ਅਮੋਲਕ ਸਿੰਘ
ਨਵੀਆਂ ਉਮੰਗਾਂ ਸੰਗ ਲੱਗਿਆ ਹੈ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਾ ਸਾਂਝਾ ਮੇਲਾ- ਮੇਲਾ ਗ਼ਦਰੀ ਬਾਬਿਆਂ ਦਾ। ਆਜ਼ਾਦੀ ਸੰਗਰਾਮ ਦੇ ਸਾਂਝੇ ਇਤਿਹਾਸ, ਵਿਰਾਸਤ, ਸਭਿਆਚਾਰ, ਦੁਖੜੇ ਅਤੇ ਸਾਂਝੇ ਸਰੋਕਾਰਾਂ ਦੇ ਰੰਗ ਵਿਚ ਰੰਗਿਆ ਹੈ ਇਹ ਮੇਲਾ। ਬਾਬਾ ਨਾਨਕ, ਭਾਈ ਮਰਦਾਨਾ, ਬੁੱਲ੍ਹੇ ਸ਼ਾਹ, ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮੁਹੰਮਦ ਸਿੰਘ ਆਜ਼ਾਦ ਦੇ ਵਿਚਾਰਾਂ, ਰਾਹਾਂ, ਫਿਕਰਾਂ ਅਤੇ ਸੰਗਰਾਮ ਦੀ ਸਾਂਝੀ ਮਹਾਂ ਵਿਚਾਰ-ਗੋਸ਼ਟੀ ਦਾ ਵਿਲੱਖਣ ਸਭਿਆਚਾਰਕ ਤਿਓਹਾਰ ਹੋਏਗਾ ਮੇਲਾ ਗ਼ਦਰੀ ਬਾਬਿਆਂ ਦਾ।
ਮੇਲੇ ਦਾ ਪ੍ਰਵੇਸ਼ ਦੁਆਰ ਅਤੇ ਦੇਸ਼ ਭਗਤ ਯਾਦਗਾਰ ਹਾਲ ਦਾ ਸਮੁੱਚਾ ਕੰਪਲੈਕਸ ਪਹਿਲੀ ਨਵੰਬਰ ਤੱਕ, ਗ਼ਦਰੀ ਬਾਬਿਆਂ ਦੇ ਮੇਲੇ ਦੇ ਦਿਨਾਂ ਵਿਚ ਹੋਏਗਾ ‘ਮੁਹੰਮਦ ਸਿੰਘ ਆਜ਼ਾਦ ਨਗਰ’। ਇਹ ਆਪਣੇ ਆਪ ਹੀ ਇੱਕ ਮੁਲਕ ਦੇ ਵੰਨ-ਸਵੰਨੇ ਰੰਗਾਂ ਦਾ ਅਦਬ ਕਰਦਿਆਂ ਸਾਂਝੀ ਤਵਾਰੀਖ਼ ਅਤੇ ਸਾਂਝੀ ਗਲਵੱਕੜੀ ਹੋਰ ਮਜ਼ਬੂਤ ਕਰ ਕੇ ਤੁਰਨ ਦੀਆਂ ਸੈਨਤਾਂ ਕਰੇਗਾ। ਮੇਲੇ ਦੀਆਂ ਕਲਾ ਕ੍ਰਿਤਾਂ ਦੇ ਅੰਗ-ਸੰਗ ਹੋਣਗੀਆਂ 1857 ਦੇ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ ਅਤੇ ਆਜ਼ਾਦ ਹਿੰਦ ਫੌਜ ਦੀਆਂ ਇਤਿਹਾਸਕ ਲੜੀਆਂ ਅਤੇ ਕੜੀਆਂ।
