ਰਾਮ ਸਵਰਨ ਲੱਖੇਵਾਲੀ
ਪਿੰਡ ਦੀ ਸੱਥ ਵਿਚ ਸ਼ਾਂਤੀ ਪਸਰੀ ਸੀ। ਲੋਕ ਨਿਰਾਸ਼ਾ ਦੇ ਆਲਮ ਵਿਚ ਜੁੜ ਬੈਠੇ ਸਨ। ਪਿੰਡ ਦੇ ਹਰ ਕੰਮ ਵਿਚ ਅੱਗੇ ਰਹਿੰਦਾ, ਸਾਂਝੇ ਕੰਮਾਂ ਦਾ ਜਰਨੈਲ ਗੁਰਜੰਟ ਸਿਹੁੰ ਨਹੀਂ ਸੀ ਰਿਹਾ। ਪਿੰਡ ਨੇ ਦਿੱਲੀ ਕਿਸਾਨ ਮੋਰਚੇ ਵਿਚ ਕੁਰਬਾਨ ਹੋਏ ਆਪਣੇ ਹੀਰੇ ਪੁੱਤਰ ਨੂੰ ਵਿਦਾ ਕਰ ਦਿੱਤਾ ਸੀ। ਯੂਨੀਅਨ ਦੇ ਝੰਡੇ ਹੇਠ ਉਹਦੀ ਦੇਹ ਪਈ ਸੀ ਅਤੇ ਗੂੰਜਦੇ ਨਾਅਰੇ ਜਾਣ ਵਾਲੇ ਦੀ ਕਮਾਈ ਦਾ ਪ੍ਰਤੀਕ ਸਨ। ਹਰ ਅੱਖ ਨਮ ਸੀ। ਸ਼ਾਮ ਨੂੰ ਕਿਸੇ ਘਰ ਚੁੱਲ੍ਹਾ ਨਹੀਂ ਬਲਿਆ। ਰੌਸ਼ਨੀ ਦੇ ਹੁੰਦਿਆਂ ਘਰਾਂ ਵਿਚ ਹਨੇਰਾ ਛਾ ਗਿਆ ਸੀ। ਸੱਥ ਵਿਚ ਬੈਠੇ ਬਾਪੂਆਂ ਨੂੰ ਆਪਣੀ ਡੰਗੋਰੀ ਖੁੱਸ ਗਈ ਜਾਪਦੀ ਸੀ। ਆਖ਼ਰ ਬਚਨ ਤਾਏ ਨੇ ਚੁੱਪ ਤੋੜੀ: “ਆਪਣੇ ਪਿੰਡ ਦਾ ਵਸਦਾ ਖੇੜਾ ਸੁੰਨਾ ਹੋ ਗਿਆ। ਹੁਣ ਕੌਣ ਫੜਿਆ ਕਰੇਗਾ ਪਿੰਡ ਦੇ ਲੋੜਵੰਦਾਂ ਦੀ ਬਾਂਹ?” ਇਹ ਬੋਲਦਿਆਂ ਉਹ ਹਉਕਾ ਨਾ ਰੋਕ ਸਕਿਆ। ਗੁਰਜੰਟ ਸਿਹੁੰ ਦੇ ਜੀਵਨ ਰੂਪੀ ਪੁਸਤਕ ਦੇ ਪੰਨੇ ਪਲਟਣ ਲਗਦੇ ਹਨ।…
ਭਲੇ ਵੇਲਿਆਂ ਵਿਚ ਦਸ ਜਮਾਤਾਂ ਪੜ੍ਹਿਆ। ਫ਼ੌਜ ਵਿਚ ਭਰਤੀ ਹੋ ਟ੍ਰੇਨਿੰਗ ਵਿਚੇ ਛੱਡ ਘਰ ਪਰਤ ਆਇਆ; ਕਹਿੰਦਾ, “ਆਪਣੇ ਕੋਲੋਂ ਹਰ ਕੰਮ ਵਿਚ ‘ਯੈੱਸ ਸਰ’ ਨ੍ਹੀਂ ਹੁੰਦੀ। ਘਰ ਦੀ ਥੋੜ੍ਹੀ ਖਾਣੀ ਮਨਜ਼ੂਰ ਐ, ਅਸੂਲਾਂ ਨਾਲ ਸਮਝੌਤਾ ਨ੍ਹੀਂ ਕਰਨਾ।” ਛੋਟੀ ਖੇਤੀ ਵਾਲੇ ਕਿਸਾਨ ਦਾ ਪੁੱਤਰ ਸੀ। ਦੱਬ ਕੇ ਮਿਹਨਤ ਕਰਦਾ। ਘਰ ਦਾ ਚੰਗਾ ਗੁਜ਼ਾਰਾ ਤੋਰੀ ਰੱਖਦਾ। ਸਵੇਰ ਸ਼ਾਮ ਡੇਅਰੀ ਦਾ ਕੰਮ ਕਰਦਾ। ਕਿਸਾਨਾਂ ਨਾਲ ਸੰਘਰਸ਼ਾਂ ਵਿਚ ਆਉਂਦਾ ਜਾਂਦਾ ਚੇਤਨਾ ਦਾ ਰਾਹੀ ਬਣਿਆ। ਸੱਚੀ ਗੱਲ ਕਹਿਣ ਵੇਲੇ ਕਿਸੇ ਦੀ ਪ੍ਰਵਾਹ ਨਾ ਕਰਦਾ। ਸਕੂਲ, ਸੱਥ ਤੇ ਸਾਂਝਾ ਕੰਮ ਉਹਨੂੰ ਆਪਣੇ ਹੀ ਲਗਦਾ। ਖੇਡਾਂ ਤੇ ਪੜ੍ਹਾਈ ਜਿਹੇ ਕੰਮਾਂ ਵਿਚ ਸਾਰੇ ਪਿੰਡ ਨੂੰ ਆਪਣੇ ਨਾਲ ਤੋਰ ਲੈਂਦਾ। ਸਾਰਾ ਪਿੰਡ ਉਸ ਦੀ ਸਿੱਖਣ, ਜਾਣਨ ਤੇ ਕੁਝ ਚੰਗਾ ਕਰਨ ਦੀ ਰੁਚੀ ਤੇ ਰਸ਼ਕ ਕਰਦਾ।
ਖ਼ਬਰਾਂ ਪੜ੍ਹਦਿਆਂ ਅਖ਼ਬਾਰਾਂ ਤੋਂ ਲੱਗੀ ਚੇਟਕ ਪੁਸਤਕਾਂ ਤੱਕ ਜਾ ਪਹੁੰਚੀ। ਪੁਸਤਕਾਂ ਖਰੀਦਦਾ, ਪੜ੍ਹਦਾ ਤੇ ਡੇਅਰੀ ਤੇ ਰੱਖ ਲੈਂਦਾ। ਹੋਰਾਂ ਨੂੰ ਪੜ੍ਹਨ ਲਈ ਪ੍ਰੇਰਦਾ। ਪਿੰਡ ਹੁੰਦਿਆਂ ਉਸ ਦੀ ਡੇਅਰੀ ਤੇ ਗੇੜਾ ਵੱਜਦਾ ਤਾਂ ਉਹ ਪੁਸਤਕਾਂ ਦੀਆਂ ਗੱਲਾਂ ਛੇੜ ਬੈਠਦਾ: “ਬਹੁਤ ਪਿਆਰੀ ਦੁਨੀਆ ਏ ਪੁਸਤਕਾਂ ਦੀ ਵੀ। ਗਿਆਨ, ਸੁਹਜ, ਸਲੀਕਾ ਤਾਂ ਮਿਲਦਾ ਹੀ ਹੈ, ਨਾਲ ਸਬਕ ਤੇ ਪ੍ਰੇਰਨਾ ਵੀ ਜਿ਼ੰਦਗੀ ਵਿਚ ਨਵਾਂ ਰੰਗ ਭਰਦੀ ਹੈ। ਅਸਲੀ ਇਨਸਾਨ ਦੀ ਕਹਾਣੀ ਤਾਂ ਮੈਂ ਅੱਧੇ ਪਿੰਡ ਨੂੰ ਪੜ੍ਹਾ’ਤੀ। ਜਿਹੜਾ ਲੈ ਜਾਂਦਾ, ਪੜ੍ਹ ਕੇ ਮੁੜ ਛੇਤੀ ਕਿਤੇ ਮੋੜਦਾ ਨ੍ਹੀਂ।” ਸ਼ਾਮ ਨੂੰ ਡੇਅਰੀ ਤੇ ਦੁੱਧ ਪਾਉਣ ਆਉਂਦੇ ਜਣੇ ਉਹਦੀਆਂ ਕੰਮ ਦੀਆਂ ਗੱਲਾਂ ਸੁਣਨ ਲਈ ਉਤਾਵਲੇ ਰਹਿੰਦੇ। ਉਹ ਪੁਸਤਕਾਂ ਦੇ ਹਵਾਲੇ ਦਿੰਦਾ ਆਖਦਾ: “ਜਿਵੇਂ ਫੁੱਲ ਬਗੀਚੀ ਤੇ ਗੁਲਦਸਤੇ ਦਾ ਮਾਣ ਬਣਦੇ ਹਨ, ਉਵੇਂ ਸਾਡਾ ਏਕਾ ਵੀ ਸਾਡਾ ਮਾਣ ਹੈ। ਜਿੱਤਣ ਤੇ ਜਿਊਣ ਲਈ ਜ਼ਰੂਰੀ ਹੈ। ਇਹ ਗੱਲਾਂ ਆਪੋ-ਆਪਣੇ ਘਰਾਂ ਤੇ ਬਾਲ ਬੱਚਿਆਂ ਨਾਲ ਕਰਿਆ ਕਰੋ ਤਾਂ ਹੀ ਆਪਣਾ ਪਾਰ ਨਿਤਾਰਾ ਹੋਊ। ਸੁਣਨ ਵਾਲੇ ਸੱਚੀਆਂ ਗੱਲਾਂ ਆਖ ਹੁੰਗਾਰਾ ਭਰਦੇ।
ਹਾੜ੍ਹੀ ਤੇ ਝੋਨੇ ਦੇ ਸੀਜ਼ਨ ਵੇਲੇ ਉਹ ਮਜ਼ਦੂਰਾਂ ਨੂੰ ਪੂਰਾ ਮਿਹਨਤਾਨਾ ਦੇਣ ਦੇ ਹੱਕ ਵਿਚ ਹੁੰਦਾ; ਆਖਦਾ, “ਕਿਸੇ ਦਾ ਹੱਕ ਨਹੀਂ ਰੱਖਣਾ ਚਾਹੀਦਾ। ਇਨ੍ਹਾਂ ਮਜ਼ਦੂਰਾਂ ਨਾਲ ਆਪਣੀ ਜਨਮਾਂ ਦੀ ਸਾਂਝ ਹੈ। ਦੁੱਖ ਸੁੱਖ ਵਿਚ ਇਹੋ ਕਾਮੇ ਆਪਣੇ ਨਾਲ ਖੜ੍ਹਦੇ ਆ।” ਕਿਸੇ ਗਰੀਬ ਨਾਲ ਹੁੰਦੇ ਧੱਕੇ ਖਿ਼ਲਾਫ਼ ਉਹ ਮੂਹਰੇ ਹੋ ਕੇ ਖੜ੍ਹਦਾ। ਪਿੰਡ ਦੇ ਸਿਆਸੀ ਚੌਧਰੀ ਵੀ ਉਸ ਤੋਂ ਕੰਨ ਭੰਨਦੇ ਸਨ। ਪੰਜਾਬ ਤੋਂ ਤੁਰੇ ਕਿਸਾਨੀ ਸੰਘਰਸ਼ ਵਿਚ ਉਸ ਦਾ ਕੱਦ ਹੋਰ ਉਭਰਿਆ। ਘਰ ਘਰ ਜਾਂਦਾ, ਚੇਤਨਾ ਦੀ ਅਲਖ ਜਗਾਉਂਦਾ। ਕਿਰਤੀ, ਕਿਸਾਨਾਂ ਨੂੰ ਪ੍ਰੇਰਦਾ, ਨਾਲ ਤੁਰਨ ਲਈ ਆਖਦਾ। ਪਿੰਡ ਵਿਚ ਉਸ ਦਾ ਮਾਣ ਸਤਿਕਾਰ ਵਧਦਾ ਗਿਆ। ਮੋਰਚਾ ਦਿੱਲੀ ਦੇ ਬਾਰਡਰਾਂ ਤੇ ਪੁੱਜਾ ਤਾਂ ਉਹ ਸੰਘਰਸ਼ ਨਾਲ ਇੱਕ ਮਿੱਕ ਹੋ ਗਿਆ। ਘਰ ਤੇ ਖੇਤੀ ਦਾ ਕੰਮ ਆਪਣੇ ਪੁੱਤਰ ਨੂੰ ਸੰਭਾਲ ਟਿਕਰੀ ਬਾਰਡਰ ਤੇ ਜਾ ਬੈਠਾ।
