ਦਰਸ਼ਨ ਸਿੰਘ
ਹੰਝੂ ਕੀ ਹਨ? ਕੋਈ ਕਿਉਂ ਰੋਂਦਾ ਹੈ? ਹੁਣ ਵੀ ਕਦੇ ਕਦੇ ਸੋਚਦਾ ਹਾਂ। ਸਮੇਂ ਨਾਲ ਮੈਨੂੰ ਸਮਝ ਆਈ ਕਿ ਜ਼ਿੰਦਗੀ ਸ਼ੁਰੂ ਤੋਂ ਆਖ਼ੀਰ ਤੱਕ ਧੁੱਪ-ਛਾਂ ਦੀ ਖੇਡ ਵਾਂਗ ਹੈ। ਸੁੱਖ ਵੀ ਮਿਲਦੇ ਹਨ, ਅਸਹਿ ਦੁੱਖ ਵੀ। ਹਾਸੇ-ਠੱਠੇ ਵੀ ਹਨ, ਹਉਕੇ ਸਿਸਕੀਆਂ ਵੀ। ਮਨ ਅੰਦਰਲੀ ਖ਼ਾਮੋਸ਼ ਚੀਸ ਆਪ ਮੁਹਾਰਾ ਛਲਕਦੇ ਹੰਝੂਆਂ ਵਿਚ ਘੁਲ ਕੇ ਅੱਖਾਂ ਥਾਣੀਂ ਹੀ ਬਾਹਰ ਆਉਂਦੀ ਹੈ।
ਕਦੀ ਇਨ੍ਹਾਂ ਹੰਝੂਆਂ ਵਿਚ ਮੋਹ, ਅਪਣੱਤ ਅਤੇ ਨਿੱਘ ਝਲਕਦੇ ਸਨ। ਬੇਵਸੀ ਵਿਚ ਵਹਾਏ ਹੰਝੂ ਕਈ ਵਾਰ ਦੂਜਿਆਂ ਦੀਆਂ ਅੱਖਾਂ ਨੂੰ ਵੀ ਰੁਆ ਦਿੰਦੇ ਸਨ। ਇਨ੍ਹਾਂ ਵਿਚ ਵੱਡੇ ਅਰਥ ਸਮੋਏ ਹੁੰਦੇ ਸਨ। ਹੁਣ ਸਵਾਰਥ ਦੀ ਭਾਵਨਾ ਆਉਣ ਅਤੇ ਹਮਦਰਦੀਆਂ ਦਿਲਾਸੇ ਦਿਲਾਂ ’ਚੋਂ ਮਨਫ਼ੀ ਹੋਣ ਕਾਰਨ ਹੰਝੂਆਂ ਦਾ ਪਹਿਲਾਂ ਵਾਲਾ ਰੂਪ ਸਰੂਪ ਹੀ ਬਦਲ ਗਿਆ ਹੈ। ਹਰ ਕਿਸੇ ਦੀ ਕਿਸੇ ਨਾ ਕਿਸੇ ਰੂਪ ਵਿਚ ਹੰਝੂਆਂ ਨਾਲ ਸਾਂਝ ਹੁੰਦੀ ਹੈ।
ਚੌਥੀ ਵਿਚ ਸਾਂ ਜਦੋਂ ਮੇਰੇ ਦਾਦੀ ਜੀ ਗੁਜ਼ਰ ਗਏ। ਸਕੂਲ ਪੜ੍ਹਦਿਆਂ ਅਧਿਆਪਕਾਂ ਦੀ ਕੁੱਟ ਕਾਰਨ ਰੋਈਆਂ ਅੱਖਾਂ ‘ਦੋ ਪਈਆਂ ਵਿਸਰ ਗਈਆਂ’ ਵਾਲੀ ਗੱਲ ਸੀ ਪਰ ਦਾਦੀ ਦੇ ਗੁਜ਼ਰ ਜਾਣ ਸਮੇਂ ਵਗੇ ਹੰਝੂ ਨਾ ਦਿਲੋਂ ਕਦੀ ਗਏ, ਨਾ ਅੱਖਾਂ ’ਚੋਂ। ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ, ਰੋਣਿਆਂ ਧੋਣਿਆਂ ਤੇ ਝਮੇਲਿਆਂ ਦੀ ਪੰਡ ਭਾਰੀ ਹੁੰਦੀ ਗਈ। ਦਸਵੀਂ ਦਾ ਨਤੀਜਾ ਆਇਆ, ਮੈਂ ਸਕੂਲ ਵਿਚ ਦੂਜੇ ਨੰਬਰ ’ਤੇ ਸੀ। “ਕਿਉਂ ਰੋ ਰਿਹਾ ਏਂ?” ਰੋਂਦੇ ਦੀਆਂ ਅੱਖਾਂ ਪੂੰਝਦੀ ਮਾਂ ਨੇ ਚੁੱਪ ਕਰਾਉਣ ਦੀ ਹਰ ਵਾਹ ਲਾਈ। ਪਹਿਲੇ ਨੰਬਰ ’ਤੇ ਨਾ ਆਉਣ ਦਾ ਦੁੱਖ ਮੇਰੀਆਂ ਅੱਖਾਂ ਦੇ ਹੰਝੂਆਂ ਵਿਚ ਸੀ। ਜ਼ਿੰਦਗੀ ਵਿਚ ਮਿਲੀਆਂ ਕਈ ਕਾਮਯਾਬੀਆਂ ਦਾ ਆਧਾਰ ਇਹੋ ਹੰਝੂ ਹੀ ਬਣੇ। ਜਾਣ ਲਿਆ ਕਿ ਫਿਰ ਤੋਂ ਨਿਖਰਨ ਲਈ ਜ਼ਿੰਦਗੀ ਵਿਚ ਇਕ ਵਾਰ ਟੁੱਟਣਾ ਜ਼ਰੂਰੀ ਹੁੰਦਾ ਹੈ।
ਉਂਝ ਰੋਣਾ ਜਨਮ ਲੈਣ ਵੇਲੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਰੋਣ ਨਾਲ ਹੀ ਮਾਂ ਨਵਜੰਮੇ ਬਾਲ ਨੂੰ ਲੱਗੀ ਭੁੱਖ ਦਾ ਅਹਿਸਾਸ ਕਰਦਿਆਂ ਉਸ ਨੂੰ ਦੁੱਧ ਦਿੰਦੀ ਹੈ। ਸ਼ਾਇਦ ਇਸੇ ਲਈ ਆਖਦੇ ਹਨ ਕਿ ‘ਰੋਏ ਬਿਨਾ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ’। ਸਰੀਰਕ ਤਕਲੀਫ਼ ਵਿਚ ਵੀ ਇਹ ਹੰਝੂ ਵਹਿ ਤੁਰਦੇ ਹਨ ਅਤੇ ਕਿਸੇ ਹੱਥੋਂ ਖ਼ੁਦ ਨੂੰ ਜ਼ਲੀਲ ਮਹਿਸੂਸ ਕੀਤੇ ਜਾਣ ਤੋਂ ਬਾਅਦ ਵੀ।
ਕਿਹਾ ਜਾਂਦਾ ਕਿ ਖ਼ੁਸ਼ੀ ਤੇ ਦੁੱਖ ਵਿਚ ਵਹਾਏ ਹੰਝੂ ਵੱਖੋ-ਵੱਖ ਹੁੰਦੇ ਹਨ। ਅੱਖਾਂ ਦੇ ਕੋਇਆਂ ਵਿਚ ਕੁਝ ਅਟਕੇ ਤੇ ਕੁਝ ਵਗਦੇ ਅੱਥਰੂ ਮਨ ਦੀ ਬੇਚੈਨੀ ਦਰਸਾਉਂਦੇ ਹਨ ਪਰ ਬੇਜ਼ਬਾਨ ਹੁੰਦਿਆਂ ਵੀ ਇਹ ਬੜਾ ਕੁਝ ਬੋਲ ਜਾਂਦੇ ਹਨ। ਪਿੱਛੇ ਜਿਹੇ ਮੇਰੀ ਕਿਸੇ ਨਾਲ ਅਣਬਣ ਜਿਹੀ ਰਹੀ। ‘ਮੈਂ ਕੱਲ੍ਹ ਉਸ ਨੂੰ ਜ਼ਰੂਰ ਮਿਲਾਂਗਾ’ ਸੋਚਦਾ ਹਰ ਰੋਜ਼ ਸੀ ਪਰ ਮੇਰੇ ਕਦਮ ਮੇਰੀ ਸੋਚ ਦੀ ਅੜੀ ਕਾਰਨ ਕਦੀ ਉਸ ਦੇ ਘਰ ਵਲ ਨਾ ਮੁੜੇ। ਆਖ਼ਿਰ ਇਕ ਦਿਨ ਉਹ ਗੁਜ਼ਰ ਗਿਆ। ਉਸ ਨਾਲ ਬੀਤੇ ਦਿਨਾਂ ਨੂੰ ਯਾਦ ਕਰਦਿਆਂ ਮੈਂ ਉਸ ਰਾਤ ਰੋ ਕੇ ਸੁੱਤਾ। ਕਿਸੇ ਕੋਲ ਜ਼ਿੰਦਗੀ ਦੇ ਕਿੰਨੇ ਪਲ ਹਨ, ਕੀ ਪਤਾ? ਬਿਨਾ ਸੋਚੇ ਸਮਝੇ ਗਿਲੇ-ਸ਼ਿਕਵਿਆਂ ਵਿਚ ਹੀ ਜ਼ਿੰਦਗੀ ਲੰਘਾਈ ਜਾ ਰਹੇ ਹਾਂ, ਮਹਿਸੂਸ ਕਰਦਾ ਰਿਹਾ।
ਵਾਰਿਸ ਸ਼ਾਹ ਨੇ ‘ਹੀਰ’ ਦੇ ਬੇਕਾਬੂ ਹੰਝੂਆਂ ਦੀ ਪੀੜ ਨੂੰ ਪਛਾਣਿਆਂ। ਹੰਝੂਆਂ ਦਾ ਕੁਦਰਤੀ ਵਹਾਅ ਹੁੰਦਾ ਹੈ। ਧੀ ਨੂੰ ਵਿਦਾ ਕਰਨ ਸਮੇਂ ਬਾਬੁਲ ਦੇ ਹੰਝੂ ਰੋਕਿਆਂ ਵੀ ਨਹੀਂ ਰੁਕਦੇ। ਮਨ ਨੂੰ ਛੋਟੀ ਛੋਟੀ ਗੱਲ ਲਗਾਉਣ ਨਾਲ ਵੀ ਇਹ ਵਹਿ ਜਾਂਦੇ ਹਨ ਪਰ ਦੁੱਖ ਉਸ ਵੇਲੇ ਕੁਝ ਵਧੇਰੇ ਹੁੰਦਾ ਹੈ ਜਦੋਂ ਆਪਣੀਆਂ ਬੇਵਕੂਫੀਆਂ ਕਾਰਨ ਕਿਸੇ ਦੀਆਂ ਅੱਖਾਂ ਵਿਚ ਹੰਝੂ ਭਰ ਦਿੰਦੇ ਹਾਂ।
ਉਦੋਂ ਮੇਰੀ ਉਮਰ ਦਾ ਬਚਪਨ ਸੀ। ਗੁਆਂਢੀ ਘਰੋਂ ਇਕ ਵਾਰ ਬੁੱਢੀ ਮਾਂ ਦੇ ਰੋਣ ਦੀ ਆਵਾਜ਼ ਸੁਣ ਕੇ ਭੱਜਦਾ ਹੋਇਆ ਮੈਂ ਉਸ ਦੇ ਬੂਹੇ ਅੱਗੇ ਜਾ ਖੜ੍ਹਾ ਹੋਇਆ ਜੋ ਅੰਦਰੋਂ ਬੰਦ ਸੀ। “ਤਾਈ!” ਦੋ ਤਿੰਨ ਵਾਰ ਮੈਂ ਬੂਹਾ ਖੜਕਾਉਂਦੇ ਕਿਹਾ ਪਰ ਦਸ ਕੁ ਮਿੰਟ ਉਡੀਕਣ ਪਿੱਛੋਂ ਵੀ ਕੋਈ ਨਾ ਆਇਆ, ਨਾ ਬੰਦ ਬੂਹਾ ਖੁਲ੍ਹਿਆ। ਸੋਚੀਂ ਪਿਆ ਮੈਂ ਘਰ ਮੁੜਿਆ ਤੇ ਰਾਤ ਭਰ ਅਜਿਹੇ ਖਿਆਲਾਂ ਵਿਚੋਂ ਬਾਹਰ ਨਿਕਲ ਨਾ ਸਕਿਆ। ਵਰ੍ਹਿਆਂ ਤਕ ਉਹ ਤਾਏ ਦੇ ਕੱਬੇ ਤੇ ਅੜਬ ਸੁਭਾਅ ਨੂੰ ਰੋ ਰੋ ਝੱਲਦੀ ਰਹੀ। ਕਈ ਵਾਰ ਹੰਝੂ ਅਣਵਗੇ ਹੀ ਰਹਿ ਗਏ…।