ਮੇਲੇ ਵਿਚ ਵਿਚਾਰ-ਚਰਚਾ, ਸੰਵਾਦ, ਰੰਗ ਮੰਚ, ਸੰਗੀਤ, ਕਵੀ ਦਰਬਾਰ, ਗਾਇਨ, ਅਹਿਦ, ਮਤੇ ਆਦਿ ਸਾਮਰਾਜਵਾਦ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਅਤੇ ਉਹਨਾਂ ਵਿਚ ਆਪਾ ਵਾਰ ਗਏ ਸੰਗਰਾਮੀਆਂ ਨੂੰ ਸਮਰਪਿਤ ਹੋਣਗੀਆਂ। ਅਜੋਕੇ ਸਮੇਂ ਦੀਆਂ ਤਿੱਖੀਆਂ ਚੁਣੌਤੀਆਂ ਦੇ ਸਨਮੁਖ ਵਕਤ ਦੇ ਸਭ ਤੋਂ ਭਿਆਨਕ ਅਤੇ ਘਿਨਾਉਣੇ ਇਸ ਦੋ-ਮੂੰਹੇਂ ਹੱਲੇ ਖਿਲਾਫ਼ ਚੇਤਨਾ ਦੀ ਮਸ਼ਾਲ ਜਗਦੀ ਰੱਖਣ ਦੀ ਸੂਝ-ਬੂਝ ਅਤੇ ਜਨਤਕ ਲੋਕ ਸੰਗਰਾਮ ਜਾਰੀ ਰੱਖਣ ਦਾ ਸੁਨੇਹਾ ਲੋਕ ਮਨਾਂ ਦੀ ਸਲੇਟ ’ਤੇ ਲਿਖਣਾ ਮੇਲੇ ਦਾ ਸਰਵੋਤਮ ਕਾਰਜ ਹੋਏਗਾ।
ਲਹਿੰਦੇ ਪੰਜਾਬ ਤੋਂ ਬੁਲਾਏ ਰੰਗਕਰਮੀਆਂ ਅਤੇ ਕਵੀਆਂ ਨੂੰ ਚੜ੍ਹਦੇ ਪੰਜਾਬ ਨੇ ਧਾਅ ਗਲਵੱਕੜੀ ਪਾਈ ਹੈ। ਰੰਗ ਮੰਚ, ਸੰਗੀਤ, ਸਾਂਝੇ ਪੰਜਾਬ ਦੀ ਸਾਂਝੀ ਸਰਗਮ ਛੇੜੇਗਾ ਇਹ ਲੋਕ ਕਲਾ ਦਾ ਉਤਸਵ। ਇਸ ਵਾਰ 31ਵੇਂ ਮੇਲੇ ’ਤੇ ਦੋਵੇਂ ਮੁਲਕਾਂ ਦੇ ਕਲਾਕਾਰਾਂ ਦੇ ਨੈਣਾਂ ਵਿਚੋਂ ਵਗਦੇ ਪੰਜ ਦਰਿਆਵਾਂ ਦਾ ਪਾਣੀ, ਸਾਂਝੇ ਸਭਿਆਚਾਰ ਦੀਆਂ ਮੋਮਬੱਤੀਆਂ ਜਗਦੀਆਂ ਰੱਖਣ ਦੀਆਂ ਛੱਲਾਂ ਅਤੇ ਉਮੀਦਾਂ ਦਾ ਸੰਗਮ ਅਤੇ ਸਾਗਰ ਹੋ ਨਬਿੜੇ, ਇਸ ਲਈ ਸੰਜੀਦਾ ਉਪਰਾਲੇ ਜੁਟਾਏ ਗਏ ਹਨ।
