ਗੁਰਨਾਮ ਸਿੰਘ ਅਕੀਦਾ
1947 ਵਾਲੇ ਦਰਦ ਦੀ ਝੰਬੀ ਸੁਲਤਾਨਾ ਬੇਗ਼ਮ ਮਾਰਚ 2022 ਤੱਕ ਲਾਹੌਰ ਵਿਚ ਆਪਣੇ ਅੱਬਾ ਜਾਇਆਂ ਨੂੰ ਲੱਭਦੀ ਹੋਈ ਆਖਿ਼ਰ ਇਹ ਤਾਂਘ ਆਪਣੇ ਅੰਦਰ ਹੀ ਲੈ ਕੇ ਫ਼ੌਤ ਹੋ ਗਈ। ਸੁਲਤਾਨਾ ਬੇਗ਼ਮ, ਮਿਰਜ਼ਾ ਸਦੀਕ ਬੇਗ਼ ਉਰਫ਼ ਬਾਨਾ ਤੇ ਬਸ਼ੀਰਾ ਬੇਗ਼ਮ ਦੀ ਅੰਸ਼ ਸੀ ਪਰ ਹਾਲਤ ਅਜਿਹੇ ਬਣੇ ਕਿ ਉਸ ਦੇ ਸਾਰੇ ਸਰਟੀਫਿਕੇਟਾਂ ਤੋਂ ਲੈ ਕੇ ਹਰ ਇਕ ਕਾਗ਼ਜ਼ ਉੱਤੇ ਪਿਤਾ ਦਾ ਨਾਂ ਪੰਡਿਤ ਚਿਰੰਜੀ ਲਾਲ ਹੈ; ਉਸ ਦਾ ਵਿਆਹ ਸਿੱਖ ਪਰਿਵਾਰ ਵਿਚ ਅਵਤਾਰ ਸਿੰਘ ਰਾਣਾ ਨਾਲ ਹੋਇਆ। ਉਹ ਆਪਣੀ ਇਕ ਕਵਿਤਾ ਵਿਚ ਲਿਖਦੀ ਹੈ- ‘ਮਾਏ ਨੀ ਮੈਂ ਔੜਾਂ ਜੰਮੀ ਸਦਾ ਹੀ ਰਹੀ ਪਿਆਸੀ’।
ਸੁਲਤਾਨਾ ਬੇਗ਼ਮ ਦੇ ਅੱਬਾ ਸਦੀਕ ਬੇਗ਼ ਪਟਿਆਲਾ ਦੇ ਚਰਨ ਦਾਸ ਦੇ ਮਾਲਵਾ ਸਿਨੇਮਾ ਵਿਚ ਕੰਮ ਕਰਦੇ ਸਨ ਜਿਨ੍ਹਾਂ ਦਾ ਲਾਹੌਰ ਵਿਚ ਵੀ ਰਤਨ ਸਿਨੇਮਾ ਸੀ। ਵੰਡ ਹੋਈ ਤਾਂ ਸਦੀਕ ਬੇਗ਼ ਲਾਹੌਰ ਰਤਨ ਸਿਨੇਮਾ ਵਿਚ ਨੌਕਰੀ ਲੱਗ ਗਏ। ਬਾਅਦ ਵਿਚ ਬਹਾਦਰਗੜ੍ਹ ਲੱਗੇ ਕੈਂਪ ਦੌਰਾਨ ਆਪਣੇ ਸਹੁਰੇ ਨਾਲ ਬਸ਼ੀਰਾ ਬੇਗ਼ਮ ਵੀ ਲਾਹੌਰ ਚਲੀ ਗਈ ਜਿੱਥੇ ਉਸ ਦਾ ਮਿਲਾਪ ਆਪਣੇ ਖਾਵੰਦ ਸਦੀਕ ਬੇਗ਼ ਨਾਲ ਹੋ ਗਿਆ। ਸਦੀਕ ਬੇਗ਼ ਨੇ ਅਨਾਰਕਲੀ ਵਿਚ ਕਿਰਾਏ ਦਾ ਮਕਾਨ ਲੈ ਕੇ ਬਸ਼ੀਰਾ ਬੇਗ਼ਮ ਨੂੰ ਉੱਥੇ ਰੱਖ ਲਿਆ ਪਰ ਉਹ ਕਈ ਕਈ ਦਿਨ ਘਰ ਨਾ ਆਉਂਦਾ। ਉਹ ਦੱਸਦਾ ਹੁੰਦਾ ਸੀ ਕਿ ਉਸ ਨੂੰ ਫਿਲਮਾਂ ਲੈਣ ਲਈ ਅੰਬਾਲਾ ਜਾਣਾ ਪੈਂਦਾ ਹੈ ਪਰ ਜਦੋਂ ਗੱਲ ਖੁੱਲ੍ਹੀ ਤਾਂ ਪਤਾ ਲੱਗਾ ਕਿ ਉਸ ਨੇ ਹੋਰ ਵਿਆਹ ਕਰਵਾ ਲਿਆ ਸੀ, ਉਹ ਉੱਥੇ ਰਹਿਣ ਜਾਂਦਾ ਸੀ।
ਇਕ ਦਿਨ ਮਿਰਜ਼ਾ ਪਰਿਵਾਰ ਵਿਚ ਫ਼ੈਸਲਾ ਹੋਇਆ ਕਿ ਦੋ ਔਰਤਾਂ ਨੂੰ ਰੱਖਣਾ ਮੁਸ਼ਕਿਲ ਹੈ, ਇਕ ਔਰਤ ਸਦੀਕ ਬੇਗ਼ ਦੇ ਭਰਾ ਨਾਲ ਰਹਿਣ ਲੱਗ ਜਾਵੇ। ਬਸ਼ੀਰਾ ਬੇਗ਼ਮ ਨੇ ਇਹ ਪ੍ਰਵਾਨ ਨਾ ਕਰਕੇ ਜਵਾਬ ਦੇ ਦਿੱਤਾ।
ਹੁਣ ਉਹ ਪਟਿਆਲਾ ਆਉਣਾ ਚਾਹੁੰਦੀ ਸੀ। ਕਾਫ਼ੀ ਖੋਜ ਤੋਂ ਬਾਅਦ ਉਸ ਦਾ ਸੰਪਰਕ ਐੱਸਐੱਸਪੀ ਅਨੂਪ ਸਿੰਘ ਨਾਲ ਹੋਇਆ ਜਿਸ ਦਾ ਸਾਲਾ ਰਾਜਿੰਦਰ ਸਿੰਘ ਸਫ਼ੀਰ ਸੀ। ਸੁਲਤਾਨਾ ਬੇਗ਼ਮ ਜਦੋਂ ਬਸ਼ੀਰਾ ਬੇਗ਼ਮ ਦੇ ਪੇਟ ਵਿਚ ਸੀ ਤਾਂ ਉਸ ਵੇਲੇ ਰਾਜਿੰਦਰ ਸਿੰਘ ਨੇ ਭਾਰਤੀ ਪੰਜਾਬ ਵਿਚ ਬਸ਼ੀਰਾ ਬੇਗ਼ਮ ਨੂੰ ਇਹ ਝੂਠ ਕਹਿ ਕੇ ਨਾਲ ਪਟਿਆਲਾ ਲਿਆਂਦਾ ਕਿ ਉਹ ਉਨ੍ਹਾਂ ਦੇ ਬੱਚਿਆਂ ਦੀ ‘ਆਇਆ’ ਹੈ। ਜਦੋਂ ਬਸ਼ੀਰਾ ਬੇਗ਼ਮ ਪਟਿਆਲਾ ਦੇ ਰਾਘੋਮਾਜਰਾ ਵਿਚ ਰਹਿੰਦੇ ਭਰਾ ਰਮਜ਼ਾਨ ਕੋਲ ਆਈ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਉਹ ਪਟਿਆਲਾ ਵਿਚ ਪਤਨੀ ਸਮੇਤ ਆਪਣਾ ਨਾਮ ਬਦਲ ਕੇ ਓਮ ਪ੍ਰਕਾਸ਼ ਦੇ ਨਾਮ ਨਾਲ ਰਹਿ ਰਿਹਾ ਸੀ। ਉਸ ਬਸ਼ੀਰਾ ਬੇਗ਼ਮ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ। ਬਸ਼ੀਰਾ ਬੇਗ਼ਮ ਦੁਖੀ ਹੋ ਕੇ ਪੁਰਾਣੇ ਜਾਣਕਾਰ ਬਜ਼ੁਰਗ ਪੰਡਿਤ ਚਿਰੰਜੀ ਲਾਲ ਦੇ ਘਰ ਆ ਗਈ।
ਸਾਰੀ ਕਹਾਣੀ ਸੁਣ ਕੇ ਪੰਡਿਤ ਚਿਰੰਜੀ ਲਾਲ ਨੇ ਉਸ ਨੂੰ ਰਹਿਣ ਦਾ ਸਹਾਰਾ ਦਿੱਤਾ। ਜਦੋਂ ਸੁਲਤਾਨਾ ਬੇਗ਼ਮ ਦਾ ਜਨਮ ਹੋਇਆ ਤਾਂ ਉਸ ਨੂੰ ਪੰਡਿਤ ਚਿਰੰਜੀ ਲਾਲ ਨੇ ਆਪਣਾ ਨਾਮ ਬਾਪ ਦੇ ਤੌਰ ’ਤੇ ਦਿੱਤਾ ਤੇ ਉਹ ਉਸ ਕੋਲ ਹੀ ਪਲਦੀ ਰਹੀ।