ਹੰਝੂ ਜ਼ਿੰਦਗੀ ਦਾ ਹਿੱਸਾ ਹਨ। ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਤੈਅ ਕਰਦਿਆਂ ਹੰਝੂਆਂ ਦੇ ਕਈ ਰੂਪਾਂ ਨੂੰ ਘੋਖਿਆ। ਖ਼ੁਸ਼ੀ ਦੇ ਭਾਵੁਕ ਪਲਾਂ ਵਿਚ ਵੀ ਇਨ੍ਹਾਂ ਨੂੰ ਵਹਿੰਦੇ ਦੇਖਿਆ, ਮਗਰਮੱਛ ਦੇ ਹੰਝੂ ਵਹਾਉਂਦੇ ਲੋਕਾਂ ’ਤੇ ਵੀ ਨਿਗ੍ਹਾ ਗਈ। ਉਮੀਦਾਂ ਦਾ ਟੁੱਟਣਾ, ਸੁਪਨਿਆਂ ਦਾ ਮਰਨਾ ਤੇ ਉਡੀਕਾਂ ਦਾ ਖ਼ਤਮ ਹੋਣਾ ਸਭ ਹੰਝੂ ਪੱਲੇ ਪਾਉਂਦੇ ਹਨ।
ਹੰਝੂ ਬਿਨਾ ਵਜ੍ਹਾ ਕਦੇ ਵੀ ਨਹੀਂ ਆਉਂਦੇ।
“ਪੁੱਤ ਤਾਂ ਪੁੱਛਦੇ ਨੀ… ਰੋਈਏ ਨਾ ਤਾਂ ਹੋਰ ਕੀ ਕਰੀਏ?”
ਉਂਗਲਾਂ ਫੜ ਕੇ ਕਦੇ ਤੁਰਨਾ ਸਿਖਾਉਣ ਵਾਲੇ ਪਰ ਹੁਣ ਅਣਗੌਲੇ ਕੀਤੇ ਬਿਰਧ ਬੇਬੇ ਬਾਪੂ ਦੀਆਂ ਇਕ ਦਿਨ ਆਪ ਮੁਹਾਰਾ ਛਲਕਦੀਆਂ ਅੱਖਾਂ ਜਿਵੇਂ ਮੇਰਾ ਸੀਨਾ ਚੀਰ ਗਈਆਂ। ਸੋਚਦਾ ਸਾਂ ਕਿ ਬੰਦੇ ਦੇ ਅੰਦਰ ਲੁਕੇ ਹੋਏ ਸੱਚ ਹੰਝੂਆਂ ਰਾਹੀਂ ਬਾਹਰ ਆ ਹੀ ਜਾਂਦੇ ਨੇ। ਹੰਝੂਆਂ ਦੀ ਸਚਾਈ ਅੱਖਾਂ ’ਚੋਂ ਦਿਸ ਹੀ ਪੈਂਦੀ ਹੈ।
ਕੁਝ ਹੰਝੂ ਕਈ ਵਾਰ ਉਮਰ ਭਰ ਦੀ ਗੱਲ ਹੋ ਜਾਂਦੇ ਹਨ। ਸਿੰਮਦੀਆਂ ਅੱਖਾਂ ਨੂੰ ਪੜ੍ਹਨ ਦੀ ਲੋੜ ਹੁੰਦੀ ਹੈ। ਛਮ ਛਮ ਵਰ੍ਹਦੀਆਂ ਅੱਖਾਂ ਮਨ ਦੇ ਬੋਝ ਨੂੰ ਹੌਲਾ ਜ਼ਰੂਰ ਕਰਦੀਆਂ ਹਨ। ਉਂਝ ਕਦੀ ਕਦੀ ਇਹ ਲੁਕਾਉਣੇ ਵੀ ਪੈਂਦੇ ਹਨ। ਹਰ ਵੇਲੇ ਰੋਣੀ ਜਿਹੀ ਸੂਰਤ ਬਣਾਈ ਰੱਖਣਾ ਵੀ ਕਿਸੇ ਤਰ੍ਹਾਂ ਠੀਕ ਨਹੀਂ। ਹੰਝੂ ਕਿਸੇ ਦੇ ਵੀ ਹੋਣ, ਪੂੰਝਣ ਦੀ ਲੋੜ ਹੈ। ਇਨ੍ਹਾਂ ਨੂੰ ਪੂੰਝਣ ਵਾਲੇ ਹੀ ‘ਆਪਣੇ’ ਹੁੰਦੇ ਹਨ।
ਸੰਪਰਕ: 94667-37933