੍ਰਹੀਆਂ ਨਾਲ ਭਰ ਗਈ। 27 ਮਈ 1946 ਨੂੰ ਪੰਡਿਤ ਨਹਿਰੂ ਦੇ ਫਰੀਦਕੋਟ ਆਉਣ ਤੇ ਇਹ ਸੱਤਿਆਗ੍ਰਹਿ ਕਾਮਯਾਬੀ ਨਾਲ ਖਤਮ ਹੋਇਆ ਅਤੇ ਪੰਡਿਤ ਨਹਿਰੂ ਨੇ ਬਾਬਾ ਜੀ ਨੂੰ ਗਾਂਧੀ ਆਫ ਫ਼ਰੀਦਕੋਟ ਦੇ ਨਾਂ ਨਾਲ ਸਨਮਾਨਤ ਕੀਤਾ। ਬਾਬਾ ਜੀ ਨੇ ਫ਼ਰੀਦਕੋਟ ਦੀ ਦਾਣਾ ਮੰਡੀ ਵਿਚ ਝੰਡਾ ਲਹਿਰਾਇਆ।
15 ਅਗਸਤ 1947 ਨੂੰ ਭਾਵੇਂ ਦੇਸ਼ ਆਜ਼ਾਦ ਹੋ ਚੁੱਕਾ ਸੀ ਪਰ ਰਾਜਾ ਫਰੀਦਕੋਟ ਨੇ ਬਦਲੇ ਦੀ ਭਾਵਨਾ ਨਾਲ ਫਰਜ਼ੀ ਬੰਬ ਕੇਸ ਬਣਾ ਲਿਆ। 10 ਅਕਤੂਬਰ 1947 ਨੂੰ ਬਾਬਾ ਜੀ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਬਾਬਾ ਜੀ ਨੇ ਮਰਨ ਵਰਤ ਆਰੰਭ ਦਿੱਤਾ। ਆਲ ਇੰਡੀਆ ਪੀਪਲਸ ਕਾਨਫਰੰਸ ਦੇ ਪ੍ਰਧਾਨ ਪਟਾਭੀ ਸੀਤਾਰਮੱਈਆ ਨੇ ਇਸ ਬਾਰੇ ਰਾਜਾ ਫਰੀਦਕੋਟ ਨੂੰ ਤਾੜਨਾ ਕੀਤੀ; ਰਾਜੇ ਨੂੰ ਭੁੱਖ ਹੜਤਾਲ ਅੱਗੇ ਝੁਕਣਾ ਪਿਆ। ਨਵੰਬਰ 1947 ਨੂੰ 23 ਦਿਨਾਂ ਬਾਅਦ ਗਿਆਨੀ ਜ਼ੈਲ ਸਿੰਘ ਨੇ ਫਲਾਂ ਦਾ ਰਸ ਦੇ ਕੇ ਮਰਨ ਵਰਤ ਛਡਵਾਇਆ। ਉਨ੍ਹਾਂ ਨੇ ਕੁੱਲ ਤਕਰੀਬਨ ਪੰਜ ਸਾਲ ਜੇਲ੍ਹ ਕੱਟੀ।
ਪੰਜਾਬ ਕਾਂਗਰਸ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਬਰ ਵਜੋਂ ਬਾਬਾ ਜੀ ਨੇ ਕੋਈ 20 ਵਰ੍ਹੇ ਕੰਮ ਕੀਤਾ ਕੀਤਾ। 31 ਜੁਲਾਈ 1987 ਨੂੰ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੌਕੇ ਦੇ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਸਿੱਧੂ ਨੇ ਕੋਟਕਪੂਰੇ ਦੇ ਤਿੰਨ ਕੋਨੀ ਚੌਕ ਦਾ ਨਾਮ ਬਾਬਾ ਦਿਆਲ ਸਿੰਘ ਚੌਕ ਕਰ ਦਿੱਤਾ ਜਿਸ ਨੂੰ ਹੁਣ ਉਨ੍ਹਾਂ ਦੇ ਪਰਿਵਾਰ ਨੇ ਸੋਹਣਾ ਚੌਕ ਬਣਾ ਕੇ ਉਸ ਵਿਚ ਬਾਬਾ ਜੀ ਦਾ ਬੁੱਤ ਲਾ ਦਿੱਤਾ ਹੈ। ਕੇਂਦਰ ਸਰਕਾਰ ਦੀ ਤਜਵੀਜ਼ ਨਾਲ ਕੋਟਕਪੂਰੇ ਸਿਵਲ ਹਸਪਤਾਲ ਦਾ ਨਾਮ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਕੀਤਾ ਹੋਇਆ ਹੈ।
*ਪ੍ਰਧਾਨ, ਇੰਡੀਅਨ ਫਰੀਡਮ ਫਾਈਟਰ ਐਂਡ ਮਾਰਟਾਇਰ ਫੈਮਿਲੀਜ਼ ਐਸੋਸੀਏਸ਼ਨ, ਪੰਜਾਬ
ਸੰਪਰਕ: 98141-80101