ਇਸ ਦੌਰਾਨ ਬਸ਼ੀਰਾ ਬੇਗ਼ਮ ਨੇ ਬਤੌਰ ਨਰਸ ਲੇਡੀ ਡਫਰਿਨ ਹਸਪਤਾਲ (ਮਾਤਾ ਕੁਸ਼ੱਲਿਆ ਹਸਪਤਾਲ) ਵਿਚ ਨੌਕਰੀ ਕੀਤੀ। ਉੱਧਰ ਸੁਲਤਾਨਾ ਬੇਗ਼ਮ ਵੀ ਵੱਡੀ ਹੋ ਗਈ ਸੀ। ਉਸ ਨੇ ਵਿਮੈੱਨ ਕਾਲਜ ਪਟਿਆਲਾ ਤੋਂ ਬੀਏ ਕੀਤੀ ਅਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਏ ਵਿਚ ਅਵਲ ਰਹੀ। ਉਸ ਨੇ ਥੀਏਟਰ ਵੀ ਕੀਤਾ। ਉਸ ਤੋਂ ਬਾਅਦ ਪਾਕਿਸਤਾਨੀ ਪੰਜਾਬੀ ਨਾਵਲਾਂ ’ਤੇ ਪੀਐੱਚਡੀ ਕੀਤੀ ਜਿਸ ਦਾ ਕਾਰਨ ਉਹ ਆਪਣੀ ਸਾਂਝ ਪਾਕਿਸਤਾਨ ਨਾਲ ਪੱਕੀ ਕਰਨਾ ਦੱਸਦੇ ਸਨ। 1990 ਵਿਚ ਅੰਮੀ ਬਸ਼ੀਰਾ ਬੇਗ਼ਮ ਫ਼ੌਤ ਹੋ ਗਈ। ਸੁਲਤਾਨਾ ਬੇਗ਼ਮ ਮੁਹਾਲੀ ਨੌਕਰੀ ਕਰਨ ਲੱਗ ਪਈ। ਉੱਥੇ ਹੀ ਪੰਡਿਤ ਚਿਰੰਜੀ ਲਾਲ ਵੀ ਨਾਲ ਰਹਿੰਦਾ ਸੀ, ਉਹ 105 ਸਾਲ ਦੇ ਹੋ ਕੇ ਫ਼ੌਤ ਹੋ ਗਏ।
1975 ਵਿਚ ਸੁਲਤਾਨਾ ਬੇਗ਼ਮ ਦਾ ਵਿਆਹ ਸਿੱਖ ਪਰਿਵਾਰ ਵਿਚ, ਭੰਗੜਾ ਕਲਾਕਾਰ ਅਵਤਾਰ ਸਿੰਘ ਰਾਣਾ ਨਾਲ ਹੋਇਆ ਪਰ ਪਰਿਵਾਰ ਨੇ ਸੁਲਤਾਨਾ ਬੇਗ਼ਮ ਨੂੰ ਸਵੀਕਾਰ ਨਾ ਕੀਤਾ। ਇਸ ’ਤੇ ਸੁਲਤਾਨਾ ਬੇਗ਼ਮ ਅਤੇ ਅਵਤਾਰ ਸਿੰਘ ਚੰਡੀਗੜ੍ਹ ਵਿਚ ਰਹਿਣ ਲੱਗ ਪਏ। ਉਸ ਦਾ ਸਹੁਰਾ ਪ੍ਰੇਮ ਸਿੰਘ ਐੱਸਐੱਸ ਬੋਰਡ ਵਿਚ ਸਕੱਤਰ ਸੀ, ਸੁਲਤਾਨਾ ਬੇਗ਼ਮ ਦੀ ਤਾਰੀਫ਼ ਸੁਣ ਕੇ ਉਹ ਸੁਲਤਾਨਾ ਬੇਗ਼ਮ ਨੂੰ ਦੋ ਸਾਲਾਂ ਬਾਅਦ ਆਪਣੇ ਘਰ ਲੈ ਗਏ। ਸੁਲਤਾਨਾ ਬੇਗ਼ਮ ਨੇ ਆਪਣੀਆਂ ਤਿੰਨੇ ਨਣਦਾਂ ਦੇ ਵਿਆਹ ਖ਼ੁਦ ਮੁੰਡੇ ਲੱਭ ਕੇ ਕੀਤੇ। 