ਮੇਲਾ ਲੋਕਾਂ ਦਾ ਧਿਆਨ ਖਿੱਚੇਗਾ ਕਿ ਹਰ ਵੰਨਗੀ ਦੀ ਫ਼ਿਰਕੂ ਨਫ਼ਰਤ, ਵੰਡੀਆਂ, ਵਿਤਕਰੇ, ਦਾਬੇ, ਲੁੱਟ-ਖਸੁੱਟ, ਅਨਿਆਂ ਅਤੇ ਜਬਰ ਦੇ ਖਿਲਾਫ਼ ਖੜ੍ਹੇ ਹੋਣਾ ਹੀ ਗ਼ਦਰ ਦੀ ਇਤਿਹਾਸਕ ਵਿਰਾਸਤ ਦੇ ਖ਼ਰੇ ਪਹਿਰੇਦਾਰ ਅਤੇ ਮਸ਼ਾਲਚੀ ਹੋਣਾ ਹੈ। ਜ਼ਿੰਦਗੀ ਦੇ ਤਿੱਖੜ ਸਰੋਕਾਰਾਂ ਨੂੰ ਕਲਾਵੇ ਵਿਚ ਲੈਂਦਿਆਂ ਮੇਲਾ ਨਵੀਂ ਤਰਜ਼ ’ਤੇ ਤਿੱਖੇ ਹੋਏ ਵਿਦੇਸ਼ੀ, ਦੇਸੀ ਬਹੁ-ਕੌਮੀ ਕੰਪਨੀਆਂ ਦੇ ਧਾਵੇ ਤੋਂ ਜਾਗਰੂਕ ਕਰੇਗਾ। ਜੰਗਲ, ਜਲ, ਜ਼ਮੀਨ, ਵਾਤਾਵਰਨ, ਸਿੱਖਿਆ, ਸਿਹਤ, ਰੁਜ਼ਗਾਰ, ਜਮਹੂਰੀ ਹੱਕਾਂ ਦੇ ਸਰਵ-ਸਾਂਝੇ ਮੁੱਦੇ ਰੌਸ਼ਨੀ ਵਿਚ ਲਿਆਉਂਦੀਆਂ ਮੇਲੇ ਦੀਆਂ ਕਲਾ ਕ੍ਰਿਤਾਂ ਫ਼ਿਰਕੂ ਨਫ਼ਰਤ, ਜ਼ਹਿਰ ਦੇ ਵਣਜਾਰਿਆਂ ਤੋਂ ਚੌਕੰਨੇ ਰਹਿਣ ਦਾ ਪੈਗ਼ਾਮ ਦੇਣਗੀਆਂ। ਲੋਕ ਸਾਮਰਾਜ ਅਤੇ ਫ਼ਿਰਕੂ ਫਾਸ਼ੀ ਹੱਲੇ ਦੀ ਵਿਆਪਕ ਅਤੇ ਤਿੱਖੀ ਮਾਰ ਹੇਠ ਆਏ ਹੋਏ ਨੇ; ਲੋਕਾਂ ਦੇ ਪ੍ਰਤੀਨਿਧ ਮੇਲੇ ਦੇ ਸਪੱਸ਼ਟ ਨਿਸ਼ਾਨੇ ’ਤੇ ਵੀ ਦੋਵੇਂ ਰਹਿਣ, ਇਹ ਜ਼ਰੂਰੀ ਹੈ।
ਹੱਦਾਂ-ਸਰਹੱਦਾਂ ਦੀਆਂ ਬੰਦਿਸ਼ਾਂ ਅੰਦਰ ਸਾਹ ਘੁੱਟਵੇਂ ਮਾਹੌਲ ਵਿਚ ਦਮ ਤੋੜਦੇ ‘ਅੰਨ੍ਹੀਆਂ ਮਾਵਾਂ ਦੇ ਸੁਪਨੇ’, ‘ਸੰਮੀ ਦੀ ਵਾਰ’, ‘ਦੁਸ਼ਮਣ’, ‘ਲੱਛੂ ਕਬਾੜੀਆਂ’ ਅਤੇ ‘ਅਵੇਸਲੇ ਯੁੱਧਾਂ ਦੀ ਨਾਇਕਾ’ ਵਰਗੀਆਂ ਕਲਾ ਕ੍ਰਿਤਾਂ ਨਵੀਂ ਕੈਨਵਸ ‘ਤੇ ਜ਼ਿੰਦਗੀ ਵਿਚ ਨਵੇਂ ਰੰਗ ਬਿਖ਼ੇਰਨ ਦਾ ਨਵਾਂ ਇਤਿਹਾਸ ਸਿਰਜਣ ਲਈ ਪ੍ਰੇਰਨਾਮਈ ਮਿਸਾਲ ਹੋਣਗੀਆਂ। ਬੇਜ਼ਮੀਨਿਆਂ, ਥੁੜ-ਜ਼ਮੀਨਿਆਂ, ਹੱਥੋਂ ਕਿਰ ਰਹੀਆਂ ਜ਼ਮੀਨਾਂ ਵਾਲਿਆਂ ਦੇ ਦੁੱਖਾਂ ਦੀ ਬਾਤ ਹੀ ਨਹੀਂ ਸਗੋਂ ਉਹਨਾਂ ਦੀ ਮੁਕਤੀ ਵੱਲ ਜਾਂਦੇ ਮਾਰਗ ਦੀ ਰੌਸ਼ਨ ਕਿਰਨ ਹੋਏਗਾ ਮੇਲਾ ਗ਼ਦਰੀ ਬਾਬਿਆਂ ਦਾ।
ਕੁੱਲ ਅੰਬਰ ਦਾ ਅੱਧ ਔਰਤਾਂ ਦੀ ਅਥਾਹ ਸ਼ਕਤੀ ਜਗਾਉਣ, ਜਚਾਉਣ ਅਤੇ ਜ਼ਿੰਦਗੀ ਦੇ ਹਰ ਖੇਤਰ ਅੰਦਰ ਉਸ ਨੂੰ ਆਪਣਾ ਮਾਣ-ਮੱਤਾ, ਸਵੈਮਾਣ ਅਤੇ ਖ਼ੁਦਮੁਖ਼ਤਾਰ ਰੁਤਬਾ ਹਾਸਲ ਕਰਨ ਲਈ ਹਰ ਤਰ੍ਹਾਂ ਦੇ ਬੈਰੀਕੇਡ ਭੰਨ ਕੇ ਖ਼ੂਬਸੂਰਤ ਸਮਾਜ ਸਿਰਜਣ ਲਈ ਇਤਿਹਾਸ ਦੀਆਂ ਵੀਰਾਂਗਣਾਂ ਦੇ ਮਾਰਗ ’ਤੇ ਸਾਬਤ ਕਦਮੀਂ ਤੁਰਨ ਦੀ ਨਵੀਂ ਊਰਜਾ ਮੁਹੱਈਆ ਕਰੇਗਾ ਇਹ ਮੇਲਾ।
1992 ਤੋਂ ਸ਼ੁਰੂ ਹੋਏ ਮੇਲੇ ਦੀ 31 ਵਰ੍ਹਿਆਂ ਦੀ ਗਾਥਾ ਇਤਿਹਾਸਕਾਰਾਂ, ਸਾਹਿਤਕਾਰਾਂ, ਰੰਗਕਰਮੀਆਂ, ਸਮਾਜ ਸ਼ਾਸਤਰੀਆਂ ਲਈ ਗਹਿਰੀ ਖੋਜ ਦਾ ਵਿਸ਼ਾ ਹੈ। ਮੇਲੇ ਦੇ ਮਾਧਿਅਮ ਰਾਹੀਂ ਸਮਾਜ ਅੰਦਰ ਐਨੀ ਵਿਸ਼ੇਸ਼ ਖਿੱਚ ਅਤੇ ਤਾਂਘ ਪੈਦਾ ਹੋਣੀ, ਕਿਹੋ ਜਿਹੀਆਂ ਮਹੀਣ ਪਰਤਾਂ ਦੀ ਘੋਖ-ਪੜਤਾਲ ਕਰਨ ਦੀ ਮੰਗ ਕਰਦੀ ਹੈ। ਬੱਚੇ, ਜੁਆਨ, ਔਰਤਾਂ ਅਤੇ ਬੁੱਢੇ ਹਰ ਉਮਰ, ਹਰ ਖੇਤਰ, ਹਰ ਮਿਹਨਤਕਸ਼ ਤਬਕਾ ਆਪਣੇ ਮਨ ਦੀ ਡਾਇਰੀ ਉਪਰ ‘ਇੱਕ ਨਵੰਬਰ, ਵਿਚ ਜਲੰਧਰ, ਮੇਲਾ ਗ਼ਦਰੀ ਬਾਬਿਆਂ ਦਾ’ ਐਨਾ ਗੂੜ੍ਹਾ ਉਕਰਨ ਵਿਚ ਮੇਲੇ ਦੀ ਸਫ਼ਲਤਾ ਦਾ ਰਾਜ ਕੀ ਹੈ!