ਕਿਸਾਨ ਕਾਫ਼ਲੇ ਨਾਲ ਦਿੱਲੀ ਬਾਰਡਰ ਤੇ ਜਾਂਦਿਆਂ ਉਸ ਦੇ ਬੋਲ ਕਦੇ ਨਹੀਂ ਭੁੱਲਦੇ: “ਅਸੀਂ ਸਾਰੇ ਇੱਕੋ ਮਿੱਟੀ ਦੇ ਜਾਏ ਹਾਂ। ਹੁਣ ਇਸ ਦਾ ਕਰਜ਼ ਚੁਕਾਉਣ ਦਾ ਵਕਤ ਆ ਗਿਆ ਹੈ। ਇਹ ਖੇਤਾਂ ਦੇ ਨਾਲ ਨਾਲ ਭਵਿੱਖ ਨੂੰ ਬਚਾਉਣ ਦਾ ਸੰਘਰਸ਼ ਵੀ ਹੈ ਜਿਸ ਵਿਚ ਸਾਰਿਆਂ ਦਾ ਸਹਿਯੋਗ ਲੋੜੀਂਦਾ ਹੈ। ਤੁਸੀਂ ਆਪਣੇ ਪਿੰਡ ਦੇ ਕਾਫ਼ਲਿਆਂ ਨਾਲ ਦਿੱਲੀ ਬਾਰਡਰ ਤੇ ਆਉਂਦੇ ਜਾਂਦੇ ਰਹਿਣਾ। ਮੈਂ ਮੁੜਿਆ ਤਾਂ ਜੇਤੂ ਕਾਫ਼ਲਿਆਂ ਨਾਲ ਹੀ ਵਾਪਸ ਪਰਤਾਂਗਾ, ਨਹੀਂ ਤਾਂ ਕਿਸਾਨੀ ਝੰਡੇ ਵਿਚ ਲਿਪਟੀ ਮੇਰੀ ਲਾਸ਼ ਆਏਗੀ।” ਉਹ ਆਖਰ ਆਪਣੇ ਬੋਲ ਪੁਗਾ ਗਿਆ।
ਅੰਤਿਮ ਰਸਮਾਂ ਤੇ ਧਰਮਸ਼ਾਲਾ ਵਿਚ ਤਿਲ ਧਰਨ ਨੂੰ ਥਾਂ ਨਹੀਂ ਸੀ। ਪੰਡਾਲ ਵਿਚ ਬਸੰਤੀ ਪੱਗਾਂ ਤੇ ਚੁੰਨੀਆਂ ਦਾ ਰੰਗ ਸੁਨੇਹਾ ਦਿੰਦਾ ਜਾਪਦਾ ਸੀ। ਅਰਦਾਸ ਮਗਰੋਂ ਬੁਲਾਰਿਆਂ ਨੇ ਵਿਛੜੇ ਸਨੇਹੀ ਦੀ ਜੀਵਨ ਕਹਾਣੀ ਛੋਹੀ। ਉਸ ਦੀ ਕਰਨੀ ਨੂੰ ਸਲਾਮ ਕੀਤਾ। ਸਮਾਪਤੀ ਤੇ ਧੰਨਵਾਦੀ ਬੋਲਾਂ ਲਈ ਪਿੰਡ ਦਾ ਨੌਜਵਾਨ ਆਗੂ ਉੱਠਿਆ, “ਪਿੰਡ ਦਾ ਨਿਸ਼ਕਾਮ ਸੇਵਕ ਬੇਵਕਤ ਵਿਛੜ ਗਿਆ ਹੈ। ਉਹ ਤਾਂ ਚਾਨਣ ਜਿਹੀ ਜਿੰਦ ਸੀ। ਚੰਨ ਸੂਰਜ ਵਾਂਗ ਸਭ ਨੂੰ ਕਲਾਵੇ ਵਿਚ ਲੈਂਦੀ, ਰਾਹ ਰੁਸ਼ਨਾਉਂਦੀ। ਹੁਣ ਉਹ ਮਿੱਠੀ ਯਾਦ ਤੇ ਪ੍ਰੇਰਨਾ ਬਣ ਸਾਡੇ ਸੀਨਿਆਂ ਅੰਦਰ ਰਹੇਗਾ। ਉਸ ਦਾ ਰਾਹ ਸਾਡਾ ਭਵਿੱਖ ਹੈ।”
ਮੈਨੂੰ ਨੌਜਵਾਨ ਦੇ ਬੋਲਾਂ ਵਿਚੋਂ ਗੁਰਜੰਟ ਸਿਹੁੰ ਦਾ ਅਕਸ ਨਜ਼ਰ ਆ ਰਿਹਾ ਸੀ।
ਸੰਪਰਕ: 95010-06626