2007 ਵਿਚ ਸੁਲਤਾਨਾ ਬੇਗ਼ਮ ਸਿੱਖਿਆ ਵਿਭਾਗ ਵਿਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋਈ। ਸੁਲਤਾਨਾ ਬੇਗ਼ਮ ਦੀ ਜੀਵਨੀ ‘ਕਤਰਾ ਕਤਰਾ ਜ਼ਿੰਦਗੀ’ ਉਰਦੂ ਵਿਚ ਵੀ ਅਨੁਵਾਦ ਹੋਈ ਹੈ, ਉਸ ਨੇ ਆਪਣੀ ਮਾਂ ਬਸ਼ੀਰਾ ਬੇਗ਼ਮ ਦੇ ਦਰਦ ਨੂੰ ਬਿਆਨਦੀ ਕਿਤਾਬ ‘ਲਾਹੌਰ ਕਿੰਨੀ ਦੂਰ’ ਲਿਖੀ। ਇਸ ਤੋਂ ਇਲਾਵਾ ਉਸ ਦੇ 5 ਕਾਵਿ ਸੰਗ੍ਰਹਿਆਂ ਵਿਚ ਗੁਲਜ਼ਾਰਾਂ, ਰੁਸਵਾਈਆਂ, ਨਮਕਤਾਰੇ, ਬਹਾਰਾਂ ਤੇ ਸ਼ਗੂਫ਼ੇ ਸ਼ਾਮਿਲ ਹਨ।
ਸੁਲਤਾਨਾ ਦੇ ਅੰਦਰ ਇਕ ਦਰਦ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ। ਮਾਂ ਕਹਿੰਦੀ ਹੁੰਦੀ ਸੀ ਕਿ ਉਸ ਦੇ ਛੇ ਭਰਾ ਹਨ, ਉਸ ਦੇ ਚਾਚਿਆਂ ਦੇ ਨਾਂ ਗੁਲਜ਼ਾਰੀ ਅਤੇ ਸਰਦਾਰੀ ਹਨ। ਉਹ ਉਨ੍ਹਾਂ ਨੂੰ ਖੋਜਣ ਲਈ ਉਹ 1992 ਵਿਚ ਲਾਹੌਰ ਗਈ। ਉੱਥੇ ਉਹ ਅਨਾਰਕਲੀ ਬਾਜ਼ਾਰ ਅਤੇ ਰਤਨ ਸਿਨੇਮਾ ਵਿਚ ਆਪਣੇ ਅੱਬਾ ਜਾਇਆਂ ਨੂੰ ਲੱਭਦੀ ਰਹੀ ਪਰ ਉਹ ਨਾ ਮਿਲੇ। ਉਹ ਮੁੜ 2019 ਵਿਚ ਸੰਸਾਰ ਪੰਜਾਬੀ ਕਾਨਫਰੰਸ ਲਈ ਲਾਹੌਰ ਗਈ। ਉਸ ਨੇ ਆਪਣੇ ਅੱਬਾ ਜਾਇਆਂ ਨੂੰ ਬਹੁਤ ਲੱਭਿਆ ਪਰ ਉਹ ਨਾ ਮਿਲੇ। ਮਾਰਚ 2022 ਵਿਚ ਮੁੜ ਉਹ ਲਾਹੌਰ ਗਈ ਪਰ ਉਸ ਦੀ ਭਾਲ ਪੂਰੀ ਨਾ ਹੋਈ ਤੇ ਆਖਿ਼ਰ 28 ਮਈ 2022 ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਰੋਹ ਪਟਿਆਲਾ ਦੇ ਗੁਰਦੁਆਰਾ ਮੋਤੀ ਬਾਗ਼ ਵਿਚ 6 ਜੂਨ ਨੂੰ ਹੋ ਇਹਾ ਹੈ।
ਸੰਪਰਕ: 81460-01100