ਮੇਲੇ ਵਿਚ ਪੇਸ਼ਕਾਰੀਆਂ, ਪ੍ਰਬੰਧ, ਵਿੱਤੀ ਸਹਾਇਤਾ, ਲੰਗਰ, ਵਲੰਟੀਅਰ ਆਦਿ ਸਭ ਕੁਝ ਲੋਕਾਂ ਸਿਰਫ਼ ਲੋਕਾਂ ਦੇ ਅਥਾਹ ਸਾਗਰ ਵਿਚੋਂ ਹੀ ਹੁੰਦਾ ਹੈ। ਵੱਡੀਆਂ ਕਾਰਪੋਰੇਟ ਸੁਸਾਇਟੀਆਂ, ਦਰਬਾਰੀ ਸਰਪ੍ਰਸਤੀ ਦੁਆਰਾ ਪਾਣੀ ਵਾਂਗ ਪੈਸਾ ਵਹਾ ਕੇ ਵੀ ਉਹ ਕਦੇ ਵੀ ਲੋਕਾਂ ਦੇ ਦਿਲਾਂ ’ਤੇ ਰਾਜ ਨਹੀਂ ਕਰ ਸਕਦੇ ਜਿਵੇਂ ਕਰਦਾ ਹੈ, ਮੇਲਾ ਗ਼ਦਰੀ ਬਾਬਿਆਂ ਦਾ। ਲੋਕ-ਸਰੋਕਾਰਾਂ ਸੰਗ ਗੁੰਨ੍ਹਿਆ-ਪਰੋਇਆ, ਲੋਕ-ਕਲਾਵਾਂ ਨਾਲ ਸਜਾਇਆ ਅਤੇ ਲੋਕਾਂ ਦੁਆਰਾ ਲੋਕਾਂ ਲਈ ਸਮਰਪਿਤ ਹੋਣ ਕਰ ਕੇ ਹੀ ਇਸ ਮੁਕਾਮ ’ਤੇ ਪੁੱਜਾ ਹੈ ਮੇਲਾ ਗ਼ਦਰੀ ਬਾਬਿਆਂ ਦਾ।
ਪੰਜਾਬ ਵਿਚ ਲੱਗਦੇ ਰਵਾਇਤੀ, ਮਨੋਰੰਜਕ, ਵਪਾਰਕ ਅਤੇ ਦਰਬਾਰੀ ਮੇਲਿਆਂ ਤੋਂ ਸਿਫ਼ਤੀ ਤੌਰ ’ਤੇ ਨਿਵੇਕਲਾ ਲੋਕ-ਪੱਖੀ ਸਭਿਆਚਾਰਕ ਇਹ ਮੇਲਾ, ਦੇਸ਼ ਭਗਤ ਯਾਦਗਾਰ ਹਾਲ ਤੋਂ ਅਗਲੀਆਂ ਮੰਜ਼ਲਾਂ ਵੱਲ ਤੁਰਨ ਦੀ ਰੌਸ਼ਨੀ ਬਿਖੇਰੇਗਾ।
ਸੰਪਰਕ: 98778-68710